CBSEclass 11 PunjabiEducationParagraphPunjab School Education Board(PSEB)

ਜੀਵਨ ਸੇਧ – ਪੈਰਾ ਰਚਨਾ

ਜੀਵਨ – ਅਖਾੜੇ ਵਿੱਚ ਪ੍ਰਵੇਸ਼ ਕਰਨ ਵਾਲਿਆਂ ਨੂੰ ਕਿਸੇ ਜ਼ਰੂਰਤ ਲਈ ਸਿਖਲਾਈ ਦੀ ਲੋੜ ਹੁੰਦੀ ਹੈ। ਕਈ ਆਖਣਗੇ ਕਿ ਇਹ ਗੱਲ ਠੀਕ ਨਹੀਂ, ਸਗੋਂ ਜ਼ਿੰਦਗੀ ਆਪਣੇ ਆਪ ਵਿੱਚ ਇਕ ਸਿਖਲਾਈ ਕੇਂਦਰ ਹੈ। ਜੋ ਇਸ ਵਿਚ ਪੈਂਦਾ ਹੈ, ਉਹ ਆਪ ਠੇਡੇ ਖਾਂਦਾ ਸਭ ਕੁੱਝ ਸਿੱਖ ਜਾਂਦਾ ਹੈ। ਪਰ ਬਹੁਤੇ ਲੋਕਾਂ ਦਾ ਵਿਚਾਰ ਹੈ ਕਿ ਐਵੇਂ ਭੁੱਲ – ਭੁਲਾਈਆ ਵਿਚ ਉਲਝ ਕੇ ਸਮਾਂ ਅਜਾਈਂ ਗੁਆਉਣਾ ਠੀਕ ਨਹੀਂ। ਜੋ ਲੋਕ ਸਾਡੇ ਤੋਂ ਪਹਿਲਾਂ ਹੋ ਚੁੱਕੇ ਹਨ, ਉਨ੍ਹਾਂ ਦੇ ਅਨੁਭਵ ਦੀ ਰੌਸ਼ਨੀ ਵਿੱਚ ਤੁਰਦੇ ਜਾਣਾ ਚਾਹੀਦਾ ਹੈ।

ਜੋ ਅੱਜ ਸਿਆਣੇ ਹਨ ਜਿਨ੍ਹਾਂ ਨੇ ਬੀਤੇ ਸਮੇਂ ਦੀਆਂ ਸਿਆਣਪਾਂ ਨਾਲ ਆਪਣੀ ਸੂਝ ਨੂੰ ਚਮਕਾਇਆ ਹੈ, ਉਨ੍ਹਾਂ ਦੀ ਅਗਵਾਈ ਪ੍ਰਾਪਤ ਕਰਨੀ ਜ਼ਰੂਰੀ ਹੈ। ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਸਰਕਾਰਾਂ ਨੇ ਸਿੱਖਿਆ ਸੰਸਥਾਵਾਂ ਖੋਲ੍ਹੀਆਂ ਹਨ ਤੇ ਸਮਾਜ ਨੇ ਰਸਮਾਂ – ਰਿਵਾਜਾਂ ਦੇ ਰੂਪ ਵਿੱਚ ਕੁੱਝ ਲੀਹਾਂ ਬਣਾਈਆਂ ਹਨ, ਜੋ ਸਾਡੀ ਅਗਵਾਈ ਕਰਦੀਆਂ ਹਨ। ਇਸ ਦੇ ਨਾਲ ਹੀ ਸਾਡੇ ਮਾਤਾ – ਪਿਤਾ ਸਾਡੇ ਪੈਰੀਂ ਆਪ ਚੱਲਣ ਦੇ ਸਮੇਂ ਤਕ ਸਾਡੀਆਂ ਉਂਗਲਾਂ ਫੜਦੇ ਹਨ ਅਤੇ ਆਲੇ – ਦੁਆਲੇ ਬਾਰੇ ਮੁੱਢਲੀ ਜਾਣਕਾਰੀ ਦਿੰਦੇ ਹਨ। ਪਰ ਅਸੀਂ ਸਭ ਨੇ ਇੱਕੋ ਦਿਸ਼ਾ ਵਿੱਚ ਨਹੀਂ ਚੱਲਣਾ, ਇਸ ਕਰਕੇ ਕੇਵਲ ਇਕ ਹੀ ਜੀਵਨ ਸੇਧ ਨਹੀਂ।

