ਚੁੰਮ-ਚੁੰਮ ਰੱਖੋ : ਪ੍ਰਸ਼ਨ-ਉੱਤਰ


20-25 ਸ਼ਬਦਾਂ ਦੇ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਚੁੰਮ-ਚੁੰਮ ਰੱਖੋ’ ਨਾਂ ਦਾ ਗੀਤ ਲਿਖਣ ਵਾਲੇ ਕਵੀ ਨੰਦ ਲਾਲ ਨੂਰਪੁਰੀ ਬਾਰੇ ਜਾਣਕਾਰੀ ਦਿਓ।

ਉੱਤਰ : ਨੰਦ ਲਾਲ ਨੂਰਪੁਰੀ ਪੰਜਾਬੀ ਦਾ ਪ੍ਰਸਿੱਧ ਗੀਤਕਾਰ ਹੈ। ਕਵੀ ਦਰਬਾਰਾਂ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਤੋਂ ਬਿਨਾਂ ਉਸ ਨੇ ਫ਼ਿਲਮਾਂ ਲਈ ਵੀ ਗੀਤ ਲਿਖੇ। ਉਸ ਨੂੰ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਨੂਰਪੁਰੀਆਂ, ਸੁਗਾਤ, ਚੰਗਿਆੜੇ, ਵੰਗਾਂ, ਜਿਊਂਦਾ ਪੰਜਾਬ, ਆਖ਼ਰੀ ਸੁਗਾਤ ਆਦਿ ਉਸ ਦੀਆਂ ਕਾਵਿ-ਰਚਨਾਵਾਂ ਹਨ।

ਪ੍ਰਸ਼ਨ 2. ‘ਚੁੰਮ-ਚੁੰਮ ਰੱਖੋ’ ਨਾਂ ਦੇ ਗੀਤ ਵਿੱਚ ਕਵੀ ਕੀ ਦੱਸਦਾ ਹੈ?

ਉੱਤਰ : ‘ਚੁੰਮ-ਚੁੰਮ ਰੱਖੋ’ ਨਾਂ ਦੇ ਗੀਤ ਵਿੱਚ ਕਵੀ ਦੱਸਦਾ ਹੈ ਕਿ ਮਾਤਾ ਗੁਜਰੀ ਜੀ ਇਸ ਉਡੀਕ ਵਿੱਚ ਸਨ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਲੜ ਕੇ ਵਾਪਸ ਆਉਣਗੇ। ਪਰ ਉਹਨਾਂ ਨੇ ਤਾਂ ਜੰਗ ਦੇ ਮੈਦਾਨ ਵਿੱਚ ਹੀ ਆਪਣੀ ਸ਼ਹਾਦਤ ਦੇ ਦਿੱਤੀ ਸੀ।

ਪ੍ਰਸ਼ਨ 3. ‘ਚੁੰਮ-ਚੁੰਮ ਰੱਖੋ’ ਨਾਂ ਦੇ ਗੀਤ ਵਿੱਚ ਕਿਸ ਦੀ ਕੁਰਬਾਨੀ ਦਾ ਜ਼ਿਕਰ ਹੈ?

ਉੱਤਰ : ‘ਚੁੰਮ-ਚੁੰਮ ਰੱਖੋ’ ਨਾਂ ਦੇ ਗੀਤ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ (ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ) ਦੇ ਚਮਕੌਰ ਦੀ ਜੰਗ ਵਿੱਚ ਪ੍ਰਾਪਤ ਕੀਤੀ ਸ਼ਹੀਦੀ ਦਾ ਜ਼ਿਕਰ ਹੈ।

ਪ੍ਰਸ਼ਨ 4. ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਣਗੇ। ਇਸ ਤੁਕ ਵਿੱਚ ਕਵੀ ਜੰਗ ਵਿੱਚੋਂ ਕਿਸ ਦੇ ਆਉਣ ਬਾਰੇ ਕਹਿੰਦਾ ਹੈ?

