ਛੋਟੇ ਉੱਤਰਾਂ ਵਾਲੇ ਪ੍ਰਸ਼ਨ – ਦੂਜਾ ਵਿਆਹ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਦਸਵੀਂ)
ਦੂਜਾ ਵਿਆਹ (ਇਕਾਂਗੀ) – ਸੰਤ ਸਿੰਘ ਸੇਖੋਂ
ਪ੍ਰਸ਼ਨ 1 . ਕੀ ‘ਦੂਜਾ ਵਿਆਹ’ ਇਕਾਂਗੀ ਦੇ ਇਸ ਸਿਰਲੇਖ ਨੂੰ ਢੁਕਵਾਂ ਤੇ ਸਫ਼ਲ ਕਿਹਾ ਜਾ ਸਕਦਾ ਹੈ ?
ਉੱਤਰ – ‘ਦੂਜਾ ਵਿਆਹ’ ਇਕਾਂਗੀ ਵਿੱਚ ਦੂਜੇ ਵਿਆਹ ਦੀ ਸਮੱਸਿਆ ਨੂੰ ਵੀ ਪ੍ਰਗਟਾਇਆ ਗਿਆ ਹੈ। ਸਾਰੇ ਇਕਾਂਗੀ ਵਿੱਚ ਵਾਰ – ਵਾਰ ਦੂਜੇ ਵਿਆਹ ਦਾ ਜ਼ਿਕਰ ਹੁੰਦਾ ਹੈ।
ਮਨਜੀਤ ਨੂੰ ਦੂਜੇ ਵਿਆਹ ਦਾ ਡਰ ਦਿੱਤਾ ਜਾਂਦਾ ਹੈ। ਸੁਖਦੇਵ ਮਜ਼ਾਕ ਵਿੱਚ ਦੂਜੇ ਵਿਆਹ ਦੀਆਂ ਗੱਲਾਂ ਕਰਦਾ ਹੈ। ਸੁਖਦੇਵ ਦਾ ਬਾਪੂ ਵੀ ਸੁਖਦੇਵ ਦੀ ਮਾਂ ਨੂੰ ਦੂਜੇ ਵਿਆਹ ਦੀਆਂ ਧਮਕੀਆਂ ਦਿੰਦਾ ਰਿਹਾ ਹੈ। ਉਹ ਤਾਂ ਦੂਜਾ ਵਿਆਹ ਕਰਵਾ ਵੀ ਲੈਂਦਾ ਹੈ।
ਸੁਖਦੇਵ ਦੀ ਭੈਣ ਦੀ ਚਿੱਠੀ ਵਿੱਚ ਵੀ ਬਲਵੰਤ ਸਿੰਘ ਦੇ ਦੂਜੇ ਵਿਆਹ ਦੀ ਗੱਲ ਹੈ। ਇਸ ਤਰ੍ਹਾਂ ਇਸ ਇਕਾਂਗੀ ਦਾ ਸਿਰਲੇਖ ਢੁਕਵਾਂ ਤੇ ਸਫ਼ਲ ਕਿਹਾ ਜਾ ਸਕਦਾ ਹੈ।
ਪ੍ਰਸ਼ਨ 2 . ਮਨਜੀਤ ਨੇ ਕਦੋਂ ਤੋਂ ਆਪਣੇ ਪਤੀ ਦਾ ਨਾਂ ਲੈਣਾ ਸ਼ੁਰੂ ਕੀਤਾ ਸੀ ?
ਉੱਤਰ – ਜਦ ਮਨਜੀਤ ਨਿਹਾਲ ਕੌਰ ਦੇ ਸਾਹਮਣੇ ਆਪਣੇ ਪਤੀ ਸੁਖਦੇਵ ਦਾ ਨਾਂ ਲੈਂਦੀ ਹੈ ਤਾਂ ਨਿਹਾਲ ਕੌਰ ਉਸ ਨੂੰ ਪੁੱਛਦੀ ਹੈ ਕਿ ਉਸ ਨੇ ਉਸ ਦੇ ਮੁੰਡੇ ਦਾ ਨਾਂ ਲੈਣਾ ਕਦੋਂ ਤੋਂ ਸ਼ੁਰੂ ਕੀਤਾ ਹੈ।
ਮਨਜੀਤ ਦੱਸਦੀ ਹੈ ਕਿ ਪਿਛਲੀ ਵਾਰ ਜਦ ਉਹ ਛਾਉਣੀ ਰਹੇ ਤਾਂ ਸੁਖਦੇਵ ਨੇ ਆਪ ਹੀ ਨਾਂ ਲੈਣ ਲਾ ਲਿਆ। ਮਨਜੀਤ ਨਿਹਾਲ ਕੌਰ ਨੂੰ ਕਹਿੰਦੀ ਹੈ ਕਿ ਉਸਨੇ ਉਹਨਾਂ ਸਾਹਮਣੇ ਆਪਣੇ ਪਤੀ ਦਾ ਨਾਂ ਨਹੀਂ ਸੀ ਲੈਣਾ ਪਰ ਇਹ ਮੂੰਹ ‘ਤੇ ਚੜ੍ਹਿਆ ਹੋਣ ਕਾਰਨ ਲਿਆ ਗਿਆ ਹੈ।
ਪ੍ਰਸ਼ਨ 3 . ਸੁਖਦੇਵ ਦਾ ਬਾਪੂ ਦੂਜਾ ਵਿਆਹ ਕਿਉਂ ਕਰਵਾਉਂਦਾ ਹੈ ?
