ਜੀਵਨੀ
ਜੀਵਨੀ ਦੀ ਪਰਿਭਾਸ਼ਾ, ਤੱਤ, ਜੀਵਨੀਆਂ ਦਾ ਵਰਗੀਕਰਨ ਅਤੇ ਜੀਵਣੀਕਾਰਾਂ ਦੇ ਨਾਂ
ਜਾਣ – ਪਛਾਣ : ਕਿਸੇ ਮਹਾਨ ਵਿਅਕਤੀ ਦੇ ਜੀਵਨ ਬਾਰੇ ਜਾਣਕਾਰੀ ਦੇਣ ਵਾਲੀ ਸਾਹਿਤਕ ਰਚਨਾ ਨੂੰ ਜੀਵਨੀ ਕਿਹਾ ਜਾਂਦਾ ਹੈ। ਇਹ ਸ਼ਬਦ ਅੰਗਰੇਜ਼ੀ ਦੇ ਬਾਓਗ੍ਰਾਫੀ (Biography) ਸ਼ਬਦ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਕਿਸੇ ਖ਼ਾਸ ਵਿਅਕਤੀ ਦਾ ਜੀਵਨ ਬਿਰਤਾਂਤ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਜੋ ਦੂਜਿਆਂ ਲਈ ਇੱਕ ਚਾਨਣ – ਮੁਨਾਰਾ ਬਣ ਕੇ ਆਦਰਸ਼ ਨਮੂਨਾ ਸਥਾਪਿਤ ਕਰਦਾ ਹੈ।
ਪਰਿਭਾਸ਼ਾਵਾਂ : ਅੰਗਰੇਜ਼ੀ ਲਿਖਾਰੀ ਮਾਰਕ ਟਵੇਨ ਦਾ ਵਿਚਾਰ ਹੈ, “ਜੀਵਨੀ ਮਨੁੱਖ ਦਾ ਅਜਿਹਾ ਲਿਬਾਸ (ਪੁਸ਼ਾਕ) ਹੈ, ਜਿਸ ਵਿੱਚ ਝਰੋਖੇ ਹੁੰਦੇ ਹਨ ਅਤੇ ਜਿਸ ਨੂੰ ਮਨੁੱਖ ਖੁਦ ਆਪ ਨਹੀਂ ਲਿੱਖ ਸਕਦਾ।”
ਇੰਜ ਜੀਵਨੀ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਜੀਵਨ – ਘਟਨਾਵਾਂ ਦਾ ਬਿਉਰਾ ਹੁੰਦਾ ਹੈ। ਜੀਵਨੀ ਵਿੱਚ ਕਿਸੇ ਦੇ ਜੀਵਨ ਦੀ ਇਸ ਤਰ੍ਹਾਂ ਪੁਨਰ – ਸਿਰਜਣਾ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਕਿ ਉਹ ਜੀਵਿਆ ਗਿਆ ਸੀ।
ਦਾ ਨੀਊ ਅਮੇਰੀਕਨ ਐਨਸਾਈਕਲੋਪੀਡੀਆ ਅਨੁਸਾਰ, “ਜੀਵਨੀ ਕਿਸੇ ਵਿਅਕਤੀ ਦੇ ਜੀਵਨ ਦਾ ਇਤਿਹਾਸ ਹੈ। ਵਧੀਆ ਜੀਵਨੀ ਵਿੱਚ ਨਾਇਕ ਦੇ ਜੀਵਨ ਵਿੱਚ ਲੁਕੇ-ਛਿਪੇ ਉਸ ਦੇ ਵਿਕਾਸ ਦੀ ਸ਼ਖਸੀਅਤ ਦੇ ਗੁੱਝੇ ਭੇਤ ਨੂੰ ਅਤੇ ਉਸ ਦੀ ਪ੍ਰਮੁੱਖ ਜੀਵਨ-ਧਾਰਾ ਨੂੰ ਖੋਲ੍ਹ ਕੇ ਪਾਠਕਾਂ ਦੇ ਸਾਹਮਣੇ ਸਕਾਰ ਕੀਤਾ ਜਾਂਦਾ ਹੈ।
