ਚੜ੍ਹਦੇ ਮਿਰਜ਼ੇ ਖਾਨ ਨੂੰ……..ਭਲਕੇ ਸਿਆਲੀ ਜਾ ਵੜੀਂ।
ਮਿਰਜ਼ਾ ਸਾਹਿਬਾਂ : ਪੀਲੂ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਚੜ੍ਹਦੇ ਮਿਰਜ਼ੇ ਖਾਨ ਨੂੰ, ਮਾਂ ਮਤਿ ਦੇਂਦੀ ਖਲੀ ।
ਸੱਪਾਂ ਸ਼ੇਰਾਂ ਦੀ ਦੋਸਤੀ, ਨ ਕਰ ਭਾਈ ਅੜੀ ।
ਤਪੀ ਕੜਾਹੀ ਤੇਲ ਦੀ, ਸਿਰ ਪਰ ਲਾਟ ਜਲੀ ।
ਮੂਸਾ ਭੱਜਿਆ ਮੌਤ ਤੋਂ, ਉਹ ਦੇ ਅੱਗੇ ਮੌਤ ਖਲੀ ।
ਪਰਬਤ ਵੜਦਿਆਂ ਟੱਕਰੇ, ਲੰਘਣ ਕਿਹੜੀ ਗਲੀ ।
ਰੋਂਦੀ ਬੀਬੀ ਫ਼ਾਤਮਾ, ਕਰ ਕੇ ਬਾਂਹ ਖਲੀ।
ਮੈਂ ਕੀ ਰੱਬਾ ! ਤੇਰਾ ਫੇੜਿਆ, ਮੇਰੀ ਜੋੜੀ ਖ਼ਾਕ ਰਲੀ ।
ਅੱਜ ਦਾ ਵਾਰ ਬਚਾ ਲੈ, ਭਲਕੇ ਸਿਆਲੀਂ ਜਾ ਵੜੀਂ ।
ਪ੍ਰਸੰਗ : ਇਹ ਕਾਵਿ-ਟਟਾ ਸਾਹਿਤ-ਮਾਲਾ ਪੁਸਤਕ ਵਿਚ ਦਰਜ ਪੀਲੂ ਦੀ ਰਚਨਾ ‘ਮਿਰਜ਼ਾ ਸਾਹਿਬਾਂ’ ਵਿੱਚ ਲਿਆ ਗਿਆ ਹੈ। ਇਸ ਕਿੱਸੇ ਵਿੱਚ ਕਵੀ ਨੇ ਮਿਰਜ਼ਾ ਸਾਹਿਬਾਂ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਕਵੀ ਨੇ ਉਸ ਘਟਨਾ ਦਾ ਜ਼ਿਕਰ ਕੀਤਾ ਹੈ, ਜਦੋਂ ਸਾਹਿਬਾਂ ਨੂੰ ਉਧਾਲਣ ਲਈ ਜਾ ਰਹੇ ਮਿਰਜ਼ੇ ਨੂੰ ਉਸ ਦੀ ਮਾਂ ਨਸੀਹਤਾਂ ਕਰਦੀ ਹੋਈ ਉਸ ਨੂੰ ਇਸ ਕੰਮ ਤੋਂ ਹੋੜਦੀ ਹੈ, ਪਰੰਤੂ ਮਿਰਜ਼ਾ ਆਪਣੀ ਤਾਕਤ ਦੇ ਹੰਕਾਰ ਕਰ ਕੇ ਉਸ ਦੀ ਇਕ ਨਹੀਂ ਮੰਨਦਾ।
