CBSEEducationNCERT class 10thPunjab School Education Board(PSEB)

ਜ਼ਫ਼ਰਨਾਮਾ : ਛੋਟੇ ਉੱਤਰਾਂ ਵਾਲੇ ਪ੍ਰਸ਼ਨ


ਛੋਟੇ ਉੱਤਰਾਂ ਵਾਲੇ ਪ੍ਰਸ਼ਨ (25-30 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ)


ਪ੍ਰਸ਼ਨ 1. ਡਾ. ਹਰਚਰਨ ਸਿੰਘ ਦੇ ਜਨਮ ਅਤੇ ਮਾਤਾ-ਪਿਤਾ ਬਾਰੇ ਜਾਣਕਾਰੀ ਦਿਓ।

ਉੱਤਰ : ਡਾ. ਹਰਚਰਨ ਸਿੰਘ ਦਾ ਜਨਮ ਚੱਕ ਨੰਬਰ 576 ਜ਼ਿਲ੍ਹਾ ਸ਼ੇਖੂਪੁਰਾ (ਪਾਕਿਸਤਾਨ) ਵਿਖੇ 10 ਦਸੰਬਰ, 1914 ਈ. ਨੂੰ ਹੋਇਆ। ਆਪ ਦਾ ਜੱਦੀ ਪਿੰਡ ਉੜਾਪੜ (ਸ਼ਹੀਦ ਭਗਤ ਸਿੰਘ ਨਗਰ) ਹੈ। ਆਪ ਦੇ ਪਿਤਾ ਜੀ ਦਾ ਨਾਂ ਸ. ਕਿਰਪਾ ਸਿੰਘ ਅਤੇ ਮਾਤਾ ਜੀ ਦਾ ਨਾਂ ਸ੍ਰੀਮਤੀ ਰੱਖੀ ਸੀ।

ਪ੍ਰਸ਼ਨ 2. ਡਾ. ਹਰਚਰਨ ਸਿੰਘ ਦੀ ਵਿੱਦਿਅਕ ਯੋਗਤਾ ਅਤੇ ਕਿੱਤੇ ਬਾਰੇ ਜਾਣਕਾਰੀ ਦਿਓ।

ਉੱਤਰ : ਡਾ. ਹਰਚਰਨ ਸਿੰਘ ਦੀ ਵਿੱਦਿਅਕ ਯੋਗਤਾ ਐੱਮ. ਏ. (ਇਤਿਹਾਸ ਅਤੇ ਪੰਜਾਬੀ) ਅਤੇ ਪੀ-ਐੱਚ. ਡੀ. (ਪੰਜਾਬੀ) ਹੈ। ਆਪ ਦਾ ਕਿੱਤਾ ਅਧਿਆਪਨ ਰਿਹਾ ਹੈ। ਆਪ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਉਂਦੇ ਰਹੇ। ਉਹਨਾਂ ਨੂੰ ਨਾਟਕ ਦੇ ਲੇਖਕ, ਨਿਰਮਾਤਾ ਅਤੇ ਅਭਿਨੇਤਾ ਹੋਣ ਦਾ ਮਾਣ ਵੀ ਪ੍ਰਾਪਤ ਹੈ।

ਪ੍ਰਸ਼ਨ 3. ਡਾ. ਹਰਚਰਨ ਸਿੰਘ ਨੂੰ ਕਿਹੜੇ ਸਨਮਾਨ ਪ੍ਰਾਪਤ ਹੋਏ?

ਉੱਤਰ : ਡਾ. ਹਰਚਰਨ ਸਿੰਘ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸ਼ਿਰੋਮਣੀ ਪੰਜਾਬੀ ਸਾਹਿਤਕਾਰ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ‘ਕਰਤਾਰ ਸਿੰਘ ਧਾਲੀਵਾਲ’ ਸਰਬ-ਸ੍ਰੇਸ਼ਟ ਪੁਰਸਕਾਰ ਦਿੱਤਾ ਗਿਆ। ‘ਕੱਲ੍ਹ, ਅੱਜ ਤੇ ਭਲਕ’ ਨਾਟਕ ਲਈ ਉਹਨਾਂ ਨੂੰ ਸਾਹਿਤ ਅਕਾਦਮੀ, ਦਿੱਲੀ ਵੱਲੋਂ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ।

ਪ੍ਰਸ਼ਨ 4. ਡਾ. ਹਰਚਰਨ ਸਿੰਘ ਦੇ ਦਸ ਨਾਟਕਾਂ ਦੇ ਨਾਂ ਲਿਖੋ।

ਉੱਤਰ : ਕਮਲਾ ਕੁਮਾਰੀ, ਰਾਜਾ ਪੋਰਸ, ਜੀਵਨ ਲੀਲ੍ਹਾ, ਪੰਜ ਗੀਟੜਾ, ਸੋਭਾ ਸ਼ਕਤੀ, ਰੱਤਾ ਸਾਲੂ, ਸਪਤ ਰਿਸ਼ੀ, ਹਿੰਦ ਦੀ ਚਾਦਰ, ਸਾਂਝਾ ਰਾਜ, ਕਾਇਆ ਕਲਪ।

ਪ੍ਰਸ਼ਨ 5. ਇੱਕ ਨਾਟਕਕਾਰ ਵੱਜੋਂ ਡਾ. ਹਰਚਰਨ ਸਿੰਘ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਡਾਕਟਰ ਹਰਚਰਨ ਸਿੰਘ ਪੰਜਾਬੀ ਦਾ ਇੱਕ ਪ੍ਰਮੁੱਖ ਨਾਟਕਕਾਰ ਹੈ। ਉਸ ਨੇ ਸਮਾਜਿਕ, ਇਤਿਹਾਸਿਕ ਤੇ ਰਾਜਨੀਤਿਕ ਵਿਸ਼ਿਆਂ ‘ਤੇ ਨਾਟਕ ਲਿਖੇ ਹਨ। ਆਪ ਨੂੰ ਰੰਗਮੰਚ ਦੀ ਬਹੁਤ ਸੂਝ ਹੈ। ਇਸੇ ਲਈ ਆਪ ਦੇ ਨਾਟਕ ਰੰਗ-ਮੰਚ ‘ਤੇ ਸਫਲ ਹੁੰਦੇ ਹਨ। ਨਾਟਕ ਲਿਖਣ ਦੇ ਨਾਲ-ਨਾਲ ਆਪ ਨਾਟਕ ਖੇਡਦੇ ਵੀ ਰਹੇ ਹਨ। ਆਪ ਨੂੰ ਨਿਰਮਾਤਾ, ਨਿਰਦੇਸ਼ਕ ਅਤੇ ਅਭਿਨੇਤਾ ਹੋਣ ਦਾ ਮਾਣ ਪ੍ਰਾਪਤ ਹੈ।

ਪ੍ਰਸ਼ਨ 6. ‘ਜ਼ਫ਼ਰਨਾਮਾ’ ਤੋਂ ਕੀ ਭਾਵ ਹੈ?

ਉੱਤਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1705 ਈ. ਵਿੱਚ ਦੀਨਾ ਕਾਂਗੜ (ਮਾਲਵਾ) ਨਾਂ ਦੇ ਪਿੰਡ ਤੋਂ ਔਰੰਗਜ਼ੇਬ ਨੂੰ ਇੱਕ ਖ਼ਤ (ਜੋ ਫ਼ਾਰਸੀ ਕਵਿਤਾ ਵਿੱਚ ਸੀ) ਲਿਖ ਕੇ ਭਾਈ ਦਇਆ ਸਿੰਘ ਦੇ ਹੱਥ ਭੇਜਿਆ। ਇਸ ਖ਼ਤ ਨੂੰ ‘ਜ਼ਫ਼ਰਨਾਮਾ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜ਼ਫ਼ਰਨਾਮਾ ਦਾ ਅਰਥ ਜਿੱਤ ਦਾ ਪੱਤਰ/ਖ਼ਤ ਹੈ। ਇਸ ਖ਼ਤ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਦੇ ਕੁਕਰਮਾਂ ‘ਤੇ ਉਸ ਨੂੰ ਲਾਹਨਤਾਂ ਪਾਈਆਂ ਹਨ।

ਪ੍ਰਸ਼ਨ 7. ਔਰੰਗਜ਼ੇਬ ਕੋਲ ‘ਜ਼ਫ਼ਰਨਾਮਾ’ ਕੋਣ ਲੈ ਕੇ ਗਿਆ ਸੀ?

ਉੱਤਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖਿਆ ‘ਜ਼ਫ਼ਰਨਾਮਾ’ ਨਾਂ ਦਾ ਖ਼ਤ ਦਇਆ ਸਿੰਘ ਨਾਂ ਦਾ ਸਿੱਖ ਔਰੰਗਜ਼ੇਬ ਕੋਲ ਲੈ ਕੇ ਗਿਆ ਸੀ। ਉਸ ਨੇ ਇਹ ਖ਼ਤ ਆਪਣੇ ਹੱਥੀਂ ਔਰੰਗਜ਼ੇਬ ਨੂੰ ਦਿੱਤਾ। ਇਸ ਲਈ ਉਸ ਨੂੰ ਕਈ ਮਹੀਨੇ ਇੰਤਜ਼ਾਰ ਕਰਨੀ ਪਈ।

ਪ੍ਰਸ਼ਨ 8. ‘ਜ਼ਫ਼ਰਨਾਮੇ’ ਦਾ ਔਰੰਗਜ਼ੇਬ ‘ਤੇ ਕੀ ਅਸਰ ਹੋਇਆ?

ਉੱਤਰ : ‘ਜ਼ਫ਼ਰਨਾਮੇ’ ਨੂੰ ਪੜ੍ਹ ਕੇ ਔਰੰਗਜ਼ੇਬ ਦੇ ਮਨ ‘ਤੇ ਡੂੰਘਾ ਅਸਰ ਹੋਇਆ। ਇਸ ਖ਼ਤ ਨੇ ਔਰੰਗਜ਼ੇਬ ਦੇ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ। ਉਸ ਦੀ ਆਤਮਾ ਕੰਬ ਗਈ, ਉਸ ਦੀ ਨੀਂਦ ਉੱਡ ਗਈ ਅਤੇ ਡਰਾਉਣੇ ਸੁਫਨੇ ਨੇ ਉਸ ਨੂੰ ਪਰੇਸ਼ਾਨ ਕਰ ਦਿੱਤਾ।

ਪਸ਼ਨ 9. ‘ਜ਼ਫ਼ਰਨਾਮਾ’ ਇਕਾਂਗੀ ਦਾ ਇਹ ਸਿਰਲੇਖ ਕਿਸ ਹੱਦ ਤੱਕ ਢੁਕਵਾਂ ਹੈ?

ਉੱਤਰ: ਜ਼ਫ਼ਰਨਾਮਾ’ ਇਕਾਂਗੀ ਦਾ ਸਿਰਲੇਖ ਪੂਰੀ ਤਰ੍ਹਾਂ ਢੁਕਵਾਂ ਤੇ ਸਫਲ ਹੈ। ਇਸ ਇਕਾਂਗੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਨੂੰ ਫ਼ਾਰਸੀ ਕਵਿਤਾ ਵਿੱਚ ਲਿਖੇ ਇੱਕ ਖ਼ਤ ਦਾ ਜ਼ਿਕਰ ਹੈ ਜਿਸ ਨੂੰ ‘ਜ਼ਫ਼ਰਨਾਮਾ ਕਿਹਾ ਜਾਂਦਾ ਹੈ। ਇਸ ਇਕਾਂਗੀ ਵਿੱਚ ਜ਼ਫ਼ਰਨਾਮੇ ਦੇ ਔਰੰਗਜ਼ੇਬ ‘ਤੇ ਪਏ ਪ੍ਰਭਾਵ ਦਾ ਵਰਨਣ ਹੈ। ਇਸ ਤਰ੍ਹਾਂ ਇਸ ਇਕਾਂਗੀ ਦਾ ਇਹ ਸਿਰਲੇਖ (ਜ਼ਫ਼ਰਨਾਮਾ) ਢੁਕਵਾਂ ਤੇ ਸਫਲ ਹੈ।

ਪ੍ਰਸ਼ਨ 10. ‘ਜ਼ਫ਼ਰਨਾਮਾ’ ਇਕਾਂਗੀ ਵਿੱਚ ਬੋਲਦੀਆਂ ਦੋ ਅਵਾਜ਼ਾਂ ਬਾਰੇ ਜਾਣਕਾਰੀ ਦਿਓ।

ਉੱਤਰ : ‘ਜ਼ਫ਼ਰਨਾਮਾ’ ਇਕਾਂਗੀ ਵਿੱਚ ਦੋ ਅਵਾਜ਼ਾਂ ਬੋਲਦੀਆਂ ਹਨ। ਇੱਕ ਅਵਾਜ਼ ਬਾਹਰ ਮੁਖੀ ਹੈ ਅਤੇ ਦੂਸਰੀ ਔਰੰਗਜ਼ੇਬ ਦੇ ਅੰਦਰ ਦੀ ਸੱਚੀ ਅਵਾਜ਼ ਹੈ ਜੋ ਉਸ ਨੂੰ ਉਸ ਦੀ ਅਸਲੀਅਤ ਤੋਂ ਜਾਣੂ ਕਰਵਾਉਂਦੀ ਹੈ। ਔਰੰਗਜ਼ੇਬ ਇਹਨਾਂ ਦੋਹਾਂ ਅਵਾਜ਼ਾਂ ਵਿੱਚ ਘਿਰ ਜਾਂਦਾ ਹੈ ਅਤੇ ਦੁਖੀ ਤੇ ਪਰੇਸ਼ਾਨ ਹੋ ਜਾਂਦਾ ਹੈ।

ਪ੍ਰਸ਼ਨ 11. ਸ਼ਾਹੀ ਮਹੱਲ ਵਿੱਚ ਨੱਚਣ ਦੀ ਅਵਾਜ਼ ਸੁਣ ਕੇ ਔਰੰਗਜ਼ੇਬ ਦਾ ਕੀ ਪ੍ਰਤਿਕਰਮ ਹੁੰਦਾ ਹੈ?

