Akhaan / Idioms (ਅਖਾਣ)CBSENCERT class 10thPunjab School Education Board(PSEB)Punjabi Viakaran/ Punjabi Grammarਮੁਹਾਵਰੇ (Idioms)

ਚ ਤੇ ਛ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


ਚੱਪਣੀ ਵਿੱਚ ਨੱਕ ਡੋਬ ਕੇ ਮਰਨਾ (ਸ਼ਰਮ ਨਾਲ ਮਰਨਾ) – ਜਦੋਂ ਵੀਰ ਸਿੰਘ ਦੀ ਕੁੜੀ ਪਿੰਡ ਦੇ ਜੱਟਾਂ ਦੇ ਮੁੰਡੇ ਨਾਲ ਨਿਕਲ ਗਈ, ਤਾਂ ਸ਼ਰੀਕਾਂ ਨੇ ਉਸ ਨੂੰ ਕਿਹਾ, ”ਤੂੰ ਹੁਣ ਚੱਪਣੀ ਵਿੱਚ ਨੱਕ ਡੋਬ ਕੇ ਮਰ। ਅਸੀਂ ਤੈਨੂੰ ਪਹਿਲਾਂ ਬਥੇਰਾ ਕਿਹਾ ਸੀ ਕਿ ਕੁੜੀ ਨੂੰ ਇੰਨੀ ਖੁੱਲ੍ਹ ਨਾ ਦੇਹ।”

ਚੜ੍ਹ ਮਚਣੀ (ਹਰ ਜਾਇਜ਼-ਨਜਾਇਜ਼ ਪੁੱਗੀ ਜਾਣੀ) – ਪਿਛਲੀ ਸਦੀ ਵਿੱਚ ਅੰਗਰੇਜ਼ੀ ਸਾਮਰਾਜ ਦੀ ਹਰ ਪਾਸੇ ਚੜ੍ਹ ਮਚੀ ਹੋਈ ਸੀ।

ਚੜ੍ਹਦੀ ਕਲਾ ਵਿੱਚ ਹੋਣਾ (ਉਤਸ਼ਾਹ ਵਿੱਚ ਰਹਿਣਾ) – ਪੰਜਾਬੀ ਸੂਰਬੀਰ ਹਰ ਵੇਲੇ ਚੜ੍ਹਦੀ ਕਲਾ ਵਿੱਚ ਹੁੰਦੇ ਹਨ।

ਚੜ੍ਹੀ ਲੱਥੀ ਦੀ ਨਾ ਹੋਣਾ (ਬੇਪਰਵਾਹ ਹੋਣਾ) – ਘਰ ਵਿੱਚ ਭਾਵੇਂ ਕੁੱਝ ਹੁੰਦਾ ਰਹੇ, ਪਰ ਬਲਜੀਤ ਨੂੰ ਚੜ੍ਹੀ ਲੱਥੀ ਦੀ ਕੋਈ ਪਰਵਾਹ ਨਹੀਂ ਹੁੰਦੀ।

ਚਾਰ ਚੰਨ ਲੱਗ ਜਾਣਾ (ਸ਼ੋਭਾ ਵਧਣੀ) – ਬਲਵੀਰ ਦੇ ਉੱਚੇ ਅਹੁਦੇ ਉੱਤੇ ਪਹੁੰਚਣ ਨਾਲ ਸਾਰੇ ਖ਼ਾਨਦਾਨ ਦੇ ਨਾਂ ਨੂੰ ਚਾਰ ਚੰਨ ਲੱਗ ਗਏ।

ਚਾਰੇ ਕੰਨੀਆਂ ਚੂਪਣਾ (ਖ਼ਾਲੀ ਹੋਣਾ) – ਜਦੋਂ ਲਹਿਣੇਦਾਰਾਂ ਨੇ ਕਿਸਾਨ ਦੀ ਸਾਰੀ ਫ਼ਸਲ ਖੇਤ ਵਿੱਚ ਹੀ ਕਾਬੂ ਕਰ ਲਈ, ਤਾਂ ਉਹ ਚਾਰੇ ਕੰਨੀਆਂ ਚੂਪਦਾ ਘਰ ਮੁੜ ਆਇਆ।

ਚਿੱਕੜ ਸੁੱਟਣਾ (ਦੋਸ਼ ਲਾਉਣਾ) — ਤੁਹਾਨੂੰ ਦੂਜਿਆਂ ਉੱਤੇ ਚਿੱਕੜ ਸੁੱਟਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ।

ਚਿਹਰਾ ਉੱਤਰਿਆ ਹੋਣਾ (ਉਦਾਸ ਹੋਣਾ) – ਮੈਂ ਅਮਰ ਨੂੰ ਪੁੱਛਿਆ, ‘ਅੱਜ ਤੇਰਾ ਚਿਹਰਾ ਕਿਉਂ ਉੱਤਰਿਆ ਹੋਇਆ
ਹੈ?’

