ਟੱਪੇ : ਸੰਖੇਪ ਉੱਤਰਾਂ ਵਾਲੇ ਪ੍ਰਸ਼ਨ


ਟੱਪੇ : 25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਟੱਪਾ (ਲੋਕ-ਗੀਤ) ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਟੱਪਾ ਇਕਹਿਰੀ ਤੁਕ ਵਾਲਾ ਲੋਕ-ਗੀਤ ਹੁੰਦਾ ਹੈ। ਇਹ ਗਿੱਧੇ ਦੀਆਂ ਬੋਲੀਆਂ ਦੀ ਇੱਕ ਕਿਸਮ ਹੈ। ਇਸ ਨੂੰ ਢੋਲਕੀ ਨਾਲ ਗਿੱਧੇ ਜਾਂ ਨਾਚ ਵਿੱਚ ਗਾਇਆ ਜਾਂਦਾ ਹੈ।

ਪ੍ਰਸ਼ਨ 2. ਟੱਪੇ ਤੋਂ ਕੀ ਭਾਵ ਹੈ? ਇਸ ਨੂੰ ਹੋਰ ਕਿਹੜਾ ਨਾਂ ਦਿੱਤਾ ਜਾਂਦਾ ਹੈ?

ਉੱਤਰ : ਟੱਪਾ ਬਹੁਤ ਹੀ ਹਰਮਨ-ਪਿਆਰਾ ਲੋਕ-ਗੀਤ ਹੈ। ਇਸ ਨੂੰ ਢੋਲਕੀ ਨਾਲ ਗਿੱਧੇ ਜਾਂ ਨਾਚ ਵਿੱਚ ਗਾਇਆ ਜਾਂਦਾ ਹੈ। ਟੱਪੇ ਨੂੰ ਇੱਕ- ਤੁਕੀ ਜਾਂ ਇਕਹਿਰੀ ਬੋਲੀ ਵੀ ਆਖਿਆ ਜਾਂਦਾ ਹੈ।

ਪ੍ਰਸ਼ਨ 3. ‘ਟੱਪੇ’ ਨਾਲ ਹੋਰ ਕਿਹੜਾ ਸ਼ਬਦ ਵੀ ਜੋੜ ਲਿਆ ਜਾਂਦਾ ਹੈ?

ਉੱਤਰ : ‘ਟੱਪਾ’ ਪੰਜਾਬੀਆਂ ਦਾ ਬਹੁਤ ਹੀ ਮਨਭਾਉਂਦਾ ਕਾਵਿ-ਰੂਪ ਹੈ ਜੋ ਗਾਈ ਜਾਣ ਵਾਲੀ ਰਚਨਾ ਹੈ। ਇਸ ਨੂੰ ਲਮਕਾ ਕੇ ਗਾਉਣ ਵਾਸਤੇ ਕਈ ਵਾਰ ਬੱਲੇ-ਬੱਲੇ ਸ਼ਬਦ ਵੀ ਜੋੜ ਲਿਆ ਜਾਂਦਾ ਹੈ।

ਪ੍ਰਸ਼ਨ 4. ‘ਟੱਪਾ’ ਕਾਵਿ-ਰੂਪ ਵਿੱਚ ਕੀ ਝਲਕ-ਝਲਕ ਪੈਂਦਾ ਹੈ?

ਉੱਤਰ : ‘ਟੱਪਾ’ ਪੰਜਾਬੀ ਦਾ ਮਹੱਤਵਪੂਰਨ ਕਾਵਿ-ਰੂਪ ਹੈ। ਟੱਪੇ ਵਿੱਚ ਆਮ ਤੌਰ ‘ਤੇ ਇੱਕ ਬਿੰਬ ਭਾਵ ਸ਼ਾਬਦਿਕ ਚਿੱਤਰ ਹੁੰਦਾ ਹੈ ਜਿਸ ਕਾਰਨ ਟੱਪੇ ਵਿੱਚ ਕਾਵਿਕਤਾ ਝਲਕ-ਝਲਕ ਪੈਂਦੀ ਹੈ।

ਪ੍ਰਸ਼ਨ 5. “ਤੇਰੇ ਦਿਲ ਦੀ ਮੈਲ ਨਾ ਜਾਵੇ, ਨ੍ਹਾਉਂਦਾ ਫਿਰੇਂ ਤੀਰਥਾਂ ‘ਤੇ।”

ਇਸ ਟੱਪੇ ਵਿੱਚ ਕਿਹੜੀ ਸਚਾਈ ਨੂੰ ਪੇਸ਼ ਕੀਤਾ ਗਿਆ ਹੈ?

