ਚਿੱਠੀ ਪੱਤਰ : ਆਪਣੇ ਮਾਤਾ ਜੀ ਨੂੰ ਪੱਤਰ


ਆਪਣੇ ਮਾਤਾ ਜੀ ਨੂੰ ਸਕੂਲ ਦੇ ਵਿਦਿਆਰਥੀਆਂ ਨਾਲ ਕੀਤੀ ਸ਼ਿਮਲੇ ਦੀ ਸੈਰ ਬਾਰੇ ਲਿਖੋ।


ਪਰੀਖਿਆ ਭਵਨ

___________________ ਸ਼ਹਿਰ

ਮਿਤੀ : 28 ਅਗਸਤ, 20____

ਪਰਮ ਸਤਿਕਾਰਯੋਗ ਮਾਤਾ ਜੀ

ਸਤਿ ਸ੍ਰੀ ਅਕਾਲ! ਇਸ ਪੱਤਰ ਰਾਹੀਂ ਮੈਂ ਆਪ ਜੀ ਨੂੰ ਆਪਣੀ ਸ਼ਿਮਲੇ ਦੀ ਸੈਰ ਬਾਰੇ ਲਿਖ ਰਿਹਾ ਹਾਂ। ਮਾਤਾ ਜੀ, ਪਿਛਲੇ ਹਫ਼ਤੇ ਸਾਡੇ ਸਕੂਲ ਦੇ ਬੱਚੇ ਸ਼ਿਮਲੇ ਗਏ ਸਨ ਤੇ ਇਸ ਸੰਬੰਧੀ ਹੀ ਮੈਂ ਆਪ ਜੀ ਪਾਸੋਂ ਹਜ਼ਾਰ ਰੁਪਏ ਮੰਗਵਾਏ ਸਨ। ਸਾਡੇ ਸਕੂਲ ਤੋਂ ਦੋ ਬੱਸਾਂ ਸ਼ਿਮਲੇ ਰਵਾਨਾ ਹੋਈਆਂ ਸਨ ਜਿਨ੍ਹਾਂ ਵਿੱਚ ਸੌ ਵਿਦਿਆਰਥੀ ਅਤੇ ਦਸ ਅਧਿਆਪਕ ਸਾਹਿਬਾਨ ਸ਼ਾਮਲ ਸਨ। ਅਸੀਂ ਤੜਕੇ ਛੇ ਵਜੇ ਚੱਲੇ ਸਾਂ ਅਤੇ ਦਸ ਕੁ ਵਜੇ ਤੱਕ ਸ਼ਿਮਲੇ ਪਹੁੰਚ ਗਏ ਸਾਂ। ਉੱਥੇ ਸਾਡੇ ਸਕੂਲ ਵੱਲੋਂ ਪਹਿਲਾਂ ਹੀ ਹੋਟਲ ਦੇ ਦਸ ਕਮਰੇ ਬੁੱਕ ਕਰਵਾਏ ਹੋਏ ਸਨ। ਅਸੀਂ ਸਿੱਧਾ ਹੋਟਲ ਪਹੁੰਚੇ। ਅਸੀਂ ਆਪਣਾ ਸਮਾਨ ਆਪਣੇ-ਆਪਣੇ ਕਮਰਿਆਂ ਵਿੱਚ ਰੱਖਿਆ, ਮੂੰਹ ਹੱਥ ਧੋਤਾ, ਕੁਝ ਚਿਰ ਅਰਾਮ ਕਰਕੇ ਨਾਸ਼ਤਾ ਪਾਣੀ ਛਕਿਆ। ਫਿਰ ਅਸੀਂ ਸ਼ਿਮਲੇ ਦੀ ਖੂਬਸੂਰਤੀ ਵੇਖਣ ਲਈ ਨਿਕਲ ਗਏ। ਸਭ ਤੋਂ ਪਹਿਲਾਂ ਮਾਲ ਰੋਡ ਤੇ ਘੁੰਮੇ ਤੇ ਕੁਝ ਚੀਜ਼ਾਂ ਖਰੀਦੀਆਂ। ਫਿਰ ਰਿੱਜ ਤੇ ਪਹੁੰਚੇ ਤੇ ਫੋਟੋਆਂ ਖਿਚਵਾਈਆਂ। ਇੱਥੇ ਖੜ੍ਹੇ ਹੋ ਕੇ ਸ਼ਿਮਲੇ ਦੀ ਖੂਬਸੂਰਤੀ ਦਾ ਬੜਾ ਅਨੰਦ ਮਾਣਿਆ। ਹੋਰ ਵੀ ਕਈ ਸਕੂਲ ਇੱਥੇ ਪਹੁੰਚੇ ਹੋਏ ਸਨ। ਅਸੀਂ ਦੂਜੇ ਵਿਦਿਆਰਥੀਆਂ ਨਾਲ ਵੀ ਗੱਲਾਂ ਕੀਤੀਆਂ। ਫਿਰ ਅਸੀਂ ਸਾਰੇ ਜਾਖੂ ਮੰਦਰ ਵੇਖਣ ਲਈ ਚੱਲ ਪਏ। ਇੱਥੋਂ ਦੀ ਚੜ੍ਹਾਈ ਕਰਕੇ ਤਾਂ ਬੱਸ ਹੀ ਹੋ ਗਈ। ਜਾਖੂ ਮੰਦਰ ਜਾਂਦੇ ਹੋਏ ਰਸਤੇ ਵਿੱਚ ਬਹੁਤ ਸਾਰੇ ਬਾਂਦਰ ਸਨ ਜੋ ਹੱਥੋਂ ਚੀਜ਼ਾਂ ਖੋਹ ਰਹੇ ਸਨ। ਅਸੀਂ ਮੌਜ-ਮਸਤੀ ਕਰਦੇ ਹੋਏ ਮੰਦਰ ਪਹੁੰਚੇ। ਉੱਥੇ ਮੱਥਾ ਟੇਕਿਆ ਅਤੇ ਬਾਂਦਰਾਂ ਨੂੰ ਛੋਲੇ ਖਵਾਏ।

ਜਾਖੂ ਮੰਦਰ ਤੋਂ ਵਾਪਸ ਆ ਕੇ ਅਸੀਂ ਬੱਸਾਂ ‘ਤੇ ਸਵਾਰ ਹੋ ਕੇ ਕੁਫ਼ਰੀ ਵੱਲ ਚੱਲ ਪਏ। ਇੱਥੋਂ ਦੀ ਸਿੱਧੀ ਚੜ੍ਹਾਈ ਅਤੇ ਡੂੰਘੀਆਂ ਖੱਡਾਂ ਨੂੰ ਵੇਖ ਕੇ ਡਰ ਜਿਹਾ ਲੱਗਣ ਲੱਗ ਪਿਆ ਸੀ। ਕੁਫ਼ਰੀ ਵਿਖੇ ਬਹੁਤ ਠੰਢ ਸੀ। ਅਸੀਂ ਸਭ ਨੇ ਸਵੈਟਰ ਪਾ ਲਏ ਸਨ। ਇੱਥੇ ਅਸੀਂ ਦੋ ਕੁ ਘੰਟੇ ਰੁਕੇ। ਇੱਥੇ ਅਸੀਂ ਪਹਾੜੀਆਂ ਦੇ ਸੁੰਦਰ ਦ੍ਰਿਸ਼ ਵੇਖੇ, ਚਾਹ ਪੀਤੀ ਅਤੇ ਕੁਝ ਚੀਜ਼ਾਂ ਵੀ ਖਰੀਦੀਆਂ। ਮੈਂ ਆਪ ਜੀ ਲਈ ਇੱਕ ਸੂਟ, ਇੱਕ ਸ਼ਾਲ ਅਤੇ ਘਰ ਦਾ ਸਮਾਨ ਲੈ ਕੇ ਆਇਆ ਹਾਂ।

ਮਾਤਾ ਜੀ, ਅਸੀਂ ਉੱਥੇ ਦੋ ਦਿਨ ਰੁਕੇ ਅਤੇ ਫਿਰ ਵਾਪਸ ਹੋਸਟਲ ਆ ਗਏ। ਬਾਕੀ ਗੱਲਾਂ ਮੈਂ ਆ ਕੇ ਦੱਸਾਂਗਾ।ਪਿਤਾ ਜੀ ਨੂੰ ਸਤਿ ਸ੍ਰੀ ਅਕਾਲ, ਰੋਜ਼ੀ ਨੂੰ ਪਿਆਰ।

ਆਪ ਦਾ ਸਪੁੱਤਰ

ਮਨਪ੍ਰੀਤ

ਐਡਰੈੱਸ ਦਾ ਉਦਾਹਰਣ