EducationKidsNCERT class 10thPunjab School Education Board(PSEB)

ਘਰ ਦਾ ਪਿਆਰ – ਪਾਠ ਨਾਲ ਸੰਬੰਧਿਤ ਪ੍ਰਸ਼ਨ ਉੱਤਰ

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਘਰ ਦਾ ਪਿਆਰ – ਪ੍ਰਿੰ. ਤੇਜਾ ਸਿੰਘ

ਵਾਰਤਕ – ਭਾਗ (ਜਮਾਤ – ਦਸਵੀਂ)

ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ

ਪ੍ਰਸ਼ਨ 1 . ‘ਘਰ ਦਾ ਪਿਆਰ’ ਲੇਖ ਅਨੁਸਾਰ ਘਰ ਤੋਂ ਕੀ ਭਾਵ ਹੈ ?

ਉੱਤਰ : ‘ਘਰ ਦਾ ਪਿਆਰ’ ਲੇਖ/ਨਿਬੰਧ ਵਿੱਚ ਲੇਖਕ ਘਰ ਬਾਰੇ ਮੌਲਿਕ ਦ੍ਰਿਸ਼ਟੀ ਤੋਂ ਜਾਣਕਾਰੀ ਦਿੰਦਾ ਦੱਸਦਾ ਹੈ ਕਿ ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕਿਸੇ ਕੋਠੇ ਜਾਂ ਕਮਰੇ ਨੂੰ ਨਹੀਂ ਕਹਿੰਦੇ। ਘਰ ਤੋਂ ਭਾਵ ਉਸ ਥਾਂ ਤੋਂ ਹੈ ਜਿੱਥੇ ਮਨੁੱਖ ਦੇ ਪਿਆਰ ਅਤੇ ਉਸ ਦੀਆਂ ਸੱਧਰਾਂ ਪਲਦੀਆਂ ਹਨ। ਘਰ ਉਹ ਥਾਂ ਹੈ ਜਿੱਥੇ ਅਸੀਂ ਬਚਪਨ ਵਿੱਚ ਮਾਂ, ਭੈਣ ਅਤੇ ਭਰਾ ਤੋਂ ਪਿਆਰ ਲਿਆ ਹੁੰਦਾ ਹੈ, ਜਿੱਥੇ ਜਵਾਨੀ ਵਿੱਚ ਸਾਰੀ ਦੁਨੀਆ ਨੂੰ ਗਾਹ ਕੇ, ਲਤਾੜ ਕੇ ਅਤੇ ਖੱਟੀ ਕਮਾਈ ਕਰ ਕੇ ਮੁੜ ਆਉਣ ਨੂੰ ਸਾਡਾ ਦਿਲ ਕਰਦਾ ਹੈ। ਘਰ ਉਹ ਥਾਂ ਹੈ, ਜਿੱਥੇ ਬੁਢਾਪੇ ਦੀ ਉਮਰ ਵਿੱਚ ਬੈਠ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਅਰਾਮ ਨਾਲ ਕੱਟਣ ਵਿੱਚ ਇਸ ਤਰ੍ਹਾਂ ਦਾ ਸੁਆਦ ਆਉਂਦਾ ਹੈ ਜਿਸ ਤਰ੍ਹਾਂ ਬਚਪਨ ਵਿੱਚ ਮਾਂ ਦੀ ਝੋਲੀ ਵਿੱਚ ਆਉਂਦਾ ਸੀ। ਘਰ ਮਨੁੱਖ ਦੇ ਆਚਰਨ ਨਿਰਮਾਣ ਦਾ ਕੇਂਦਰ ਹੁੰਦਾ ਹੈ।

ਪ੍ਰਸ਼ਨ 2 . ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖਸੀ ਰਹਿਣੀ ਦਾ ਕੇਂਦਰ ਕਿਵੇਂ ਹੁੰਦਾ ਹੈ ?