ਉੱਤਰ : ਇਸ ਟੱਪੇ ਵਿੱਚ ਅਧਿਆਤਮਕ ਦ੍ਰਿਸ਼ਟੀਕੋਣ ਤੋਂ ਇਸ ਸਚਾਈ ਨੂੰ ਪੇਸ਼ ਕੀਤਾ ਗਿਆ ਹੈ ਕਿ ਤੀਰਥਾਂ ‘ਤੇ ਜਾ ਕੇ ਇਸ਼ਨਾਨ ਕਰਨ ਦਾ ਤਾਂ ਹੀ ਲਾਭ ਹੈ ਜੇਕਰ ਮਨੁੱਖ ਦਾ ਆਪਣਾ ਮਨ ਸਾਫ਼ ਹੋਵੇ।

ਪ੍ਰਸ਼ਨ 6. ਕਿਹੜੇ ‘ਟੱਪੇ’ ਵਿੱਚ ਇਹ ਵਿਚਾਰ ਪੇਸ਼ ਕੀਤਾ ਗਿਆ ਹੈ ਕਿ ਮਨੁੱਖ ਜਿਹੜੇ ਕਰਮ ਕਰਦਾ ਹੈ ਉਸ ਨੂੰ ਉਹਨਾਂ ਦਾ ਫਲ ਹੀ ਮਿਲਦਾ ਹੈ?

ਉੱਤਰ : ਹੇਠਲੇ ‘ਟੱਪੇ’ ਵਿੱਚ ਇਸ ਵਿਚਾਰ ਦੀ ਪ੍ਰੋੜਤਾ ਕੀਤੀ ਗਈ ਹੈ ਕਿ ਮਨੁੱਖ ਨੂੰ ਉਸ ਦੇ ਕੀਤੇ ਕਰਮਾਂ ਦਾ ਫਲ ਮਿਲਦਾ ਹੈ :

ਕਿੱਥੋਂ ਭਾਲਦੈਂ ਬਜੌਰ ਦੀਆਂ ਦਾਖਾਂ,

ਕਿੱਕਰਾਂ ਦੇ ਬੀਜ, ਬੀਜ ਕੇ।

ਪ੍ਰਸ਼ਨ 7. ਰੱਬ ਦੀ ਦਰਗਾਹ ਵਿੱਚ ਨਿਬੇੜਾ ਕਿਸ ਆਧਾਰ ‘ਤੇ ਹੁੰਦਾ ਹੈ?

ਉੱਤਰ : ਰੱਬ ਦੀ ਦਰਗਾਹ ਵਿੱਚ ਨਿਬੇੜਾ ਜਾਤ ਦੇ ਆਧਾਰ ‘ਤੇ ਨਹੀਂ ਸਗੋਂ ਅਮਲਾਂ ਭਾਵ ਕੀਤੇ ਕਰਮਾਂ ਦੇ ਆਧਾਰ ‘ਤੇ ਹੁੰਦਾ ਹੈ। ਹੇਠ ਦਿੱਤੇ ਟੱਪੇ ਵਿੱਚ ਇਹੀ ਭਾਵ ਪ੍ਰਗਟ ਹੋਇਆ ਹੈ :

ਉੱਥੇ ਅਮਲਾਂ ਦੇ ਹੋਣਗੇ ਨਿਬੇੜੇ,

ਜਾਤ ਕਿਸੇ ਪੁੱਛਣੀ ਨਹੀਂ।

ਪ੍ਰਸ਼ਨ 8. ਕਿਹੜੇ ਟੱਪੇ ਵਿੱਚ ਇਹ ਵਿਚਾਰ ਪੇਸ਼ ਕੀਤਾ ਗਿਆ ਹੈ ਕਿ ਸਮਾਜ ਵਿੱਚ ਸੁੰਦਰਤਾ ਦਾ ਨਹੀਂ ਸਗੋਂ ਗਿਆਨ ਦਾ ਮੁੱਲ ਪੈਂਦਾ ਹੈ?