ਉੱਤਰ – ਜਦ ਸੁਖਦੇਵ ਦਾ ਬਾਪੂ ਫੌਜ ਵਿੱਚ ਸਿਪਾਹੀ ਭਰਤੀ ਹੋਇਆ ਸੀ ਤਾਂ ਉਸ ਦਾ ਵਿਆਹ ਹੋਇਆ ਸੀ। ਸੂਬੇਦਾਰ ਬਣਨ ਤੱਕ ਉਸ ਦੇ ਘਰ ਇੱਕ ਕੁੜੀ ਤੇ ਇੱਕ ਮੁੰਡਾ (ਸੁਖਦੇਵ ਤੇ ਉਸ ਦੀ ਭੈਣ ) ਹੀ ਪੈਦਾ ਹੋਏ ਸਨ। ਫ਼ੌਜੀ ਨੁਕਤੇ ਤੋਂ ਗੁਰਦਿੱਤ ਸਿੰਘ ਨੇ ਏਨੀ ਸੰਤਾਨ ਸ਼ਾਇਦ ਕਾਫ਼ੀ ਨਾ ਸਮਝੀ ਅਤੇ ਦੂਜਾ ਵਿਆਹ ਕਰਵਾ ਲਿਆ।
ਪ੍ਰਸ਼ਨ 4 . ਮਨਜੀਤ ਸੁਖਦੇਵ ਨੂੰ ਇਸਤਰੀ ਸਭਾ ਬਾਰੇ ਕੀ ਜਾਣਕਾਰੀ ਦਿੰਦੀ ਹੈ ?
ਉੱਤਰ – ਮਨਜੀਤ ਸੁਖਦੇਵ ਨੂੰ ਦੱਸਦੀ ਹੈ ਕਿ ਉਹਨਾਂ ਨੇ ਲੋਕ ਇਸਤਰੀ ਸਭਾ ਬਣਾਈ ਹੈ ਜਿਸ ਦੀਆਂ ਜ਼ਿਲ੍ਹੇ – ਜ਼ਿਲ੍ਹੇ ਅਤੇ ਪਿੰਡ – ਪਿੰਡ ਵਿੱਚ ਸ਼ਾਖਾਵਾਂ ਬਣ ਰਹੀਆਂ ਹਨ।
ਉਹ ਦੱਸਦੀ ਹੈ ਕਿ ਪੰਜਾਬ ਦੀ ਇਸਤਰੀ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਜਥੇਬੰਦ ਹੋ ਰਹੀ ਹੈ।
ਉਹ ਜਾਣਦੀ ਹੈ ਕਿ ਭੈਣ ਜੀ ਦੇ ਪਿੰਡ ਕੋਲ ਵੀ ਇਸਤਰੀ ਸਭਾ ਦੀ ਸ਼ਾਖਾ ਹੈ। ਉਹ ਕਹਿੰਦੀ ਹੈ ਕਿ ਸਭਾ ਬਲਵੰਤ ਸਿੰਘ ਨੂੰ ਸਿੱਧੇ ਰਾਹ ‘ਤੇ ਲੈ ਆਵੇਗੀ।
ਪ੍ਰਸ਼ਨ 5 . ਜਦ ਨਿਹਾਲ ਕੌਰ ਨੂੰ ਬਲਵੰਤ ਸਿੰਘ ਦੇ ਦੂਜੇ ਵਿਆਹ ਕਰਵਾ ਲੈਣ ਬਾਰੇ ਦੱਸਿਆ ਜਾਂਦਾ ਹੈ ਤਾਂ ਮਨਜੀਤ ਉਸ ਨੂੰ (ਨਿਹਾਲ ਕੌਰ ਨੂੰ) ਕਿਵੇਂ ਹੌਂਸਲਾ ਦਿੰਦੀ ਹੈ ?
ਉੱਤਰ – ਮਨਜੀਤ ਨਿਹਾਲ ਕੌਰ ਨੂੰ ਕਹਿੰਦੀ ਹੈ ਕਿ ਉਹ ਰੋਵੇ ਨਾ। ਹੁਣ ਜ਼ਮਾਨਾ ਬਦਲ ਗਿਆ ਹੈ ਤੇ ਇਸਤਰੀ ਹੁਣ ਏਨੀ ਬੇਵੱਸ ਨਹੀਂ।
ਉਹ ਕਹਿੰਦੀ ਹੈ ਕਿ ਬੀਬੀ ( ਸੁਖਦੇਵ ਕੌਰ ) ਦੇ ਦੁੱਖ ਦਾ ਇਲਾਜ ਉਹਨਾਂ ਦੀ ਇਸਤਰੀ ਸਭਾ ਕਰ ਲਵੇਗੀ। ਸਭਾ ਬਲਵੰਤ ਸਿੰਘ ਨੂੰ ਸਿੱਧੇ ਰਾਹ ‘ਤੇ ਲੈ ਆਵੇਗੀ।