ਉੱਤਰ – ‘ਘਰ ਦਾ ਪਿਆਰ’ ਲੇਖ ਵਿੱਚ ਲੇਖਕ (ਪ੍ਰਿੰ. ਤੇਜਾ ਸਿੰਘ) ਨੇ ਦੱਸਿਆ ਹੈ ਕਿ ਘਰ ਮਨੁੱਖ ਦੇ ਨਿੱਜੀ ਵਲਵਲਿਆਂ ਤੇ ਸ਼ਖਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਉਸ ਦਾ ਚਰਿੱਤਰ ਬਣਾਉਣ ਵਿੱਚ ਜਿੱਥੇ ਸਮਾਜਕ ਤੇ ਮੁਲਕੀ ਆਲ਼ੇ – ਦੁਆਲ਼ੇ ਦਾ ਅਸਰ ਕੰਮ ਕਰਦਾ ਹੈ, ਉੱਥੇ ਘਰ ਦੀ ਚਾਰਦੀਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਵੀ ਬਹੁਤ ਅਸਰ ਹੁੰਦਾ ਹੈ।

ਇਹ ਘਰ ਹੀ ਮਨੁੱਖ ਦੀਆਂ ਰੁਚੀਆਂ ਅਤੇ ਸੁਭਾਅ ਨੂੰ ਬਣਾਉਂਦਾ ਹੈ। ਲੇਖਕ ਕਹਿੰਦਾ ਹੈ ਕਿ ਮਨੁੱਖ ਦੇ ਕੋਝੇ, ਸੜੀਅਲ ਜਾਂ ਖਿਝੂ ਸੁਭਾਅ ਦਾ ਕਾਰਨ ਘਰ ਦਾ ਪਿਆਰ ਨਾ ਮਿਲਣਾ ਹੁੰਦਾ ਹੈ ਅਤੇ ਜਿਸ ਮਨੁੱਖ ਵਿੱਚ ਪਿਆਰ, ਨਿਮਰਤਾ ਅਤੇ ਹਮਦਰਦੀ ਵਾਲੇ ਗੁਣ ਹੋਣ, ਉਸ ਦਾ ਕਾਰਨ ਵੀ ਉਸ ਨੂੰ ਮਿਲਿਆ ਘਰ ਦਾ ਪਿਆਰ ਹੀ ਹੁੰਦਾ ਹੈ।

ਪ੍ਰਸ਼ਨ 3 . ‘ਘਰ ਦਾ ਪਿਆਰ’ ਲੇਖ ਵਿੱਚ ਲੇਖਕ ਨੇ ਇੱਕ ਬਿਰਧ ਬੀਬੀ ਦਾ ਸੁਭਾਅ ਕਿਹੋ ਜਿਹਾ ਚਿਤਰਿਆ ਹੈ ? 

ਉੱਤਰ – ‘ਘਰ ਦਾ ਪਿਆਰ’ ਲੇਖ ਵਿੱਚ ਲੇਖਕ ਆਪਣੀ ਇਕ ਜਾਣਕਾਰ ਬਿਰਧ ਬੀਬੀ ਬਾਰੇ ਦੱਸਦਾ ਹੈ ਕਿ ਉਹ ਨੇਕੀ ਤੇ ਉਪਕਾਰ ਦੀ ਪੁਤਲੀ ਸਨ। ਉਹ ਸਵੇਰੇ – ਸ਼ਾਮ ਬਿਨਾਂ ਨਾਗਾ ਨਿਤਨੇਮ ਕਰਦੇ ਅਤੇ ਗੁਰਦੁਆਰੇ ਦੀ ਪਰਿਕਰਮਾ ਕਰਦੇ ਸਨ। ਹਰ ਇੱਕ ਦੇ ਦੁੱਖ ਨੂੰ ਵੰਡਾਉਂਦੇ। ਕੋਮਲਤਾ ਅਤੇ ਹਮਦਰਦੀ ਵਿੱਚ ਉਹ ਝੱਟ ਹੀ ਫਿੱਸ ਪੈਂਦੇ ਭਾਵ ਰੋਣ ਲੱਗ ਪੈਂਦੇ। ਬੱਚਿਆਂ ਨਾਲ ਬੱਚੇ ਹੋ ਜਾਂਦੇ। 