ਉੱਤਰ : ਹੇਠ ਦਿੱਤੇ ਟੱਪੇ ਵਿੱਚ ਇਹ ਵਿਚਾਰ ਪੇਸ਼ ਕੀਤਾ ਗਿਆ ਹੈ ਕਿ ਸਮਾਜ ਵਿੱਚ ਗੋਰੇ ਰੰਗ ਭਾਵ ਸੁੰਦਰਤਾ ਦਾ ਨਹੀਂ ਸਗੋਂ ਗਿਆਨ ਦਾ ਮੁੱਲ ਪੈਂਦਾ ਹੈ :

ਗੋਰੇ ਰੰਗ ਨੂੰ ਕੋਈ ਨਾ ਪੁੱਛਦਾ,

ਮੁੱਲ ਪੈਂਦੇ ਅਕਲਾਂ ਦੇ।

ਪ੍ਰਸ਼ਨ 9. ਕਿਹੜੇ ਟੱਪੇ ਵਿੱਚ ਗਿੱਧੇ ਵਿੱਚ ਨੱਚਦੀ ਮੁਟਿਆਰ ਦੀ ਸੁੰਦਰਤਾ ਨੂੰ ਬਿਆਨ ਕੀਤਾ ਗਿਆ ਹੈ?

ਉੱਤਰ : ਹੇਠ ਦਿੱਤੇ ਟੱਪੇ ਵਿੱਚ ਗਿੱਧੇ ਵਿੱਚ ਨੱਚ ਰਹੀ ਮੁਟਿਆਰ ਦੀ ਸੁੰਦਰਤਾ ਦਾ ਬਿਆਨ ਕੀਤਾ ਗਿਆ ਹੈ :

ਗਿੱਧਿਆਂ ‘ਚ ਨੱਚਦੀ ਦਾ,

ਤੇਰਾ ਦੇਵੇ ਰੂਪ ਦੁਹਾਈਆਂ।

ਪ੍ਰਸ਼ਨ 10. ਕਿਹੜੇ ਟੱਪੇ ਵਿੱਚ ਦਾਜ ਨਾਲੋਂ ਪੜ੍ਹਾਈ ਦੀ ਵਧੇਰੇ ਮਹੱਤਾ ਬਾਰੇ ਕਿਹਾ ਗਿਆ ਹੈ?

ਉੱਤਰ : ਹੇਠ ਦਿੱਤੇ ਟੱਪੇ ਵਿੱਚ ਦਾਜ ਦੀ ਮਹੱਤਾ ਨਾਲੋਂ ਪੜ੍ਹਾਈ ਦੀ ਮਹੱਤਾ ਬਾਰੇ ਕਿਹਾ ਗਿਆ ਹੈ :

ਭਾਵੇਂ ਦੇਈਂ ਨਾ ਦਾਜ ਵਿੱਚ ਗਹਿਣੇ,

ਵਿੱਦਿਆ ਪੜ੍ਹਾ ਦੇ ਬਾਬਲਾ।

ਪ੍ਰਸ਼ਨ 11. ਕਿਹੜੇ ਟੱਪੇ ਵਿੱਚ ਔਰਤਾਂ ਤੇ ਮਰਦਾਂ ਦੇ ਇੱਕ-ਇੱਕ ਗਹਿਣੇ ਦਾ ਜ਼ਿਕਰ ਆਇਆ ਹੈ?

ਉੱਤਰ : ਹੇਠਲੇ ਟੱਪੇ ਵਿੱਚ ਔਰਤਾਂ ਦੇ ਗਹਿਣੇ (ਝਾਂਜਰਾਂ) ਅਤੇ ਮਰਦਾਂ ਦੇ ਗਹਿਣੇ (ਕੈਂਠੇ) ਦਾ ਜ਼ਿਕਰ ਆਇਆ ਹੈ :

ਦੁੱਧ ਰਿੜਕੇ ਝਾਂਜਰਾਂ ਵਾਲੀ,

ਕੈਂਠੇ ਵਾਲਾ ਧਾਰ ਕੱਢਦਾ।

ਪ੍ਰਸ਼ਨ 12. ਕਿਹੜੇ ਟੱਪੇ ਵਿੱਚ ਭੈਣ ਦੇ ਰਿਸ਼ਤੇ ਨੂੰ ਸਭ ਤੋਂ ਮਹੱਤਵਪੂਰਨ ਕਿਹਾ ਗਿਆ ਹੈ?