ਪਿਛੋਕੜ : ਜੀਵਨੀ ਵਾਰਤਕ ਦਾ ਪੁਰਾਤਨ ਰੂਪ ਹੈ। ਗੁਰੂਆਂ-ਪੀਰਾਂ-ਮਹਾਂਪੁਰਖਾਂ ਦੇ ਵੇਲੇ ਤੋਂ ਹੀ ਗੁਰੂ ਤੇ ਚੇਲੇ ਦਾ ਨਿੱਘਾ ਰਿਸ਼ਤਾ ਹੁੰਦਾ ਸੀ। ਕੁਝ ਸੂਝਵਾਨ ਚੇਲੇ ਆਪਣੇ ਗੁਰੂਆਂ ਦੇ ਕਾਰਨਾਮਿਆਂ ਅਤੇ ਮਹਿਮਾ ਨੂੰ ਵਾਰਤਕ ਰਾਹੀਂ ਕਲਮਬੰਦ ਕਰਦੇ ਸਨ। ਇਸ ਦਾ ਅਰੰਭ ਮੱਧਕਾਲੀਨ ਸਮੇਂ ਤੋਂ ਹੀ ਹੋ ਗਿਆ ਸੀ। ਪੁਰਤਾਨ ਪੰਜਾਬੀ ਵਾਰਤਕ ਜਾਂ ਵਾਰਤਕ ਦਾ ਮੁੱਢ ਅਸਲ ਵਿੱਚ ਅਜਿਹੇ ਰੂਪਾਂ ਤੋਂ ਹੀ ਬੱਝਿਆ ਸੀ। ਉਸ ਵੇਲੇ ‘ਸਾਖੀ ਸਾਹਿਤ’ ਨੂੰ ਜੀਵਨੀ ਦਾ ਮੁੱਢਲਾ ਰੂਪ ਮੰਨਿਆ ਜਾ ਸਕਦਾ ਹੈ। ਸਾਖੀਆਂ ਵਧੇਰੇ ਕਰਕੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹਨ ਪਰ ਇਨ੍ਹਾਂ ਤੋਂ ਇਲਾਵਾ ਹੋਰ ਵੀ ਮਹਾਂਪੁਰਖਾਂ ਦੀਆਂ ਸਾਖੀਆਂ ਮਿਲਦੀਆਂ ਹਨ। ਪੁਰਾਤਨ ਪੰਜਾਬੀ ਵਾਰਤਕ ਵਿੱਚ ਜਨਮ ਸਾਖੀ ਸਾਹਿਤ, ਪਰਚੀਆਂ, ਬਚਨ, ਸੁਖਨ ਆਦਿ ਇਸੇ ਵੰਨਗੀ ਵਿੱਚ ਸ਼ਾਮਲ ਹਨ ਜਦਕਿ ਆਧੁਨਿਕ ਪੰਜਾਬੀ ਵਾਰਤਕ ਵਿੱਚ ਜੀਵਨੀ, ਰੇਖਾ ਚਿੱਤਰ, ਸੰਸਮਰਣ, ਮਹਾਕਾਵਿ, ਮੁਲਾਕਾਤਾਂ ਤੇ ਫੀਚਰ ਆਦਿ ਇਸ ਰੁਚੀ ਅਧੀਨ ਲਿਖੇ ਹੋਏ ਰੂਪ ਹਨ।
ਜੀਵਨੀ ਦੀ ਸਾਹਿਤਿਕਤਾ : ਕਿਸੇ ਦੂਜੇ ਵਿਅਕਤੀ ਦੀ ਜੀਵਨੀ ਲਿਖਣ ਲਈ ਉਸ ਨਾਲ ਸਬੰਧਤ ਨਿੱਜੀ ਮੁਲਾਕਾਤਾਂ, ਯਾਦਾਂ, ਉਸ ਵਲੋਂ (ਦੂਜੇ ਵਿਅਕਤੀ) ਲਿਖੀਆਂ ਗਈਆਂ ਡਾਇਰੀਆਂ, ਹੱਡ-ਬੀਤੀਆਂ, ਜੱਗਬੀਤੀਆਂ ਤੇ ਲੇਖਕ ਦੇ ਆਪਣੇ ਅਨੁਭਵ ਸ਼ਾਮਲ ਹੁੰਦੇ ਹਨ। ਇਹੀ ਕਾਰਨ ਹੈ ਕਿ ਯਾਦਾਂ ਦਾ ਵਿਸ਼ਾਲ ਰੂਪ ਜੀਵਨੀ ਦਾ ਰੂਪ ਧਾਰਨ ਕਰ ਜਾਂਦਾ ਹੈ ਪਰ ਇਸ ਵਿੱਚ ਲੇਖਕ (ਜੀਵਨੀਕਾਰ) ਦਾ ਆਪਣੇ ਨਿੱਜੀ ਜੀਵਨ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਉਸ ਦਾ ਮਨੋਰਥ ਕੇਵਲ ਦੂਜੇ ਵਿਅਕਤੀ ਦੇ ਚਰਿੱਤਰ ਦੇ ਮਹਾਨ ਗੁਣਾਂ ਨੂੰ ਪੇਸ਼ ਕਰਨ ਨਾਲ ਹੁੰਦਾ ਹੈ, ਜਿਸ ਤੋਂ ਦੂਜਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ।
ਇੱਥੇ ਇਹ ਵੀ ਮਹੱਤਵਪੂਰਨ ਹੈ ਕਿ ਜੀਵਨੀ ਘਟਨਾਵਾਂ ਦੀ ਬਿਆਨਬਾਜ਼ੀ ਨਹੀਂ ਬਲਕਿ ਚਿਤਰਨ ਹੈ। ਇਹ ਸਾਹਿਤ ਦਾ ਇੱਕ ਨਿਵੇਕਲਾ ਤੇ ਸੁਤੰਤਰ ਰੂਪ ਹੁੰਦਾ ਹੈ ਜੋ ਸੱਚ ਦੇ ਨੇੜੇ ਹੁੰਦਾ ਹੈ। ਇਸ ਵਿੱਚ ਕਵਿਤਾ ਅਤੇ ਸਾਹਿਤ (ਵਾਰਤਕ) ਵਾਲੇ ਸਾਰੇ ਗੁਣ ਮੌਜੂਦ ਹੁੰਦੇ ਹਨ। ਕਿਸੇ ਦੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਅਜਿਹੇ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ ਕਿ ਉਹ ਰੌਚਕ ਵੀ ਜਾਪਣ ਤੇ ਪ੍ਰੇਰਨਾਦਾਇਕ ਵੀ ਹੋਣ।
ਜੀਵਨੀ ਦੇ ਤੱਤ : ਜੀਵਨੀ ਵਾਰਤਕ ਸਾਹਿਤਕ ਦਾ ਇੱਕ ਕਲਾਤਮਕ ਰੂਪ ਹੈ। ਜੀਵਨੀ ਦੀ ਰਚਨਾ ਵਿੱਚ ਕਈ ਤੱਤ ਕਾਰਜਸ਼ੀਲ ਹੁੰਦੇ ਹਨ, ਜਿਨ੍ਹਾਂ ਦੇ ਸੁਮੇਲ ਨਾਲ ਹੀ ਸਫਲ ਜੀਵਨੀ ਦੀ ਸਿਰਜਣਾ ਹੋ ਸਕਦੀ ਹੈ। ਇਹ ਤੱਤ ਇਹ ਹਨ :
ਜੀਵਨੀ ਦਾ ਵਰਗੀਕਰਨ
ਜੀਵਨੀ, ਜੀਵਨ ਅਤੇ ਸੰਸਾਰ ਦੇ ਕਿਸੇ ਖੇਤਰ ਵਿੱਚ ਵਿਸ਼ੇਸ਼ ਸਫਲਤਾ ਹਾਸਲ ਕਰਨ ਵਾਲੇ ਵਿਅਕਤੀ ਦੀ ਹੋ ਸਕਦੀ ਹੈ। ਇਸ ਅਧਾਰ ’ਤੇ ਜੀਵਨੀ ਦੇ ਕੁਝ ਵੱਖ-ਵੱਖ ਵਰਗ ਬਣਾਏ ਜਾਂਦੇ ਹਨ, ਜਿਵੇਂ:
