ਟ, ਠ, ਡ ਤੇ ਢ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
ਮੁਹਾਵਰਿਆਂ ਦੀ ਵਾਕਾਂ ਵਿਚ ਵਰਤੋਂ
ਟੁੱਟੇ ਛਿੱਤਰ ਵਾਂਗੂੰ ਵਧਣਾ (ਅੱਗੋਂ ਵਧੀਕੀ ਕਰਨੀ)—ਮੈਂ ਉਸ ਨੂੰ ਬਿਮਾਰ ਸਮਝ ਕੇ ਉਸ ਨੂੰ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਸੀ ਦੇਣਾ ਚਾਹੁੰਦਾ, ਪਰੰਤੂ ਜਦੋਂ ਉਹ ਟੁੱਟੇ ਛਿੱਤਰ ਵਾਂਗ ਵਧਦਾ ਗਿਆ, ਤਾਂ ਮੈਂ ਉਸ ਦੇ ਚਾਰ ਥੱਪੜ ਲਾ ਦਿੱਤੇ।
ਟੱਸ ਤੋਂ ਮੱਸ ਨਾ ਹੋਣਾ (ਰਤਾ ਪ੍ਰਵਾਹ ਨਾ ਕਰਨੀ) – ਮਾਂ-ਬਾਪ ਬੱਚਿਆਂ ਨੂੰ ਬਹੁਤ ਸਮਝਾਉਂਦੇ ਹਨ, ਪਰ ਉਹ ਟੱਸ ਤੋਂ ਮੱਸ ਨਹੀਂ ਹੁੰਦੇ।
ਟੱਕਰਾਂ ਮਾਰਨਾ (ਭਟਕਦੇ ਫਿਰਨਾ) – ਚਾਰ ਸਾਲ ਤੋਂ ਮੈਂ ਨੌਕਰੀ ਲਈ ਟੱਕਰਾਂ ਮਾਰ ਰਿਹਾ ਹਾਂ, ਪਰ ਕੰਮ ਕਿਤੇ ਨਹੀਂ ਬਣਦਾ।
ਟਕੇ ਵਰਗਾ ਜਵਾਬ ਦੇਣਾ (ਸਿੱਧੀ ਨਾਂਹ ਕਰਨੀ) – ਜਦ ਮੈਂ ਪਿਆਰੇ ਤੋਂ ਉਸ ਦੀ ਕਿਤਾਬ ਮੰਗੀ, ਤਾਂ ਉਸ ਨੇ ਟਕੇ ਵਰਗਾ ਜਵਾਬ ਦਿੱਤਾ।
ਟਕੇ ਚਾਲ ਚੱਲਣਾ (ਬਹੁਤ ਹੌਲੀ ਤੁਰਨਾ) – ਕੱਛੂ ਟਕੇ ਚਾਲ ਚਲਦਾ ਸੀ ਪਰ ਫਿਰ ਵੀ ਉਹ ਸਹੇ ਤੋਂ ਪਹਿਲਾਂ ਮਿੱਥੇ ਨਿਸ਼ਾਨੇ ਤੇ ਪੁੱਜ ਗਿਆ।
ਟੰਗ ਅੜਾਉਣਾ (ਬੇਲੋੜਾ ਦਖ਼ਲ ਦੇਣਾ)— ਇਹ ਸਾਡੇ ਘਰ ਦਾ ਮਾਮਲਾ ਹੈ, ਤੂੰ ਕਿਉਂ ਐਵੇਂ ਟੰਗ ਅੜਾਉਂਦਾ ਹੈ।
ਠੁੱਠ ਵਿਖਾਉਣਾ (ਨਾਂਹ ਕਰਨੀ) — ਇਹ ਆਪਣੇ ਕੰਮ ਲਈ ਤਾਂ ਤੁਹਾਡੇ ਮਗਰ-ਮਗਰ ਫਿਰਦਾ ਹੈ, ਪਰ ਜਦੋਂ ਤੁਹਾਨੂੰ ਇਸ ਨਾਲ ਕੋਈ ਕੰਮ ਪਿਆ, ਤਾਂ ਇਹ ਠੁੱਠ ਵਿਖਾ ਦੇਵੇਗਾ।
ਠੋਕ-ਵਜਾ ਕੇ ਵੇਖਣਾ (ਚੰਗੀ ਤਰ੍ਹਾਂ ਪਰਖਣਾ) – ਕੋਈ ਵੀ ਸੌਦਾ ਕਰਨ ਤੋਂ ਪਹਿਲਾਂ ਚੀਜ਼ ਨੂੰ ਠੋਕ-ਵਜਾ ਕੇ ਵੇਖਣਾ ਚਾਹੀਦਾ ਹੈ।
ਠੰਢੀਆਂ ਛਾਂਵਾਂ ਮਾਣਨਾ (ਸੁਖ ਮਾਣਨਾ) – ਪਿਤਾ ਨੇ ਆਪਣੀ ਧੀ ਨੂੰ ਸਹੁਰੇ ਘਰ ਤੋਰਨ ਲੱਗਿਆ ਕਿਹਾ, ”ਤੂੰ ਆਪਣੇ ਘਰ ਠੰਢੀਆਂ ਛਾਂਵਾਂ ਮਾਣੇ।”