ਉਨ੍ਹਾਂ ਦੇ ਸੁਭਾਅ ਦਾ ਦੂਸਰਾ ਪਹਿਲੂ ਉਨ੍ਹਾਂ ਦਾ ਖਰ੍ਹਵਾਪਨ ਸੀ। ਹਰ ਛੋਟੀ – ਛੋਟੀ ਗੱਲ ‘ਤੇ ਖਿਝਦੇ ਅਤੇ ਗੁੱਸੇ ਵਿੱਚ ਆ ਜਾਂਦੇ।  ਉਸ ਵੇਲੇ ਤਾਂ ਇੰਞ ਲੱਗਦਾ ਜਿਵੇਂ ਉਨ੍ਹਾਂ ਦੇ ਦਿਲ ਵਿੱਚ ਕੋਈ ਤਰਸ ਨਹੀਂ, ਪਿਆਰ ਨਹੀਂ। ਇਸ ਸਭ ਦੇ ਪਿੱਛੇ ਉਨ੍ਹਾਂ ਦੇ ਜੀਵਨ ਵਿੱਚ ਘਰੋਗੀ ਪਿਆਰ ਦੀ ਘਾਟ ਹੀ ਸੀ। ਉਹਨਾਂ ਦੇ ਅਜਿਹੇ ਸੁਭਾਅ ਦਾ ਕਾਰਨ ਇਹ ਸੀ ਕਿ ਉਹਨਾਂ ਨੂੰ ਘਰ ਦਾ ਪਿਆਰ ਨਹੀਂ ਮਿਲਿਆ। ਉਹਨਾਂ ਦਾ ਪਤੀ ਜਵਾਨੀ ਵਿੱਚ ਹੀ ਉਹਨਾਂ ਦਾ ਸਾਥ ਛੱਡ ਗਿਆ ਤੇ ਉਹਨਾਂ ਦੀ ਝੋਲੀ ਧੀਆਂ – ਪੁੱਤਰਾਂ ਤੋਂ ਖ਼ਾਲੀ ਰਹੀ।

ਪ੍ਰਸ਼ਨ 4 . ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ?

ਉੱਤਰ – ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਪਰ ਘਰ ਦੇ ਪਿਆਰ ਤੋਂ ਕੋਰੇ ਉਪਦੇਸ਼ਕ ਅਤੇ ਲਿਖਾਰੀ ਵੱਡੇ-ਵੱਡੇ ਗੁਰੂਆਂ ਅਤੇ ਪੈਗੰਬਰਾਂ ਨੂੰ ਘਰੇਲੂ ਪਿਆਰ ਤੋਂ ਸੱਖਣੇ ਬਣਾ ਕੇ ਦੱਸਦੇ ਹਨ।  ਅਜਿਹੇ ਉਪਦੇਸ਼ਕ/ਲਿਖਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ ਜਿਵੇਂ ਉਹ ਕਦੇ ਬਚਪਨ ਵਿੱਚੋਂ ਗੁਜਰੇ ਹੀ ਨਾ ਹੋਣ। 