ਉੱਤਰ : ਇਸ ਤੁਕ ਵਿੱਚ ਮਾਤਾ ਗੁਜਰੀ ਜੀ ਦੇ ਮਨ ਦੇ ਭਾਵ ਬਿਆਨ ਕੀਤੇ ਗਏ ਹਨ। ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਜੰਗ ਵਿੱਚੋਂ ਲੜ ਕੇ ਉਹਨਾਂ ਦੇ ਸਿਪਾਹੀ ਭਾਵ ਪੋਤਰੇ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦੇ) ਵਾਪਸ ਆਉਣਗੇ। ਪਰ ਸਾਹਿਬਜ਼ਾਦਿਆਂ ਨੇ ਤਾਂ ਜੰਗ ਦੇ ਮੈਦਾਨ ਵਿੱਚ ਹੀ ਸ਼ਹਾਦਤ ਦੇ ਦਿੱਤੀ ਸੀ।

ਪ੍ਰਸ਼ਨ 5. ਜੰਗ ਲੜ ਕੇ ਵਾਪਸ ਆਉਣ ਵਾਲ਼ੇ ਆਪਣੇ ਪੋਤਰਿਆਂ ਬਾਰੇ ਮਾਤਾ ਗੁਜਰੀ ਜੀ ਕੀ ਸੋਚਦੇ ਹਨ?

ਉੱਤਰ : ਮਾਤਾ ਗੁਜਰੀ ਜੀ ਸੋਚਦੇ ਹਨ ਕਿ ਜੰਗ ਲੜ ਕੇ ਵਾਪਸ ਆਉਣ ਵਾਲੇ ਉਹਨਾਂ ਦੇ ਚੰਨ ਵਰਗੇ ਪੋਤਰਿਆਂ ਦੇ ਚਿਹਰਿਆਂ ‘ਚੋਂ ਮੁਸਕਰਾਉਂਦੇ ਹੋਏ ਚੰਨ ਦਿਖਾਈ ਦੇਣਗੇ। ਭਾਵ ਉਹਨਾਂ ਦੇ ਚਿਹਰਿਆਂ ਤੋਂ ਜਿੱਤ ਦੀ ਖ਼ੁਸ਼ੀ ਪ੍ਰਗਟ ਹੋਵੇਗੀ।

ਪ੍ਰਸ਼ਨ 6. ‘ਚੁੰਮ-ਚੁੰਮ ਰੱਖੋ’ ਕਵਿਤਾ ਦੇ ਆਧਾਰ ‘ਤੇ ਦੱਸੋ ਕਿ ਸੰਸਾਰ ਦੀ ਖ਼ੁਸ਼ੀ ਕਦੋਂ ਅਤੇ ਕਿੱਥੇ ਠਾਠਾਂ ਮਾਰੇਗੀ?

ਉੱਤਰ : ਮਾਤਾ ਗੁਜਰੀ ਜੀ ਦੇ ਕਹਿਣ ਅਨੁਸਾਰ ਜਦ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਲੜ ਕੇ ਆਉਣਗੇ ਤਾਂ ਉਹਨਾਂ ਦੇ ਵਿਹੜੇ ਵਿੱਚ ਸਾਰੇ ਸੰਸਾਰ ਦੀ ਖ਼ੁਸ਼ੀ ਠਾਠਾਂ ਮਾਰੇਗੀ।

ਪ੍ਰਸ਼ਨ 7. ‘ਚੁੰਮ-ਚੁੰਮ ਰੱਖੋ’ ਗੀਤ ਦੇ ਆਧਾਰ ‘ਤੇ ਦੱਸੋ ਕਿ ਕਿਨ੍ਹਾਂ ਦੇ ਹੱਥਾਂ ਵਿੱਚ ਗੋਰੀਆਂ ਕਿਰਪਾਨਾਂ ਸਨ?

ਉੱਤਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ (ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ) ਦੇ ਕੂਲੇ-ਕੂਲੇ ਹੱਥਾਂ ਵਿੱਚ ਗੋਰੀਆਂ ਕਿਰਪਾਨਾਂ ਸਨ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ।

ਪ੍ਰਸ਼ਨ 8. ‘ਚੁੰਮ-ਚੁੰਮ ਰੱਖੋ’ ਗੀਤ ਵਿੱਚ ‘ਜੋੜੀਆਂ ਮੈਂ ਤੋਰੀਆਂ’ ਤੋਂ ਕੀ ਭਾਵ ਹੈ?

ਉੱਤਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ। ਇਸੇ ਪ੍ਰਸੰਗ ਵਿੱਚ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਜੋੜੀ ਨੂੰ ਜੰਗ ਲਈ ਤੋਰਿਆ ਹੈ।

ਪ੍ਰਸ਼ਨ 9. ‘ਚੁੰਮ-ਚੁੰਮ ਰੱਖੋ’ ਕਵਿਤਾ ਅਨੁਸਾਰ ਕਿਸ ਤੋਂ ਕਿਸ ਦਾ ਪਲ ਭਰ ਦਾ ਵਿਛੋੜਾ ਵੀ ਨਹੀਂ ਸੀ ਸਹਾਰਿਆ ਜਾਂਦਾ?

ਉੱਤਰ : ‘ਚੁੰਮ-ਚੁੰਮ ਰੱਖੋ’ ਕਵਿਤਾ ਅਨੁਸਾਰ ਮਾਤਾ ਗੁਜਰੀ ਜੀ ਤੋਂ ਵੱਡੇ ਸਾਹਿਬਜ਼ਾਦਿਆਂ ਦਾ ਪਲ ਭਰ ਦਾ ਵਿਛੋੜਾ ਵੀ ਨਹੀਂ ਸੀ ਸਹਾਰਿਆ ਜਾਂਦਾ। ਫਿਰ ਵੀ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਜੰਗ ਲਈ ਤੋਰਿਆ।

ਪ੍ਰਸ਼ਨ 10. ਘੋੜੀਆਂ ਦੇ ਪੌੜਾਂ ਦੀ ਅਵਾਜ਼ ਕੰਨਾਂ ਵਿੱਚ ਪੈਣ ‘ਤੇ ਕੌਣ ਕਿਸ ਨੂੰ ਦੇਖਣ ਲਈ ਬੂਹੇ ਵੱਲ ਭੱਜਦਾ ਹੈ?

ਉੱਤਰ : ਜਦ ਘੋੜੀਆਂ ਦੇ ਪੌੜਾਂ ਦੀ ਅਵਾਜ਼ ਕੰਨੀਂ ਪੈਂਦੀ ਹੈ ਤਾਂ ਮਾਤਾ ਗੁਜਰੀ ਜੀ ਦੇ ਨੈਣ (ਅੱਖਾਂ) ਭਾਵ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਆਪ ਦੇ ਕਾ ਨੂੰ ਦੇਖਣ ਲਈ ਬੂਹੇ ਵੱਲ ਭੱਜੇ ਆਉਂਦੇ ਹਨ। ਪਰ ਸਾਹਿਬਜ਼ਾਦੇ ਤਾਂ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ।

ਪ੍ਰਸ਼ਨ 11. ਕਵਿਤਾ ਵਿੱਚ ‘ਲਹੂ ਭਿੱਜੀ ਘੋੜੀ ਭੁੱਬਾ ਮਾਰਦੀ’ ਤੋਂ ਕੀ ਭਾਵ ਹੈ?

ਉੱਤਰ : ਘੋੜੀਆਂ ਦੇ ਪੌੜਾਂ ਦੀ ਅਵਾਜ਼ ਸੁਣ ਕੇ ਜਦ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਨੂੰ ਦੇਖਣ ਲਈ ਬੂਹੇ ਵੱਲ ਭੱਜੇ ਆਉਂਦੇ ਹਨ ਤਾਂ ਲਹੂ ਵਿੱਚ ਭਿੱਜੀ ਅਤੇ ਭੁੱਬਾਂ ਮਾਰਦੀ ਭਾਵ ਹੋ ਰਹੀ ਘੋੜੀ ਨੂੰ ਦੇਖਦੇ ਹਨ।

ਪ੍ਰਸ਼ਨ 12. ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕਿਵੇਂ ਪਤਾ ਲੱਗਾ?