ਡੰਡੇ ਵਜਾਉਣਾ (ਵਿਹਲੇ ਫਿਰਨਾ) – ਤੂੰ ਸਾਰਾ ਦਿਨ ਡੰਡੇ ਵਜਾਉਂਦਾ ਫਿਰਦਾ ਹੈ, ਕੋਈ ਕੰਮ-ਕਾਰ ਵੀ ਕਰਿਆ ਕਰ।
ਠੰਢੇ ਦੁੱਧ ਨੂੰ ਫੂਕਾਂ ਮਾਰਨੀਆਂ (ਚੰਗੀ ਚੀਜ਼ ਵਿੱਚ ਨੁਕਸ ਕੱਢਣੇ) – ਹਰਜੀਤ ਤਾਂ ਠੰਢੇ ਦੁੱਧ ਨੂੰ ਫੂਕਾਂ ਮਾਰਦੀ ਰਹਿੰਦੀ ਹੈ। ਉਸ ਨੂੰ ਤਾਂ ਕੋਈ ਚੰਗੀ ਤੋਂ ਚੰਗੀ ਚੀਜ਼ ਵੀ ਪਸੰਦ ਨਹੀਂ ਆਉਂਦੀ।
ਢਹੇ ਚੜ੍ਹਨਾ (ਚਾਲਾਕੀ ਵਿੱਚ ਫਸ ਜਾਣਾ) – ਪਾਕਿਸਤਾਨ ਨੇ ਚੀਨ ਦੇ ਢਹੇ ਚੜ੍ਹ ਕੇ ਭਾਰਤ ‘ਤੇ ਹਮਲਾ ਕਰ ਦਿੱਤਾ।
ਢੱਠੇ ਖੂਹ ਵਿੱਚ ਪੈਣਾ (ਬਰਬਾਦ ਹੋਣਾ) – ਢੱਠੇ ਖੂਹ ਵਿੱਚ ਪਵੇ ਤੇਰਾ ਕਾਰੋਬਾਰ ਜਿਸ ਤੋਂ ਟਕੇ ਦਾ ਫ਼ਾਇਦਾ ਨਹੀਂ। ਸਾਨੂੰ ਤਾਂ ਉਹੋ ਹੀ ਤੰਗੀ ਦੇ ਦਿਨ ਕੱਟਣੇ ਪੈ ਰਹੇ ਹਨ।
ਢਿੱਡ ਵਿੱਚ ਚੂਹੇ ਨੱਚਣਾ (ਬਹੁਤ ਭੁੱਖ ਲੱਗਣਾ) — ਢਿੱਡ ਵਿੱਚ ਚੂਹੇ ਨੱਚਦੇ ਹੋਣ ਕਰਕੇ ਬੱਚੇ ਅੱਧੀ ਛੁੱਟੀ ਦੀ ਉਡੀਕ ਬੇਸਬਰੀ ਨਾਲ ਕਰਦੇ ਹਨ।
ਢਿੱਡੀ ਪੀੜਾਂ ਪੈਣੀਆਂ (ਬਹੁਤ ਹੱਸਣਾ) — ਕੁਲਵੰਤ ਨੇ ਇਸ ਤਰ੍ਹਾਂ ਦੀ ਗੱਲ ਕੀਤੀ, ਜਿਸ ਨਾਲ ਹੱਸ-ਹੱਸ ਕੇ ਸਾਡੇ ਢਿੱਡੀਂ ਪੀੜਾਂ ਪੈ ਗਈਆਂ।
ਢੱਕੀ ਰਿੱਝਣਾ (ਚੁੱਪ-ਚਾਪ ਦੁੱਖ ਸਹੀ ਜਾਣਾ)— ਨੂੰਹ ਨੇ ਸੱਸ ਤੋਂ ਤੰਗ ਆ ਕੇ ਕਿਹਾ ਕਿ ਜਿੰਨੇ ਤੂੰ ਮੈਨੂੰ ਦੁੱਖ ਦਿੱਤੇ ਹਨ, ਉਹ ਮੈਂ ਹੀ ਜਾਣਦੀ ਹਾਂ। ਹੁਣ ਤਕ ਤਾਂ ਢੱਕੀ ਰਿੱਝਦੀ ਰਹੀ ਹਾਂ, ਪਰ ਹੁਣ ਮੈਂ ਚੁੱਪ ਕਰ ਕੇ ਨਹੀਂ ਬੈਠਾਗੀ।
ਢੇਰੀ (ਢਿੱਗੀ) ਢਾਹੁਣੀ (ਦਿਲ ਛੱਡ ਦੇਣਾ)— ਤੁਹਾਨੂੰ ਕਿਸੇ ਅਸਫਲਤਾ ਤੋਂ ਨਿਰਾਸ਼ ਹੋ ਕੇ ਢੇਰੀ ਨਹੀਂ ਢਾਹੁਣੀ ਚਾਹੀਦੀ।
ਢਿੱਡ ਨੂੰ ਗੰਢ ਦੇਣੀ (ਖਾਣ-ਪੀਣ ਵਿੱਚ ਸਰਫ਼ਾ ਕਰਨਾ) – ਅੱਜ-ਕਲ੍ਹ ਮਹਿੰਗਾਈ ਦੇ ਸਮੇ ਵਿੱਚ ਢਿੱਡ ਨੂੰ ਗੰਢ ਦੇ ਕੇ ਹੀ ਗੁਜ਼ਾਰਾ ਹੋ ਸਕਦਾ ਹੈ।