ਕਿੱਸਾ ਸੱਸੀ ਪੁੰਨੂੰ : ਹਾਸ਼ਮ ਸ਼ਾਹ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਚਮਕੀ ਆਣ ਦੁਪਹਿਰਾਂ ਵੇਲੇ, ਗਰਮੀ ਗਰਮ ਬਹਾਰੇ।
ਤਪਦੀ ਵਾਉ ਵਗੇ ਅਸਮਾਨੋਂ, ਪੰਛੀ ਮਾਰਿ ਉਤਾਰੇ।
ਆਤਸ਼ ਦਾ ਦਰਿਆਉ ਖਲੋਤਾ, ਥਲ ਮਾਰੂ ਵਲਿ ਚਾਰੇ।
ਹਾਸ਼ਮ ਫੇਰ ਪਿਛਾਂਹ ਨਾ ਮੁੜਦੀ, ਲੂੰ ਲੂੰ ‘ਹੋਤ’ ਪੁਕਾਰੇ।
ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਹਾਸ਼ਮ ਸ਼ਾਹ ਦੀ ਰਚਨਾ ‘ਕਿੱਸਾ ਸੱਸੀ ਪੁੰਨੂੰ’ ਵਿੱਚੋਂ ਲਿਆ ਗਿਆ ਹੈ। ਇਸ ਵਿੱਚ ਕਵੀ ਨੇ ਸੱਸੀ ਪੁੰਨੂੰ ਦੀ ਪ੍ਰੀਤ-ਕਹਾਣੀ ਦੀ ਉਸ ਘਟਨਾ ਨੂੰ ਬਿਆਨ ਕੀਤਾ ਹੈ, ਜਦੋਂ ਸੱਸੀ ਵਿਛੜੇ ਪੁੰਨੂੰ ਦੀ ਭਾਲ ਵਿੱਚ ਮਾਰੂਥਲ ਵਲ ਤੁਰ ਪੈਂਦੀ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਦੱਸਦਾ ਹੈ ਕਿ ਉਹ ਮਾਰੂਥਲ ਦੁਪਹਿਰ ਸਮੇਂ ਇਕ ਤਰ੍ਹਾਂ ਅੱਗ ਦਾ ਦਰਿਆ ਬਣ ਗਿਆ ਸੀ, ਜਿਸ ਵਿੱਚੋਂ ਪੁੰਨੂੰ ਦੀ ਭਾਲ ਕਰਦੀ ਹੋਈ ਸੱਸੀ ਜਾ ਰਹੀ ਸੀ।
ਵਿਆਖਿਆ : ਦੁਪਹਿਰ ਹੋਈ ਤਾਂ ਹੁਨਾਲ ਦੀ ਰੁੱਤ ਹੋਣ ਕਰਕੇ ਗਰਮੀ ਹੋਰ ਭਖ ਪਈ। ਅਸਮਾਨ ਵਲੋਂ ਤਪਦੀ ਹਵਾ ਵਗ ਰਹੀ ਸੀ, ਜੋ ਕਿ ਪੰਛੀਆਂ ਨੂੰ ਮਾਰ-ਮਾਰ ਕੇ ਥੱਲੇ ਸੁੱਟ ਰਹੀ ਸੀ। ਧੁੱਪ ਵਿੱਚ ਸੜਦੀ ਬਲਦੀ ਰੇਤ ਇਸ ਤਰ੍ਹਾਂ ਪ੍ਰਤੀਤ ਹੁੰਦੀ ਸੀ, ਜਿਵੇਂ ਸਾਰੇ ਮਾਰੂਥਲਾਂ ਵਿੱਚ ਅੱਗ ਦਾ ਦਰਿਆ ਖਲੋਤਾ ਹੋਵੇ। ਹਾਸ਼ਮ ਕਹਿੰਦਾ ਹੈ ਕਿ ਇੰਨੀਆ ਤਕਲੀਫ਼ਾਂ ਹੋਣ ਦੇ ਬਾਵਜੂਦ ਵੀ ਸੱਸੀ ਪਿਛਾਂਹ ਨਹੀਂ ਸੀ ਮੁੜ ਰਹੀ ਤੇ ਉਸ ਦਾ ਲੂੰ-ਲੂੰ ਹੋਤ ਪੁੰਨੂੰ ਨੂੰ ਪੁਕਾਰ ਰਿਹਾ ਸੀ।