CBSEclass 11 PunjabiEducationPunjab School Education Board(PSEB)

ਟੱਪੇ : ਅਭਿਆਸ ਦੇ ਪ੍ਰਸ਼ਨ-ਉੱਤਰ


ਟੱਪੇ : (ਸੰਖੇਪ ਉੱਤਰਾਂ ਵਾਲੇ ਪ੍ਰਸ਼ਨ)


ਪ੍ਰਸ਼ਨ 1. ਇਸ ਪਾਠ-ਪੁਸਤਕ ਵਿੱਚੋਂ ਲੋਕ-ਸਿਆਣਪ ਤੇ ਲੋਕ-ਨੀਤੀ ਨੂੰ ਪ੍ਰਗਟਾਉਂਦੇ ਤਿੰਨ ਟੱਪੇ ਲਿਖੋ।

ਉੱਤਰ : ਲੋਕ-ਸਿਆਣਪ ਤੇ ਲੋਕ-ਨੀਤੀ ਨੂੰ ਪ੍ਰਗਟਾਉਣ ਵਾਲ਼ੇ ਤਿੰਨ ਟੱਪੇ ਇਸ ਪ੍ਰਕਾਰ ਹਨ :

(i) ਉੱਥੇ ਅਮਲਾਂ ਦੇ ਹੋਣਗੇ ਨਿਬੇੜੇ,

     ਜਾਤ ਕਿਸੇ ਪੁੱਛਣੀ ਨਹੀਂ।

(ii) ਤਿੰਨ ਰੰਗ ਨਹੀਓਂ ਲੱਭਣੇ,

      ਹੁਸਨ, ਜੁਆਨੀ, ਮਾਪੇ।

(iii) ਚਿਟੇ ਚੌਲ, ਜਿਨ੍ਹਾਂ ਨੇ ਪੁੰਨ ਕੀਤੇ,

      ਰੱਬ ਨੇ ਬਣਾਈਆਂ ਜੋੜੀਆਂ।

ਪ੍ਰਸ਼ਨ 2. ਇਸ ਪਾਠ-ਪੁਸਤਕ ਵਿੱਚ ਦਿੱਤੇ ਕਿਨ੍ਹਾਂ ਟੱਪਿਆਂ ਵਿੱਚ ਮਨੁੱਖੀ ਜੀਵਨ ਦੇ ਰੂਪ ਤੇ ਰੰਗ ਬਾਰੇ ਕੀ ਭਾਵ ਪ੍ਰਗਟ ਹੋਏ ਹਨ? ਉਦਾਹਰਨਾਂ ਸਹਿਤ ਦੱਸੋ ।

ਉੱਤਰ : ਪਾਠ-ਪੁਸਤਕ ਵਿੱਚ ਦਿੱਤੇ ਟੱਪਿਆਂ ਵਿੱਚੋਂ ਹੇਠ ਦਿੱਤੇ ਦੋ ਟੱਪਿਆਂ ਵਿੱਚ ਮਨੁੱਖੀ ਜੀਵਨ ਦੇ ਰੂਪ ਅਤੇ ਰੰਗ ਬਾਰੇ ਭਾਵ ਪ੍ਰਗਟ ਹੋਏ ਹਨ :

(ੳ) ਗਿੱਧਿਆਂ ‘ਚ ਨੱਚਦੀ ਦਾ,

      ਤੇਰਾ ਦੇਵੇ ਰੂਪ ਦੁਹਾਈਆਂ।

(ਅ) ਗੋਰੇ ਰੰਗ ਨੂੰ ਕੋਈ ਨਾ ਪੁੱਛਦਾ,

      ਮੁੱਲ ਪੈਂਦੇ ਅਕਲਾਂ ਦੇ।

ਪਹਿਲੇ ਟੱਪੇ ਵਿੱਚ ਇਹ ਭਾਵ ਪ੍ਰਗਟ ਹੋਇਆ ਹੈ ਕਿ ਗਿੱਧਿਆਂ ਵਿੱਚ ਨੱਚਦੀ ਮੁਟਿਆਰ ਦਾ ਰੂਪ (ਸੁੰਦਰਤਾ, ਜਵਾਨੀ) ਦੁਹਾਈਆਂ ਦਿੰਦਾ ਹੈ। ਇਹ ਮੁਟਿਆਰ ਦੀ ਭਰ-ਜਵਾਨੀ ਵੱਲ ਇਸ਼ਾਰਾ ਹੈ।

