ਘਰ ਦਾ ਪਿਆਰ – ਸਾਰ
ਪ੍ਰਸ਼ਨ – ‘ਘਰ ਦਾ ਪਿਆਰ’ ਨਿਬੰਧ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ – ਵਾਰਤਕ ਲੇਖ ‘ਘਰ ਦਾ ਪਿਆਰ’ ਪ੍ਰਿੰਸੀਪਲ ਤੇਜਾ ਸਿੰਘ ਦੁਆਰਾ ਲਿਖਿਆ ਹੋਇਆ ਹੈ । ਇਸ ਲੇਖ ਵਿੱਚ ਲੇਖਕ ਨੇ ਘਰ ਦੇ ਪਿਆਰ ਦੀ ਮਹੱਤਤਾ ਅਤੇ ਉਸ ਦੀ ਲੋੜ ਬਾਰੇ ਚਾਨਣਾ ਪਾਇਆ ਹੈ।
‘ਘਰ’ ਉਹ ਸਥਾਨ ਹੁੰਦਾ ਹੈ ਜਿੱਥੇ ਮਨੁੱਖ ਆਪਣੀਆਂ ਪਿਆਰੀਆਂ ਆਸਾਂ ਨੂੰ ਪਾਲਦਾ ਹੈ। ਬਚਪਨ ਦੇ ਵਿੱਚ ਵੱਡਿਆਂ ਪਾਸੋਂ ਮਿਲਿਆ ਹੋਇਆ ਪਿਆਰ ਉਸ ਦੀਆਂ ਉਮਰ ਭਰ ਦੀਆਂ ਯਾਦਾਂ ਵਿੱਚ ਸ਼ਾਮਿਲ ਹੋ ਜਾਂਦਾ ਹੈ। ਜਵਾਨੀ ਅਤੇ ਬੁਢਾਪੇ ਵਿੱਚ ਜਿੱਥੇ ਵਿਹਲੇ ਮਿਲੇ ਪਲਾਂ ਨੂੰ ਅਰਾਮ ਦੇ ਨਾਲ ਬਿਤਾਉਂਦਾ ਹੈ, ਉਸ ਨੂੰ ਘਰ ਕਹਿੰਦੇ ਹਨ।
ਮਨੁੱਖ ਦੀ ਸ਼ਖ਼ਸੀਅਤ ਨੂੰ ਉਭਾਰਨ ਦੇ ਵਿੱਚ ਆਲੇ – ਦੁਆਲੇ ਤੋਂ ਇਲਾਵਾ ਘਰ ਦਾ ਮਾਹੌਲ ਵੀ ਬਹੁਤ ਮਹੱਤਤਾ ਰੱਖਦਾ ਹੈ । ਮਨੁੱਖ ਦੀਆਂ ਰੁਚੀਆਂ , ਆਚਰਣ ਅਤੇ ਸੁਭਾਓ ਆਦਿ ਸਭ ਘਰ ਦੇ ਮਾਹੌਲ ਤੋਂ ਪੈਦਾ ਹੁੰਦੀਆਂ ਹਨ।
ਕਈ ਵਾਰੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਿਸ ਕਿਸੇ ਵਿਅਕਤੀ ਨੂੰ ਘਰ ਦਾ ਸੁਖਾਵਾਂ ਮਾਹੌਲ ਨਹੀਂ ਮਿਲਦਾ ਉਹ ਖਿਝੂ ਜਾਂ ਚਿੜਚਿੜੇ ਸੁਭਾਓ ਦਾ ਹੋ ਜਾਂਦਾ ਹੈ।
ਕਈ ਵੱਡੇ ਉਪਦੇਸ਼ਕਾਂ ਅਤੇ ਲਿਖਾਰੀਆਂ ਨੇ ਮਹਾਂਪੁਰਖਾਂ ਦੇ ਜੀਵਨ ਨੂੰ ਘਰੋਗੀ ਪਿਆਰ ਤੋਂ ਸੱਖਣਾ ਦੱਸਿਆ ਹੈ। ਪਰ ਉਹ ਇਹ ਨਹੀਂ ਜਾਣਦੇ ਕਿ ਗੁਰੂਆਂ, ਮਹਾਂਪੁਰਖਾਂ, ਪੀਰ – ਪੈਗੰਬਰਾਂ ਨੇ ਵੀ ਆਪਣੇ ਬਚਪਨ ਦੇ ਭੋਲੇਪਨ ਨੂੰ ਹੰਢਾਇਆ ਹੈ। ਆਪਣੀਆਂ ਨਿੱਕੀਆਂ – ਨਿੱਕੀਆਂ ਪਿਆਰੀਆਂ ਹਰਕਤਾਂ ਦੇ ਨਾਲ ਆਪਣੇ ਆਲ਼ੇ – ਦੁਆਲ਼ੇ ਦੇ ਲੋਕਾਂ ਦੇ ਮਨਾਂ ਨੂੰ ਮੋਹਿਆ ਹੈ।
ਅਜੋਕੇ ਸਮੇਂ ਵਿੱਚ ਦੁਰਾਚਾਰ ਵਧਣ ਦਾ ਵੱਡਾ ਕਾਰਨ ਵੀ ਘਰਾਂ ਵਿਚਲੇ ਸਦਾਚਾਰੀ ਅਸਰ ਦੀ ਹੀ ਘਾਟ ਹੈ। ਵਿਦਿਆਰਥੀਆਂ ਅਤੇ ਨੌਜਵਾਨਾਂ ਵਿੱਚ ਵੀ ਸਦਾਚਾਰ ਅਤੇ ਜਿੰਮੇਵਾਰੀ ਦੀ ਘਾਟ ਘਰ ਵਿੱਚੋਂ ਮਿਲੇ ਪਿਆਰ ਦੀ ਘਾਟ ਹੀ ਹੈ। ਧਾਰਮਿਕ ਰੁਚੀਆਂ ਵੀ ਘਰੇਲੂ ਜੀਵਨ ਵਿੱਚ ਰਹਿ ਕੇ ਸਿੱਖੀਆ ਅਤੇ ਅਪਣਾਈਆਂ ਜਾ ਸਕਦੀਆਂ ਹਨ।
ਪਿਆਰ, ਹਮਦਰਦੀ, ਕੁਰਬਾਨੀ ਸੇਵਾ ਆਦਿ ਸਾਰੇ ਗੁਣ ਮਨੁੱਖ ਨੂੰ ਘਰ ਦੇ ਪਿਆਰ ਵਿੱਚੋਂ ਹੀ ਮਿਲਦੇ ਹਨ। ਸਮਾਜ ਅਤੇ ਦੇਸ਼ ਪ੍ਰਤੀ ਪਿਆਰ ਵੀ ਘਰ ਦੇ ਪਿਆਰ ਤੋਂ ਪੈਦਾ ਹੁੰਦਾ ਹੈ। ਕੋਈ ਭਾਵੇਂ ਕਿਤੇ ਵੀ ਰਹੇ ਆਪਣੇ ਘਰ ਦੇ ਪਿਆਰ ਅਤੇ ਉੱਥੋਂ ਦੀਆਂ ਯਾਦਾਂ ਨੂੰ ਨਹੀਂ ਭੁਲਾ ਸਕਦਾ।