ਚੋਟਾਂ ਪਵਨ ਨਗਾਰੇ………ਦੁਰਗਾ ਦਾਨਵੀਂ।
ਬੀਰ-ਕਾਵਿ : ਗੁਰੂ ਗੋਬਿੰਦ ਸਿੰਘ ਜੀ
ਚੰਡੀ ਦੀ ਵਾਰ : ਗੁਰੂ ਗੋਬਿੰਦ ਸਿੰਘ ਜੀ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਚੋਟਾਂ ਪਵਨ ਨਗਾਰੇ ਅਣੀਆਂ ਜੁੱਟੀਆਂ ॥
ਧੂਹ ਲਈਆਂ ਤਰਵਾਰੀ ਦੇਵਾਂ ਦਾਨਵੀਂ ॥
ਵਾਹਨ ਵਾਰੋ ਵਾਰੀ ਸੂਰੇ ਸੰਘਰੇ ॥
ਵਗੇ ਰੱਤੁ ਝੁਲਾਰੀ ਜਿਉਂ ਗੇਰੂ ਬਾਬੁਤ੍ਰਾ ॥
ਵੇਖਨ ਬੈਠ ਅਟਾਰੀ ਨਾਰੀ ਰਾਕਸ਼ਾਂ ॥
ਪਾਈ ਧੂਮ ਸਵਾਰੀ ਦੁਰਗਾ ਦਾਨਵੀਂ ॥
ਪ੍ਰਸੰਗ : ਇਹ ਕਾਵਿ-ਬੰਦ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਚੰਡੀ ਦੀ ਵਾਰ’ ਵਿੱਚੋਂ ਲਿਆ ਗਿਆ ਹੈ। ਇਸ ਵਾਰ ਵਿੱਚ ਗੁਰੂ ਜੀ ਨੇ ਦੁਰਗਾ ਦੇਵੀ ਦੀ ਅਗਵਾਈ ਵਿੱਚ ਲੜ ਰਹੇ ਦੇਵਤਿਆਂ ਦੇ ਰਾਕਸ਼ਾਂ ਨਾਲ ਹੋਏ ਮਿਥਿਹਾਸਿਕ ਯੁੱਧ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਦੁਰਗਾ ਦੇਵੀ ਅਤੇ ਰਾਕਸ਼ਾਂ ਵਿਚਕਾਰ ਮਚੀ ਭਿਆਨਕ ਮਾਰ-ਵੱਢ ਦਾ ਜ਼ਿਕਰ ਹੈ।
ਵਿਆਖਿਆ : ਮੈਦਾਨ-ਜੰਗ ਵਿੱਚ ਨਗਾਰਿਆਂ ‘ਤੇ ਚੋਟਾਂ ਪੈ ਰਹੀਆਂ ਸਨ। ਦੋਹਾਂ ਧਿਰਾਂ ਦੁਆਰਾ ਚਲਾਏ ਜਾ ਰਹੇ ਹਥਿਆਰਾਂ ਦੀਆਂ ਤਿੱਖੀਆਂ ਨੋਕਾਂ ਆਪਸ ਵਿੱਚ ਭਿੜ ਰਹੀਆਂ ਸਨ। ਦੇਵਤਿਆਂ ਤੇ ਰਾਕਸ਼ਾਂ ਨੇ ਆਹਮੋ-ਸਾਹਮਣੇ ਤਲਵਾਰਾਂ ਧੂਹ ਲਈਆਂ ਤੇ ਦੋਹਾਂ ਪਾਸਿਆਂ ਦਿਆਂ ਸੂਰਮਿਆਂ ਨੇ ਵਾਰੋ ਵਾਰੀ ਇਕ-ਦੂਜੇ ਉੱਪਰ ਤਲਵਾਰਾਂ ਦੇ ਵਾਰ ਕਰ ਕੇ ਯੁੱਧ ਕੀਤਾ। ਜੰਗ ਦੇ ਮੈਦਾਨ ਵਿੱਚ ਉ ਜ਼ਖ਼ਮੀਆਂ ਦੇ ਸਰੀਰਾਂ ਵਿੱਚੋਂ ਗੇਰੂ-ਰੰਗਾ ਲਹੂ ਇਸ ਤਰ੍ਹਾਂ ਵਗ ਰਿਹਾ ਸੀ, ਜਿਸ ਤਰ੍ਹਾਂ ਖੂਹ ਦੇ ਪਾੜਛੇ ਵਿੱਚੋਂ ਪਾਣੀ ਡਿਗਦਾ ਹੈ। ਰਾਕਸ਼ਾਂ ਦੀਆਂ ਪਤਨੀਆਂ ਮਹੱਲਾਂ ਵਿੱਚ ਬੈਠ ਕੇ ਲੜਾਈ ਦਾ ਰੁਖ਼ ਵੇਖ ਰਹੀਆਂ ਸਨ। ਜੰਗ ਦੇ ਮੈਦਾਨ ਵਿੱਚ ਦੁਰਗਾ ਦੇਵੀ ਦੀ ਸ਼ੇਰ ਦੀ ਸਵਾਰੀ ਨੇ ਰਾਕਸ਼ਾਂ ਵਿੱਚ ਬੜੀਆਂ ਧੁੰਮਾਂ ਪਾ ਦਿੱਤੀਆਂ ਸਨ।