ਧਾਰਮਿਕ ਆਗੂਆਂ ਦੀਆਂ ਜੀਵਨੀਆਂ : ਅਰੰਭ ਵਿੱਚ ਜੀਵਨੀਆਂ ਆਮ ਤੌਰ ‘ਤੇ ਧਾਰਮਿਕ ਆਗੂ ਪੀਰ-ਪੈਗ਼ੰਬਰ, ਸੰਤ-ਗੁਰੂ, ਮਹਾਤਮਾ ਦੇ ਧਰਮ ਦੇ ਖੇਤਰ ਵਿੱਚ ਵਿਸ਼ੇਸ਼ ਤੌਰ ‘ਤੇ ਸਲਾਹੁਣਯੋਗ ਪਰਮ ਪੁਰਖਾਂ ਦੀਆਂ ਹੁੰਦੀਆਂ ਸਨ। ਪੁਰਾਤਨ ਜੀਵਨੀਆਂ ਵਿਅਕਤੀ ਪੂਜਾ ਤੇ ਸ਼ਰਧਾ ਜਾਂ ਮਿਥਿਹਾਸਕ ਕਥਾਵਾਂ ਦੇ ਅਧਾਰ ‘ਤੇ ਲਿਖੀਆਂ ਗਈਆਂ ਹੁੰਦੀਆਂ ਸਨ।
ਰਾਜਸੀ ਆਗੂ, ਦੇਸ਼-ਭਗਤ ਤੇ ਦੇਸ਼-ਘੁਲਾਟੀਆਂ ਦੀਆਂ ਜੀਵਨੀਆਂ : ਦੂਜਾ ਖੇਤਰ ਰਾਜਸੀ ਆਗੂ, ਦੇਸ਼-ਭਗਤ ਤੇ ਅਜ਼ਾਦੀ ਦੇ ਸੰਗਰਾਮੀਆਂ ਦਾ ਹੈ। ਇਹ ਜੀਵਨੀਆਂ ਦੇਸ਼-ਪਿਆਰ ਦੇ ਜਜ਼ਬੇ ਨੂੰ ਉਭਾਰਨ ਤੇ ਨੌਜਵਾਨਾਂ ਨੂੰ ਕੌਮ ਦੀ ਖ਼ਾਤਰ ਘਾਲਾਂ ਘਾਲਣ ਦੀ ਪ੍ਰੇਰਨਾ ਦੇਣ ਦੇ ਉਦੇਸ਼ ਵਜੋਂ ਲਿਖੀਆਂ ਜਾਂਦੀਆਂ ਹਨ।
ਸਾਹਿਤਕਾਰਾਂ ਦੀਆਂ ਜੀਵਨੀਆਂ : ਇਨ੍ਹਾਂ ਦਾ ਉਦੇਸ਼ ਸਾਹਿਤਕਾਰ ਦੇ ਪਿਛੋਕੜ, ਉਸ ਦੀ ਮਾਨਸਿਕ ਦਸ਼ਾ, ਉਸ ਦੇ ਪ੍ਰੇਰਨਾ-ਸਰੋਤ, ਉਸ ਦੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਮੰਜ਼ਲ ਪ੍ਰਾਪਤੀ ਲਈ ਕੀਤੇ ਗਏ ਯਤਨਾਂ ਤੇ ਸਾਹਿਤਕ ਪ੍ਰਾਪਤੀਆਂ ਬਾਰੇ ਜਾਣਕਾਰੀ ਦੇਣਾ ਹੁੰਦਾ ਹੈ।
ਜੀਵਨੀ ਦੇ ਸਰੋਤ : ਜੀਵਨੀਕਾਰ ਜੀਵਨੀ-ਨਾਇਕ ਦੇ ਜੀਵਨ ਨੂੰ ਸਮਝਣ ਲਈ ਕਈ ਸਰੋਤਾਂ ਤੇ ਸੋਮਿਆਂ ਦੀ ਭਾਲ ਕਰਦਾ ਹੈ। ਉਹ ਆਪਣੇ ਨਾਇਕਾਂ ਦੀਆਂ ਚਿੱਠੀਆਂ, ਸਰਕਾਰੀ ਗਜ਼ਟਾਂ, ਖ਼ਾਨਦਾਨੀ ਪੱਤਰਾਂ, ਦੋਸਤਾਂ, ਮਿੱਤਰਾਂ, ਸਮਕਾਲੀ ਭਰੋਸੇਯੋਗ ਵਸੀਲਿਆਂ ਦੇ ਨਾਲ-ਨਾਲ ਲੇਖਾਂ, ਗ੍ਰੰਥਾਂ ਆਦਿ ਵਿੱਚ ਆਏ ਹਵਾਲਿਆਂ ਤੇ ਉਲੇਖ, ਤੱਥਾਂ ਤੇ ਜੀਵਨੀ-ਨਾਇਕ ਨਾਲ ਸਬੰਧਤ ਹੋਰ ਲੋਕਾਂ ਤੋਂ ਮਿਲਦੀ ਸਮੱਗਰੀ ਦੇ ਸਹਾਰੇ ਹੀ ਵੇਰਵੇ ਨੂੰ ਲੜੀਬੱਧ ਕਰਕੇ ਪਾਠਕਾਂ ਦੇ ਸਨਮੁਖ ਪੇਸ਼ ਕਰਦਾ ਹੈ।