ਉੱਤਰ : ਭੈਣਾਂ ਵਰਗਾ ਸਾਕ ਨਾ ਕੋਈ,

ਟੁੱਟ ਕੇ ਨਾ ਬਹਿਜੀਂ ਵੀਰਨਾ।

ਇਸ ਟੱਪੇ ਵਿੱਚ ਦੱਸਿਆ ਗਿਆ ਹੈ ਕਿ ਭੈਣ ਤੇ ਭਰਾ ਵਰਗਾ ਰਿਸ਼ਤਾ ਹੋਰ ਕੋਈ ਨਹੀਂ। ਇਸੇ ਲਈ ਭੈਣ ਆਪਣੇ ਵੀਰ ਨੂੰ ਕਹਿੰਦੀ ਹੈ ਕਿ ਉਹ ਇਸ ਰਿਸ਼ਤੇ ਨੂੰ ਤੋੜ ਕੇ ਨਾ ਬੈਠ ਜਾਏ।

ਪ੍ਰਸ਼ਨ 13. ਧਨ, ਜੋਬਨ ਤੇ ਫੁੱਲਾਂ ਦੀਆਂ ਵਾੜੀਆਂ ਬਾਰੇ ਇੱਕ ਟੱਪੇ ਵਿੱਚ ਕੀ ਕਿਹਾ ਗਿਆ ਹੈ?

ਉੱਤਰ : ਹੇਠ ਦਿੱਤੇ ਟੱਪੇ ਵਿੱਚ ਕਿਹਾ ਗਿਆ ਹੈ ਕਿ ਧਨ ਅਤੇ ਜੋਬਨ ਹਮੇਸ਼ਾਂ ਲਈ ਨਹੀਂ ਰਹਿੰਦੇ। ਇਸੇ ਤਰ੍ਹਾਂ ਫੁੱਲਾਂ ਦੀਆਂ ਵਾੜੀਆਂ ਵੀ ਹਮੇਸ਼ਾਂ ਲਈ ਅਬਾਦ ਨਹੀਂ ਰਹਿੰਦੀਆਂ।

ਧਨ ਜੋਬਨ ਫੁੱਲਾਂ ਦੀਆਂ ਵਾੜੀਆਂ,

ਸਦਾ ਨਹੀਂ ਆਬਾਦ ਰਹਿਣੀਆਂ।

ਪ੍ਰਸ਼ਨ 14. ਕਿਹੜੇ ਟੱਪੇ ਵਿੱਚ ਮੁਟਿਆਰ ਆਪਣੇ ਬਾਬਲ ਨੂੰ ਉਸ ਦਾ ਵਿਆਹ ਉਸ ਘਰ ਕਰਨ ਲਈ ਕਹਿੰਦੀ ਹੈ ਜਿੱਥੇ ਪੱਕਾ ਮਕਾਨ ਹੋਵੇ?

ਉੱਤਰ : ਹੇਠ ਦਿੱਤੇ ਟੱਪੇ ਵਿੱਚ ਧੀ ਆਪਣੇ ਬਾਬਲ ਅੱਗੇ ਅਰਜੋਈ ਕਰਦੀ ਹੈ ਕਿ ਉਸ ਦਾ ਵਿਆਹ ਉੱਥੇ ਕੀਤਾ ਜਾਵੇ ਜਿੱਥੇ ਪੱਕਾ ਮਕਾਨ ਹੋਵੇ ਤਾਂ ਜੋ ਉਸ ਨੂੰ ਬਨੇਰੇ ਨਾ ਲਿੱਪਣੇ ਪੈਣ :

ਕਿਤੇ ਲਿੱਪਣੇ ਨਾ ਪੈਣ ਬਨੇਰੇ,

ਪੱਕਾ ਘਰ ਟੋਲੀਂ ਬਾਬਲਾ।

ਪ੍ਰਸ਼ਨ 15. ਮੁਟਿਆਰ ਫ਼ਰੰਗੀ ਨੂੰ ਕੀ ਕਰਨ ਲਈ ਆਖਦੀ ਹੈ?

