ਘੋੜੀ ਕੀ ਹੁੰਦੀ ਹੈ?

ਪ੍ਰਸ਼ਨ 1 . ਘੋੜੀ ਕੀ ਹੁੰਦੀ ਹੈ? ਇਸ ਦੇ ਨਾਲ ਜਾਣ – ਪਛਾਣ ਕਰਾਉਂਦਿਆਂ ਇਸ ਦੀ ਪਰਿਭਾਸ਼ਾ ਲਿਖੋ।

ਉੱਤਰ – ਘੋੜੀ ਵਿਆਹ ਦੇ ਦਿਨਾਂ ਵਿੱਚ ਇਸਤਰੀਆਂ ਵੱਲੋਂ ਮੁੰਡੇ ਦੇ ਘਰ ਗਾਇਆ ਜਾਣ ਵਾਲਾ ਲੋਕ ਗੀਤ ਹੈ। ਘੋੜੀਆਂ ਵਿੱਚ ਮੁੰਡੇ ਦੀ ਮਾਂ, ਭੈਣ ਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਦੀਆਂ ਇਸਤਰੀਆਂ ਵੱਲੋਂ ਮੁੰਡੇ ਦੇ ਖਾਨਦਾਨ ਦੀ ਵਡਿਆਈ ਦੇ ਵਰਣਨ ਤੋਂ ਬਿਨਾਂ ਮੁੰਡੇ ਦੇ ਜਨਮ ਤੇ ਪਾਲਣਾ ਸਮੇਂ ਉਸ ਦੇ ਮਾਪਿਆਂ ਤੇ ਹੋਰਨਾਂ ਰਿਸ਼ਤੇਦਾਰਾਂ ਦੇ ਮੋਹ ਦਾ ਵਰਣਨ ਹੁੰਦਾ ਹੈ ਤੇ ਨਾਲ ਹੀ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ ਹੁੰਦੀਆਂ ਹਨ।

ਇਨ੍ਹਾਂ ਵਿੱਚ ਮੁੰਡੇ ਦੇ ਘੋੜੀ ਚੜ੍ਹਨ ਸਮੇਂ ਉਸ ਦੇ ਬਾਬੇ, ਬਾਪ, ਚਾਚਿਆਂ – ਤਾਇਆਂ ਤੇ ਮਾਮੇ ਦੀ ਸ਼ਾਨ – ਸ਼ੌਕਤ ਦੱਸੀ ਜਾਂਦੀ ਹੈ ਤੇ ਮੁੰਡੇ ਦੀ ਸੁੰਦਰਤਾ, ਪਹਿਰਾਵੇ ਤੇ ਗੁਣਾਂ ਦੀ ਤਾਰੀਫ਼ ਕੀਤੀ ਹੁੰਦੀ ਹੈ।

ਘੋੜੀ ਬਣਤਰ ਦੇ ਪੱਖੋਂ ਸਰਲ ਹੁੰਦੀ ਹੈ। ਦੁਹਰਾਓ, ਪ੍ਰਕਿਰਤਕ ਛੋਹਾਂ, ਲੈ ਤੇ ਰਵਾਨੀ ਇਸ ਦੇ ਖ਼ਾਸ ਗੁਣ ਹੁੰਦੇ ਹਨ।

ਪਰਿਭਾਸ਼ਾ – ਘੋੜੀ ਲੋਕ – ਗੀਤਾਂ ਦਾ ਇਕ ਰੂਪ ਹੈ, ਜੋ ਵਿਆਹ ਵਾਲੇ ਮੁੰਡੇ ਦੇ ਖਾਨਦਾਨ ਦੀ ਵਡਿਆਈ ਤੇ ਵਿਆਂਹਦੜ ਦੇ ਜਲੌ ਦਾ ਵਰਣਨ ਹੁੰਦਾ ਹੈ ਅਤੇ ਮੁੰਡੇ ਨਾਲ ਮਾਪਿਆਂ ਤੇ ਸੰਬੰਧੀਆਂ ਦੇ ਮੋਹ ਤੇ ਲਾਡ – ਪਿਆਰ ਨੂੰ ਬਿਆਨ ਕਰਦਿਆਂ ਉਸ ਦੇ ਭਵਿੱਖ ਬਾਰੇ ਸ਼ੁੱਭ ਕਾਮਨਾਵਾਂ ਪ੍ਰਗਟ ਕੀਤੀਆਂ ਹੁੰਦੀਆਂ ਹਨ।