ਦੂਜੇ ਟੱਪੇ ਵਿੱਚ ਇਹ ਭਾਵ ਪ੍ਰਗਟਾਇਆ ਗਿਆ ਹੈ ਕਿ ਗੋਰੇ ਰੰਗ ਨੂੰ ਕੋਈ ਨਹੀਂ ਪੁੱਛਦਾ ਸਗੋਂ ਮੁੱਲ ਤਾਂ ਅਕਲ ਦਾ ਪੈਂਦਾ ਹੈ।

ਪ੍ਰਸ਼ਨ 3. ਪਾਠ-ਪੁਸਤਕ ਆਧਾਰਿਤ ਪੰਜਾਬੀ ਦੇ ਕਿਨ੍ਹਾਂ ਟੱਪਿਆਂ ਵਿੱਚ ਮਨੁੱਖੀ ਰਿਸ਼ਤੇ ਵਿਸ਼ਾ ਬਣੇ ਹਨ? ਇਹ ਵੀ ਦੱਸੋ ਕਿ ਇਹਨਾਂ ਟੱਪਿਆਂ ਵਿੱਚ ਕਿਹੜੇ ਰਿਸ਼ਤੇ ਆਏ ਹਨ?

ਉੱਤਰ : ਪੰਜਾਬੀ ਦੇ ਹੇਠ ਦਿੱਤੇ ਟੱਪਿਆਂ ਵਿੱਚ ਮਨੁੱਖੀ ਰਿਸ਼ਤੇ ਵਿਸ਼ਾ ਬਣੇ ਹਨ। ਵੱਖ-ਵੱਖ ਟੱਪਿਆਂ ਵਿੱਚ ਜਿਹੜੇ ਰਿਸ਼ਤੇ ਪ੍ਰਗਟ ਹੋਏ ਹਨ (ਆਏ ਹਨ) ਉਹਨਾਂ ਦਾ ਵੇਰਵਾ ਨਾਲ-ਨਾਲ ਬਰੈਕਟਾਂ ਵਿੱਚ ਦਿੱਤਾ ਗਿਆ ਹੈ:

(i) ਭੈਣਾਂ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬਹਿਜੀਂ ਵੀਰਨਾ। (ਭੈਣ-ਭਰਾ)

(ii) ਕਾਲੀ ਡਾਂਗ ਮੇਰੇ ਵੀਰ ਦੀ, ਜਿੱਥੇ ਵੱਜਦੀ ਬੱਦਲ ਵਾਂਗੂੰ ਗੱਜਦੀ। (ਭੈਣ-ਭਰਾ)

(iii) ਮਾਂਵਾਂ ਨੂੰ ਪੁੱਤ ਐਂ ਮਿਲਦੇ, ਜਿਉਂ ਸੁੱਕੀਆਂ ਵੇਲਾਂ ਨੂੰ ਪਾਣੀ। (ਮਾਂ-ਪੁੱਤਰ)

(iv) ਪੁੱਤ ਵੀਰ ਦਾ ਭਤੀਜਾ ਮੇਰਾ, ਭੂਆ ਕਹਿ ਕੇ ਮੱਥਾ ਟੇਕਦਾ। (ਭੂਆ-ਭਤੀਜਾ)

(v) ਕਿਤੇ ਲਿੱਪਣੇ ਨਾ ਪੈਣ ਬਨੇਰੇ, ਪੱਕਾ ਘਰ ਟੋਲੀਂ ਬਾਬਲਾ। (ਧੀ-ਬਾਬਲ)

(vi) ਕਿਹੜੇ ਹੌਸਲੇ ਲੰਮਾ ਤੰਦ ਪਾਵਾਂ, ਪੁੱਤ ਤੇਰਾ ਵੈਲੀ ਸੱਸੀਏ। (ਨੂੰਹ-ਸੱਸ)