ਜੀਵਨ ਸੇਧ ਅਸਲ ਵਿੱਚ ਆਰੰਭਿਕ ਪੜਾਅ ਤੇ ਪ੍ਰਦਾਨ ਕੀਤੀ ਇਕ ਸੁਰੱਖਿਆ ਹੈ। ਜਿਵੇਂ ਇਕ ਮਾਲੀ ਬੂਟੇ ਨੂੰ ਖ਼ੁਰਾਕ ਤੇ ਸੁਰੱਖਿਆ ਦਿੰਦਾ ਹੈ। ਅੱਗੇ ਬੂਟੇ ਨੇ ਆਪ ਵਧਣਾ – ਫੁੱਲਣਾ ਹੈ। ਅਸਲ ਜੀਵਨ – ਸੇਧ ਹਰ ਵਿਅਕਤੀ ਨੇ ਆਪ ਆਪਣੇ ਯਤਨਾਂ ਨਾਲ ਪ੍ਰਾਪਤ ਕਰਨੀ ਹੈ। ਇਕ ਆਂਤਰਿਕ ਸੰਘਰਸ਼ ਨਾਲ ਹਰ ਵਿਅਕਤੀ ਨੇ ਆਪਣੇ ਆਪ ਨੂੰ ਪਛਾਣਨਾ ਹੈ। ਆਪਣੀਆਂ ਪਰਿਸਥਿਤੀਆਂ ਵਿਚ ਘਿਰਿਆ ਕੋਈ ਵਿਅਕਤੀ ਕੀ ਚੰਗਾ ਕਰ ਸਕਦਾ ਹੈ, ਇਹ ਤਾਂ ਹਰ ਇੱਕ ਨੇ ਆਪਣਾ ਫ਼ੈਸਲਾ ਕਰਨਾ ਹੈ।

ਮਾਤਾ – ਪਿਤਾ ਜਾਂ ਅਧਿਆਪਕ ਤਾਂ ਸਾਨੂੰ ਸਾਡੇ ਵਿੱਚ ਪਕਿਆਈ ਆਉਣ ਤੱਕ ਜੀਵਨ ਤੇ ਸੰਸਾਰ ਸੰਬੰਧੀ ਮੁੱਢਲੀ ਜਾਣਕਾਰੀ ਹੀ ਦੱਸਦੇ ਹਨ। ਸਹੀ ਗੱਲ ਇਹ ਹੈ ਕਿ ਜੀਵਨ ਵਿੱਚ ਹਰ ਵਿਅਕਤੀ ਬਦਲੀਆਂ ਪਰਿਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਢਾਲਦਾ ਹੈ ਅਤੇ ਅੰਤ ਤੱਕ ਇਹ ਯਤਨ ਜਾਰੀ ਰੱਖਦਾ ਹੈ। ਸਾਨੂੰ ਅਗਵਾਈ ਦੇਣ ਵਾਲੇ ਵਿਅਕਤੀ ਵੀ ਇਸੇ ਪ੍ਰਕਿਰਿਆ ਵਿੱਚੋਂ ਲੰਘ ਰਹੇ ਹਨ। ਇਸ ਕਰਕੇ ਕੋਈ ਕਿਸੇ ਨੂੰ ਸਥਾਈ ਸੇਧ ਨਹੀਂ ਦੇ ਸਕਦਾ। ਸਖ਼ਤ ਮਿਹਨਤ, ਲਗਨ, ਸ੍ਵੈ – ਅਧਿਐਨ ਤੇ ਪਿਤਾ – ਪੁਰਖੀ ਗਿਆਨ ਦੇ ਸਹਾਰੇ ਆਪਣੇ ਅੰਦਰ ਇੱਕ ਲੋਅ ਜਾਗਦੀ ਹੈ, ਜਿਸ ਦੇ ਚਾਨਣ ਵਿਚ ਵਿਅਕਤੀ ਆਪਣੀ ਜੀਵਨ – ਸੇਧ ਨਿਸਚਿਤ ਕਰਦਾ ਹੈ। ਰਾਹ ਭਾਵੇਂ ਬਿਖੜਾ ਹੈ, ਪਰ ਮੰਜ਼ਿਲ ਜਾਣੇ ਬਿਨਾਂ ਕੰਮ ਨਹੀਂ ਚੱਲਦਾ।