ਉੱਤਰ : ਹੇਠਲੇ ਟੱਪੇ ਵਿੱਚ ਮੁਟਿਆਰ ਫ਼ਰੰਗੀ ਭਾਵ ਅੰਗਰੇਜ਼ ਅਫ਼ਸਰ ਨੂੰ ਆਖਦੀ ਹੈ ਕਿ ਉਸ ਦੇ ਪਤੀ ਦਾ ਫ਼ੌਜ ਵਿੱਚੋਂ ਨਾਂ ਕੱਟ ਦੇਵੇ ਕਿਉਂਕਿ ਉਹ ਉਸ ਦੀ ਸੱਸ ਦਾ ਇਕਲੌਤਾ ਪੁੱਤਰ ਹੈ :

ਕੱਟ ਦੇ ਫਰੰਗੀਆ ਨਾਮਾ,

ਇੱਕੋ ਪੁੱਤ ਮੇਰੀ ਸੱਸ ਦਾ।

ਪ੍ਰਸ਼ਨ 16. ‘ਬੰਦ’ ਨਾਂ ਦਾ ਗਹਿਣਾ ਕੌਣ ਕਿੱਥੇ ਪਹਿਨਦਾ ਹੈ? ਇਸ ਨਾਲ ਸੰਬੰਧਿਤ ਕਿਹੜਾ ਟੱਪਾ ਹੈ?

ਉੱਤਰ : ‘ਬੰਦ’ ਨਾਂ ਦਾ ਗਹਿਣਾ ਔਰਤਾਂ ਆਪਣੀ ਵੀਣੀ ‘ਤੇ ਪਹਿਨਦੀਆਂ ਹਨ। ਇਸ ਸੰਬੰਧੀ ਹੇਠਲੇ ਟੱਪੇ ਵਿੱਚ ਦੱਸਿਆ ਗਿਆ ਹੈ :

ਮੁੰਡੇ ਮਰਗੇ ਕਮਾਈਆਂ ਕਰਦੇ,

ਲੱਛੀ ਤੇਰੇ ਬੰਦ ਨਾ ਬਣੇ।

ਪ੍ਰਸ਼ਨ 17. ਕੈਂਠੇ ਵਾਲਾ ਕਿਉਂ ਤਿਲਕਿਆ ਸੀ?

ਉੱਤਰ : ਹੇਠਲੇ ਟੱਪੇ ਵਿੱਚ ਦੱਸਿਆ ਗਿਆ ਹੈ ਕਿ ਝਾਂਜਰਾਂ ਵਾਲੀ ਭਾਵ ਮੁਟਿਆਰ ਵੱਲੋਂ ਪਾਣੀ ਡੋਲ੍ਹਣ ਕਾਰਨ ਹੀ ਕੈਂਠੇ ਵਾਲਾ ਨੌਜਵਾਨ ਤਿਲਕ ਗਿਆ ਸੀ :

ਪਾਣੀ ਡੋਲ੍ਹਗੀ ਝਾਂਜਰਾਂ ਵਾਲੀ,

ਕੈਂਠੇ ਵਾਲਾ ਤਿਲਕ ਗਿਆ।

ਪ੍ਰਸ਼ਨ 18. ਮੁਟਿਆਰ ਆਪਣੀ ਸੱਸ ਨੂੰ ਕਿਹੜੀ ਬਦਸੀਸ ਦਿੰਦੀ ਹੈ ਅਤੇ ਕਿਉਂ?

ਉੱਤਰ : ਹੇਠ ਦਿੱਤੇ ਟੱਪੇ ਵਿੱਚ ਮੁਟਿਆਰ ਆਪਣੀ ਸੱਸ ਨੂੰ ਉਸ ਦੀ ਮੱਝ ਮਰ ਜਾਣ ਦੀ ਬਦਸੀਸ ਦਿੰਦੀ ਹੈ ਕਿਉਂਕਿ ਸੱਸ ਨੇ ਉਸ ਦੇ ਭਰਾ ਨੂੰ ਸੁੱਕੀ ਖੰਡ ਪਾਈ ਸੀ ਭਾਵ ਖੰਡ ਵਿੱਚ ਘਿਓ ਨਹੀਂ ਪਾਇਆ ਸੀ:

ਮੇਰੇ ਵੀਰ ਨੂੰ ਸੁੱਕੀ ਖੰਡ ਪਾਈ,

ਸੱਸੇ ਤੇਰੀ ਮੱਝ ਮਰ ਜੇ।