ਜੇ ਜਾਣਾ ਛੱਡ………..ਇਸ਼ਕ ਦੀਆਂ ਰਮਕਾਂ ।
ਕਿੱਸਾ ਸੱਸੀ ਪੁੰਨੂੰ : ਹਾਸ਼ਮ ਸ਼ਾਹ
ਜੇ ਜਾਣਾ ਛੱਡ ਜਾਣ ਸੁੱਤੀ ਨੂੰ, ਇਕ ਪਲ ਪਲਕ ਨਾ ਝਮਕਾ।
ਗਰਦ ਹੋਇ ਵਿਚ ਗਰਦ ਥਲਾਂ ਦੀ, ਵਾਂਗ ਜਵਾਹਰ ਦਮਕਾਂ।
ਜਲ ਵਾਂਗੁਰ ਰਲ ਦੇਣ ਦਿਖਾਲੀ, ਥਲ ਮਾਰੂ ਦੀਆਂ ਚਮਕਾਂ।
ਹਾਸ਼ਮ ਕੌਣ ਸੱਸੀ ਬਿਨ ਵੇਖੇ, ਏਸ ਇਸ਼ਕ ਦੀਆਂ ਰਮਕਾਂ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਹ ਸਤਰਾਂ ਕਿੱਸੇ ਵਿੱਚ ਉਦੋਂ ਆਉਂਦੀਆਂ ਹਨ, ਜਦੋਂ ਕਵੀ ਪੁੰਨੂੰ ਦਾ ਪਿੱਛਾ ਕਰ ਰਹੀ ਸੱਸੀ ਦੇ ਤਪਦੇ ਮਾਰੂਥਲ ਵਿੱਚ ਪਹੁੰਚਣ ਦਾ ਜ਼ਿਕਰ ਕਰਦਾ ਹੈ ਅਤੇ ਦੱਸਦਾ ਹੈ ਕਿ ਉੱਪਰੋਂ ਪੈ ਰਹੀ ਸਖ਼ਤ ਗਰਮੀ ਤੇ ਹੇਠਾਂ ਸੜ ਰਹੀ ਰੇਤ ਵਿੱਚ ਸੱਸੀ ਦਾ ਬਹੁਤ ਬੁਰਾ ਹਾਲ ਹੁੰਦਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਕਿਸ ਤਰ੍ਹਾਂ ਮਾਰੂਥਲ ਦੀ ਗਰਮੀ ਤੇ ਬਿਰਹੋਂ ਦੀ ਤਪਸ਼ ਸੱਸੀ ਦਾ ਬੁਰਾ ਹਾਲ ਕਰਦੀ ਹੈ, ਪਰ ਉਹ ਆਪਣਾ ਸਿਦਕ ਨਹੀਂ ਹਾਰਦੀ।
ਵਿਆਖਿਆ : ਮਾਰੂਥਲ ਦੀ ਗਰਮੀ ਤੇ ਵਿਛੋੜੇ ਦੇ ਦੁੱਖ ਦੀ ਸਾੜੀ ਹੋਈ ਸੱਸੀ ਸੋਚ ਰਹੀ ਸੀ ਕਿ ਜੇਕਰ ਮੈਨੂੰ ਇਹ ਪਤਾ ਹੁੰਦਾ ਕਿ ਮੈਨੂੰ ਪੁੰਨੂੰ ਨੇ ਸੁੱਤੀ ਪਈ ਨੂੰ ਛੱਡ ਜਾਣਾ ਹੈ, ਤਾਂ ਮੈਂ ਸਾਰੀ ਰਾਤ ਜਾਗਦੀ ਰਹਿੰਦੀ ਤੇ ਇਕ ਪਲ ਲਈ ਵੀ ਆਪਣੀਆਂ ਅੱਖਾਂ ਨੂੰ ਨਾ ਝਮਕਦੀ। ਮੈਂ ਪੁੰਨੂੰ ਦੀ ਖ਼ਾਤਰ ਮਾਰੂਥਲਾਂ ਦੀ ਮਿੱਟੀ ਵਿੱਚ ਮਿਲ ਕੇ ਮਿੱਟੀ ਹੀ ਬਣ ਜਾਣਾ ਚਾਹੁੰਦੀ ਹਾਂ ਅਤੇ ਇਸ ਵਿੱਚ ਜਵਾਹਰ ਵਾਂਗ ਚਮਕਣਾ ਚਾਹੁੰਦੀ ਹਾਂ। ਸੱਸੀ ਨੂੰ ਦੂਰੋਂ ਮਾਰੂਥਲ ਦੀ ਚਮਕ ਇਸ ਪ੍ਰਕਾਰ ਪ੍ਰਤੀਤ ਹੋ ਰਹੀ ਸੀ, ਜਿਵੇਂ ਪਾਣੀ ਚਲ ਰਿਹਾ ਹੋਵੇ। ਹਾਸ਼ਮ ਸ਼ਾਹ ਕਹਿੰਦਾ ਹੈ ਕਿ ਸੱਸੀ ਤੋਂ ਬਿਨਾਂ ਇਸ਼ਕ ਦੀਆਂ ਜ਼ੋਰਾਵਰੀਆਂ ਨੂੰ ਸਹਿਣ ਦਾ ਹੋਰ ਕੋਈ ਹੌਸਲਾ ਨਹੀਂ ਕਰ ਸਕਦਾ ਸੀ।