ਜਮਰੌਦ ਦੀ ਲੜਾਈ
ਪ੍ਰਸ਼ਨ. ਜਮਰੌਦ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ : ਕਾਬਲ ਪਹੁੰਚ ਕੇ ਦੋਸਤ ਮੁਹੰਮਦ ਖ਼ਾਂ ਚੁੱਪ ਨਾ ਬੈਠਿਆ। ਉਹ ਸਿੱਖਾਂ ਦੇ ਹੱਥੋਂ ਹੋਏ ਆਪਣੇ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ। ਦੂਜੇ ਪਾਸੇ ਸਿੱਖ ਵੀ ਪਿਸ਼ਾਵਰ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਵਿੱਚ ਰੁੱਝੇ ਹੋਏ ਸਨ। ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ਦੇ ਹਮਲਿਆਂ ਨੂੰ ਰੋਕਣ ਲਈ ਜਮਰੌਦ ਵਿਖੇ ਇੱਕ ਮਜ਼ਬੂਤ ਕਿਲ੍ਹੇ ਦਾ ਨਿਰਮਾਣ ਕਰਵਾਇਆ। ਦੋਸਤ ਮੁਹੰਮਦ ਖ਼ਾਂ ਸਿੱਖਾਂ ਦੀ ਪਿਸ਼ਾਵਰ ਵਿੱਚ ਵਧਦੀ ਹੋਈ ਸ਼ਕਤੀ ਨੂੰ ਸਹਿਣ ਨਹੀਂ ਕਰ ਸਕਦਾ ਸੀ। ਇਸ ਲਈ ਉਸ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਅਤੇ ਸ਼ਮਸ-ਉਦ-ਦੀਨ ਦੇ ਅਧੀਨ 20,000 ਸੈਨਿਕਾਂ ਨੂੰ ਜਮਰੌਦ ਉੱਤੇ ਹਮਲਾ ਕਰਨ ਲਈ ਭੇਜਿਆ। ਇਸ ਫ਼ੌਜ ਨੇ 28 ਅਪਰੈਲ, 1837 ਈ. ਨੂੰ ਜਮਰੌਦ ਉੱਤੇ ਹਮਲਾ ਕਰ ਦਿੱਤਾ।
ਸਰਦਾਰ ਮਹਾਂ ਸਿੰਘ ਨੇ ਦੋ ਦਿਨਾਂ ਤਕ ਆਪਣੇ ਕੇਵਲ 600 ਸੈਨਿਕਾਂ ਨਾਲ ਅਫ਼ਗਾਨ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ। ਉਸ ਸਮੇਂ ਹਰੀ ਸਿੰਘ ਨਲਵਾ ਪਿਸ਼ਾਵਰ ਵਿਖੇ ਸਖ਼ਤ ਬੀਮਾਰ ਪਿਆ ਸੀ। ਜਦੋਂ ਉਸ ਨੂੰ ਅਫ਼ਗਾਨਾਂ ਦੇ ਹਮਲੇ ਬਾਰੇ ਖ਼ਬਰ ਮਿਲੀ ਤਾਂ ਉਹ ਸ਼ੇਰ ਵਾਂਗ ਗਰਜਦਾ ਆਪਣੇ 10,000 ਸੈਨਿਕਾਂ ਨੂੰ ਨਾਲ ਲੈ ਕੇ ਜਮਰੌਦ ਪਹੁੰਚ ਗਿਆ। ਉਸ ਨੇ ਅਫ਼ਗਾਨ ਫ਼ੌਜਾਂ ਦੇ ਛੱਕੇ ਛੁਡਵਾ ਦਿੱਤੇ। ਅਚਾਨਕ ਦੋ ਗੋਲੇ ਲੱਗ ਜਾਣ ਕਾਰਨ 30 ਅਪਰੈਲ, 1837 ਈ. ਨੂੰ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ। ਇਸ ਸ਼ਹੀਦੀ ਦਾ ਬਦਲਾ ਲੈਣ ਲਈ ਸਿੱਖ ਫ਼ੌਜਾਂ ਨੇ ਅਫ਼ਗਾਨ ਫ਼ੌਜਾਂ ‘ਤੇ ਇੰਨਾ ਜ਼ੋਰਦਾਰ ਹਮਲਾ ਕੀਤਾ ਕਿ ਉਹ ਗਿੱਦੜਾਂ ਵਾਂਗ ਕਾਬਲ ਵਾਪਸ ਦੌੜ ਗਏ। ਇਸ ਤਰ੍ਹਾਂ ਸਿੱਖ ਜਮਰੌਦ ਦੀ ਇਸ ਨਿਰਣਾਇਕ ਲੜਾਈ ਵਿੱਚ ਜੇਤੂ ਰਹੇ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਮਹਾਨ ਜਰਨੈਲ ਹਰੀ ਸਿੰਘ ਨਲਵਾ ਦੀ ਮੌਤ ਬਾਰੇ ਪਤਾ ਚਲਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਕਈ ਦਿਨਾਂ ਤਕ ਹੰਝੂ ਵਹਿੰਦੇ ਰਹੇ। ਜਮਰੌਦ ਦੀ ਲੜਾਈ ਤੋਂ ਬਾਅਦ ਦੋਸਤ ਮੁਹੰਮਦ ਨੇ ਕਦੇ ਵੀ ਪਿਸ਼ਾਵਰ ‘ਤੇ ਦੁਬਾਰਾ ਹਮਲਾ ਕਰਨ ਦਾ ਯਤਨ ਨਾ ਕੀਤਾ। ਉਸ ਨੂੰ ਵਿਸ਼ਵਾਸ ਹੋ ਗਿਆ ਕਿ ਸਿੱਖਾਂ ਤੋਂ ਪਿਸ਼ਾਵਰ ਲੈਣਾ ਅਸੰਭਵ ਹੈ।