ਘਰ ਦਾ ਪਿਆਰ – ਪ੍ਰਸ਼ਨ ਉੱਤਰ


ਲੇਖਕ : ਪ੍ਰਿ. ਤੇਜਾ ਸਿੰਘ


ਪ੍ਰਸ਼ਨ 1. ਪ੍ਰਿੰਸੀਪਲ ਤੇਜਾ ਸਿੰਘ ਨੇ ‘ਘਰ’ ਨੂੰ ਕਿਵੇਂ ਪਰਿਭਾਸ਼ਿਤ ਕੀਤਾ ਹੈ?

ਜਾਂ

ਪ੍ਰਸ਼ਨ. ਪ੍ਰਿੰਸੀਪਲ ਤੇਜਾ ਸਿੰਘ ਨੇ ‘ਘਰ’ ਸੰਬੰਧੀ ਜੋ ਪਰਿਭਾਸ਼ਿਕ ਜਾਣਕਾਰੀ ਦਿੱਤੀ ਹੈ ਉਸ ਦਾ ਵੇਰਵਾ 25-30 ਸ਼ਬਦਾਂ ਵਿੱਚ ਦਿਓ

ਉੱਤਰ : ‘ਘਰ’ ਉਹ ਥਾਂ ਹੈ ਜਿੱਥੇ ਸਾਡੇ ਪਿਆਰ ਤੇ ਸੱਧਰਾਂ ਪਲਦੀਆਂ ਹਨ। ਜਿੱਥੇ ਸਾਨੂੰ ਮਾਂ, ਭੈਣ ਤੇ ਭਰਾ ਦਾ ਪਿਆਰ ਮਿਲਦਾ ਹੈ ਅਤੇ ਜਿੱਥੇ ਖੱਟੀ-ਕਮਾਈ ਕਰ ਕੇ ਮੁੜਨ ਨੂੰ ਦਿਲ ਕਰਦਾ ਹੈ। ਇੱਥੇ ਬੁਢੇਪੇ ਵਿੱਚ ਵਿਹਲ ਨੂੰ ਕੱਟਣ ਵਿੱਚ ਮਾਂ ਦੀ ਝੋਲ਼ੀ ਵਾਲਾ ਹੀ ਸੁਆਦ ਆਉਂਦਾ ਹੈ।

ਪ੍ਰਸ਼ਨ 2. ਮਨੁੱਖ ਦਾ ਆਚਰਨ ਘਰ ਵਿੱਚ ਕਿਵੇਂ ਬਣਦਾ ਹੈ? 25-30 ਸ਼ਬਦਾਂ ਵਿੱਚ ਉੱਤਰ ਦਿਓ।

ਉੱਤਰ : ਮਨੁੱਖ ਦੇ ਆਚਰਨ ਨੂੰ ਬਣਾਉਣ ਵਿੱਚ ਸਮਾਜਿਕ ਤੇ ਮੁਲਕੀ ਆਲ਼ੇ-ਦੁਆਲ਼ੇ ਤੋਂ ਬਿਨਾਂ ਘਰ ਦੀ ਚਾਰ-ਦਿਵਾਰੀ ਤੇ ਇਸ ਅੰਦਰਲੇ ਹਾਲਾਤ ਦੇ ਅਸਰ ਦਾ ਵੀ ਬਹੁਤ ਯੋਗਦਾਨ ਹੁੰਦਾ ਹੈ। ਅਸਲੀਅਤ ਤਾਂ ਇਹ ਹੈ ਕਿ ਮਨੁੱਖ ਦਾ ਆਚਰਨ ਬਣਦਾ ਹੀ ਘਰ ਵਿੱਚ ਹੈ।

ਪ੍ਰਸ਼ਨ 3. ਲੇਖਕ (ਪ੍ਰਿੰ. ਤੇਜਾ ਸਿੰਘ) ਕਿਸੇ ਦੇ ਕੋਝੇ, ਸੜੀਅਲ ਜਾਂ ਖਿਝੂ ਸੁਭਾਅ ਦਾ ਕੀ ਕਾਰਨ ਮੰਨਦਾ ਹੈ? ਉੱਤਰ 25-30 ਸ਼ਬਦਾਂ ਵਿੱਚ ਦਿਓ।