ਚਿਹਰੇ ਉੱਤੇ ਹਵਾਈਆਂ ਉੱਡਣਾ (ਘਬਰਾਉਣਾ) — ਜਦ ਮੈਂ ਹਰਜੀਤ ਨੂੰ ਕਲਾਸ ਵਿੱਚ ਚੋਰੀ ਕਰਦਿਆਂ ਰੰਗੇ ਹੱਥੀਂ ਫੜ ਲਿਆ, ਤਾਂ ਉਸ ਦੇ ਚਿਹਰੇ ਉੱਤੇ ਹਵਾਈਆਂ ਉੱਡਣ ਲੱਗੀਆਂ।

ਚੰਦ ਚਾੜ੍ਹਨਾ (ਕੰਮ ਵਿਗਾੜ ਦੇਣਾ) – ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਕੀ ਚੰਦ ਚਾੜ੍ਹਨਾ ਹੈ।

ਚਾਂਦੀ ਦੀ ਜੁੱਤੀ ਮਾਰਨੀ (ਰਿਸ਼ਵਤ ਦੇਣੀ) – ਮੈਂ ਦਫ਼ਤਰ ਦੇ ਕਲਰਕ ਨੂੰ ਮਿੰਨਤਾਂ ਪਾ ਕੇ ਕਿਹਾ ਕਿ ਉਹ ਮੇਰਾ ਕੰਮ ਜਲਦੀ ਕਰ ਦੇਵੇ, ਪਰ ਉਸ ਨੇ ਉਦੋਂ ਹੀ ਕੀਤਾ, ਜਦੋਂ ਹਾਰ ਕੇ ਮੈਂ ਉਸ ਦੇ ਚਾਂਦੀ ਦੀ ਜੁੱਤੀ ਮਾਰੀ। ਇਸ ਤਰ੍ਹਾਂ ਉਹ ਮੇਰੇ ਦੋ ਸੌ ਰੁਪਏ ਤਾਂ ਖਾ ਗਿਆ, ਪਰ ਮੇਰਾ ਕੰਮ ਹੋ ਗਿਆ।

ਚੰਦ ਚੜ੍ਹਨਾ (ਬੜੀ ਖ਼ੁਸ਼ੀ ਹੋਣਾ) – ਬੁੱਢੀ ਮਾਂ ਦੇ ਵਿਹੜੇ ਚੰਦ ਚੜ੍ਹ ਗਿਆ, ਜਦ ਉਸ ਦਾ ਪੁੱਤਰ ਛੁੱਟੀ ਆਇਆ।

ਚਿੜੀ ਨਾ ਫਟਕਣੀ (ਕੋਈ ਜਣਾ ਨੇੜੇ ਨਾ ਢੁੱਕ ਸਕਣਾ) — ਉਹ ਇੰਨੇ ਰੁੱਖੇ ਸੁਭਾ ਦਾ ਹੈ ਕਿ ਉਸ ਦੇ ਨੇੜੇ ਚਿੜੀ ਨਹੀਂ ਫਟਕਦੀ।

ਚੱਕੀ ਝੋ ਬਹਿਣਾ (ਕਹਾਣੀ ਛੇੜ ਬੈਠਣਾ) – ਨੰਦੀ ਜਿਸ ਦੇ ਕੋਲ ਬੈਠਦੀ ਹੈ, ਆਪਣੇ ਦੁੱਖਾਂ ਦੀ ਚੱਕੀ ਝੋ ਬਹਿੰਦੀ ਹੈ।

ਚੁਆਤੀ ਲਾਉਣਾ (ਕਿਸੇ ਨੂੰ ਰੁੱਖਾ ਬੋਲ ਕੇ ਦੁਖੀ ਕਰਨਾ)— ਰਾਧਾ ਨੇ ਕਿਹਾ, ‘‘ਉਧੋ ਕਾਹਨ ਦੀ ਗੱਲ ਸੁਣਾ ਸਾਨੂੰ, ਕਾਹਨੂੰ ਚਿਣਗ ਚੁਆਤੀਆਂ ਲਾਈਆਂ ਨੀ।”