ਉੱਤਰ : ਪਰੇਸ਼ਾਨੀ ਦੀ ਹਾਲਤ ਵਿੱਚ ਜਦ ਔਰੰਗਜ਼ੇਬ ਨੱਚਣ ਦੀਆਂ ਅਵਾਜ਼ਾਂ ਸੁਣਦਾ ਹੈ ਤਾਂ ਉਹ ਹੈਰਾਨ ਹੁੰਦਾ ਹੈ ਅਤੇ ਗੁੱਸੇ ਵਿੱਚ ਆ ਕੇ ਕਹਿੰਦਾ ਹੈ ਕਿ ਸ਼ਾਹੀ ਮਹੱਲ ਵਿੱਚ ਇਹ ਨਾਚ ਕਿਵੇਂ ਹੋ ਸਕਦਾ ਹੈ! ਇਸ ਦੀ ਤਾਂ ਇੱਥੇ ਸਖ਼ਤ ਮਨਾਹੀ ਹੈ। ਉਹ ਸੋਚਦਾ ਹੈ ਕਿ ਸ਼ਾਇਦ ਉਸ ਨੂੰ ਮੋਇਆ ਹੋਇਆ ਖ਼ਿਆਲ ਕਰ ਲਿਆ ਗਿਆ ਹੈ। ਪਰ ਉਹ ਤਾਂ ਅਜੇ ਜਿਊਂਦਾ ਹੈ। ਉਹ ਇਸ ਨਾਚ ਅਤੇ ਸਾਜ਼ਾਂ ਨੂੰ ਬੰਦ ਕਰਨ ਦਾ ਹੁਕਮ ਦਿੰਦਾ ਹੈ।

ਪ੍ਰਸ਼ਨ 12. ਜਦ ਔਰੰਗਜ਼ੇਬ ਸ਼ਾਹੀ ਮਹੱਲ ਵਿੱਚ ਰੰਗ ਅਤੇ ਰਾਗ ਨੂੰ ਫ਼ੌਰਨ ਬੰਦ ਕਰਨ ਲਈ ਕਹਿੰਦਾ ਹੈ ਤਾਂ ਅਵਾਜ਼ ਉਸ ਨੂੰ ਕੀ ਕਹਿੰਦੀ ਹੈ?

ਉੱਤਰ : ਜਦ ਔਰੰਗਜ਼ੇਬ ਸ਼ਾਹੀ ਮਹੱਲ ਵਿੱਚ ਰੰਗ ਤੇ ਰਾਗ ਨੂੰ ਫ਼ੌਰਨ ਬੰਦ ਕਰਨ ਲਈ ਕਹਿੰਦਾ ਹੈ ਤਾਂ ਅਵਾਜ਼ ਔਰੰਗਜ਼ੇਬ ਨੂੰ ਸੰਬੋਧਨ ਕਰਦੀ ਕਹਿੰਦੀ ਹੈ ਕਿ ਜ਼ਿੰਦਗੀ ਆਪ ਇੱਕ ਰੰਗ-ਤਮਾਸ਼ਾ ਹੈ ਜਿਸ ਤੋਂ ਉਹ (ਔਰੰਗਜ਼ੇਬ) ਵਾਂਝਾ ਰਿਹਾ ਹੈ। ਇਸੇ ਲਈ ਉਸ ਦੀ ਜ਼ਿੰਦਗੀ ਰੰਗਹੀਣ ਹੈ ਅਤੇ ਉਹ ਆਪ ਸਖ਼ਤ ਸੁਭਾਅ ਦਾ ਹੈ।

ਪ੍ਰਸ਼ਨ 13. ਕੌਣ ਲੋਕ ਔਰੰਗਜ਼ੇਬ ਦੀ ਮੌਤ ਦੀਆਂ ਘੜੀਆਂ ਉਡੀਕ ਰਹੇ ਸਨ?

ਉੱਤਰ : ਔਰੰਗਜ਼ੇਬ ਦੇ ਅਹਿਲਕਾਰ (ਅਹੁਦੇਦਾਰ, ਕਰਿੰਦੇ), ਉਮਰਾ (ਅਮੀਰ-ਵਜ਼ੀਰ) ਅਤੇ ਉਲਿਮਾ (ਵਿਦਵਾਨ) ਔਰੰਗਜ਼ੇਬ ਦੀ ਮੌਤ ਦੀਆਂ ਘੜੀਆਂ ਉਡੀਕ ਰਹੇ ਸਨ। ਉਹ ਸ਼ੇਅਰੋ-ਸ਼ਾਇਰੀ ਨਾਲ ਉਸ ਨੂੰ ਚਿੜਾ ਰਹੇ ਸਨ ਕਿਉਂਕਿ ਉਹ (ਔਰੰਗਜ਼ੇਬ) ਸਾਰੀ ਉਮਰ ਇਹਨਾਂ ਨੂੰ ਕੁਫ਼ਰ (ਕੁਧਰਮ, ਝੂਠ) ਦੇ ਠੇਕੇਦਾਰ ਕਹਿੰਦਾ ਰਿਹਾ ਹੈ।

ਪ੍ਰਸ਼ਨ 14. ਮੁਗ਼ਲ ਤਖ਼ਤੋ-ਤਾਜ ਲਈ ਆਪਣੇ ਬੇਟਿਆਂ ਵਿੱਚ ਸ਼ੁਰੂ ਹੋਈ ਖ਼ਾਨਾ-ਜੰਗੀ ਸੰਬੰਧੀ ਔਰੰਗਜ਼ੇਬ ਕੀ ਕਹਿੰਦਾ ਹੈ?