ਉੱਤਰ : ਕਿਸੇ ਵਿਅਕਤੀ ਦੇ ਸੁਭਾਅ ਨੂੰ ਬਣਾਉਣ ਵਿੱਚ ਘਰ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਲੇਖਕ ਕਿਸੇ ਦੇ ਕੋਝੇ, ਸੜੀਅਲ ਜਾਂ ਖਿਝੂ ਸੁਭਾਅ ਦਾ ਕਾਰਨ ਉਸ ਵਿਅਕਤੀ ਨੂੰ ਘਰ ਦੇ ਪਿਆਰ ਦਾ ਨਾ ਮਿਲਨਾ ਮੰਨਦਾ ਹੈ।

ਪ੍ਰਸ਼ਨ 4. ਲੇਖਕ ਦੀ ਜਾਣਕਾਰ ਬਿਰਧ ਬੀਬੀ ਦੀ ਜ਼ਿੰਦਗੀ ਦਾ ਪਿੱਛਾ ਫੋਲਣ ‘ਤੇ ਕੀ ਜਾਣਕਾਰੀ ਮਿਲਦੀ ਹੈ ?

ਉੱਤਰ : ਲੇਖਕ ਦੀ ਜਾਣਕਾਰ ਬਿਰਧ ਬੀਬੀ ਦੀ ਜ਼ਿੰਦਗੀ ਦਾ ਪਿੱਛਾ ਫੋਲਣ ‘ਤੇ ਇਹ ਜਾਣਕਾਰੀ ਮਿਲਦੀ ਹੈ ਕਿ ਉਸ ਦਾ ਪਤੀ ਜਵਾਨੀ ਵਿੱਚ ਹੀ ਸਾਥ ਛੱਡ ਗਿਆ ਸੀ, ਜਿਸ ਕਾਰਨ ਉਸ ਦੀ ਝੋਲ਼ੀ ਧੀਆਂ-ਪੁੱਤਰਾਂ ਤੋਂ ਖ਼ਾਲੀ ਰਹੀ। ਇਸੇ ਲਈ ਉਸ ਦਾ ਸੁਭਾਅ ਬਹੁਤ ਖਰ੍ਹਵਾ ਸੀ।

ਪ੍ਰਸ਼ਨ 5. ਕਥੱਕੜ ਕਿਸਮ ਦੇ ਉਪਦੇਸ਼ਕ ਅਤੇ ਲਿਖਾਰੀ ਗੁਰੂਆਂ ਅਤੇ ਪੈਗੰਬਰਾਂ ਦੇ ਜੀਵਨ ਨੂੰ ਕਿਸ ਪਿਆਰ ਤੋਂ ਸੱਖਣਾ ਬਣਾ ਦਿੰਦੇ ਹਨ?

ਉੱਤਰ : ਲੇਖਕ ਦੱਸਦਾ ਹੈ ਕਿ ਕਥੱਕੜ ਕਿਸਮ ਦੇ ਉਪਦੇਸ਼ਕ ਅਤੇ ਲਿਖਾਰੀ ਵੱਡੇ-ਵੱਡੇ ਗੁਰੂਆਂ ਅਤੇ ਪੈਗੰਬਰਾਂ ਦੇ ਜੀਵਨ ਨੂੰ ਵੀ ਆਪਣੇ ਨਮੂਨੇ ‘ਤੇ ਢਾਲਦੇ ਹੋਏ ਉਹਨਾਂ ਮਹਾਂਪੁਰਸ਼ਾਂ ਨੂੰ ਵੀ ਆਪਣੇ ਵਰਗੇ ਕੋਰੇ ਅਤੇ ਘਰੇਲੂ ਪਿਆਰ ਤੋਂ ਸੱਖਣੇ ਬਣਾ ਕੇ ਦੱਸਦੇ ਹਨ। ਅਜਿਹੇ ਉਪਦੇਸ਼ਕ/ਲਿਖਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਇਸ ਤਰ੍ਹਾਂ ਦੱਸਦੇ ਹਨ ਜਿਵੇਂ ਉਹ ਕਦੇ ਤੋਤਲੀਆਂ ਗੱਲਾਂ ਵਾਲ਼ੇ ਬਚਪਨ ਵਿੱਚੋਂ ਲੰਘੇ ਹੀ ਨਹੀਂ ਹੁੰਦੇ।