ਉੱਤਰ : ਘੋੜੀ ਦੀ ਕਾਠੀ ‘ਤੇ ਲੱਗੇ ਖੂਨ ਨੇ ਮਾਤਾ ਗੁਜਰੀ ਜੀ ਨੂੰ ਇਹ ਦੱਸ ਦਿੱਤਾ ਕਿ ਉਹਨਾਂ ਦਾ ਜੋੜਾ (ਵੱਡੇ ਸਾਹਿਬਜ਼ਾਦੇ) ਆਪਣੇ ਦਾਦੇ (ਸ੍ਰੀ ਗੁਰੂ ਤੇਗ਼ ਬਹਾਦਰ ਜੀ) ਕੋਲ ਜਾ ਵੱਸੇ ਹਨ ਭਾਵ ਸ਼ਹੀਦ ਹੋ ਗਏ ਹਨ। 

ਪ੍ਰਸ਼ਨ 13. ‘ਛੱਡ ਦੇ ਉਡੀਕ ਹੁਣ ਹੰਸਾਂ ਦੀ ਡਾਰ ਦੀ’। ਇਸ ਤੁਕ ਵਿੱਚ ‘ਹੰਸਾਂ ਦੀ ਡਾਰ’ ਤੋਂ ਕੀ ਭਾਵ ਹੈ? ਕਿਸ ਦੀ ਉਡੀਕ ਛੱਡ ਦੇਣ ਲਈ ਕਿਹਾ ਗਿਆ ਹੈ?

ਉੱਤਰ : ‘ਹੰਸਾਂ ਦੀ ਡਾਰ’ ਤੋਂ ਭਾਵ ਵੱਡੇ ਸਾਹਿਬਜ਼ਾਦਿਆਂ ਦੀ ਜੋੜੀ ਤੋਂ ਹੈ। ਮਾਤਾ ਗੁਜਰੀ ਜੀ ਇਸ ਉਡੀਕ ਵਿੱਚ ਸਨ ਕਿ ਉਹਨਾਂ ਦੇ ਪੋਤਰੇ ਚਮਕੌਰ ਦੀ ਜੰਗ ਤੋਂ ਬਾਅਦ ਵਾਪਸ ਆਉਣਗੇ ਪਰ ਉਹ ਤਾਂ ਸ਼ਹੀਦ ਹੋ ਗਏ ਸਨ। ਇਸੇ ਲਈ ਮਾਤਾ ਗੁਜਰੀ ਜੀ ਨੂੰ ਹੰਸਾਂ ਦੀ ਇਸ ਡਾਰ ਦੀ ਉਡੀਕ ਛੱਡ ਦੇਣ ਲਈ ਕਿਹਾ ਗਿਆ ਹੈ।

ਪ੍ਰਸ਼ਨ 14. ‘ਜੰਗ ਵਿੱਚੋਂ ਲੜ ਕੇ ਸਿਪਾਹੀ ਮੇਰੇ ਆਣਗੇ’। ਇਸ ਤੁਕ ਵਿੱਚ ਕਵੀ ਜੰਗ ਵਿੱਚੋਂ ਕਿਸ ਦੇ ਆਉਣ ਬਾਰੇ ਕਹਿੰਦਾ ਹੈ?

ਉੱਤਰ : ਮਾਤਾ ਗੁਜਰੀ ਜੀ ਇਸ ਉਡੀਕ ਵਿੱਚ ਸਨ ਕਿ ਉਹਨਾਂ ਦੇ ਸਿਪਾਹੀ/ਪੋਤਰੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਚਮਕੌਰ ਦੀ ਜੰਗ ਲੜ ਕੇ ਵਾਪਸ ਆਉਣਗੇ। ਇਸ ਤੁਕ ਵਿੱਚ ਸਾਹਿਬਜ਼ਾਦਿਆਂ ਦੇ ਹੀ ਜੰਗ ਵਿੱਚੋਂ ਵਾਪਸ ਆਉਣ ਬਾਰੇ ਕਿਹਾ ਗਿਆ ਹੈ।

ਪ੍ਰਸ਼ਨ 15. ‘ਚੁੰਮ-ਚੁੰਮ ਰੱਖੋ’ ਨਾਂ ਦੀ ਰਚਨਾ ਦਾ ਕੇਂਦਰੀ ਭਾਵ ਲਿਖੋ।

ਉੱਤਰ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬੇਮਿਸਾਲ ਸੀ। ਉਹਨਾਂ ਨੇ ਆਪਣੇ ਦਾਦਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਰਾਹ ‘ਤੇ ਚੱਲਦਿਆਂ ਹੀ ਮਹਾਨ ਕੁਰਬਾਨੀ ਦਿੱਤੀ।