EducationKidsNCERT class 10thPunjab School Education Board(PSEB)

ਛੋਟੇ ਉੱਤਰਾਂ ਵਾਲੇ ਪ੍ਰਸ਼ਨ – ਜ਼ਫ਼ਰਨਾਮਾ

ਇਕਾਂਗੀ – ਜ਼ਫ਼ਰਨਾਮਾ

ਲੇਖਕ – ਡਾ. ਹਰਚਰਨ ਸਿੰਘ

ਜਮਾਤ – ਦਸਵੀਂ

ਪ੍ਰਸ਼ਨ 1 . ‘ਜ਼ਫ਼ਰਨਾਮਾ’ ਕੀ ਸੀ ? ਇਸ ਬਾਰੇ ਜਾਣਕਾਰੀ ਦਿਓ।

ਉੱਤਰ – 1705 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿੰਡ ਦੀਨਾ ਕਾਂਗੜ (ਮਾਲਵਾ) ਤੋਂ ਫ਼ਾਰਸੀ ਕਵਿਤਾ ਵਿੱਚ ਔਰੰਗਜ਼ੇਬ ਨੂੰ ਇੱਕ ਖ਼ਤ ਲਿਖਿਆ ਸੀ। ਗੁਰੂ ਜੀ ਨੇ ਇਹ ਖ਼ਤ ਭਾਈ ਦਯਾ ਸਿੰਘ ਦੇ ਹੱਥ ਔਰੰਗਜ਼ੇਬ ਨੂੰ ਭੇਜਿਆ ਸੀ। ਇਸ ਖ਼ਤ ਨੂੰ ਹੀ ਜ਼ਫ਼ਰਨਾਮਾ ਆਖਿਆ ਜਾਂਦਾ ਹੈ।

ਇਸ ਖ਼ਤ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਉਸ ਦੇ ਕਾਰਨਾਮਿਆਂ ‘ਤੇ ਲਾਹਨਤਾਂ ਪਈਆਂ ਹਨ।

ਪ੍ਰਸ਼ਨ 2 ‘ਜ਼ਫ਼ਰਨਾਮਾ’ ਇਕਾਂਗੀ ਦੇ ਇਸ ਸਿਰਲੇਖ ਦੀ ਸਫਲਤਾ ਬਾਰੇ ਜਾਣਕਾਰੀ ਦਿਓ।

ਜਾਂ

ਕੀ ‘ਜ਼ਫ਼ਰਨਾਮਾ’ ਇਕਾਂਗੀ ਦਾ ਇਹ ਸਿਰਲੇਖ ਢੁਕਵਾਂ ਹੈ ?

ਉੱਤਰ – ‘ਜ਼ਫ਼ਰਨਾਮਾ’ ਇੱਕ ਖ਼ਤ ਸੀ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ। ਇਸ ਖ਼ਤ ਰਾਹੀਂ ਗੁਰੂ ਜੀ ਨੇ ਔਰੰਗਜ਼ੇਬ ਦੇ ਅਮਲਾਂ ‘ਤੇ ਉਸ ਨੂੰ ਲਾਹਨਤਾਂ ਪਈਆਂ ਹਨ। ਇਸ ਖ਼ਤ ਨੇ ਔਰੰਗਜ਼ੇਬ ਦੇ ਜ਼ਮੀਰ ਨੂੰ ਹਲੂਣ ਦਿੱਤਾ ਸੀ।

ਸਾਰੇ ਇਕਾਂਗੀ ਵਿੱਚ ‘ਜ਼ਫ਼ਰਨਾਮਾ’ ਨਾਂ ਦੇ ਇਸ ਖ਼ਤ ਦੇ ਔਰੰਗਜ਼ੇਬ ‘ਤੇ ਹੋਏ ਅਸਰ ਨੂੰ ਬਿਆਨਿਆ ਗਿਆ ਹੈ। ਇਸ ਤਰ੍ਹਾਂ ਇਸ ਇਕਾਂਗੀ ਦਾ ਇਹ ਸਿਰਲੇਖ ਪੂਰੀ ਤਰ੍ਹਾਂ ਢੁਕਵਾਂ ਅਤੇ ਸਫਲ ਹੈ।

ਪ੍ਰਸ਼ਨ 3 . ਨੱਚਣ ਦੀ ਅਵਾਜ਼ ਸੁਣ ਕੇ ਔਰੰਗਜ਼ੇਬ ਦਾ ਕੀ ਪ੍ਰਤਿਕਰਮ ਹੁੰਦਾ ਹੈ ?

ਉੱਤਰ – ਪਰੇਸ਼ਾਨੀ ਦੀ ਹਾਲਤ ਵਿੱਚ ਜਦ ਔਰੰਗਜ਼ੇਬ ਨੱਚਣ ਦੀਆਂ ਅਵਾਜ਼ਾਂ ਸੁਣਦਾ ਹੈ ਤਾਂ ਉਹ ਹੈਰਾਨ ਹੁੰਦਾ ਹੈ ਅਤੇ ਗੁੱਸੇ ਵਿੱਚ ਆ ਕੇ ਕਹਿੰਦਾ ਹੈ ਕਿ ਸ਼ਾਹੀ ਮਹੱਲ ਵਿੱਚ ਇਹ ਨਾਚ ਕਿਵੇਂ ਹੋ ਸਕਦਾ ਹੈ।

ਇਸ ਦੀ ਤਾਂ ਇੱਥੇ ਸਖ਼ਤ ਮਨਾਹੀ ਹੈ। ਉਹ ਸੋਚਦਾ ਹੈ ਕਿ ਸ਼ਾਇਦ ਉਸ ਨੂੰ ਮੋਇਆ ਹੋਇਆ ਖ਼ਿਆਲ ਕਰ ਲਿਆ ਗਿਆ ਹੈ। ਪਰ ਉਹ ਤਾਂ ਅਜੇ ਜਿਊਂਦਾ ਹੈ। ਉਹ ਇਸ ਨਾਚ ਅਤੇ ਸਾਜ਼ਾਂ ਨੂੰ ਬੰਦ ਕਰਨ ਦਾ ਹੁਕਮ ਦਿੰਦਾ ਹੈ।

ਪ੍ਰਸ਼ਨ 4 . ਔਰੰਗਜ਼ੇਬ ਨੂੰ ਮੁਗ਼ਲ ਤਖਤੋ-ਤਾਜ ਲਈ ਉਸ ਦੇ ਬੰਦਿਆਂ ਵਿੱਚ ਸ਼ੁਰੂ ਹੋਈ ਖ਼ਾਨਾਜੰਗੀ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ ਆਪਣੇ ਬੰਦਿਆਂ ਨੂੰ ਕੀ ਕਹਿੰਦਾ ਹੈ ?

ਉੱਤਰ – ਔਰੰਗਜ਼ੇਬ ਨੂੰ ਜਦ ਮੁਗ਼ਲ ਤਖਤੋ – ਤਾਜ ਲਈ ਆਪਣੇ ਬੰਦਿਆਂ ਵਿੱਚ ਸ਼ੁਰੂ ਹੋਈ ਖ਼ਾਨਾਜੰਗੀ ਬਾਰੇ ਪਤਾ ਲਗਦਾ ਹੈ ਤਾਂ ਉਹ ਇਸੇ ਗੱਲ ਤੋਂ ਹੀ ਡਰਦਾ ਸੀ। ਪਰ ਉਹ ਖ਼ੂਨ – ਖਰਾਬਾ ਨਹੀਂ ਹੋਣ ਦੇਵੇਗਾ।

ਅਵਾਜ਼ ਔਰੰਗਜ਼ੇਬ ਨੂੰ ਕਹਿੰਦੀ ਹੈ ਕਿ ਉਸ ਨੇ ਵੀ ਆਪਣੇ ਬਾਪ ਸ਼ਾਹ ਜਹਾਨ ਦੀ ਮੌਤ ਦੀ ਉਡੀਕ ਨਹੀਂ ਸੀ ਕੀਤੀ।

ਔਰੰਗਜ਼ੇਬ ਮੰਨਦਾ ਹੈ ਕਿ ਹਕੂਮਤ ਦੀ ਹਵਸ ਨੇ ਉਸ ਨੂੰ ਅੰਨ੍ਹਾ ਕਰ ਦਿੱਤਾ ਸੀ। ਉਹ ਆਪਣੇ ਗੁਮਰਾਹ ਹੋਏ ਪੁੱਤਰਾਂ ਨੂੰ ਕਹਿੰਦਾ ਹੈ ਕਿ ਉਹ ਉਸ ਦੀ ਗ਼ਲਤੀ ਨੂੰ ਨਾ ਦੁਹਰਾਉਣ।

ਪ੍ਰਸ਼ਨ 5 . ਜਦ ਔਰੰਗਜ਼ੇਬ ਨੂੰ ਕਿਹਾ ਜਾਂਦਾ ਹੈ ਕਿ ਉਸਨੇ ਹੀ ਮੁਗ਼ਲ ਸਲਤਨਤ ਦੀਆਂ ਜੜ੍ਹਾਂ ਖੋਖਲੀਆਂ ਕੀਤੀਆਂ ਹਨ ਤਾਂ ਇਹ ਕੀ ਜਵਾਬ ਦਿੰਦਾ ਹੈ ?

ਉੱਤਰ – ਔਰੰਗਜ਼ੇਬ ਇਹ ਮੰਨਣ ਲਈ ਤਿਆਰ ਨਹੀਂ ਕਿ ਮੁਗ਼ਲ ਹਕੂਮਤ ਕਮਜ਼ੋਰ ਹੋ ਚੁੱਕੀ ਹੈ। ਉਹ ਕਹਿੰਦਾ ਹੈ ਕਿ ਇਸ ਦੀ ਨੀਂਹ ਨੂੰ ਪੱਕਾ ਕਰਨ ਲਈ ਉਸ ਨੇ ਅਠਤਾਲੀ ਸਾਲ ਲਾਏ ਹਨ।

ਉਸ ਨੇ ਆਪਣੇ ਫਰਜ਼ ਤੋਂ ਕਦੇ ਵੀ ਅਣਗਹਿਲੀ ਨਹੀਂ ਕੀਤੀ। ਉਹ ਕਹਿੰਦਾ ਹੈ ਕਿ ਰੱਬ ਵੀ ਇਸ ਗੱਲ ਦਾ ਗਵਾਹ ਹੈ ਕਿ ਉਸ ਨੇ ਮਿਹਨਤ, ਇਮਾਨਦਾਰੀ ਅਤੇ ਸਚਾਈ ਨਾਲ ਰਾਜ ਕੀਤਾ ਹੈ।

ਪ੍ਰਸ਼ਨ 6 . ਹਕੂਮਤ ਦੀਆਂ ਨੀਹਾਂ ਪੱਕੀਆਂ ਕਰਨ ਬਾਰੇ ਔਰੰਗਜ਼ੇਬ ਦੇ ਕੀ ਵਿਚਾਰ ਹਨ ?

ਉੱਤਰ – ਔਰੰਗਜ਼ੇਬ ਦਾ ਵਿਚਾਰ ਹੈ ਕਿ ਹੁਕਮਰਾਨ ਦੇ ਮਜ਼ਬੂਤ ਹੱਥ ਅਤੇ ਉਸ ਦਾ ਪੱਕਾ ਇਰਾਦਾ ਹਕੂਮਤ ਦੀਆਂ ਨੀਹਾਂ ਪੱਕੀਆਂ ਕਰਦਾ ਹੈ। ਪਰ ਇਹ ਉਸਦਾ ਭੁਲੇਖਾ ਹੈ।

ਅਸਲੀਅਤ ਇਹ ਹੈ ਕਿ ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲ ਜਿੱਤਣ ਨਾਲ ਹੀ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ।