CBSEEducationLatestParagraphPunjab School Education Board(PSEB)

ਚੰਗੀ ਬੋਲਚਾਲ – ਪੈਰਾ ਰਚਨਾ

ਚੰਗੀ ਬੋਲ – ਚਾਲ ਮਨੁੱਖ ਦਾ ਇਕ ਗਹਿਣਾ ਹੈ, ਜਿਸ ਨੂੰ ਪਹਿਨ ਕੇ ਉਹ ਹਰ ਇਕ ਦਾ ਮਨ ਮੋਹ ਸਕਦਾ ਹੈ। ਮਿੱਠਾ ਬੋਲਣਾ ਚੰਗੀ ਬੋਲ – ਚਾਲ ਦਾ ਮੁੱਢਲਾ ਗੁਣ ਹੈ। ਸ਼ਹਿਦ ਘੁਲੇ ਬੋਲ ਬੋਲਣ ਵਾਲਾ ਮਨੁੱਖ ਹਰ ਇਕ ਦਾ ਸੱਜਣ ਬਣ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, “ਮਿਠ ਬੋਲੜਾ ਜੀ ਹਰ ਸੱਜਣ ਸੁਆਮੀ ਮੇਰਾ, ਹਉ ਸੰਭਲ ਥਕੀ ਜੀ ਉਹ ਕਦੇ ਨਾ ਬੋਲੇ ਕਉਰਾ।”

ਮਿਠਾਸ ਤੋਂ ਬਿਨਾਂ ਦਲੀਲ ਚੰਗੀ ਬੋਲ – ਚਾਲ ਦਾ ਹੋਰ ਗੁਣ ਹੈ। ਮਿਠਾਸ ਅਤੇ ਦਲੀਲ ਨਾਲ ਕੀਤੀ ਗੱਲ ਨਾਲ ਦੁਸ਼ਮਣ ਮਿੱਤਰ ਬਣ ਜਾਂਦੇ ਹਨ, ਮਿੱਤਰਾਂ ਦਾ ਘੇਰਾ ਚੌੜੇਰਾ ਹੋ ਜਾਂਦਾ ਹੈ ਤੇ ਅਸੰਭਵ ਕੰਮ ਸੰਭਵ ਹੋ ਜਾਂਦੇ ਹਨ। ਚੰਗੀ ਬੋਲ – ਚਾਲ ਦੀ ਹਰ ਇਕ ਬੰਦੇ ਨੂੰ ਜ਼ਰੂਰਤ ਹੈ, ਚਾਹੇ ਉਹ ਘਰ ਵਿੱਚ ਹੋਵੇ, ਸਫ਼ਰ ਵਿੱਚ ਹੋਵੇ, ਕਿਸੇ ਜਿੰਮੇਵਾਰੀ ਵਾਲੇ ਅਹੁਦੇ ਦੀ ਕੁਰਸੀ ਉੱਤੇ ਬੈਠਾ ਹੋਵੇ, ਦੁਕਾਨਦਾਰ ਹੋਵੇ ਜਾਂ ਗ੍ਰਾਹਕ।

ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਸਾਡੇ ਬਾਹਰੀ ਸਰੀਰ ਤੇ ਪਹਿਰਾਵੇ ਦਾ ਉਸ ਉੱਪਰ ਜੋ ਪ੍ਰਭਾਵ ਪਿਆ ਹੁੰਦਾ ਹੈ, ਉਹ ਜਾਂ ਤਾਂ ਪੁਖਤਾ ਹੋ ਜਾਂਦਾ ਹੈ ਤੇ ਜਾਂ ਜਰਜਰਾ। ਇਸ ਕਰਕੇ ਸਾਡੀ ਬੋਲ – ਚਾਲ ਸਾਡੀ ਸ਼ਖ਼ਸੀਅਤ ਨੂੰ ਉਸਾਰਨ ਵਿਚ ਭਾਰੀ ਹਿੱਸਾ ਪਾਉਂਦੀ ਹੈ। ਸਾਡੀ ਬੋਲ – ਚਾਲ ਤੋਂ ਪਤਾ ਲੱਗ ਜਾਂਦਾ ਹੈ ਕਿ ਸਾਡਾ ਸੁਭਾਅ ਮਿੱਠਾ ਹੈ ਕਿ ਖਰ੍ਹਵਾਂ। ਅਸੀਂ ਹਸਮੁੱਖ ਹਾਂ ਜਾਂ ਰੋਂਦੂ, ਅਸੀਂ ਆਸ਼ਾਵਾਦੀ ਹਾਂ ਜਾਂ ਨਿਰਾਸ਼ਾਵਾਦੀ, ਅਸੀਂ ਪੜ੍ਹੇ ਹੋਏ ਹਾਂ ਜਾਂ ਗੁੜ੍ਹੇ ਹੋਏ, ਅਸੀਂ ਮੂਰਖ ਹਾਂ ਜਾਂ ਸਿਆਣੇ ਜ਼ ਅਸੀਂ ਤਜਰਬੇਕਾਰ ਹਾਂ ਜਾਂ ਅਨਾੜੀ।

ਇਸ ਕਰਕੇ ਸਾਨੂੰ ਅਗਲੇ ਨਾਲ ਚੰਗੇ ਢੰਗ ਨਾਲ ਗੱਲ – ਬਾਤ ਦੇ ਤਰੀਕੇ ਵਿਚ ਪਰਪੱਕ ਹੋਣਾ ਚਾਹੀਦਾ ਹੈ। ਕਿਸੇ ਨਾਲ ਗੱਲਬਾਤ ਕਰਦਿਆਂ ਸਾਨੂੰ ਬੋਲਣਾ ਘੱਟ ਤੇ ਸੁਣਨਾ ਵਧੇਰੇ ਚਾਹੀਦਾ ਹੈ ਅਤੇ ਪਹਿਲੇ ਤੋਲੋ ਤੇ ਫਿਰ ਬੋਲੋ ਦੇ ਅਸੂਲ ਦਾ ਪੱਲਾ ਘੁੱਟ ਕੇ ਫੜ ਛੱਡਣਾ ਚਾਹੀਦਾ ਹੈ।