ਚਿੱਠੀ ਪੱਤਰ : ਆਪਣੀ ਵੱਡੀ ਭੈਣ ਨੂੰ ਪੱਤਰ
ਆਪਣੀ ਵੱਡੀ ਭੈਣ ਨੂੰ ਪੱਤਰ ਲਿਖ ਕੇ ਆਪਣੀ ਧਾਰਮਕ ਯਾਤਰਾ ਦਾ ਹਾਲ ਦੱਸੋ।
ਪਰੀਖਿਆ ਭਵਨ
__________________ ਸ਼ਹਿਰ
ਮਿਤੀ : 20 ਜੁਲਾਈ, 20____
ਸਤਿਕਾਰਯੋਗ ਭੈਣ ਜੀ
ਸਤਿ ਸ੍ਰੀ ਅਕਾਲ! ਇਸ ਪੱਤਰ ਰਾਹੀਂ ਮੈਂ ਆਪ ਜੀ ਨੂੰ ਆਪਣੇ ਸਕੂਲ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੀ ਕੀਤੀ ਧਾਰਮਕ ਯਾਤਰਾ ਬਾਰੇ ਲਿਖ ਰਹੀ ਹਾਂ। ਸਾਡੀ ਜਮਾਤ ਦੇ ਸਾਰੇ ਚਾਲ੍ਹੀ ਵਿਦਿਆਰਥੀ ਅਤੇ ਤਿੰਨ ਅਧਿਆਪਕ ਸਾਹਿਬਾਨ 22 ਅਗਸਤ ਨੂੰ ਬੱਸ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਤੇ ਗਏ। ਸਾਡੇ ਕੋਲੋਂ ਪੰਜ ਸੌ ਰੁਪਏ ਲਏ ਗਏ ਸਨ, ਜਿਸ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਖਾਣ ਨੂੰ ਦਿੱਤੀਆਂ ਗਈਆਂ ਸਨ। ਅਸੀਂ ਸਵੇਰੇ ਸੱਤ ਕੁ ਵਜੇ ਚੱਲੇ ਸਾਂ ਅਤੇ ਦਸ ਵਜੇ ਤੱਕ ਅੰਮ੍ਰਿਤਸਰ ਪਹੁੰਚ ਗਏ ਸਾਂ। ਅਸੀਂ ਉੱਥੇ ਪੁੱਜ ਕੇ ਸਭ ਤੋਂ ਪਹਿਲਾਂ ਜੋੜਾ-ਘਰ ਗਏ। ਉੱਥੇ ਸਾਰਿਆਂ ਨੇ ਆਪਣੇ ਜੋੜੇ ਜਮ੍ਹਾਂ ਕਰਵਾ ਕੇ ਟੋਕਨ ਲੈ ਲਏ। ਫਿਰ ਅਸੀਂ ਸਾਰੇ ਸਿਰ ਢੱਕ ਕੇ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਪੈਰ ਧੋ ਕੇ ਦਰਸ਼ਨੀ ਡਿਓਢੀ ਪਾਰ ਕਰ ਕੇ ਥੱਲੇ ਉੱਤਰੇ। ਸਾਹਮਣੇ ਚਮਕਦਾ ਹੋਇਆ ਹਰਿਮੰਦਰ ਸਾਹਿਬ ਵੇਖ ਕੇ ਅਸੀਂ ਬਹੁਤ ਖ਼ੁਸ਼ ਹੋਏ। ਫਿਰ ਸਾਰਿਆਂ ਨੇ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕੀਤਾ ਅਤੇ ਦਰਸ਼ਨ ਕਰਨ ਲਈ ਚੱਲ ਪਏ। ਅਸੀਂ ਦੇਗ ਲਈ ਅਤੇ ਦਰਸ਼ਨਾਂ ਲਈ ਲਾਈਨ ਵਿੱਚ ਖੜ੍ਹੇ ਹੋ ਗਏ। ਅੱਧੇ ਕੁ ਘੰਟੇ ਦੇ ਇੰਤਜ਼ਾਰ ਤੋਂ ਪਿੱਛੋਂ ਅਸੀਂ ਦਰਬਾਰ ਸਾਹਿਬ ਅੰਦਰ ਦਾਖ਼ਲ ਹੋਏ। ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਅਸੀਂ ਕੁਝ ਚਿਰ ਕੀਰਤਨ ਸੁਣਿਆ।
ਭੈਣ ਜੀ, ਸ੍ਰੀ ਹਰਿਮੰਦਰ ਸਾਹਿਬ ਦੀ ਅੰਦਰਲੀ ਮੀਨਾਕਾਰੀ ਵੇਖ ਕੇ ਅਸੀਂ ਸਾਰੇ ਦੰਗ ਰਹਿ ਗਏ। ਮਿੱਠੇ ਕੀਰਤਨ ਨੇ ਤਾਂ ਸਾਡਾ ਮਨ ਹੀ ਮੋਹ ਲਿਆ। ਫਿਰ ਅਸੀਂ ਬਾਹਰ ਨੂੰ ਆਉਂਦੇ ਹੋਏ ਸਰੋਵਰ ਵਿੱਚ ਬਹੁਤ ਸਾਰੀਆਂ ਮੱਛੀਆਂ ਵੇਖੀਆਂ ਅਤੇ ਸਿੱਧਾ ਲੰਗਰ ਹਾਲ ਵਿੱਚ ਜਾ ਕੇ ਰੱਜ ਕੇ ਲੰਗਰ ਛਕਿਆ। ਅਸੀਂ ਉੱਥੇ ਤਕਰੀਬਨ ਤਿੰਨ ਕੁ ਘੰਟੇ ਬਿਤਾਏ ਅਤੇ ਫਿਰ ਬਜ਼ਾਰ ਵਿੱਚੋਂ ਕਈ ਪ੍ਰਕਾਰ ਦੀਆਂ ਚੀਜ਼ਾਂ ਖਰੀਦੀਆਂ। ਮੈਂ ਤੁਹਾਡੇ ਲਈ ਕੜਾ, ਮਾਲਾ ਅਤੇ ਪਰਸ ਅਤੇ ਸੂਟ ਲੈ ਕੇ ਆਈ ਹਾਂ। ਇੰਨੇ ਵਿੱਚ ਹੀ ਸ਼ਾਮ ਪੈਣ ਲੱਗੀ ਤੇ ਅਸੀਂ ਬੱਸ ਰਾਹੀਂ ਵਾਪਸ ਸਕੂਲ ਆ ਕੇ ਆਪੋ ਆਪਣੇ ਘਰੀਂ ਚਲੇ ਗਏ। ਸੱਚ ਭੈਣ ਜੀ, ਇਹ ਧਾਰਮਕ ਯਾਤਰਾ ਨੂੰ ਮੈਂ ਕਦੇ ਵੀ ਨਹੀਂ ਭੁਲਾ ਸਕਦੀ। ਤੁਸੀਂ ਜਲਦੀ ਸਾਡੇ ਕੋਲ ਆਉਣਾ।
ਆਪ ਦੀ ਛੋਟੀ ਭੈਣ
ਬਲਵਿੰਦਰ