ਉੱਤਰ : ਔਰੰਗਜ਼ੇਬ ਨੂੰ ਜਦ ਮੁਗ਼ਲ ਤਖ਼ਤੋ-ਤਾਜ ਲਈ ਆਪਣੇ ਬੇਟਿਆਂ ਵਿੱਚ ਸ਼ੁਰੂ ਹੋਈ ਖ਼ਾਨਾ-ਜੰਗੀ ਬਾਰੇ ਪਤਾ ਲੱਗਦਾ ਹੈ ਤਾਂ ਉਹ ਕਹਿੰਦਾ ਹੈ ਕਿ ਉਹ ਇਸੇ ਗੱਲ ਤੋਂ ਹੀ ਡਰਦਾ ਸੀ। ਪਰ ਉਹ ਖ਼ੂਨ-ਖ਼ਰਾਬਾ ਨਹੀਂ ਹੋਣ ਦੇਵੇਗਾ। ਅਵਾਜ਼ ਔਰੰਗਜ਼ੇਬ ਨੂੰ ਕਹਿੰਦੀ ਹੈ ਕਿ ਉਸ ਨੇ ਵੀ ਆਪਣੇ ਬਾਪ ਸ਼ਾਹ ਜਹਾਨ ਦੀ ਮੌਤ ਦੀ ਉਡੀਕ ਨਹੀਂ ਸੀ ਕੀਤੀ। ਔਰੰਗਜ਼ੇਬ ਮੰਨਦਾ ਹੈ ਕਿ ਹਕੂਮਤ ਦੀ ਹਵਸ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ ਸੀ। ਉਹ ਆਪਣੇ ਗੁਮਰਾਹ ਹੋਏ ਪੁੱਤਰਾਂ ਨੂੰ ਕਹਿੰਦਾ ਹੈ ਕਿ ਉਹ ਉਸ ਦੀ ਗ਼ਲਤੀ ਨੂੰ ਨਾ ਦੁਹਰਾਉਣ।

ਪ੍ਰਸ਼ਨ 15. ਪੰਜਾਬ ਵਿੱਚ ਕੌਣ ਮੁੜ ਗੁਰੂ ਦੇ ਝੰਡੇ ਥੱਲੇ ਇਕੱਠੇ ਹੋ ਗਏ ਸਨ?

ਉੱਤਰ: ਦੂਰੋਂ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਸੁਣਨ ‘ਤੇ ਔਰੰਗਜ਼ੇਬ ਕਹਿੰਦਾ ਹੈ ਕਿ ਇਹ ਕਿਸ ਤਰ੍ਹਾਂ ਦੇ ਡਰਾਉਣੇ ਨਾਹਰੇ ਹਨ? ਇਸ ਦੇ ਉੱਤਰ ਵਿੱਚ ਆਉਂਦੀ ਅਵਾਜ਼ ਰਾਹੀਂ ਔਰੰਗਜ਼ੇਬ ਨੂੰ ਦੱਸਿਆ ਜਾਂਦਾ ਹੈ ਕਿ ਇਹ ਜਿੱਤ ਦੇ ਜੈਕਾਰੇ ਹਨ। ਪੰਜਾਬ ਵਿੱਚ ਸਿੰਘ-ਸੂਰਮੇ ਮੁੜ ਗੁਰੂ ਦੇ ਝੰਡੇ ਹੇਠ ਇਕੱਠੇ ਹੋ ਗਏ ਹਨ।

ਪ੍ਰਸ਼ਨ 16. ਜਦ ਔਰੰਗਜ਼ੇਬ ਕਹਿੰਦਾ ਹੈ ਕਿ ਉਹ ਜਿਊਂਦੇ-ਜੀਅ ਮੁਗ਼ਲ ਹਕੂਮਤ ਨੂੰ ਕਮਜ਼ੋਰ ਨਹੀਂ ਹੋਣ ਦੇਵੇਗਾ ਤਾਂ ਅਵਾਜ਼ ਉਸ ਨੂੰ ਕੀ ਜਵਾਬ ਦਿੰਦੀ ਹੈ?

ਉੱਤਰ : ਅਵਾਜ਼ ਦੇ ਰੂਪ ਵਿੱਚ ਔਰੰਗਜ਼ੇਬ ਨੂੰ ਜਵਾਬ ਦਿੱਤਾ ਜਾਂਦਾ ਹੈ ਕਿ ਮੁਗ਼ਲ ਸਲਤਨਤ (ਰਾਜ) ਤਾਂ ਅੱਗੇ ਹੀ ਉਸ ਵਾਂਗ ਬੁੱਢੀ ਤੇ ਕਮਜ਼ੋਰ ਹੋ ਚੁੱਕੀ ਹੈ। ਉਹ ਹੀ (ਔਰੰਗਜ਼ੇਬ ਹੀ) ਉਸ ਦੀਆਂ ਜੜ੍ਹਾਂ ਖੋਖਲੀਆਂ ਕਰਨ ਦਾ ਜ਼ੁੰਮੇਵਾਰ ਹੈ।

ਪ੍ਰਸ਼ਨ 17. ਔਰੰਗਜ਼ੇਬ ਅਨੁਸਾਰ ਉਸ ਨੇ ਮੁਗ਼ਲ ਸਲਤਨਤ ਨੂੰ ਮਜ਼ਬੂਤ ਬਣਾਉਣ ਲਈ ਕੀ ਕੀਤਾ?

ਉੱਤਰ: ਔਰੰਗਜ਼ੇਬ ਅਨੁਸਾਰ ਉਸ ਨੇ ਮੁਗ਼ਲ ਸਲਤਨਤ ਨੂੰ ਮਜ਼ਬੂਤ ਬਣਾਉਣ ਲਈ ਪੂਰੇ ਅਠਤਾਲੀ ਸਾਲ ਦਿਨ-ਰਾਤ ਇੱਕ ਕੀਤਾ। ਉਸ ਨੇ ਕਦੇ ਆਪਣੇ ਫ਼ਰਜ਼/ਜ਼ੁੰਮੇਵਾਰੀ ਤੋਂ ਕੁਤਾਹੀ/ਉਕਾਈ ਨਹੀਂ ਕੀਤੀ। ਰੱਬ ਜਾਣਦਾ ਹੈ ਕਿ ਉਸ ਨੇ ਮਿਹਨਤ, ਦਿਆਨਤਦਾਰੀ ਅਤੇ ਸਚਾਈ ਨਾਲ ਆਪਣਾ ਫ਼ਰਜ਼ ਨਿਭਾਇਆ ਹੈ।

ਪ੍ਰਸ਼ਨ 18. ਹਕੂਮਤ ਦੀਆਂ ਨੀਹਾਂ ਪੱਕੀਆਂ ਕਰਨ ਬਾਰੇ ਔਰੰਗਜ਼ੇਬ ਦੇ ਕੀ ਵਿਚਾਰ ਹਨ? ਕੀ ਤੁਸੀਂ ਉਸ ਨਾਲ ਸਹਿਮਤ ਹੋ?

