ਟੱਪੇ ਦੀ ਪਰਿਭਾਸ਼ਾ
ਪ੍ਰਸ਼ਨ . ਟੱਪਾ ਕੀ ਹੁੰਦਾ ਹੈ?
ਜਾਣ – ਪਛਾਣ : ਟੱਪਾ ਲੋਕ – ਕਾਵਿ ਦਾ ਇਕ ਰੂਪ ਹੈ। ਇਹ ਢੋਲਕੀ ਨਾਲ ਗਿੱਧੇ ਜਾਂ ਨਾਚ ਵਿੱਚ ਗਾਇਆ ਜਾਂਦਾ ਹੈ। ਇਹ ਇਕਹਿਰੀ ਤੁਕ ਦਾ ਹੁੰਦਾ ਹੈ। ਇਸ ਨੂੰ ‘ਇਕ – ਤੁਕੀ’ ਜਾਂ ‘ਇਕਹਿਰੀ ਬੋਲੀ’ ਵੀ ਕਿਹਾ ਜਾਂਦਾ ਹੈ। ਜਦੋਂ ਗਿੱਧੇ ਜਾਂ ਭੰਗੜੇ ਦੀ ਚਾਲ ਮੱਧਮ ਹੋਵੇ, ਤਾਂ ਨਾਲ ‘ਬੱਲੇ ਬੱਲੇ’ ਵੀ ਜੋੜ ਲਿਆ ਜਾਂਦਾ ਹੈ।
ਟੱਪੇ ਵਿੱਚ ਇਕ ਸ਼ਬਦ ਚਿੱਤਰ ਜਾਂ ਬਿੰਬ ਹੁੰਦਾ ਹੈ, ਜਿਸ ਨਾਲ ਉਸ ਵਿੱਚ ਕਾਵਿਕਤਾ ਪੈਦਾ ਹੁੰਦੀ ਹੈ। ਆਮ ਕਰਕੇ ਇਸ ਦੇ ਮੱਧ ਅਤੇ ਅੰਤ ਉੱਤੇ ਦੀਰਘ ਸ੍ਵਰ ਹੁੰਦਾ ਹੈ। ਟੱਪੇ ਵਿੱਚ ਇਕਹਿਰਾ ਭਾਵ ਪੇਸ਼ ਹੋਇਆ ਹੁੰਦਾ ਹੈ। ਇਸ ਵਿੱਚ ਸੰਜਮ, ਸਹਿਜਤਾ, ਸਰਲਤਾ ਤੇ ਤਿਖੇਰਾਪਨ ਹੁੰਦਾ ਹੈ।
ਇਨ੍ਹਾਂ ਵਿਚ ਲੋਕ – ਸਿਆਣਪਾਂ, ਲੋਕ – ਨੀਤੀਆਂ, ਜੀਵਨ ਦੀ ਅਸਥਿਰਤਾ, ਰਿਸ਼ਤਿਆਂ ਦਾ ਤਣਾਓ ਤੇ ਜੀਵਨ ਤੇ ਪ੍ਰਕਿਰਤੀ ਦੀਆਂ ਖ਼ੂਬਸੂਰਤੀਆਂ ਭਰੀਆਂ ਹੁੰਦੀਆਂ ਹਨ। ਕਈ ਟੱਪੇ ਅਖਾਉਤਾਂ ਦਾ ਰੂਪ ਵੀ ਧਾਰ ਜਾਂਦੇ ਹਨ।