ਉਹ ਨਹੀਂ ਜਾਣਦੇ ਕਿ ਬੱਚਿਆਂ ਦਾ ਭੋਲਾਪਣ, ਬੇਪਰਵਾਹੀ ਵਾਲਾ ਸੁਭਾਅ, ਭੈਣ-ਭਰਾ ਦਾ ਪਿਆਰ, ਲਾਡ ਤੇ ਰੋਸੇ ਮਹਾਂਪੁਰਸ਼ਾਂ ਦੀ ਬਣਤਰ ਲਈ ਵੀ ਓਨੇ ਹੀ ਜ਼ਰੂਰੀ ਹਨ ਜਿੰਨੇ ਕਿ ਆਮ ਮਨੁੱਖਾਂ ਲਈ। ਮਹਾਨ ਵਿਅਕਤੀਆਂ ਲਈ ਘਰ ਦਾ ਪਿਆਰ, ਮਾਪਿਆਂ ਤੋਂ ਉਦਰੇਵਾਂ (ਉਦਾਸੀ) ਤੇ ਰੋਸਾ, ਭੈਣਾਂ ਦਾ ਥਾਂ-ਥਾਂ ‘ਤੇ ਭਰਾ ਨੂੰ ਬਚਾਉਣਾ ਇੱਕ ਅਜਿਹਾ ਚੁਗਿਰਦਾ ਬਣਾ ਕੇ ਰੱਖਦਾ ਹੈ ਜਿਸ ਤੋਂ ਉਹਨਾਂ ਦੇ ਵਲਵਲੇ ਉੱਚੇ ਸਾਈਂ ਦੇ ਪਿਆਰ ਵੱਲ ਪ੍ਰੇਰੇ ਜਾਂਦੇ ਹਨ। ਇਸ ਤਰ੍ਹਾਂ ਮਹਾਂਪੁਰਸ਼ ਵੀ ਘਰ ਦੇ  ਆਲ਼ੇ-ਦੁਆਲ਼ੇ ਵਿੱਚੋਂ ਚੰਗਾ ਅਸਰ ਲੈ ਸਕਦੇ ਹਨ। ਨਿਰਸੰਦੇਹ ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਬਹੁਤ ਮਹੱਤਵ ਹੈ।

ਪ੍ਰਸ਼ਨ 5 . ਲੇਖਕ ਨੇ ਗੁਰੂ ਨਾਨਕ ਦੇਵ ਜੀ ਦਾ ਮਾਤਾ ਨਾਲ ਮਿਲਾਪ ਦਾ ਦ੍ਰਿਸ਼ ਕਿਹੋ – ਜਿਹਾ ਚਿਤਰਿਆ ਹੈ?

ਉੱਤਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਭੇਜੇ ਮਰਦਾਨਾ ਜੀ ਮਾਤਾ ਤ੍ਰਿਪਤਾ ਜੀ ਕੋਲ ਪਹੁੰਚਦੇ ਹਨ ਅਤੇ ਘਰ ਦਾ ਹਾਲ ਪੁੱਛ ਕੇ ਵਿਦਾ ਹੁੰਦੇ ਹਨ। ਮਾਤਾ ਤ੍ਰਿਪਤਾ ਜੀ ਉਹਨਾਂ ਦੇ ਮਗਰ-ਮਗਰ ਉਸ ਥਾਂ ‘ਤੇ ਪਹੁੰਚ ਜਾਂਦੇ ਹਨ ਜਿੱਥੇ ਗੁਰੂ ਜੀ ਬੈਠੇ ਸਨ। ਮਾਂ ਆਪਣੇ ਪੁੱਤਰ ਨੂੰ ਦੇਖ ਕੇ ਬਿਹਬਲ ਹੋ ਜਾਂਦੀ ਹੈ।