ਉੱਤਰ : ਔਰੰਗਜ਼ੇਬ ਦਾ ਵਿਚਾਰ ਹੈ ਕਿ ਹੁਕਮਰਾਨ ਦੇ ਮਜ਼ਬੂਤ ਹੱਥਾਂ ਅਤੇ ਉਸ ਦੇ ਪੱਕੇ ਇਰਾਦੇ ਨਾਲ ਹਕੂਮਤ ਦੀਆਂ ਨੀਂਹਾਂ ਪੱਕੀਆਂ ਹੁੰਦੀਆਂ ਹਨ। ਪਰ ਅਸਲ ਵਿੱਚ ਅਜਿਹਾ ਨਹੀਂ। ਹਕੂਮਤ ਦੀਆਂ ਨੀਂਹਾਂ ਪੱਕੀਆਂ ਕਰਨ ਲਈ ਲੋਕਾਂ ਦੇ ਦਿਲ ਜਿੱਤਣੇ ਪੈਂਦੇ ਹਨ।

ਪ੍ਰਸ਼ਨ 19. ਅਸ਼ੋਕ ਅਤੇ ਅਕਬਰ ਨੇ ਹਕੂਮਤ ਦੀਆਂ ਨੀਂਹਾਂ ਕਿਵੇਂ ਪੱਕੀਆਂ ਕੀਤੀਆਂ?

ਉੱਤਰ : ਆਪਣੀ ਹਕੂਮਤ ਦੀਆਂ ਨੀਂਹਾਂ ਪੱਕੀਆਂ ਕਰਨ ਲਈ ਅਸ਼ੋਕ ਅਤੇ ਅਕਬਰ ਨੇ ਔਰੰਗਜ਼ੇਬ ਤੋਂ ਵੱਖਰਾ ਢੰਗ ਅਪਣਾਇਆ। ਉਹਨਾਂ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਕੇ ਆਪਣੀ ਹਕੂਮਤ ਦੀਆਂ ਨੀਂਹਾਂ ਪੱਕੀਆਂ ਕੀਤੀਆਂ।

ਪ੍ਰਸ਼ਨ 20. ਔਰੰਗਜ਼ੇਬ ਆਪਣੇ ਡਰਾਉਣੇ ਸੁਫਨੇ ਬਾਰੇ ਜ਼ੀਨਤ ਨੂੰ ਕੀ ਦੱਸਦਾ ਹੈ?

ਉੱਤਰ : ਔਰੰਗਜ਼ੇਬ ਬੇਟੀ ਜ਼ੀਨਤ ਨੂੰ ਦੱਸਦਾ ਹੈ ਕਿ ਉਸ ਨੂੰ ਬਹੁਤ ਜ਼ਿਆਦਾ ਡਰਾਉਣਾ ਸੁਫਨਾ ਆਇਆ ਹੈ। ਇਹ ਬਹੁਤ ਡਰਾਉਣੀ ਰਾਤ ਸੀ। ਸਾਰੀ ਰਾਤ ਉਹ ਇੱਕ ਪਲ ਲਈ ਵੀ ਨਹੀਂ ਸੌਂ ਸਕਿਆ। ਉਹ ਖ਼ੁਦਾ ਨੂੰ ਰਹਿਮ/ਦਇਆ ਕਰਨ ਲਈ ਕਹਿੰਦਾ ਹੈ।

ਪ੍ਰਸ਼ਨ 21. ਸ਼ਾਹੀ ਹਕੀਮ ਅਤੇ ਅਸਦ ਖ਼ਾਨ ਦੇ ਆਉਣ ‘ਤੇ ਬੇਗਮ ਉਦੈਪੁਰੀ ਔਰੰਗਜ਼ੇਬ ਦੀ ਪਰੇਸ਼ਾਨੀ ਬਾਰੇ ਕੀ ਦੱਸਦੀ ਹੈ?

ਉੱਤਰ : ਬੇਗਮ ਉਦੈਪੁਰੀ ਦੱਸਦੀ ਹੈ ਕਿ ਬਾਦਸ਼ਾਹ ਅੱਜ ਬਹੁਤ ਜ਼ਿਆਦਾ ਪਰੇਸ਼ਾਨ ਹਨ। ਹਜੂਰ ਦੀ ਅਵਾਜ਼ ਸੁਣ ਕੇ ਉਸ ਨੇ ਬੇਟੀ ਜ਼ੀਨਤ ਨੂੰ ਜਗਾਇਆ। ਪਹਿਲਾਂ ਤਾਂ ਉਹ ਦੋਵੇਂ ਬਹੁਤ ਡਰੀਆਂ। ਅਖੀਰ ਮੁਸ਼ਕਲ ਨਾਲ ਬੇਟੀ ਜ਼ੀਨਤ ਨੂੰ ਕਮਰੇ ਅੰਦਰ ਜਾਣ ਲਈ ਮਜਬੂਰ ਕੀਤਾ।

ਪ੍ਰਸ਼ਨ 22. ਔਰੰਗਜ਼ੇਬ ਦੇ ਪੱਕੇ ਇਰਾਦੇ ਬਾਰੇ ਅਸਦ ਖ਼ਾਨ ਕੀ ਕਹਿੰਦਾ ਹੈ?

ਉੱਤਰ : ਅਸਦ ਖ਼ਾਨ ਕਹਿੰਦਾ ਹੈ ਕਿ ਬਾਦਸ਼ਾਹ ਬਹੁਤ ਜ਼ਿਆਦਾ ਪੱਕੇ ਇਰਾਦੇ ਦੇ ਮਾਲਕ ਹਨ। ਰੱਬ ਨੂੰ ਮੰਨਦੇ ਹੋਣ (ਖ਼ੁਦਾ- ਪ੍ਰਸਤ) ਕਾਰਨ ਉਹ ਮੁਸ਼ਕਲ ਤੋਂ ਮੁਸ਼ਕਲ ਸਮੇਂ ਵੀ ਅਡੋਲ ਰਹਿੰਦੇ ਹਨ।

ਪ੍ਰਸ਼ਨ 23. ਔਰੰਗਜ਼ੇਬ ਜ਼ੀਨਤ (ਜੋ ਆਪਣੇ ਪਿਤਾ ਲਈ ਲੋੜ ਤੋਂ ਵੱਧ ਫ਼ਿਕਰਮੰਦ ਰਹਿੰਦੀ ਹੈ) ਦੀ ਸਿਫ਼ਤ ਕਿਵੇਂ ਕਰਦਾ ਹੈ?

ਉੱਤਰ : ਔਰੰਗਜ਼ੇਬ ਕਹਿੰਦਾ ਹੈ ਕਿ ਉਸ ਦੀ ਬੇਟੀ ਜ਼ੀਨਤ ਨੂੰ ਉਸ ਦਾ ਲੋੜ ਤੋਂ ਵੱਧ ਫ਼ਿਕਰ ਰਹਿੰਦਾ ਹੈ। ਉਹ ਪਿਛਲੇ ਤੀਹ ਸਾਲਾਂ ਤੋਂ ਉਸ ਦੀ ਸੇਵਾ ਕਰ ਰਹੀ ਹੈ। ਔਰੰਗਜ਼ੇਬ ਕਹਿੰਦਾ ਹੈ ਕਿ ਪਰਮਾਤਮਾ ਹਰ ਵਿਅਕਤੀ ਨੂੰ ਅਜਿਹੀ ਚੰਗੀ ਕਿਸਮਤ ਵਾਲੀ ਬੇਟੀ ਦੇਵੇ।

ਪ੍ਰਸ਼ਨ 24. ਸ਼ਾਹੀ ਹਕੀਮ ਨੇ ਔਰੰਗਜ਼ੇਬ ਨੂੰ ਨੀਂਦ ਲਿਆਉਣ ਵਾਲੀ ਜਿਹੜੀ ਦਵਾਈ ਦਿੱਤੀ ਉਸ ਬਾਰੇ ਉਹ ਕੀ ਕਹਿੰਦਾ ਹੈ?