(vii) ਹਾੜ੍ਹੀ ਵੱਢੂੰਗੀ ਬਰੋਬਰ ਤੇਰੇ, ਦਾਤੀ ਨੂੰ ਲਵਾ ਦੇ ਘੁੰਗਰੂ। (ਪਤੀ-ਪਤਨੀ)

(viii) ਜੱਗ ਜਿਉਂਣ ਵੱਡੀਆਂ ਭਰਜਾਈਆਂ, ਪਾਣੀ ਮੰਗੇ ਦੁੱਧ ਦਿੰਦੀਆਂ। (ਦਿਓਰ-ਭਰਜਾਈ)

(ix) ਗਿੱਧਿਆਂ ‘ਚ ਨੱਚਦੀ ਦਾ, ਤੇਰਾ ਦੇਵੇ ਰੂਪ ਦੁਹਾਈਆਂ। (ਪ੍ਰੇਮੀ-ਪ੍ਰੇਮਿਕਾ)

ਪਸ਼ਨ 4. ਪਾਠ-ਪੁਸਤਕ ਆਧਾਰਿਤ ਕਿਨਾਂ ਟੱਪਿਆਂ ਵਿੱਚ ਪਤਨੀ ਦੀਆਂ ਕਿਹੜੀਆਂ ਇੱਛਾਵਾਂ ਪ੍ਰਗਟ ਹੋਈਆਂ ਹਨ?

ਉੱਤਰ : ਹੇਠ ਦਿੱਤੇ ਟੱਪਿਆਂ ਵਿੱਚ ਪਤਨੀ ਦੀਆਂ ਵੱਖ-ਵੱਖ ਇੱਛਾਵਾਂ ਪ੍ਰਗਟ ਹੋਈਆਂ ਹਨ:

(i) ਕਿਹੜੇ ਹੌਸਲੇ ਲੰਬਾ ਤੰਦ ਪਾਵਾਂ, ਪੁੱਤ ਤੇਰਾ ਵੈਲੀ ਸੱਸੀਏ।

(ii) ਕੱਟ ਦੇ ਫ਼ਰੰਗੀਆ ਨਾਮਾ, ਇੱਕ ਪੁੱਤ ਮੇਰੀ ਸੱਸ ਦਾ।

(iii) ਹਾੜ੍ਹੀ ਵੱਢੂੰਗੀ ਬਰੋਬਰ ਤੇਰੇ, ਦਾਤੀ ਨੂੰ ਲਵਾ ਦੇ ਘੁੰਗਰੂ।

ਇਹਨਾਂ ਟੱਪਿਆਂ ਵਿੱਚ ਇੱਕ ਪਤਨੀ ਦੀਆਂ ਇਹ ਇੱਛਾਵਾਂ ਪ੍ਰਗਟ ਹੋਈਆਂ ਹਨ :

ਪਤਨੀ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਉਹ ਕਿਸ ਹੌਸਲੇ ਲੰਮਾ ਤੰਦ ਪਾਵੇ ਜਦ ਕਿ ਉਸ ਦਾ (ਸੱਸ ਦਾ) ਪੁੱਤ ਨਸ਼ਈ/ਅਮਲੀ ਹੈ। (ਪਤਨੀ ਦੀ ਇੱਛਾ ਹੈ ਕਿ ਉਸ ਦਾ ਪਤੀ ਨਸ਼ਈ ਨਾ ਹੋਵੇ।) ਇਸੇ ਤਰ੍ਹਾਂ ਇੱਕ ਪਤਨੀ ਫ਼ਰੰਗੀ ਨੂੰ ਕਹਿੰਦੀ ਹੈ ਕਿ ਉਸ ਦੇ ਪਤੀ ਦਾ ਨਾਂ ਫ਼ੌਜ ਵਿੱਚੋਂ ਕੱਟ ਦਿੱਤਾ ਜਾਵੇ ਕਿਉਂਕਿ ਉਸ ਦਾ ਪਤੀ ਆਪਣੀ ਮਾਂ ਦਾ ਇੱਕੋ-ਇੱਕ ਪੁੱਤਰ ਹੈ। ਇਸ ਤਰ੍ਹਾਂ ਪਤਨੀ ਚਾਹੁੰਦੀ ਹੈ ਕਿ ਉਸ ਦਾ ਪਤੀ ਉਸ ਦੇ ਕੋਲ ਰਹੇ। ਉਹ ਚਾਹੁੰਦੀ ਹੈ ਕਿ ਹਾੜ੍ਹੀ ਵੱਢਣ ਵਿੱਚ ਪਤੀ ਦਾ ਸਾਥ ਦੇਵੇ।

ਪ੍ਰਸ਼ਨ 5. ਪਾਠ-ਪੁਸਤਕ ਵਿੱਚ ਦਿੱਤੇ ਕਿਹੜੇ ਟੱਪਿਆਂ ਵਿੱਚ ਜੀਵਨ ਦਾ ਆਰਥਿਕ ਪੱਖ ਝਲਕਿਆ ਹੈ?

ਉੱਤਰ : ਪਾਠ-ਪੁਸਤਕ ਵਿੱਚ ਦਿੱਤੇ ਹੇਠ ਦਿੱਤੇ ਟੱਪਿਆਂ ਵਿੱਚ ਜੀਵਨ ਦਾ ਆਰਥਿਕ ਪੱਖ ਝਲਕਿਆ ਹੈ:

(ੳ) ਮੁੰਡੇ ਮਰਗੇ ਕਮਾਈਆਂ ਕਰਦੇ,

       ਲੱਛੀ ਤੇਰੇ ਬੰਦ ਨਾ ਬਣੇ।

(ਅ) ਕਿਤੇ ਲਿੱਪਣੇ ਨਾ ਪੈਣ ਬਨੇਰੇ,

       ਪੱਕਾ ਘਰ ਟੋਲੀਂ ਬਾਬਲਾ।

ਪ੍ਰਸ਼ਨ 6. ‘ਜੱਗ ਜਿਊਂਣ ਵੱਡੀਆਂ ਭਰਜਾਈਆਂ, ਪਾਣੀ ਮੰਗੇ ਦੁੱਧ ਦਿੰਦੀਆਂ’। ਇਸ ਟੱਪੇ ਵਿੱਚ ਕਿਹੜੇ ਭਾਵ ਪ੍ਰਗਟ ਹੋਏ ਹਨ?

ਉੱਤਰ : ‘ਜੱਗ ਜਿਊਂਣ ਵੱਡੀਆਂ ਭਰਜਾਈਆਂ, ਪਾਣੀ ਮੰਗੇ ਦੁੱਧ ਦਿੰਦੀਆਂ’ ਟੱਪੇ ਵਿੱਚ ਇਹ ਭਾਵ ਪ੍ਰਗਟ ਹੋਏ ਹਨ ਕਿ ਵੱਡੀਆਂ ਭਰਜਾਈਆਂ ਵੀ ਮਾਂ ਸਮਾਨ ਹੀ ਹੁੰਦੀਆਂ ਹਨ। ਜਿਵੇਂ ਮਾਂ ਨੂੰ ਪੁੱਤਰ ਨਾਲ ਪਿਆਰ ਹੁੰਦਾ ਹੈ ਉਸੇ ਤਰ੍ਹਾਂ ਵੱਡੀਆਂ ਭਰਜਾਈਆਂ ਵੀ ਪਾਣੀ ਮੰਗਣ ‘ਤੇ ਦੁੱਧ ਦਿੰਦੀਆਂ ਹਨ। ਇਸ ਟੱਪੇ ਵਿੱਚ ਦਿਓਰ-ਭਰਜਾਈ ਦੇ ਪਿਆਰ ਦਾ ਭਾਵ ਵੀ ਪ੍ਰਗਟ ਹੋਇਆ ਹੈ।

ਪ੍ਰਸ਼ਨ 7. ‘ਨਹੀਓਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਜੋਗੀਆ।’ ਇਸ ਟੱਪੇ ਵਿੱਚ ਆਏ ਭਾਵ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ਇਸ ਟੱਪੇ ਵਿੱਚ ਜੀਵਨ ਦੀ ਇੱਕ ਅਟੱਲ ਸਚਾਈ ਨੂੰ ਬਿਆਨ ਕੀਤਾ ਗਿਆ ਹੈ। ਅਟੱਲ ਸਚਾਈ ਇਹ ਹੈ ਕਿ ਦੁਨੀਆਂ ਤੋਂ ਚਲਾ ਗਿਆ ਮਨੁੱਖ ਮੁੜ ਇੱਥੇ ਨਹੀਂ ਲੱਭਦਾ ਤੇ ਉਸ ਦੀ ਭਾਲ ਬੇਅਰਥ ਹੈ।

