ਜੰਗ ਦਾ ਹਾਲ : ਸ਼ਾਹ ਮੁਹੰਮਦ
ਹੇਠ ਦਿੱਤੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ :
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫ਼ੌਜਾਂ ਭਾਰੀਆਂ ਨੀ ।
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜੇੜ੍ਹੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੀ ।
ਘੋੜੇ ਆਦਮੀ ਗੋਲਿਆਂ ਨਾਲ ਉੱਡਣ,
ਹਾਥੀ ਢਹਿੰਦੇ ਸਣੇ ਅੰਬਾਰੀਆਂ ਨੀ ।
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ।
ਪ੍ਰਸੰਗ : ਇਹ ਕਾਵਿ-ਟੋਟਾ ਸ਼ਾਹ ਮੁਹੰਮਦ ਦੀ ਰਚਨਾ ‘ਜੰਗਨਾਮਾ ਸਿੰਘਾਂ ਤੇ ਫ਼ਿਰੰਗੀਆਂ’ ਵਿੱਚੋਂ ਲਿਆ ਗਿਆ ਹੈ, ਜੋ ਕਿ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਜੰਗ ਦਾ ਹਾਲ’ ਸਿਰਲੇਖ ਹੇਠ ਦਰਜ ਹੈ। ਇਸ ਜੰਗਨਾਮੇ ਵਿੱਚ ਕਵੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਸਿੱਖ ਦਰਬਾਰ ਵਿੱਚ ਫੈਲੀ ਬੁਰਛਾਗਰਦੀ ਅਤੇ ਅੰਗਰੇਜ਼ਾਂ ਤੇ ਸਿੰਘਾਂ ਦੀਆਂ ਲੜਾਈਆਂ ਤੇ ਅੰਤ ਸਿੱਖਾਂ ਦੀ ਹਾਰ ਦਾ ਜ਼ਿਕਰ ਬੜੇ ਕਰੁਣਾਮਈ ਢੰਗ ਨਾਲ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਸਿੱਖ ਫ਼ੌਜਾਂ ਦੀ ਹਾਰ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦਾ ਹੈ।
ਵਿਆਖਿਆ : ਸ਼ਾਹ ਮੁਹੰਮਦ ਸਿੰਘਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਸੰਬੰਧੀ ਆਪਣਾ ਫ਼ੈਸਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਇਹ ਹਿੰਦ ਤੇ ਪੰਜਾਬ ਦਾ ਜੰਗ ਸੀ। ਅੰਗਰੇਜ਼ੀ ਰਾਜ ਤੇ ਸਿੱਖ ਰਾਜ, ਦੋਹਾਂ ਬਾਦਸ਼ਾਹੀਆਂ ਦੀਆਂ ਫ਼ੌਜਾਂ ਬਹੁਤ ਭਾਰੀਆਂ ਸਨ। ਖ਼ਾਲਸਾ ਫ਼ੌਜ ਇੰਨੀ ਬਹਾਦਰੀ ਨਾਲ ਲੜੀ ਕਿ ਜੇਕਰ ਮਹਾਰਾਜਾ ਰਣਜੀਤ ਸਿੰਘ ਜਿਊਂਦਾ ਹੁੰਦਾ, ਤਾਂ ਉਹ ਖੁਸ਼ ਹੋ ਕੇ ਸਿੰਘਾਂ ਨੂੰ ਭਾਰੀ ਇਨਾਮ ਦੇ ਕੇ ਉਨ੍ਹਾਂ ਦੀ ਬਹਾਦਰੀ ਦਾ ਮੁੱਲ ਪਾਉਂਦਾ। ਜੰਗ ਇੰਨੀ ਭਿਆਨਕ ਸੀ ਕਿ ਘੋੜੇ ਤੇ ਆਦਮੀ ਤੋਪਾਂ ਦੇ ਗੋਲਿਆਂ ਨਾਲ ਹੀ ਉੱਡਦੇ ਜਾ ਰਹੇ ਸਨ ਤੇ ਹਾਥੀ ਆਪਣੇ ਹੌਦਿਆਂ ਸਮੇਤ ਹੀ ਢਹਿ ਰਹੇ ਸਨ। ਕਵੀ ਆਖਦਾ ਹੈ ਕਿ ਖ਼ਾਲਸਾ ਫ਼ੌਜਾਂ ਤਾਂ ਜਿੱਤੀਆਂ ਪਈਆਂ ਸਨ, ਪਰ ਉਨ੍ਹਾਂ ਦੀ ਹਾਰ ਕੇਵਲ ਇਸ ਕਾਰਨ ਹੋਈ ਕਿਉਂਕਿ ਉਨ੍ਹਾਂ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਵਰਗੇ ਨਿਸ਼ਠਾਵਾਨ ਤੇ ਬਹਾਦਰਾਂ ਦੇ ਕਦਰਦਾਨ ਵਿਅਕਤੀ ਦੇ ਹੱਥ ਵਿੱਚ ਨਹੀਂ ਸੀ।