ਪ੍ਰਸ਼ਨ 6. ਬਚਪਨ ਦੇ ਜ਼ਰੂਰੀ ਤਜਰਬੇ ਨੂੰ ਨਾ ਸਮਝਣ ਵਾਲੇ ਲਿਖਾਰੀਆਂ ਨੇ ਮਹਾਂਪੁਰਸ਼ਾਂ ਦੇ ਜੀਵਨ ਨੂੰ ਕਿਵੇਂ ਪੇਸ਼ ਕੀਤਾ?

ਉੱਤਰ : ਬਚਪਨ ਦੇ ਜ਼ਰੂਰੀ ਤਜਰਬੇ ਨੂੰ ਨਾ ਸਮਝਣ ਵਾਲੇ ਲਿਖਾਰੀਆਂ ਨੇ ਈਸਾ ਦਾ ਜੀਵਨ ਉਹਨਾਂ ਦੇ ਬਚਪਨ ਦੀ ਜਾਣਕਾਰੀ ਦੇਣ ਤੋਂ ਬਿਨਾਂ ਹੀ ਲਿਖ ਦਿੱਤਾ। ਉਹਨਾਂ ਨੇ ਮਹਾਤਮਾ ਬੁੱਧ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਪਿਆਂ ਦਾ ਆਚਰਨ ਬਹੁਤ ਕੋਝੇ ਰੂਪ ਵਿੱਚ ਪੇਸ਼ ਕੀਤਾ।

ਪ੍ਰਸ਼ਨ 7. ਪ੍ਰਿੰਸੀਪਲ ਤੇਜਾ ਸਿੰਘ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮਸਾਖੀ ਵਿੱਚੋਂ ਵੱਧ ਤੋਂ ਵੱਧ ਦਰਦਨਾਕ ਅਤੇ ਅਚੰਭਿਤ ਕਰਨ ਵਾਲਾ ਨਜ਼ਾਰਾ ਕਿਹੜਾ ਲੱਗਾ ਹੈ?

ਉੱਤਰ : ਪ੍ਰਿੰਸੀਪਲ ਤੇਜਾ ਸਿੰਘ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮਸਾਖੀ ਵਿੱਚੋਂ ਵੱਧ ਤੋਂ ਵੱਧ ਦਰਦਨਾਕ ਅਤੇ ਅਚੰਭਿਤ ਕਰਨ ਵਾਲ਼ਾ ਨਜ਼ਾਰਾ ਉਹ ਲੱਗਾ ਹੈ ਜਿਸ ਵਿੱਚ ਗੁਰੂ ਜੀ ਪਰਦੇਸ-ਯਾਤਰਾ ਤੋਂ ਮੁੜ ਕੇ ਆਪ ਬਾਹਰ ਖੂਹ ‘ਤੇ ਬੈਠ ਜਾਂਦੇ ਹਨ। ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਨੂੰ ਦੇਖ ਕੇ ਬਿਹਬਲ ਹੋ ਜਾਂਦੇ ਹਨ। ਪੁੱਤਰ ਦਾ ਮੱਥਾ ਚੁੰਮ ਕੇ ਮਾਤਾ ਜੀ ਪੁੱਤਰ ਤੋਂ ਕੁਰਬਾਨ ਜਾਂਦੇ ਹਨ ਅਤੇ ਆਖਦੇ ਹਨ ਕਿ ਉਹ ਉਹਨਾਂ ਦੇਸਾਂ ਤੇ ਰਾਹਾਂ ਤੋਂ ਕੁਰਬਾਨ ਜਾਂਦੇ ਹਨ ਜਿਨ੍ਹਾਂ ‘ਤੇ ਚੱਲ ਕੇ ਗੁਰੂ ਜੀ ਆਏ ਹਨ। ਗੁਰੂ ਜੀ ਮਾਤਾ ਜੀ ਦੇ ਬਚਨ ਸੁਣ ਕੇ ਮਾਤਾ ਜੀ ਦੇ ਚਰਨਾਂ ‘ਤੇ ਡਿਗ ਕੇ ਬਹੁਤ ਰੋਏ।