ਪੁੱਤਰ ਦਾ ਮੱਥਾ ਚੁੰਮ ਕੇ ਮਾਤਾ ਤ੍ਰਿਪਤਾ ਜੀ ਗੁਰੂ ਜੀ ਨੂੰ ਆਖਦੇ ਹਨ ਕਿ “ਵੇ ਬੱਚਾ! ਮੈਂ ਵਾਰੀ! ਮੈਂ ਤੈਥੋਂ ਵਾਰੀ! ਮੈਂ ਉਹਨਾਂ ਦੇਸਾਂ ਤੋਂ ਵਾਰੀ! ਉਹਨਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਉੱਤੇ ਚੱਲ ਕੇ ਤੂੰ ਆਇਆ ਹੈਂ।” ਗੁਰੂ ਜੀ ਮਾਤਾ ਜੀ ਦੇ ਬਚਨ ਸੁਣ ਕੇ ਫਿੱਸ ਪਏ ਅਤੇ ਉਹਨਾਂ ਦੇ ਚਰਨਾਂ ‘ਤੇ ਡਿਗ ਕੇ ਬਹੁਤ ਰੋਏ। ਉਹ ਅੱਥਰੂ ਹਜ਼ਾਰ ਗਿਆਨ- ਧਿਆਨ ਦਾ ਨਿਚੋੜ ਅਤੇ ਹਜ਼ਾਰ ਫ਼ਰਜ਼ਾਂ ਤੇ ਪਰਉਪਕਾਰਾਂ ਦੀ ਜੜ੍ਹ ਸਿੰਜਣ ਵਾਲੇ ਸਨ।

ਪ੍ਰਸ਼ਨ 6 . ਮੁਹਮੰਦ ਸਾਹਿਬ ਦੀ ਜ਼ਿੰਦਗੀ ਵਿੱਚ ਬੀਵੀ ਖ਼ਦੀਜਾ ਕਿਵੇਂ ਵਿਚਰਦੀ ਸੀ? ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ਹਜ਼ਰਤ ਮੁਹੰਮਦ ਸਾਹਿਬ ਦੀ ਜ਼ਿੰਦਗੀ ‘ਤੇ ਉਹਨਾਂ ਦੀ ਬੀਵੀ ਖ਼ਦੀਜਾ ਦਾ ਬਹੁਤ ਅਸਰ ਸੀ। ਉਸ ਨੇ ਮੁਸ਼ਕਲ ਤੋਂ ਮੁਸ਼ਕਲ ਸਮੇਂ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਅਤੇ ਉਹਨਾਂ ਦੇ ਜੀਵਨ-ਆਦਰਸ਼ ਨੂੰ ਸਭ ਤੋਂ ਪਹਿਲਾਂ ਸਮਝ ਕੇ ਉਸ ਵਿੱਚ ਵਿਸ਼ਵਾਸ ਕੀਤਾ ਤੇ ਹੌਸਲਾ ਵਧਾਇਆ। ਜਦ ਹਜ਼ਰਤ ਮੁਹੰਮਦ ਸਾਹਿਬ ਨੂੰ ਰੱਬ ਵੱਲੋਂ ਬਾਣੀ ਉਤਰਦੀ ਸੀ ਤਾਂ ਉਹ ਥੱਕ ਕੇ ਏਨੇ ਨਿੱਸਲ ਹੋ ਜਾਂਦੇ ਸਨ ਕਿ ਉਹਨਾਂ ਨੂੰ ਅਰਾਮ ਦੇ ਕੇ ਮੁੜ ਅਸਲੀ ਹਾਲਾਤ ‘ਤੇ ਲਿਆਉਣ ਵਾਲੀ ਖ਼ਦੀਜਾ ਹੀ ਸੀ। ਉਹ ਉਹਨਾਂ ਦਾ ਸਿਰ ਆਪਣੇ ਪੱਟਾਂ ‘ਤੇ ਰੱਖ ਕੇ ਸਭ ਥਕੇਵੇਂ ਦੂਰ ਕਰ ਦਿੰਦੀ ਸੀ।

ਪ੍ਰਸ਼ਨ 7 . ਕਾਰਲਾਈਲ ਦਾ ਆਪਣੀ ਪਤਨੀ ਨਾਲ ਵਤੀਰਾ ਕਿਹੋ ਜਿਹਾ ਸੀ ਅਤੇ ਕਿਉਂ ?