ਚਾਦਰ ਦੇਖ ਕੇ ਪੈਰ ਪਸਾਰਨੇ (ਵਿੱਤ ਦੇਖ ਕੇ ਖ਼ਰਚ ਕਰਨਾ) – ਅੱਜ-ਕਲ੍ਹ ਮਹਿੰਗਾਈ ਦੇ ਜ਼ਮਾਨੇ ਤੁਹਾਨੂੰ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਅੰਨ੍ਹੇਵਾਹ ਖ਼ਰਚ ਕਰਨ ਨਾਲ ਤੁਹਾਡੇ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਜਾਣਗੀਆਂ।

ਛੱਕੇ ਛੁਡਾਉਣੇ (ਘਬਰਾ ਜਾਣਾ) – 1971 ਦੀ ਲੜਾਈ ਵਿੱਚ ਹਿੰਦੁਸਤਾਨੀ ਫ਼ੌਜ ਨੇ ਪਾਕਿਸਤਾਨੀ ਫ਼ੌਜ ਦੇ ਲੜਾਈ ਦੇ ਹਰ ਵਿਚ ਮੋਰਚੇ ਵਿਚ ਛੱਕੇ ਛੁਡਾ ਦਿੱਤੇ ।

ਛਾਈਂ ਮਾਈਂ ਹੋਣਾ (ਅਲੋਪ ਹੋ ਜਾਣਾ) – ਬਿੱਲੀ ਨੂੰ ਦੇਖਦਿਆਂ ਹੀ ਸਭ ਚੂਹੇ ਛਾਈਂ ਮਾਈਂ ਹੋ ਗਏ । 

ਛਾਤੀ ਉੱਤੇ ਮੂੰਗ ਦਲਣਾ (ਸਾਹਮਣੇ ਵਜ ਵਜਾ ਕੇ ਉਹ ਕੰਮ ਕਰਨੇ, ਜੋ ਦੂਸਰੇ ਲਈ ਦੁੱਖ ਦਾ ਕਾਰਨ ਬਣਨ)—ਉਹ ਸਾਂਝੀ ਜ਼ਮੀਨ ਨੂੰ ਵੇਚਣ ਦੀਆਂ ਗੱਲਾਂ ਕਰ ਕੇ ਸਾਡੀ ਛਾਤੀ ਉੱਤੇ ਮੂੰਗ ਦਲਦਾ ਹੈ।

ਛਿੱਲ ਲਾਹੁਣੀ (ਲੁੱਟ ਲੈਣਾ) – ਅੱਜ-ਕਲ੍ਹ ਮਹਿੰਗਾਈ ਦੇ ਦਿਨਾਂ ਵਿੱਚ ਦੁਕਾਨਦਾਰ ਚੀਜ਼ਾਂ ਦੇ ਮਨ ਮਰਜ਼ੀ ਦੇ ਭਾ ਲਾ ਕੇ ਗਾਹਕਾਂ ਦੀ ਚੰਗੀ ਤਰ੍ਹਾਂ ਛਿੱਲ ਲਾਹੁੰਦੇ ਹਨ।

ਛੱਜ ਵਿੱਚ ਪਾ ਕੇ ਛੱਟਣਾ (ਭੰਡਣਾ) — ਰਾਮੋ ਦੀ ਨੂੰਹ ਬਹੁਤ ਸਾਊ ਹੈ, ਪਰ ਉਹ (ਰਾਮੋ) ਉਸ ਨੂੰ ਹਰ ਵੇਲੇ ਛੱਜ ਵਿੱਚ ਪਾ ਕੇ ਛੱਟਦੀ ਰਹਿੰਦੀ ਹੈ।

ਛਿੰਝ ਪਾਉਣੀ (ਝਗੜਾ ਪਾਉਣਾ)— ਮੈਂ ਪ੍ਰਕਾਸ਼ ਨੂੰ ਕਿਹਾ ਕਿ ਤੁਹਾਡਾ ਜੋ ਝਗੜਾ ਹੈ, ਉਸ ਨੂੰ ਘਰ ਬੈਠ ਕੇ ਨਿਪਟਾ ਲਓ। ਇੱਥੇ ਸਭ ਦੇ ਸਾਹਮਣੇ ਛਿੰਝ ਪਾਉਣੀ ਚੰਗੀ ਗੱਲ ਨਹੀਂ।

ਜ਼ਖ਼ਮਾਂ ‘ਤੇ ਲੂਣ ਛਿੜਕਣਾ (ਦੁਖੀ ਨੂੰ ਹੋਰ ਦੁੱਖ ਦੇਣਾ)—ਉਸ ਨੇ ਵਿਧਵਾ ਇਸਤਰੀ ਦੀ ਜਾਇਦਾਦ ਖੋਹਣ ਦੇ ਯਤਨ ਕਰ ਕੇ ਉਸ ਵਿਚਾਰੀ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ।