CBSEClass 12 PunjabiClass 12 Punjabi (ਪੰਜਾਬੀ)EducationLetters (ਪੱਤਰ)Punjab School Education Board(PSEB)

ਟੀ.ਵੀ. ‘ਤੇ ਪੇਸ਼ ਹੋ ਰਹੇ ਨੰਗੇਜ਼ਵਾਦ ਨੂੰ ਠੱਲ੍ਹ ਪਾਉਣ ਸੰਬੰਧੀ ਪੱਤਰ


ਕਿਸੇ ਰੋਜ਼ਾਨਾ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਜਿਸ ਰਾਹੀਂ ਟੀ.ਵੀ. ‘ਤੇ ਪੇਸ਼ ਹੋ ਰਹੇ ਨੰਗੇਜ਼ਵਾਦ ਨੂੰ ਠੱਲ੍ਹ ਪਾਉਣ ਸੰਬੰਧੀ ਆਪਣੇ ਵਿਚਾਰ ਪੇਸ਼ ਕਰੋ।


ਸੇਵਾ ਵਿਖੇ

ਸੰਪਾਦਕ ਸਾਹਿਬ,

ਰੋਜ਼ਾਨਾ ‘ਅਜੀਤ’,

ਜਲੰਧਰ।

ਵਿਸ਼ਾ : ਟੀ.ਵੀ. ‘ਤੇ ਪੇਸ਼ ਹੁੰਦੇ ਨੰਗੇਜ਼ਵਾਦ ਨੂੰ ਠੱਲ੍ਹ ਪਾਉਣ ਸੰਬੰਧੀ।

ਸ੍ਰੀਮਾਨ ਜੀ,

ਇਸ ਪੱਤਰ ਰਾਹੀਂ ਮੈਂ ਅਜੋਕੇ ਸਮੇਂ ਵਿੱਚ ਟੀ.ਵੀ. ‘ਤੇ ਪ੍ਰਦਰਸ਼ਿਤ ਹੋ ਰਹੇ ਨੰਗੇਜ਼ ਅਤੇ ਇਸ ਨੂੰ ਠੱਲ੍ਹ ਪਾਉਣ ਸੰਬੰਧੀ ਆਪਣੇ ਕੁਝ ਸੁਝਾਅ ਭੇਜ ਰਿਹਾ ਹਾਂ।

ਅਜੋਕੇ ਯੁੱਗ ਵਿੱਚ ਟੈਲੀਵਿਜ਼ਨ ਮਨ-ਪਰਚਾਵੇ ਦਾ ਹੀ ਨਹੀਂ ਸਗੋਂ ਵਿਗਿਆਪਨ ਦਾ ਵੀ ਇੱਕ ਮਹੱਤਵਪੂਰਨ ਸਾਧਨ ਹੈ। ਪਰ ਟੀ.ਵੀ. ‘ਤੇ ਪੇਸ਼ ਹੋ ਰਿਹਾ ਨੰਗੇਜ਼ਵਾਦ ਇੱਕ ਘਾਤਕ ਸਮਾਜਿਕ ਬਿਮਾਰੀ ਹੈ। ਟੈਲੀਵਿਜ਼ਨ ਦੇ ‘ਨੰਗੇਜ਼ਵਾਦ’ ‘ਤੇ ਜੇ ਨੇੜ ਭਵਿੱਖ ਵਿੱਚ ਠੱਲ੍ਹ ਨਾ ਪਾਈ ਗਈ ਤਾਂ ਇਹ ਸਮੱਸਿਆ ਹੋਰ ਵੀ ਘਾਤਕ ਹੋ ਜਾਏਗੀ।

ਮੁਨਾਫ਼ੇਖ਼ੋਰੀ ਅਤੇ ਮੁਕਾਬਲੇ ਦੇ ਅਜੋਕੇ ਯੁੱਗ ਵਿੱਚ ਤਾਂ ਜਿਵੇਂ ਵੱਖ-ਵੱਖ ਟੀ.ਵੀ. ਚੈਨਲਾਂ ਵਿੱਚ ਨੰਗੇਜ਼ਵਾਦ ਦਾ ਮੁਕਾਬਲਾ ਹੀ ਸ਼ੁਰੂ ਹੋ ਗਿਆ ਹੈ। ਹਰ ਚੈਨਲ ਨਿੱਜੀ ਲਾਭ ਲਈ ਇੱਕ-ਦੂਜੇ ਤੋਂ ਵਧ ਕੇ ਨੰਗੇਜ਼ਵਾਦ ਦਾ ਆਸਰਾ ਲੈ ਰਿਹਾ ਹੈ। ਟੀ.ਵੀ. ‘ਤੇ ਨੰਗੇਜ਼ਵਾਦ ਨੂੰ ਪੇਸ਼ ਕਰਨ ਲਈ ਇਸ ਦੇ ਨਿੱਤ-ਨਵੇਂ ਢੰਗ-ਤਰੀਕੇ ਲੱਭੇ ਜਾ ਰਹੇ ਹਨ। ਇਹ ਨੰਗੇਜ਼ਵਾਦ ਟੀ.ਵੀ. ‘ਤੇ ਪੇਸ਼ ਕੀਤੇ ਜਾਂਦੇ ਵਿਗਿਆਪਨਾਂ ਵਿੱਚ ਹੀ ਦਿਖਾਈ ਨਹੀਂ ਦਿੰਦਾ ਸਗੋਂ ਨਾਟਕਾਂ, ਗੀਤਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਵੀ ਇਸ ਦਾ ਪ੍ਰਭਾਵ ਦਿਨੋ-ਦਿਨ ਵਧ ਰਿਹਾ ਹੈ। ਅਜਿਹੇ ਨੰਗੇਜ਼ ਨੂੰ ਪਰਿਵਾਰ ਵਿੱਚ ਬੈਠ ਕੇ ਦੇਖਣਾ ਅਸੰਭਵ ਹੈ। ਟੀ.ਵੀ. ‘ਤੇ ਕਈ ਅਜਿਹੇ ਵਿਗਿਆਪਨ ਆਉਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਸ਼ਰਮਸਾਰ ਹੋਣਾ ਪੈਂਦਾ ਹੈ ਅਤੇ ਸਾਡੀਆਂ ਅੱਖਾਂ ਸ਼ਰਮ ਨਾਲ ਝੁਕ ਜਾਂਦੀਆਂ ਹਨ। ਦੁੱਖ ਦੀ ਗੱਲ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਭੁੱਲ ਕੇ ਨਿੱਜੀ ਸ਼ੁਹਰਤ ਲਈ ਆਪਣੀਆਂ ਸੱਭਿਆਚਰਿਕ ਕੀਮਤਾਂ ਨੂੰ ਹੀ ਭੁੱਲ ਰਹੇ ਹਨ।

ਟੀ.ਵੀ. ‘ਤੇ ਨੰਗੇਜ਼ਵਾਦ ਦਾ ਸਾਡੇ ਨੌਜਵਾਨਾਂ ‘ਤੇ ਵਿਸ਼ੇਸ਼ ਤੌਰ ‘ਤੇ ਮਾੜਾ ਅਸਰ ਹੋ ਰਿਹਾ ਹੈ। ਸਕੂਲਾਂ-ਕਾਲਜਾਂ ਵਿੱਚ ਪੜ੍ਹ ਰਹੇ ਮੁੰਡੇ ਕੁੜੀਆਂ ਵਿਸ਼ੇਸ਼ ਤੌਰ ‘ਤੇ ਇਸ ਸਮਾਜਿਕ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਟੀ.ਵੀ. ‘ਤੇ ਵਧਦੇ ਨੰਗੇਜ਼ਵਾਦ ਕਾਰਨ ਕੁੜੀਆਂ ਦੀ ਛੇੜ-ਛਾੜ ਵਰਗੀਆਂ ਘਟਨਾਵਾਂ ਵਧ ਰਹੀਆਂ ਹਨ, ਨੌਜਵਾਨਾਂ ਵਿੱਚ ਨਸ਼ਿਆ ਦੀ ਆਦਤ ਪੈਦਾ ਹੋ ਰਹੀ ਹੈ ਅਤੇ ਸਾਡੀਆਂ ਨੈਤਿਕ ਕਦਰਾਂ-ਕੀਮਤਾਂ ਖ਼ਤਮ ਹੋ ਰਹੀਆਂ ਹਨ।

ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਨੰਗੇਜ਼ਵਾਦ ਨੂੰ ਠੱਲ੍ਹ ਕਿਵੇਂ ਪਾਈ ਜਾਵੇ? ਸਭ ਤੋਂ ਜ਼ਰੂਰੀ ਤਾਂ ਇਹ ਹੈ ਕਿ ਟੀ.ਵੀ. ਪ੍ਰੋਗਰਾਮਾਂ ਲਈ ਇੱਕ ਸੈਂਸਰ ਬੋਰਡ ਕਾਇਮ ਕੀਤਾ ਜਾਵੇ ਜਿਸ ਵਿੱਚ ਅਜਿਹੇ ਮੈਂਬਰ ਲਏ ਜਾਣ ਜੋ ਸਾਡੇ ਸੱਭਿਆਚਾਰ ਤੋਂ ਪੂਰੀ ਤਰ੍ਹਾਂ ਜਾਣੂ ਹੋਣ ਅਤੇ ਅਜਿਹੇ ਪ੍ਰੋਗਰਾਮ ਹੀ ਟੀ.ਵੀ. ‘ਤੇ ਪੇਸ਼ ਕਰਨ ਦੀ ਆਗਿਆ ਦੇਣ ਜੋ ਸੱਭਿਅਕ ਅਤੇ ਉਸਾਰੂ ਹੋਣ। ਨਿੱਜੀ ਚੈਨਲਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਹੋਣੀਆਂ ਚਾਹੀਦੀਆਂ ਹਨ ਕਿ ਉਹ ਬਿਨਾਂ ਸੈਂਸਰ ਦੇ ਕੋਈ ਵੀ ਪ੍ਰੋਗਰਾਮ ਪ੍ਰਸਾਰਿਤ ਨਾ ਕਰਨ। ਉਲੰਘਣਾ ਕਰਨ ਵਾਲ਼ਿਆਂ ਲਈ ਸਖ਼ਤ ਸਜ਼ਾ ਦੀ ਵਿਵਸਥਾ ਹੋਣੀ ਚਾਹੀਦੀ ਹੈ। ਟੀ.ਵੀ. ਚੈਨਲਾਂ ਦੀ ਨਿੱਜੀ ਅਜ਼ਾਦੀ ਦਾ ਅਰਥ ਇਹ ਨਹੀਂ ਹੋਣਾ ਚਾਹੀਦਾ ਕਿ ਉਹ ਨਿੱਜੀ ਲਾਭ ਲਈ ਆਪਣੀ ਮਨ-ਮਰਜ਼ੀ ਕਰ ਸਕਣ। ਸਾਡੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਵੀ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਸਾਡੇ ਅਧਿਆਪਕਾਂ ਅਤੇ ਮਾਪਿਆਂ ਨੂੰ ਨੌਜਵਾਨਾਂ ਨੂੰ ਟੀ.ਵੀ. ਦੇ ਅਸ਼ਲੀਲ ਪ੍ਰੋਗਰਾਮ ਨਾ ਦੇਖਣ ਲਈ ਪ੍ਰੇਰਨਾ ਚਾਹੀਦਾ ਹੈ। ਅਖ਼ਬਾਰਾਂ ਵਿੱਚ ਵੀ ਅਜਿਹੇ ਪ੍ਰੋਗਰਾਮਾਂ ਦੀਆਂ ਫੋਟੋ ਆਦਿ ਨਹੀਂ ਛਾਪੀਆਂ ਜਾਣੀਆਂ ਚਾਹੀਦੀਆਂ। ਸਰਕਾਰ ਨੂੰ ਵੀ ਉਸਾਰੂ, ਸਿਹਤਮੰਦ ਤੇ ਸੱਭਿਆਚਾਰਿਕ ਪ੍ਰੋਗਰਾਮਾਂ ਨੂੰ ਹੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅਜਿਹੇ ਪ੍ਰੋਗਰਾਮਾਂ ਦੇ ਨਿਰਮਾਤਾਵਾਂ ਅਤੇ ਕਲਾਕਾਰਾਂ ਲਈ ਵਿਸ਼ੇਸ਼ ਇਨਾਮਾਂ ਤੇ ਸਨਮਾਨਾਂ ਦੀ ਵਿਵਸਥਾ ਹੋਣੀ ਚੀਹੀਦੀ ਹੈ। ਨਿੱਜੀ ਚੈਨਲਾਂ ਵਾਲਿਆਂ ਨੂੰ ਪੈਸੇ ਦੇ ਲਾਭ ਲਈ ਅਸ਼ਲੀਲ ਵੀਡੀਓ ਰਲੀਜ਼ ਕਰਨ ਅਤੇ ਇਹਨਾਂ ਦੀ ਮਸ਼ਹੂਰੀ ਵਿੱਚ ਯੋਗਦਾਨ ਨਹੀਂ ਦੇਣਾ ਚਾਹੀਦਾ।

ਆਸ ਹੈ ਤੁਸੀ ਇਸ ਪੱਤਰ ਨੂੰ ਪ੍ਰਕਾਸ਼ਿਤ ਕਰ ਕੇ ਟੀ.ਵੀ. ‘ਤੇ ਨੰਗੇਜ਼ਵਾਦ ਵਿਰੁੱਧ ਲੋਕ-ਰਾਏ ਪੈਦਾ ਕਰਨ ਅਥਵਾ ਨੰਗੇਜ਼ਵਾਦ ਨੂੰ ਠੱਲ੍ਹ ਪਾਉਣ ਵਿੱਚ ਆਪਣੀ ਭੂਮਿਕਾ ਨਿਭਾਓਗੇ।

ਧੰਨਵਾਦ ਸਹਿਤ,

ਤੁਹਾਡਾ ਵਿਸ਼ਵਾਸਪਾਤਰ,

ਗੁਰਸੇਵਕ ਸਿੰਘ

317/3, ਮਾਡਲ ਟਾਊਨ,

……………. ਸ਼ਹਿਰ।

ਮਿਤੀ : ……………. .