ਜੀਵਨੀ ਦੇ ਤੱਤ
ਜੀਵਨੀ ਦੇ ਤੱਤ ਇਹ ਹਨ :
ਨਾਇਕ ਦੀ ਸ਼ਖ਼ਸੀਅਤ : ਜੀਵਨੀ ਦਾ ਸਭ ਤੋਂ ਵੱਡਾ ਪ੍ਰਮੁੱਖ ਵਿਸ਼ਾ ਮਨੁੱਖੀ ਚਰਿੱਤਰ ਹੈ। ਮਨੁੱਖੀ ਚਰਿੱਤਰ ਕਿਸੇ ਆਦਰਸ਼ ਵਿਅਕਤੀ ਦੇ ਜੀਵਨੀ ਚਰਿੱਤਰ ਦੇ ਸਹਾਰੇ ਹੀ ਪੇਸ਼ ਕੀਤਾ ਜਾਂਦਾ ਹੈ। ਜੀਵਨੀ ਕੇਵਲ ਘਟਨਾਵਾਂ ਦਾ ਸੰਗ੍ਰਹਿ ਹੀ ਨਹੀਂ ਹੁੰਦਾ ਬਲਕਿ ਉਸ ਵਿੱਚ ਨਾਇਕ ਦੀ ਸ਼ਖ਼ਸੀਅਤ ਦਾ ਵਿਸ਼ੇਸ਼ ਪ੍ਰਭਾਵ ਪੇਸ਼ ਕੀਤਾ ਜਾਂਦਾ ਹੈ। ਨਾਇਕ ਦਾ ਚਿਤਰਨ ਸਾਰੀਆਂ ਚੰਗਿਆਈਆਂ ਤੇ ਬੁਰਾਈਆਂ ਸਮੇਤ ਪੇਸ਼ ਹੁੰਦਾ ਹੈ। ਇੰਜ ਜੀਵਨੀ ਦੇ ਨਾਇਕ ਨੂੰ ਚਿਤਰਦਿਆਂ ਚੰਗੇ-ਮਾੜੇ ਪੱਖ ਧਿਆਨ ਵਿੱਚ ਲਿਆਂਦੇ ਜਾਂਦੇ ਹਨ।
ਇਸ ਤਰ੍ਹਾਂ ਜੀਵਨੀ ਵਿੱਚ ਨਾਇਕ ਦੀ ਸ਼ਖ਼ਸੀਅਤ ਦਾ ਸਰਬਪੱਖੀ ਅਧਿਐਨ ਕੀਤਾ ਜਾਂਦਾ ਹੈ। ਨਾਇਕ ਦਾ ਸੁਭਾਅ, ਉਸ ਦੀਆਂ ਖਾਹਸ਼ਾਂ, ਭਾਵਨਾਵਾਂ ਤੇ ਰੁਚੀਆਂ, ਸਮੱਸਿਆਵਾਂ ਤੇ ਸੰਘਰਸ਼ਾਂ ਆਦਿ ਨੂੰ ਕਲਾਤਮਕਤਾ ਸਹਿਤ ਪੇਸ਼ ਕੀਤਾ ਜਾਂਦਾ ਹੈ। ਜੀਵਨੀ ਅਸਲ ਵਿੱਚ ਨਾਇਕ ਦੀ ਸ਼ਖ਼ਸੀਅਤ ਦੀ ਨਿਵੇਕਲੀ ਹੋਂਦ ਨੂੰ ਉਘਾੜਦੀ ਹੈ।
ਸੱਚ ਦੀ ਭਾਲ : ਜੀਵਨੀਕਾਰ ਦੇ ਸਾਹਮਣੇ ਮੁੱਖ ਸਮੱਸਿਆ ਨਾਇਕ ਦੇ ਜੀਵਨ ਦਾ ਬਿਉਰਾ ਦੱਸਣਾ ਨਹੀਂ ਹੁੰਦਾ ਬਲਕਿ ਸਮੱਸਿਆ ਤਾਂ ਤੱਥਾਂ ਵਿੱਚੋਂ ਸੱਚ ਦੀ ਭਾਲ ਕਰਕੇ ਸੱਚ ਦੀ ਪੇਸ਼ਕਾਰੀ ਕਰਨਾ ਹੁੰਦਾ ਹੈ। ਇਹੋ ਸੱਚ ਹੀ ਆਮ ਵਿਅਕਤੀਆਂ ਨਾਲੋਂ ਮਹਾਨ ਵਿਅਕਤੀ ਨੂੰ ਨਿਖੇੜਦਾ ਹੈ। ਚੰਗੀ ਜੀਵਨੀ ਵਿੱਚ ਲੇਖਕ ਹਮੇਸ਼ਾ ਸੱਚ ਦੇ ਨੇੜੇ ਰਹਿੰਦਾ ਹੈ। ਉਹ ਘਟਨਾਵਾਂ ਵਿੱਚੋਂ ਹੀ ਆਪਣੀ ਸੂਝ ਅਨੁਸਾਰ ਸੱਚ ਦੀ ਭਾਲ ਕਰਦਾ ਹੈ। ਇਤਿਹਾਸ ਅਤੇ ਜੀਵਨੀ ਵਿੱਚ ਇਹੋ ਫ਼ਰਕ ਹੈ। ਜਿੱਥੇ ਇਤਿਹਾਸਕਾਰ ਕਿਸੇ ਨਾਇਕ ਦੇ ਜੀਵਨ ਨੂੰ ਤੱਥਾਂ ਦੇ ਅਧਾਰ ‘ਤੇ ਚਿਤਰਦਾ ਹੈ, ਉਥੇ ਜੀਵਨੀਕਾਰ ਉਨ੍ਹਾਂ ਤੱਥਾਂ ਤੋਂ ਉੱਘੜਦੀ ਸਚਾਈ ਨੂੰ ਹੀ ਅਧਾਰ ਬਣਾਉਂਦਾ ਹੈ।
ਜੀਵਨੀਕਾਰ ਦਾ ਯੋਗਦਾਨ : ਕਿਸੇ ਦੀ ਜੀਵਨੀ ਦੀ ਰਚਨਾ ਵਿੱਚ ਜੀਵਨੀਕਾਰ ਦਾ ਯੋਗਦਾਨ ਬੜਾ ਮਹੱਤਵ ਰੱਖਦਾ ਹੈ। ਭਾਵੇਂ ਜੀਵਨੀ ਲਿਖਣ ਤੇ ਇਕੱਠੇ ਕਰਨ ਵਿੱਚ ਲੇਖਕ ਆਪ ਹਾਜ਼ਰ ਰਹਿੰਦਾ ਹੈ ਪਰ ਜੀਵਨੀ ਦੀ ਰਚਨਾ (ਪਾਠ) ਵਿੱਚ ਉਹ ਆਪ ਗ਼ੈਰ-ਹਾਜ਼ਰ ਰਹਿੰਦਾ ਹੈ। ਉਹ ਇੱਕ ਦੂਰੀ ’ਤੇ ਖੜ੍ਹਾ ਹੋਇਆ ਨਾਇਕ ਦਾ ਵਰਨਣ ਕਰੀ ਜਾਂਦਾ ਹੈ। ਜੀਵਨੀਕਾਰ ਨੂੰ ਕਈ ਗੱਲਾਂ ਧਿਆਨ ਵਿੱਚ ਰੱਖਣੀਆਂ ਪੈਂਦੀਆਂ ਹਨ। ਇਸ ਦੇ ਅੰਤਰਗਤ ਇਤਿਹਾਸ, ਕਲਪਨਾ ਤੇ ਸਾਹਿਤਕ ਸ਼ੈਲੀ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ। ਇਹ ਜੀਵਨੀ ਕਲਾ ਹੀ ਹੈ ਜਿੱਥੇ ਇਤਿਹਾਸ ਤੇ ਸਾਹਿਤ ਦਾ ਉੱਤਮ ਸੁਮੇਲ ਹੁੰਦਾ ਹੈ।
ਜੀਵਨੀਕਾਰ ਦਾ ਅਗਲਾ ਫ਼ਰਜ਼ ਹੁੰਦਾ ਹੈ ਕਿ ਉਹ ਸੁਹਿਰਦ, ਸੁਤੰਤਰ ਤੇ ਨਿਰਪੱਖ ਰਹਿੰਦਾ ਹੋਇਆ ਨਾਇਕ ਦੀ ਸ਼ਖ਼ਸੀਅਤ ਦੀ ਉਸਾਰੀ ਕਰੇ। ਇਸ ਦੀ ਪੂਰਤੀ ਲਈ ਉਹ ਕਲਪਨਾ ਸ਼ਕਤੀ ਦੀ ਵਰਤੋਂ ਤਾਂ ਕਰਦਾ ਹੈ ਪਰ ਇਸ ਲਈ ਸ਼ਰਤ ਇਹ ਹੈ ਕਿ ਉਹ ਕਲਪਨਾ ਦੀ ਵਰਤੋਂ ਕਰਕੇ ਲੇਖਕ ਦੀ ਸ਼ਖ਼ਸੀਅਤ ਨੂੰ ਧੁੰਦਲੀ ਨਾ ਕਰ ਦੇਵੇ। ਇੰਜ ਜੀਵਨੀਕਾਰ ਤਾਂ ਉਸ ਪਿਆਰੀ ਮਾਂ ਵਾਂਗ ਹੈ ਜੋ ਆਪਣੇ ਬਾਲ ਰੂਪੀ ਬੱਚੇ ਨੂੰ ਨਹਾ-ਧੁਆ ਕੇ ਸੋਹਣੇ ਕੱਪੜੇ ਪਾ ਕੇ ਸਜਾ ਕੇ ਸਮਾਜ ਵਿੱਚ ਭੇਜਦੀ ਹੈ। ਪਰ ਮਾਂ ਦੀ ਕਲਪਨਾ ਸਿਰਫ ਬੱਚੇ ਦੀ ਬਾਹਰੀ ਸਜਾਵਟ ਤਕ ਹੀ ਸੀਮਤ ਰਹਿੰਦੀ ਹੈ, ਉਹ ਬੱਚੇ ਦੇ ਅਸਲੀ ਸਰੂਪ ਨੂੰ ਨਹੀਂ ਬਦਲ ਸਕਦੀ। ਇਸੇ ਤਰ੍ਹਾਂ ਲੇਖਕ ਦੀ ਕਲਪਨਾ ਨਾਲ ਆਪਣੇ ਜੀਵਨੀ-ਨਾਇਕ ਦੀ ਸ਼ਖ਼ਸੀਅਤ ਦੁਆਲੇ ਆਪਣੀ ਕਲਪਨਾ ਨਾਲ ਏਨੀ ਕੁ ਚਮਕ-ਦਮਕ ਖਿਲਾਰਦਾ ਹੈ ਕਿ ਉਸ ਦੀ ਅਸਲੀਅਤ ਉਹਲੇ ਨਾ ਹੋ ਜਾਵੇ।
ਜੀਵਨੀ ਦੀ ਬਣਤਰ : ਜੀਵਨੀ ਦੀ ਰਚਨਾ ਕੁਝ ਖ਼ਾਸ ਨਿਯਮਾਂ ਵਿੱਚ ਬੱਝੀ ਹੁੰਦੀ ਹੈ। ਜੀਵਨੀਕਾਰ ਆਪਣੇ ਨਾਇਕਾਂ ਨੂੰ ਕੇਵਲ ਸਮਝਦਾਰ ਤੇ ਚਮਤਕਾਰੀ ਨਹੀਂ ਦਰਸਾ ਸਕਦਾ ਕਿਉਂਕਿ ਉਸ ਨੇ ਸਚਾਈ ਸਾਹਮਣੇ ਲਿਆਉਣੀ ਹੁੰਦੀ ਹੈ। ਇਸ ਲਈ ਜੀਵਨੀ ਵਿੱਚ ਬੇਲੋੜਾ ਵਿਸਥਾਰ ਨਹੀਂ ਆਉਣ ਦਿੱਤਾ ਜਾਂਦਾ ਤੇ ਹਰ ਲੋੜੀਂਦੀ ਗੱਲ ਹੀ ਸਾਹਮਣੇ ਲਿਆਂਦੀ ਜਾਂਦੀ ਹੈ।
ਬੋਲੀ ਅਤੇ ਸ਼ੈਲੀ : ਹਰ ਲੇਖਕ ਦੀ ਆਪਣੀ ਵਿਲੱਖਣ ਸ਼ੈਲੀ ਹੁੰਦੀ ਹੈ। ਪਰ ਜੀਵਨੀ ਲੇਖਕ ਲੋੜ ਅਨੁਸਾਰ ਢੁਕਵੀਂ ਸ਼ੈਲੀ ਦੀ ਵਰਤੋਂ ਕਰ ਸਕਦਾ ਹੈ। ਜਿਵੇਂ ਵਰਨਣਾਤਮਕ ਸ਼ੈਲੀ ਦੀ ਵਰਤੋਂ ਉੱਥੇ ਕੀਤੀ ਜਾਂਦੀ ਹੈ ਜਿੱਥੇ ਨਿਆਂਸ਼ੀਲ ਹੋ ਕੇ ਨਾਇਕ ਦੇ ਜੀਵਨ ਦੀਆਂ ਘਟਨਾਵਾਂ ਬਿਆਨ ਕਰਨੀਆਂ ਹੁੰਦੀਆਂ ਹਨ ਤੇ ਸਮੇਂ ਤੇ ਸਥਾਨ ਦੇ ਨਾਲ-ਨਾਲ ਸਮਾਜਿਕ ਤੇ ਸੱਭਿਆਚਾਰਕ ਵਾਤਾਵਰਨ ਵੀ ਪੇਸ਼ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਵਿਆਖਿਆਤਮਕ ਸ਼ੈਲੀ ਤੇ ਆਲੋਚਨਾਤਮਕ ਸ਼ੈਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪੰਜਾਬੀ ਵਿੱਚ ਜੀਵਨੀ – ਸਾਹਿਤ : ਪੰਜਾਬੀ ਵਿੱਚ ਹਰ ਤਰ੍ਹਾਂ ਦੀਆਂ ਜੀਵਨੀਆਂ ਮਿਲਦੀਆਂ ਹਨ; ਜਿਵੇਂ :
ਇਤਿਹਾਸਕ :
ਡਾ. ਗੰਡਾ ਸਿੰਘ : ਬੰਦਾ ਬਹਾਦਰ, ਸ਼ਾਮ ਸਿੰਘ ਅਟਾਰੀ ਵਾਲਾ
ਪ੍ਰੇਮ ਸਿੰਘ ਹੋਤੀ : ਜੀਵਨ ਮਹਾਰਾਜਾ ਰਣਜੀਤ ਸਿੰਘ, ਜੀਵਨ ਸ: ਹਰੀ ਸਿੰਘ ਨਲਵਾ, ਖਾਲਸਾ ਰਾਜ ਦੇ ਉਸਰੱਈਏ
ਕਰਤਾਰ ਸਿੰਘ : ਜੀਵਨੀ ਗੁਰੂ ਗੋਬਿੰਦ ਸਿੰਘ
ਰਾਜਸੀ ਜੀਵਨੀਆਂ
ਜਸਵੰਤ ਸਿੰਘ ਜੱਸ : ਬਾਬਾ ਰਾਮ ਸਿੰਘ, ਬਾਬਾ ਸੋਹਣ ਸਿੰਘ ਭਕਣਾ, ਬਾਬਾ ਵਿਸਾਖਾ ਸਿੰਘ
ਕੁਲਦੀਪ ਸਿੰਘ ਹਉਰਾ : ਜੁਝਾਰੂ ਸੂਰਮੇ
ਪ੍ਰਿ. ਨਿਰੰਜਨ ਸਿੰਘ : ਜੀਵਨ ਯਾਤਰਾ ਮਾਸਟਰ ਤਾਰਾ ਸਿੰਘ
ਡਾ. ਪਿਆਰਾ ਸਿੰਘ : ਤੇਜਾ ਸਿੰਘ ਸਮੁੰਦਰੀ
ਧਰਮਪਾਲ ਸਿੰਘ ਸਿੰਗਲ : ਜੀਵਨੀ ਗੁਰੂ ਰਾਮਦਾਸ ਜੀ
ਡਾ. ਕਰਮ ਸਿੰਘ ਕਪੂਰ : ਸਤਿਗੁਰੂ ਪ੍ਰਤਾਪ ਸਿੰਘ : ਇਕ ਮਹਾਨ ਸਤਿਗੁਰੂ
ਸਾਹਿਤਕਾਰਾਂ ਦੀਆਂ ਜੀਵਨੀਆਂ
ਪ੍ਰੋ. ਹਰਦਿਆਲ ਸਿੰਘ : ਸੁਨਹਿਰੀ ਦਿਲ (ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਜੀਵਨੀ)
ਸੂਬਾ ਸਿੰਘ : ਡਾ. ਦੀਵਾਨ ਸਿੰਘ ਕਾਲੇਪਾਣੀ
ਡਾ. ਗੁਰਦਿਆਲ ਸਿੰਘ ਫੁੱਲ : ਭਾਈ ਜੋਧ ਸਿੰਘ
ਸ. ਸ. ਅਮੋਲ : ਜੀਵਨੀ ਭਾਈ ਮੋਹਨ ਸਿੰਘ ਵੈਦ
ਕਿਰਪਾਲ ਸਿੰਘ ਕਸੇਲ : ਰਾਜ ਹੰਸ (ਪ੍ਰੋ. ਪੂਰਨ ਸਿੰਘ ਦੀ ਜੀਵਨੀ)