ਪ੍ਰਸ਼ਨ 8. “ਵੇ ਬੱਚਾ ! ਮੈਂ ਵਾਰੀ! ਮੈਂ ਤੈਥੋਂ ਵਾਰੀ ! ਮੈਂ ਉਹਨਾਂ ਦੇਸਾਂ ਤੋਂ ਵਾਰੀ ! ਉਹਨਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਉੱਤੇ ਚੱਲ ਕੇ ਤੂੰ ਆਇਆ ਹੈਂ !” ਇਹ ਸ਼ਬਦ ਕਿਸ ਨੇ, ਕਿਸ ਨੂੰ ਅਤੇ ਕਦੋਂ ਕਹੇ।

ਉੱਤਰ : ਇਹ ਸ਼ਬਦ ਮਾਤਾ ਤ੍ਰਿਪਤਾ ਜੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਨ ਕਰ ਕੇ ਕਹੇ ਗਏ ਹਨ। ਇਹ ਸ਼ਬਦ ਉਸ ਵੇਲੇ ਕਹੇ ਗਏ ਹਨ, ਜਦ ਮਾਤਾ ਤ੍ਰਿਪਤਾ ਜੀ ਮਰਦਾਨੇ ਜੀ ਦੇ ਪਿੱਛੇ-ਪਿੱਛੇ ਉਸ ਥਾਂ ਪਹੁੰਚ ਜਾਂਦੇ ਹਨ, ਜਿੱਥੇ ਗੁਰੂ ਜੀ ਬੈਠੇ ਸਨ। ਮਾਂ ਨੇ ਪੁੱਤਰ ਦਾ ਮੱਥਾ ਚੁੰਮ ਕੇ ਇਹ ਸ਼ਬਦ ਕਹੇ।

ਪ੍ਰਸ਼ਨ 9. ਬੇਬੇ ਨਾਨਕੀ ਜੀ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਪਿਆਰ ਬਾਰੇ 25-30 ਸ਼ਬਦਾਂ ਵਿੱਚ ਜਾਣਕਾਰੀ ਦਿਓ।

ਉੱਤਰ : ਬੇਬੇ ਨਾਨਕੀ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਹੁਤ ਪਿਆਰ ਸੀ। ਉਹਨਾਂ ਗੁਰੂ ਜੀ ਨੂੰ ਕੁੱਛੜ ਚੁੱਕ ਕੇ ਪਾਲਿਆ ਅਤੇ ਪਿਤਾ ਦੀਆਂ ਚਪੇੜਾਂ ਤੋਂ ਬਚਾਇਆ ਸੀ। ਉਹਨਾਂ ਗੁਰੂ ਜੀ ਵੱਲੋਂ ਖਰੇ (ਸੱਚੇ) ਸੌਦੇ ਕਰਨ ਦੀ ਸ਼ਲਾਘਾ ਕੀਤੀ ਸੀ ਅਤੇ ਉਹਨਾਂ ਨੂੰ ਉਤਸ਼ਾਹ ਦਿੱਤਾ ਸੀ।

ਪ੍ਰਸ਼ਨ 10. ਪ੍ਰਿੰਸੀਪਲ ਤੇਜਾ ਸਿੰਘ ਨੇ ਕਾਰਲਾਈਲ ਦੇ ਖਿਝੂ ਅਤੇ ਸੜੀਅਲ ਸੁਭਾਅ ਦਾ ਕੀ ਕਾਰਨ ਦੱਸਿਆ ਹੈ?

ਉੱਤਰ : ਲੇਖਕ (ਪ੍ਰਿੰ. ਤੇਜਾ ਸਿੰਘ) ਅਨੁਸਾਰ ਕਾਰਲਾਈਲ ਇਸ ਲਈ ਖਿਝੂ ਅਤੇ ਸੜੀਅਲ ਸੁਭਾਅ ਦਾ ਸੀ ਕਿਉਂਕਿ ਉਹ ਆਪਣੀ ਪਤਨੀ ਨੂੰ ਪਿਆਰ ਨਹੀਂ ਸੀ ਕਰਦਾ। ਜੇਕਰ ਉਹ ਆਪਣੀ ਪਤਨੀ ਨੂੰ ਪਿਆਰ ਕਰਦਾ ਤਾਂ ਉਸ ਦਾ ਸੁਭਾਅ ਅਜਿਹਾ ਨਾ ਹੁੰਦਾ। ਕਾਰਲਾਈਲ ਆਪਣੇ ਕਮਰੇ ਵਿੱਚ ਪੜ੍ਹਦਾ ਜਾਂ ਲਿਖਦਾ ਰਹਿੰਦਾ ਸੀ ਜਦ ਕਿ ਉਸ ਦੀ ਪਤਨੀ ਉਸ ਤੋਂ ਅਲੱਗ ਬਰਾਂਡੇ ਵਿੱਚ ਬੈਠੀ ਆਏ-ਗਏ ਨੂੰ ਵੇਖਦੀ ਰਹਿੰਦੀ ਸੀ।

ਪ੍ਰਸ਼ਨ 11. ਲੋਕਾਂ ਵੱਲੋਂ ਕਲੱਬਾਂ ਅਤੇ ਹੋਟਲਾਂ ਦੀ ਰਹਿਣੀ ਨੂੰ ਵਧੇਰੇ ਪਸੰਦ ਕੀਤੇ ਜਾਣ ਦਾ ਕੀ ਅਸਰ ਹੋ ਰਿਹਾ ਹੈ?

ਉੱਤਰ : ਲੋਕਾਂ ਵੱਲੋਂ ਕਲੱਬਾਂ ਅਤੇ ਹੋਟਲਾਂ ਦੀ ਰਹਿਣੀ ਨੂੰ ਵਧੇਰੇ ਪਸੰਦ ਕੀਤੇ ਜਾਣ ਦਾ ਇਹ ਅਸਰ ਹੋ ਰਿਹਾ ਹੈ ਕਿ ਲੋਕਾਂ ਵਿੱਚ ਘਰੋਗੀ ਜ਼ੁੰਮੇਵਾਰੀ, ਬਰਾਦਰੀ ਵਾਲੀ ਸ਼ਰਾਫ਼ਤ ਅਤੇ ਮਿੱਠਤ ਤੇ ਨਿਮਰਤਾ ਵਾਲੇ ਉਹ ਗੁਣ ਘਟ ਰਹੇ ਹਨ ਜਿਹੜੇ ਕੇਵਲ ਘਰੋਗੀ ਆਚਰਨ ਤੋਂ ਹੀ ਪੈਦਾ ਹੁੰਦੇ ਹਨ।

ਪ੍ਰਸ਼ਨ 12. ਪ੍ਰਿੰਸੀਪਲ ਤੇਜਾ ਸਿੰਘ ਨੇ ‘ਘਰ ਦਾ ਪਿਆਰ’ ਲੇਖ ਵਿੱਚ ਨੌਜਵਾਨਾਂ ਅਤੇ ਉਹਨਾਂ ਵੱਲੋਂ ਸਦਾਚਾਰ ਦੀਆਂ ਹੱਦਾਂ ਟੱਪ ਜਾਣ ਦਾ ਕੀ ਕਾਰਨ ਦੱਸਿਆ ਹੈ?

ਉੱਤਰ : ‘ਘਰ ਦਾ ਪਿਆਰ’ ਲੇਖ ਵਿੱਚ ਲੇਖਕ ਨੇ ਨੌਜਵਾਨਾਂ ਦੀ ਸਮਾਜਿਕ ਵਰਤੋਂ ਵਿੱਚ ਆਈ ਗ਼ੈਰ-ਜ਼ੁੰਮੇਵਾਰੀ ਅਤੇ ਉਹਨਾਂ ਵੱਲੋਂ ਸਦਾਚਾਰ ਦੀਆਂ ਹੱਦਾਂ ਟੱਪ ਜਾਣ ਦਾ ਕਾਰਨ ਉਹਨਾਂ ਦਾ ਘਰਾਂ ਨੂੰ ਛੱਡ ਕੇ ਬੋਰਡਿੰਗ ਵਿੱਚ ਰਹਿਣਾ ਦੱਸਿਆ ਹੈ। ਜਿਹੜਾ ਨੌਜਵਾਨ ਬਚਪਨ ਤੋਂ ਲੈ ਕੇ ਉਮਰ ਦਾ ਕਾਫ਼ੀ ਹਿੱਸਾ ਮਾਂ, ਭੈਣ, ਭਰਾ ਅਤੇ ਗੁਆਂਢੀਆਂ ਤੋਂ ਅਲੱਗ ਰਹਿ ਕੇ ਬੋਰਡਿੰਗ ਵਿੱਚ ਬਿਤਾਉਂਦਾ ਹੈ ਉਸ ਵਿੱਚ ਸ਼ਰਮ, ਹਮਦਰਦੀ, ਭਾਈਚਾਰੇ ਦਾ ਸਨਮਾਨ ਆਦਿ ਘਰੋਗੀ ਗੁਣ ਪੈਦਾ ਨਹੀਂ ਹੁੰਦੇ।

ਪ੍ਰਸ਼ਨ 13. ਧਾਰਮਿਕ ਰਹਿਣੀ ਕਿਵੇਂ ਇੱਕ ਦਿਖਾਵਾ ਬਣ ਗਈ ਹੈ?

ਉੱਤਰ : ਘਰਾਂ ਵੱਲ ਲੋਕਾਂ ਦੀ ਰੁਚੀ ਘੱਟ ਹੋਣ ਕਾਰਨ ਧਾਰਮਿਕ ਰਹਿਣੀ ਇੱਕ ਦਿਖਾਵਾ ਬਣ ਗਈ ਹੈ। ਧਰਮ ਘਰਾਂ ਵਿੱਚੋਂ ਨਿਕਲ ਕੇ ਬਜ਼ਾਰਾਂ ਵਿੱਚ ਆ ਗਿਆ ਹੈ। ਲੋਕ ਧਰਮ ਦੀ ਕਮਾਈ ਬੱਸ ਇਸੇ ਨੂੰ ਸਮਝੀ ਬੈਠੇ ਹਨ ਕਿ ਦਿਨ-ਦਿਹਾਰ ਨੂੰ ਕਿਸੇ ਦਿਵਾਨ ਵਿੱਚ ਹਾਜ਼ਰ ਹੋ ਕੇ ਪਾਠ, ਲੈਕਚਰ ਜਾਂ ਅਰਦਾਸ ਨੂੰ ਸੁਣ ਛੱਡਣ। ਇਸ ਤਰ੍ਹਾਂ ਧਾਰਮਿਕ ਰਹਿਣੀ ਇੱਕ ਦਿਖਾਵਾ ਬਣ ਗਈ ਹੈ।

ਪ੍ਰਸ਼ਨ 14. ਸਿੱਖ ਗੁਰੂਆਂ ਨੇ ਘਰੋਗੀ ਜੀਵਨ ‘ਤੇ ਜ਼ੋਰ ਕਿਉਂ ਦਿੱਤਾ?

ਉੱਤਰ : ਲੇਖਕ ਦੱਸਦਾ ਹੈ ਕਿ ਜਿਹੜੇ ਲੋਕ ਘਰੇਲੂ ਜੀਵਨ ਨੂੰ ਛੱਡ ਕੇ ਸਾਧ-ਸੰਤ ਬਣ ਕੇ ਧਰਮ ਕਮਾਉਣਾ ਚਾਹੁੰਦੇ ਹਨ ਉਹਨਾਂ ਲਈ ਇਹ ਓਨਾ ਹੀ ਮੁਸ਼ਕਲ ਹੈ ਜਿੰਨਾ ਕਿ ਜ਼ਮੀਨ ਨੂੰ ਛੱਡ ਕੇ ਹਵਾ ਵਿੱਚ ਬੀਜ ਬੀਜਣਾ। ਵੱਡੇ-ਵੱਡੇ ਮਹਾਂਪੁਰਸ਼ ਅਖਵਾਉਣ ਵਾਲੇ ਜੋ ਗ੍ਰਹਿਸਤ ਤੋਂ ਕੰਨੀ ਕਤਰਾਉਂਦੇ ਹਨ ਉਹ ਧਾਰਮਿਕ ਜਾਂ ਆਚਰਨਿਕ ਮੁਸ਼ਕਲ ਪੈਣ ‘ਤੇ ਝੱਟ ਡਿਗ ਜਾਂਦੇ ਹਨ। ਇਸੇ ਲਈ ਸਿੱਖ ਗੁਰੂਆਂ ਨੇ ਘਰੋਗੀ ਜੀਵਨ ਉੱਤੇ ਜ਼ੋਰ ਦਿੱਤਾ ਕਿਉਂਕਿ ਸਦਾਚਾਰ ਬਣਦਾ ਹੀ ਘਰੋਗੀ ਜੀਵਨ ਤੋਂ ਹੈ।

ਪ੍ਰਸ਼ਨ 15. ਕਿਹੜਾ ਵਿਅਕਤੀ ਦਿਆਨਤਦਾਰੀ ਦੇ ਗੁਣਾਂ ਨੂੰ ਨਹੀਂ ਸਿੱਖ ਸਕਦਾ?

ਉੱਤਰ : ਜਿਸ ਵਿਅਕਤੀ ਨੇ ਕਿਸੇ ਵਿਹਾਰ ਵਿੱਚ ਪੈ ਕੇ ਹਰ ਰੋਜ਼ ਬੇਈਮਾਨੀ ਦਾ ਮੁਕਾਬਲਾ ਨਹੀਂ ਕੀਤਾ, ਉਹ ਦਿਆਨਤਦਾਰੀ ਦੇ ਗੁਣਾਂ ਨੂੰ ਨਹੀਂ ਸਿੱਖ ਸਕਦਾ। ਆਪਣੇ ਇਸੇ ਵਿਚਾਰ ਦੀ ਪ੍ਰੋੜ੍ਹਤਾ ਲਈ ਉਦਾਹਰਨ ਦਿੰਦਿਆਂ ਲੇਖਕ ਕਹਿੰਦਾ ਹੈ ਕਿ ਜਿਸ ਵਿਅਕਤੀ ਨੇ ਪਿਤਾ, ਮਾਤਾ, ਭਰਾ, ਭੈਣ, ਪੁੱਤਰ, ਧੀ ਆਦਿ ਰਿਸ਼ਤਿਆਂ/ਸੰਬੰਧਾਂ ਦੀਆਂ ਮੁਸ਼ਕਲਾਂ ਦਾ ਟਾਕਰਾ ਨਹੀਂ ਕੀਤਾ, ਉਸ ਅੰਦਰ ਇਹਨਾਂ ਸੰਬੰਧਾਂ ਤੋਂ ਪੈਦਾ ਹੋਣ ਵਾਲ਼ੇ ਗੁਣ ਪਿਤਾ-ਪੁਣਾ ਤੇ ਪੁੱਤਰ-ਪੁਣਾ ਆਦਿ ਨਹੀਂ ਆ ਸਕਦੇ।

ਪ੍ਰਸ਼ਨ 16. ਧਾਰਮਿਕ ਰੁਚੀ ਕਿਸ ਆਦਮੀ ਅੰਦਰ ਪੈਦਾ ਹੋ ਸਕਦੀ ਹੈ? 25-30 ਸ਼ਬਦਾਂ ਵਿੱਚ ਉੱਤਰ ਦਿਓ।

ਉੱਤਰ : ਲੇਖਕ ਦੱਸਦਾ ਹੈ ਕਿ ਘਰ ਵਿੱਚ ਇਸਤਰੀ ਅਤੇ ਬੱਚਿਆਂ ਨਾਲ ਰਲ ਕੇ ਪਾਠ ਕਰਨਾ ਜਾਂ ਅਰਦਾਸ ਕਰਨੀ ਬਹੁਤ ਘੱਟ ਦਿਖਾਈ ਦਿੰਦੀ ਹੈ। ਅਸਲ ਵਿੱਚ ਧਾਰਮਿਕ ਰੁਚੀ ਕੇਵਲ ਉਸ ਵਿਅਕਤੀ ਵਿੱਚ ਹੀ ਪੈਦਾ ਹੋ ਸਕਦੀ ਹੈ ਜੋ ਆਪਣੇ ਘਰ ਵਾਲਿਆਂ ਨਾਲ ਰਲ ਕੇ ਕੋਈ ਧਾਰਮਿਕ ਸੰਸਕਾਰ ਕਰਦਾ ਹੈ ਜਾਂ ਆਪਣੇ ਰੱਬ ਨੂੰ ਯਾਦ ਕਰਦਾ ਹੈ।

ਪ੍ਰਸ਼ਨ 17. ਕਿਹੜੇ ਲੋਕ ਆਪਣੇ ਦੇਸ ਉੱਤੇ ਹਮਲੇ ਜਾਂ ਅੱਤਿਆਚਾਰ ਹੁੰਦੇ ਨਹੀਂ ਸਹਾਰ ਸਕਦੇ?

ਉੱਤਰ : ਲੇਖਕ ਲਿਖਦਾ ਹੈ ਕਿ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ ਦਾ ਪਿਆਰ ਉਪਜਦਾ ਹੈ। ਕੇਵਲ ਉਹੀ ਲੋਕ ਹੀ ਆਪਣੇ ਦੇਸ ਉੱਤੇ ਹਮਲੇ ਜਾਂ ਅੱਤਿਆਚਾਰ ਨੂੰ ਨਹੀਂ ਸਹਾਰ ਸਕਦੇ ਜਿਨ੍ਹਾਂ ਦੇ ਘਰਾਂ, ਪਰਿਵਾਰਾਂ, ਪਤਨੀ ਅਤੇ ਬੱਚਿਆਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਹੁੰਦਾ ਹੈ।

ਪ੍ਰਸ਼ਨ 18. “ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ-ਪਿਆਰ ਪੈਦਾ ਹੁੰਦਾ ਹੈ।” ਇਸ ਕਥਨ ਦੀ ਵਿਆਖਿਆ 25-30 ਸ਼ਬਦਾਂ ਵਿੱਚ ਕਰੋ।

ਉੱਤਰ : ਇਸ ਕਥਨ ਤੋਂ ਭਾਵ ਇਹ ਹੈ ਕਿ ਜਿਹੜੇ ਲੋਕ ਆਪਣੇ ਘਰ ਨੂੰ ਪਿਆਰ ਕਰਦੇ ਹਨ ਉਹੀ ਸਮਾਜ ਅਤੇ ਦੇਸ ਨੂੰ ਪਿਆਰ ਕਰ ਸਕਦੇ ਹਨ। ਉਹ ਲੋਕ ਹੀ ਦੇਸ ‘ਤੇ ਹਮਲੇ ਅਤੇ ਅੱਤਿਆਚਾਰ ਨੂੰ ਸਹਿਨ ਨਹੀਂ ਕਰਦੇ ਜਿਨ੍ਹਾਂ ਨੂੰ ਇਸ ਤੋਂ ਆਪਣੇ ਘਰ-ਪਰਿਵਾਰ ਲਈ ਖ਼ਤਰਾ ਨਜ਼ਰ ਆਉਂਦਾ ਹੈ।