ਵਿਆਖਿਆ : ਸਾਹਿਬਾਂ ਨੂੰ ਉਧਾਲਣ ਲਈ ਜਾ ਰਹੇ ਮਿਰਜ਼ੇ ਖ਼ਾਨ ਨੂੰ ਉਸ ਦੀ ਮਾਂ ਖੜ੍ਹੀ ਹੋ ਕੇ ਇਸ ਤਰ੍ਹਾਂ ਮੱਤ ਦਿੰਦੀ ਹੈ, “ਹੇ ਪੁੱਤਰ ! ਸੱਪਾਂ ਤੇ ਸ਼ੇਰਾਂ ਨਾਲ ਦੋਸਤੀ ਨਹੀਂ ਨਿਭਦੀ, ਇਸ ਕਰਕੇ ਤੂੰ ਇਸ ਕੁੜੀ ਲਈ ਅੜੀ ਨਾ ਕਰ। ਇਸ਼ਕ ਪੁਗਾਉਣਾ ਤਾਂ ਤਪੀ ਹੋਈ ਤੇਲ ਦੀ ਕੜਾਹੀ ਵਿੱਚ ਪੈਣ ਜਾਂ ਸਿਰ ਉੱਪਰ ਬਲਦੀ ਅੱਗ ਧਰਨ ਦੇ ਬਰਾਬਰ ਹੈ। ਮੂਸਾ (ਚੂਹਾ) ਬਿੱਲੀ ਨੂੰ ਦੇਖ ਕੇ ਮੌਤ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਅੱਗੇ ਪਿੰਜਰੇ ਵਿੱਚ ਫਸ ਕੇ ਮੌਤ ਦੇ ਮੂੰਹ ਵਿੱਚ ਜਾ ਪੈਂਦਾ ਹੈ। ਇਸ਼ਕ ਦੀ ਗਲੀ ਵੜਨ ਵਾਲੇ ਦਾ ਰਾਹ ਸਮਾਜ ਰੂਪੀ ਪਰਬਤ ਰੋਕ ਕੇ ਖੜ੍ਹਾ ਹੋ ਜਾਂਦਾ ਹੈ ਤੇ ਆਸ਼ਕ ਲਈ ਬਚ ਕੇ ਨਿਕਲਣ ਦਾ ਕੋਈ ਰਾਹ ਹੀ ਨਹੀਂ ਰਹਿ ਜਾਂਦਾ। ਭਾਵ ਇਸ਼ਕ ਪੁਗਾਉਣ ਦੀਆਂ ਗੱਲਾਂ ਕਰਨ ਵਾਲੇ ਨੂੰ ਮੌਤ ਜ਼ਰੂਰ ਆਉਂਦੀ ਹੈ। ਇਹ ਗੱਲਾਂ ਕਹਿੰਦੀ ਹੋਈ ਮਿਰਜ਼ੇ ਦੀ ਮਾਂ ਇਸ ਤਰ੍ਹਾਂ ਰੋ ਰਹੀ ਸੀ, ਜਿਵੇਂ ਹਜ਼ਰਤ ਮੁਹੰਮਦ ਸਾਹਿਬ ਦੀ ਪੁੱਤਰੀ ਬੀਬੀ ਫ਼ਾਤਿਮਾ ਆਪਣੇ ਪੁੱਤਰਾਂ ਹਸਨ- ਹੁਸੈਨ ਦੇ ਮਰਨ ਪਿੱਛੋਂ ਬਾਂਹਾਂ ਖੜ੍ਹੀਆਂ ਕਰ ਕੇ ਰੋਂਦੀ ਹੋਈ ਦੁਹਾਈ ਦੇ ਰਹੀ ਸੀ, ”ਰੱਬਾ ! ਮੈਂ ਤੇਰਾ ਕੀ ਵਿਗਾੜਿਆ ਹੈ? ਤੂੰ ਮੇਰੇ ਪੁੱਤਰਾਂ ਨੂੰ ਮਰਵਾ ਕੇ ਮਿੱਟੀ ਵਿੱਚ ਮਿਲਾ ਦਿੱਤਾ ਹੈ।” ਮਿਰਜ਼ੇ ਦੀ ਮਾਂ ਕਹਿ ਰਹੀ ਸੀ ਕਿ ਹੇ ਪੁੱਤਰ ! ਤੂੰ ਅੱਜ ਦਾ ਦਿਨ ਨਾ ਜਾਹ, ਕਲ੍ਹ ਨੂੰ ਸਾਹਿਬਾਂ ਦੇ ਵਿਆਹੀ ਜਾਣ ਪਿੱਛੋਂ ਬੇਸ਼ੱਕ ਸਿਆਲਾਂ ਦੇ ਪਿੰਡ ਚਲਾ ਜਾਵੀਂ।