ਉੱਤਰ : ਕਾਰਲਾਈਲ ਦਾ ਆਪਣੀ ਪਤਨੀ ਨਾਲ ਬਦਸਲੂਕੀ ਵਾਲ਼ਾ ਵਤੀਰਾ ਸੀ। ਉਹ ਖਿਝੂ ਅਤੇ ਸੜੀਅਲ ਕਿਸਮ ਦਾ ਵਿਅਕਤੀ ਸੀ। ਉਹ ਆਪਣੇ ਕਮਰੇ ਵਿੱਚ ਪੜ੍ਹਦਾ ਜਾਂ ਲਿਖਦਾ ਰਹਿੰਦਾ ਸੀ ਅਤੇ ਉਸ ਦੀ ਪਤਨੀ ਅਲੱਗ ਬਰਾਂਡੇ ਵਿੱਚ ਬੈਠੀ ਆਏ-ਗਏ ਨੂੰ ਤਾਂਹਦੀ ਰਹਿੰਦੀ ਸੀ। ਜਦ ਕਦੇ ਉਹ ਹੌਸਲਾ ਕਰ ਕੇ ਪਤੀ ਦੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਝਾਕਦੀ ਤਾਂ ਉਹ ਖਿਝ ਕੇ ਖਾਣ ਨੂੰ ਪੈਂਦਾ ਅਤੇ ਉਸ ਨੂੰ ਡਰਾ ਕੇ ਬਾਹਰ ਕੱਢ ਦਿੰਦਾ।

ਕਾਰਲਾਈਲ ਦੇ ਆਪਣੀ ਪਤਨੀ ਪ੍ਰਤੀ ਅਜਿਹੇ ਵਤੀਰੇ ਦਾ ਕਾਰਨ ਇਹ ਸੀ ਕਿ ਉਹ ਆਪਣੀ ਪਤਨੀ ਨੂੰ ਪਿਆਰ ਨਹੀਂ ਸੀ ਕਰਦਾ। ਜੇਕਰ ਉਹ ਆਪਣੀ ਪਤਨੀ ਨੂੰ ਪਿਆਰ ਕਰਦਾ ਤਾਂ ਉਹ ਏਨਾ ਖਿਝੂ ਅਤੇ ਸੜੀਅਲ ਸੁਭਾਅ ਦਾ ਨਾ ਹੁੰਦਾ ਅਥਵਾ ਆਪਣੀ ਪਤਨੀ ਪ੍ਰਤੀ ਉਸ ਦਾ ਵਤੀਰਾ ਪਿਆਰ ਭਰਿਆ ਹੁੰਦਾ।

ਪ੍ਰਸ਼ਨ 8 . “ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ਼ ਪਿਆਰ ਪੈਦਾ ਹੁੰਦਾ ਹੈ”, ਇਸ ਕਥਨ ਦੀ ਵਿਆਖਿਆ ਕਰੋ।

ਉੱਤਰ : ‘ਘਰ ਦਾ ਪਿਆਰ’ ਲੇਖ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਨੇ ਘਰ ਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਇਆ ਹੈ। ਜਿਨ੍ਹਾਂ ਲੋਕਾਂ ਨੂੰ ਘਰ ਦਾ ਪਿਆਰ ਨਹੀਂ ਮਿਲਦਾ ਉਹਨਾਂ ਦੀ ਸ਼ਖ਼ਸੀਅਤ ਵਿੱਚ ਘਰੇਲੂ ਗੁਣ ਪੈਦਾ ਨਹੀਂ ਹੁੰਦੇ। ਅਜਿਹੇ ਲੋਕਾਂ ਵਿੱਚ ਸਮਾਜ ਅਤੇ ਦੇਸ ਦਾ ਪਿਆਰ ਵੀ ਪੈਦਾ ਨਹੀਂ ਹੁੰਦਾ ਕਿਉਂਕਿ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ-ਪਿਆਰ ਪੈਦਾ ਹੁੰਦਾ ਹੈ। ਕੇਵਲ ਉਹ ਲੋਕ ਹੀ ਆਪਣੇ ਦੇਸ ‘ਤੇ ