CBSEEducationKavita/ਕਵਿਤਾ/ कविताNCERT class 10thPunjab School Education Board(PSEB)

ਜੀਅ ਜੰਤ…………… ਜਿਤਾ ਬਿਖਾੜਾ ਜੀਉ।


ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ : ਗੁਰੂ ਅਰਜਨ ਦੇਵ ਜੀ

ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਜੀਅ ਜੰਤ ਸਭਿ ਉਪਾਏ ॥

ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥

ਸਭ ਕਿਛੁ ਕੀਤਾ ਤੇਰਾ ਹੋਵੈ ਨਾਹੀ ਕਿਛੁ ਅਸਾੜਾ ਜੀਉ॥

ਨਾਮੁ ਧਿਆਇ ਮਹਾ ਸੁਖੁ ਪਾਇਆ ॥

ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ।।

ਗੁਰਿ ਪੂਰੇ ਵਜੀ ਵਾਧਾਈ ਨਾਨਕ ਜਿਤਾ ਬਿਖਾੜਾ ਜੀਉ॥


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੀ ਬਾਣੀ ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਵਿੱਚੋਂ ਲਿਆ ਗਿਆ ਹੈ। ਇਸ ਰਚਨਾ ਵਿੱਚ ਗੁਰੂ ਜੀ ਨੇ ਪ੍ਰਭੂ ਨੂੰ ਆਪਣਾ ਸਭ ਕੁੱਝ ਮੰਨਦੇ ਹੋਏ ਉਸ ਦੀ ਸ਼ਕਤੀ ਤੇ ਉਸ ਉੱਤੇ ਆਪਣੀ ਟੇਕ ਨੂੰ ਬਿਆਨ ਕਰਦਿਆਂ ਇਹ ਵਿਚਾਰ ਪੇਸ਼ ਕੀਤਾ ਹੈ ਕਿ ਉਸ ਦਾ ਨਾਮ ਧਿਆਉਣ ਨਾਲ ਮਹਾਂ-ਸੁਖ ਮਿਲਦਾ ਹੈ ਅਤੇ ਵਿਕਾਰਾਂ ਦਾ ਔਖਾ ਘੋਲ ਜਿੱਤਿਆ ਜਾਂਦਾ ਹੈ। ਇਨ੍ਹਾਂ ਸਤਰਾਂ ਵਿੱਚ ਇਸੇ ਵਿਚਾਰ ਦਾ ਹੀ ਉਲੇਖ ਹੈ।

ਵਿਆਖਿਆ : ਗੁਰੂ ਜੀ ਆਖਦੇ ਹਨ, ਹੇ ਪ੍ਰਭੂ ! ਸਾਰੇ ਜੀਵ-ਜੰਤੂ ਤੇਰੇ ਹੀ ਪੈਦਾ ਕੀਤੇ ਗਏ ਹਨ। ਜਿਸ ਤਰ੍ਹਾਂ ਤੈਨੂੰ ਭਾਉਂਦਾ ਹੈ, ਅਰਥਾਤ ਜਿਸ ਤਰ੍ਹਾਂ ਤੇਰੀ ਰਜ਼ਾ ਹੈ, ਉਸੇ ਪ੍ਰਕਾਰ ਹੀ ਤੂੰ ਜੀਵਾਂ ਨੂੰ ਕੰਮਾਂ ‘ਤੇ ਲਾਇਆ ਹੋਇਆ ਹੈ। ਜੋ ਕੁੱਝ ਇਸ ਸੰਸਾਰ ਵਿੱਚ ਹੁੰਦਾ ਹੈ, ਜਾਂ ਜੀਵ ਕਰਦੇ ਹਨ, ਇਹ ਸਭ ਕੁੱਝ ਤੇਰਾ ਕੀਤਾ ਹੁੰਦਾ ਹੈ ਇਸ ਵਿੱਚ ਸਾਡਾ ਜ਼ਰਾ ਜਿੰਨਾ ਵੀ ਦਖ਼ਲ ਨਹੀਂ ਹੋ ਸਕਦਾ। ਹੇ ਪ੍ਰਭੂ, ਤੇਰਾ ਨਾਮ ਧਿਆ ਕੇ ਮੈਂ ਪਰਮ ਆਨੰਦ ਪ੍ਰਾਪਤ ਕੀਤਾ ਹੈ। ਤੇਰੇ ਗੁਣ ਗਾਉਣ ਨਾਲ ਮੇਰੇ ਮਨ ਵਿੱਚ ਠੰਢਕ ਦਾ ਪਸਾਰ ਹੋਇਆ ਹੈ। ਪੂਰੇ ਗੁਰੂ ਦੀ ਕਿਰਪਾ ਨਾਲ ਮੇਰੇ ਮਨ ਵਿੱਚ ਆਤਮਿਕ ਉਤਸ਼ਾਹ ਦਾ ਢੋਲ ਵੱਜ ਪਿਆ ਹੈ ਅਤੇ ਮੈਂ ਵਿਕਾਰਾਂ ਦਾ ਔਖਾ ਘੋਲ ਜਿੱਤ ਕੇ ਪ੍ਰਭੂ ਦੇ ਨਾਮ ਵਿੱਚ ਸਮਾ ਗਿਆ ਹਾਂ।