ਪ੍ਰਸ਼ਨ 8. ਇਸ ਪਾਠ-ਪੁਸਤਕ ਵਿੱਚੋਂ ਆਪਣੀ ਮਨ-ਪਸੰਦ ਦੇ ਤਿੰਨ ਟੱਪੇ ਚੁਣ ਕੇ ਲਿਖੋ। ਉਹਨਾਂ ਵਿੱਚ ਪ੍ਰਗਟ ਹੋਏ ਭਾਵ ਬਾਰੇ ਵੀ ਲਿਖੋ।

ਉੱਤਰ :

(i) ਗੋਰੇ ਰੰਗ ਨੂੰ ਕੋਈ ਨਾ ਪੁੱਛਦਾ,

               ਮੁੱਲ ਪੈਂਦੇ ਅਕਲਾਂ ਦੇ।

(ii) ਧਨ ਜੋਬਨ ਫੁੱਲਾਂ ਦੀਆਂ ਵਾੜੀਆਂ,

      ਸਦਾ ਨਹੀਂ ਅਬਾਦ ਰਹਿਣੀਆਂ।

(iii) ਕਿੱਥੋਂ ਭਾਲਦੈਂ ਬਜੌਰ ਦੀਆਂ ਦਾਖਾਂ,

       ਕਿੱਕਰਾਂ ਦੇ ਬੀਜ, ਬੀਜ ਕੇ।

ਉਪਰੋਕਤ ਟੱਪਿਆਂ ਵਿੱਚੋਂ ਪਹਿਲੇ ਦਾ ਭਾਵ ਇਹ ਹੈ ਕਿ ਰੰਗ ਨੂੰ ਕੋਈ ਨਹੀਂ ਪੁੱਛਦਾ ਸਗੋਂ ਮੁੱਲ ਤਾਂ ਅਕਲ ਦਾ ਪੈਂਦਾ ਹੈ। ਦੂਜੇ ਟੱਪੇ ਦਾ ਭਾਵ ਇਹ ਹੈ ਕਿ ਧਨ ਅਤੇ ਜਵਾਨੀ ਨੇ ਹਮੇਸ਼ਾਂ ਲਈ ਨਹੀਂ ਰਹਿਣਾ। ਇਸ ਤਰ੍ਹਾਂ ਫੁੱਲਾਂ ਦੀਆਂ ਵਾੜੀਆਂ ਵੀ ਹਮੇਸ਼ਾਂ ਅਬਾਦ ਨਹੀਂ ਰਹਿੰਦੀਆਂ। ਇਸ ਟੱਪੇ ਵਿੱਚ ਨਾਸ਼ਵਾਨਤਾ ਦਾ ਭਾਵ ਪ੍ਰਗਟ ਹੋਇਆ ਹੈ।

ਤੀਜੇ ਟੱਪੇ ਦਾ ਭਾਵ ਇਹ ਹੈ ਕਿ ਮਨੁੱਖ ਜੋ ਬੀਜੇਗਾ ਉਹੀ ਕੱਟੇਗਾ। ਭਾਵ ਉਹ ਜੋ ਕਰੇਗਾ ਉਹੀ ਭਰੇਗਾ। ਕਿੱਕਰ ਬੀਜ ਕੇ ਉਸ ਤੋਂ ਬਜੌਰ ਦੇ ਇਲਾਕੇ ਦੀਆਂ ਦਾਖਾਂ ਦੀ ਆਸ ਨਹੀਂ ਕੀਤੀ ਜਾ ਸਕਦੀ। ਕਿੱਕਰ ਨੂੰ ਤਾਂ ਕੋੜੇ ਤੁੱਕੇ ਹੀ ਲੱਗਣਗੇ।