ਉੱਤਰ : ਸ਼ਾਹੀ ਹਕੀਮ ਕਹਿੰਦਾ ਹੈ ਕਿ ਇਹ ਦਵਾਈ ਬਾਦਸ਼ਾਹ ਦੀ ਦਿਮਾਗੀ ਪਰੇਸ਼ਾਨੀ ਨੂੰ ਦੂਰ ਕਰਨ ਲਈ ਬਹੁਤ ਲਾਭਦਾਇਕ ਰਹੇਗੀ। ਦਿਮਾਗੀ ਤਾਕਤ ਲਈ ਤਾਂ ਇਹ ਇੱਕ ਅਕਸੀਰ (ਜਿਸ ਦਵਾਈ ਦਾ ਅਸਰ ਵਿਅਰਥ ਨਾ ਜਾਵੇ) ਹੈ। ਹਜ਼ੂਰ ਦੇ ਦਿਮਾਗ਼ ਨੂੰ ਘੜੀ-ਪਲ ਵਿੱਚ ਹੀ ਅਰਾਮ ਮਹਿਸੂਸ ਹੋਣ ਲੱਗ ਪਏਗਾ।

ਪ੍ਰਸ਼ਨ 25. ਔਰੰਗਜ਼ੇਬ ‘ਜ਼ਫ਼ਰਨਾਮਾ’ ਨਾਂ ਦਾ ਖ਼ਤ ਮਿਲਨ ਬਾਰੇ ਅਸਦ ਖ਼ਾਨ ਨੂੰ ਕੀ ਜਾਣਕਾਰੀ ਦਿੰਦਾ ਹੈ?

ਉੱਤਰ : ਔਰੰਗਜ਼ੇਬ ਅਸਦ ਖ਼ਾਨ ਨੂੰ ਦੱਸਦਾ ਹੈ ਕਿ ਪੰਜਾਬ ਤੋਂ ਦਇਆ ਸਿੰਘ ਨਾਂ ਦਾ ਇੱਕ ਸਿੱਖ ਆਪਣੇ ਪੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਤ ਲੈ ਕੇ ਉਸ ਨੂੰ ਮਿਲਿਆ ਹੈ। ਉਸ ਨੇ ਇਹ ਖ਼ਤ ਆਪਣੇ ਹੱਥੀਂ ਉਸ ਨੂੰ ਦਿੱਤਾ ਹੈ।

ਪ੍ਰਸ਼ਨ 26. ‘ਜ਼ਫ਼ਰਨਾਮੇ’ ਤੋਂ ਹੋਈ ਪਰੇਸ਼ਾਨੀ ਬਾਰੇ ਔਰੰਗਜ਼ੇਬ ਅਸਦ ਖ਼ਾਨ ਨੂੰ ਕੀ ਦੱਸਦਾ ਹੈ?

ਉੱਤਰ : ਔਰੰਗਜ਼ੇਬ ਦੱਸਦਾ ਹੈ ਕਿ ਗੁਰੂ ਜੀ ਨੇ ਅਜਿਹੀ ਬੇਬਾਕੀ ਨਾਲ ਉਸ ਨੂੰ ਲਾਹਨਤਾਂ ਪਾਈਆਂ ਹਨ ਕਿ ਉਸ ਦੀ ਆਤਮਾ ਕੰਬ ਗਈ ਹੈ ਅਤੇ ਉਸ ਦਾ ਸਰੀਰ ਪਿੰਜਿਆ ਗਿਆ ਹੈ। ਸਾਰੀ ਰਾਤ ਉਸ ਨੂੰ ਇੱਕ ਪਲ ਵੀ ਨੀਂਦ ਨਹੀਂ ਆਈ। ਸਵੇਰ ਸਾਰ ਅਜਿਹਾ ਡਰਾਉਣਾ ਸੁਫਨਾ ਆਇਆ ਜੋ ਬਿਆਨੋਂ ਬਾਹਰ ਹੈ।

ਪ੍ਰਸ਼ਨ 27. ‘ਜ਼ਫ਼ਰਨਾਮੇ’ ਵਿੱਚ ਔਰੰਗਜ਼ੇਬ ਦੇ ਅਕੀਦੇ ਅਤੇ ਅਮਲਾਂ ਦੀ ਜੋ ਨਿਖੇਧੀ ਕੀਤੀ ਗਈ ਸੀ ਉਸ ਬਾਰੇ ਔਰੰਗਜ਼ੇਬ ਅਸਦ ਖ਼ਾਨ ਨੂੰ ਕੀ ਜਾਣਕਾਰੀ ਦਿੰਦਾ ਹੈ?

ਉੱਤਰ : ਔਰੰਗਜ਼ੇਬ ਅਸਦ ਖ਼ਾਨ ਨੂੰ ਦੱਸਦਾ ਹੈ ਕਿ ਉਹ ਇਹ ਸੱਚ ਜਾਣੇ ਕਿ ਅੱਜ ਤੱਕ ਕਿਸੇ ਨੇ ਉਸ ਦੇ ਧਾਰਮਿਕ ਵਿਸ਼ਵਾਸਾਂ (ਅਕੀਦੇ) ਅਤੇ ਅਮਲਾਂ (ਕਰਮਾਂ) ਦੀ ਅਜਿਹੀ ਨਿਖੇਧੀ ਨਹੀਂ ਕੀਤੀ। ‘ਜ਼ਫ਼ਰਨਾਮੇ’ ਨੇ ਉਸ ਦੇ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ ਹੈ।

ਪ੍ਰਸ਼ਨ 28. ਵਜ਼ੀਰ ਖ਼ਾਂ ਨੇ ਗੁਰੂ ਜੀ ਨਾਲ ਜੋ ਧੋਖਾ ਕੀਤਾ ਉਸ ਬਾਰੇ ਔਰੰਗਜ਼ੇਬ ਅਸਦ ਖ਼ਾਨ ਨੂੰ ਕੀ ਦੱਸਦਾ ਹੈ?

ਉੱਤਰ : ਔਰੰਗਜ਼ੇਬ ਦੱਸਦਾ ਹੈ ਕਿ ਵਜ਼ੀਰ ਖ਼ਾਂ ਨੇ ਉਸ ਦੇ ਨਾਂ ‘ਤੇ ਪਹਿਲਾਂ ਕੁਰਾਨ ਸ਼ਰੀਫ਼ ਦੀਆਂ ਕਸਮਾਂ ਖਾਧੀਆਂ ਅਤੇ ਫਿਰ ਉਸ ਪੀਰ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੂੰ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ। ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਗੁਰੂ ਜੀ ਦੇ ਦੋ ਵੱਡੇ ਬੇਟੇ ਸ਼ਹੀਦ ਹੋ ਗਏ।

ਪ੍ਰਸ਼ਨ 29. ਔਰੰਗਜ਼ੇਬ ਦੇ ਪੁੱਛਣ ‘ਤੇ ਅਸਦ ਖ਼ਾਨ ਵਜ਼ੀਰ ਖ਼ਾਂ ਨੂੰ ਸਜ਼ਾ ਦੇਣ ਬਾਰੇ ਕੀ ਕਹਿੰਦਾ ਹੈ?

ਉੱਤਰ : ਅਸਦ ਖ਼ਾਨ ਔਰੰਗਜ਼ੇਬ ਨੂੰ ਕਹਿੰਦਾ ਹੈ ਕਿ ਇਹ ਡੂੰਘੀ ਸੋਚ ਵਾਲ਼ੀ ਗੱਲ ਹੈ। ਗੋਲਕੁੰਡਾ ਤੇ ਬੀਜਾਪੁਰ ਫ਼ਤਿਹ ਕਰ ਕੇ ਉਹਨਾਂ ਮਰਾਠਿਆਂ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਇਸ ਸਮੇਂ ਦੇਸ ਦੀ ਹਾਲਤ ਬਹੁਤ ਨਾਜ਼ਕ ਹੈ। ਵਜ਼ੀਰ ਖ਼ਾ ਨੇ ਪੰਜਾਬ ਵਿੱਚ ਸਿੱਖਾਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਹੈ। ਇਸ ਤਰ੍ਹਾਂ ਅਸਦ ਖ਼ਾਨ ਵਜ਼ੀਰ ਖ਼ਾਂ ਨੂੰ ਸਜ਼ਾ ਦੇਣ ਦੇ ਹੱਕ ਵਿੱਚ ਨਹੀਂ।

ਪ੍ਰਸ਼ਨ 30. ਅਸਦ ਖ਼ਾਨ ਦੀ ਸਲਾਹ ‘ਤੇ ਔਰੰਗਜ਼ੇਬ ਦੇ ਗੁਰੂ ਜੀ ਨਾਲ ਸੁਲ੍ਹਾ ਸੰਬੰਧੀ ਕੀ ਵਿਚਾਰ ਹਨ?

ਉੱਤਰ : ਅਸਦ ਖ਼ਾਨ ਦੀ ਸਲਾਹ ‘ਤੇ ਔਰੰਗਜ਼ੇਬ ਕਹਿੰਦਾ ਹੈ ਕਿ ਉਹ ਖ਼ਾਸ ਕਾਸਦ ਨੂੰ ਭੇਜ ਕੇ ਗੁਰੂ ਜੀ ਨੂੰ ਸੁਲ੍ਹਾ-ਸਫ਼ਾਈ ਲਈ ਇੱਥੇ ਬੁਲਾਉਂਦਾ ਹੈ ਅਤੇ ਉਹਨਾਂ ਦੀ ਰੱਖਿਆ ਦਾ ਸੰਤੋਸ਼-ਜਨਕ ਪ੍ਰਬੰਧ ਕਰਦਾ ਹੈ। ਉਹ ਅਸਦ ਖ਼ਾਨ ਨੂੰ ਕਹਿੰਦਾ ਹੈ ਕਿ ਉਹ ਮੀਰ ਮੁਨਸ਼ੀ ਅਤੇ ਦਇਆ ਸਿੰਘ ਨੂੰ ਦਰਬਾਰੇ-ਖ਼ਾਸ ਵਿੱਚ ਹਾਜ਼ਰ ਕਰੇ।

ਪ੍ਰਸ਼ਨ 31. ਜਦ ਜ਼ੀਨਤ ਆਪਣੇ ਅੱਬਾ ਨੂੰ ਪੁੱਛਦੀ ਹੈ ਕਿ ਜ਼ਫ਼ਰਨਾਮਾ ਨਾਂ ਦੇ ਖ਼ਤ ਵਿੱਚ ਅਜਿਹੀ ਕਿਹੜੀ ਗੱਲ ਹੈ ਜਿਸ ਨੇ ਉਹਨਾਂ ਦੀ ਜ਼ਮੀਰ ਨੂੰ ਹਲੂਣ ਦਿੱਤਾ ਹੈ ਤਾਂ ਔਰੰਗਜ਼ੇਬ ਕੀ ਜਵਾਬ ਦਿੰਦਾ ਹੈ?

ਉੱਤਰ : ਔਰੰਗਜ਼ੇਬ ਆਪਣੀ ਬੇਟੀ ਜ਼ੀਨਤ ਨੂੰ ਦੱਸਦਾ ਹੈ ਕਿ ਉਸ ਦੇ ਹੱਥੋਂ ਉਸ ਪੀਰ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨਾਲ ਸਖ਼ਤ ਧੋਖਾ ਹੋਇਆ ਹੈ। ਉਹ ਆਖਦਾ ਹੈ ਕਿ ਬਾਬਰ ਨੇ ਬਾਬਾ ਨਾਨਕ ਅੱਗੇ ਸਿਰ ਝੁਕਾਇਆ ਸੀ ਪਰ ਉਸ ਨੇ ਉਸ ਗੁਰੂ-ਘਰ ਨਾਲ ਮੱਥਾ ਲਾਇਆ ਹੈ।

ਪ੍ਰਸ਼ਨ 32. ਜਦ ਔਰੰਗਜ਼ੇਬ ਬੇਟੀ ਜ਼ੀਨਤ ਨੂੰ ਦੱਸਦਾ ਹੈ ਕਿ ਵਜ਼ੀਰ ਖ਼ਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਬੇਟੇ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰਵਾ ਦਿੱਤੇ ਹਨ ਤਾਂ ਜ਼ੀਨਤ ਦਾ ਕੀ ਪ੍ਰਤਿਕਰਮ ਸੀ?

ਉੱਤਰ : ਜਦ ਜ਼ੀਨਤ ਨੂੰ ਗੁਰੂ ਜੀ ਦੇ ਛੋਟੇ ਬੇਟਿਆਂ ਨੂੰ ਵਜ਼ੀਰ ਖ਼ਾਂ ਵੱਲੋਂ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕੀਤੇ ਜਾਣ ਬਾਰੇ ਆਪਣੇ ਅੱਬਾ ਤੋਂ ਪਤਾ ਲੱਗਦਾ ਹੈ ਤਾਂ ਉਹ ਚੀਕ ਮਾਰ ਕੇ ਬੇਹੋਸ਼ੀ ਦੀ ਹਾਲਤ ਵਿੱਚ ਕਹਿੰਦੀ ਹੈ ਕਿ ਇਹ ਤਾਂ ਜ਼ੁਲਮ ਦੀ ਹੱਦ ਹੈ। ਇਸ ਲਈ ਰੱਬ ਉਹਨਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ।

ਪ੍ਰਸ਼ਨ 33. ਜ਼ੀਨਤ ਆਪਣੇ ਅੱਬਾ ਤੋਂ ਪੁੱਛਦੀ ਹੈ ਕਿ ਜਦ ਉਸ ਦੇ ਬੇਟੇ (ਅਕਬਰ) ਅਤੇ ਬੇਟੀ (ਜ਼ੇਬ-ਉਨ-ਨਿਸਾ) ਦਾ ਦਿਹਾਂਤ ਹੋਇਆ ਸੀ ਤਾਂ ਉਹ ਉਸ ਸਮੇਂ ਤਾਂ ਬਹੁਤ ਰੋਇਆ ਸੀ ਪਰ ਮਾਸੂਮ ਬੱਚਿਆਂ ਦੀ ਸ਼ਹੀਦੀ ‘ਤੇ ਚੁੱਪ ਕਿਉਂ ਹੈ? ਤਾਂ ਔਰੰਗਜ਼ੇਬ ਕੀ ਜਵਾਬ ਦਿੰਦਾ ਹੈ?

ਉੱਤਰ : ਔਰੰਗਜ਼ੇਬ ਬੇਟੀ ਜ਼ੀਨਤ ਨੂੰ ਦੱਸਦਾ ਹੈ ਕਿ ਅੱਜ ਉਸ ਦੀ ਰੂਹ ਰੋ ਰਹੀ ਹੈ। ਉਸ ਦਾ ਰੋਮ-ਰੋਮ ਕੰਬ ਰਿਹਾ ਹੈ। ਸਾਰੀ ਰਾਤ ਉਹ ਸੂਲੀ ‘ਤੇ ਟੰਗਿਆ ਰਿਹਾ ਹੈ। ਇਸਲਾਮ ਸੱਤ ਅਤੇ ਨੌਂ ਸਾਲਾਂ ਦੇ ਬੱਚਿਆਂ ’ਤੇ ਜ਼ੁਲਮ ਕਰਨ ਦੀ ਬਿਲਕੁਲ ਆਗਿਆ ਨਹੀਂ ਦਿੰਦਾ। ਪਰ ਉਹ ਮਜਬੂਰ ਹੈ।

ਪ੍ਰਸ਼ਨ 34. ਜਦ ਜ਼ੀਨਤ ਵਜ਼ੀਰ ਖ਼ਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇ ਕੇ ਸਿੱਖਾਂ ਦਾ ਦਿਲ ਠੰਢਾ ਕਰਨ ਲਈ ਕਹਿੰਦੀ ਹੈ ਤਾਂ ਔਰੰਗਜ਼ੇਬ ਕੀ ਜਵਾਬ ਦਿੰਦਾ ਹੈ?

ਉੱਤਰ : ਵਜ਼ੀਰ ਖ਼ਾਂ ਨੂੰ ਸਜ਼ਾ ਦੇਣ ਦੇ ਸੰਬੰਧ ਵਿੱਚ ਔਰੰਗਜ਼ੇਬ ਬੇਟੀ ਜ਼ੀਨਤ ਨੂੰ ਕਹਿੰਦਾ ਹੈ ਕਿ ਬੱਸ ਇਹੀ ਦੁੱਖ ਹੈ ਕਿ ਇਸ ਸਮੇਂ ਉਹ ਉਸ ਨੂੰ ਸਜ਼ਾ ਨਹੀਂ ਦੇ ਸਕਦਾ। ਰੱਬ ਹੀ ਉਸ ਨੂੰ ਸਜ਼ਾ ਦੇਵੇਗਾ।

ਪ੍ਰਸ਼ਨ 35. ਰੱਬ ਨੂੰ ਨਾ ਪਛਾਣਨ, ਉਸ ਨੂੰ ਪਿਆਰ ਨਾ ਕਰਨ ਅਤੇ ਉਸ ਦੀ ਖ਼ਲਕਤ (ਦੁਨੀਆ) ਨੂੰ ਦੁਖੀ ਕਰਨ ਸੰਬੰਧੀ ਜ਼ੀਨਤ ਔਰੰਗਜ਼ੇਬ ਨੂੰ ਕੀ ਕਹਿੰਦੀ ਹੈ?

ਉੱਤਰ : ਜ਼ੀਨਤ ਔਰੰਗਜ਼ੇਬ ਨੂੰ ਕਹਿੰਦੀ ਹੈ ਕਿ ਉਹ ਮੁਸਲਮਾਨ ਹੁੰਦੇ ਹੋਏ ਵੀ ਰੱਬ ਨੂੰ ਪਛਾਣ ਨਹੀਂ ਸਕੇ। ਉਹ ਰੱਬ ਤੋਂ ਡਰਦੇ ਜ਼ਰੂਰ ਹਨ ਪਰ ਉਸ ਨੂੰ ਪਿਆਰ ਨਹੀਂ ਕਰਦੇ। ਇਸ ਲਈ ਉਹਨਾਂ ਰੱਬ ਦੀ ਖ਼ਲਕਤ/ਦੁਨੀਆ ਨੂੰ ਸਾਰੀ ਉਮਰ ਦੁਖੀ ਕੀਤਾ ਹੈ। ਜ਼ੀਨਤ ਰੱਬ ਨੂੰ ਰਹਿਮ ਕਰਨ ਲਈ ਕਹਿੰਦੀ ਹੈ।

ਪ੍ਰਸ਼ਨ 36. ਔਰੰਗਜ਼ੇਬ ਕਿਹੜੀ ਬਾਜ਼ੀ ਹਾਰ ਕੇ ਜਾ ਰਿਹਾ ਹੈ ਅਤੇ ਕਿਸ ਭਾਰ ਨਾਲ ਲੱਦਿਆ ਜਾਵੇਗਾ?

ਉੱਤਰ : ਔਰੰਗਜ਼ੇਬ ਅਣਗਿਣਤ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜ਼ੀ/ਖੇਡ ਹਾਰ ਕੇ ਜਾ ਰਿਹਾ ਹੈ। ਉਹ ਖ਼ਾਲੀ ਹੱਥ ਇਸ ਦੁਨੀਆ ਵਿੱਚ ਆਇਆ ਸੀ ਪਰ ਗੁਨਾਹਾਂ ਦੇ ਭਾਰ ਨਾਲ ਲੱਦਿਆ ਜਾਏਗਾ।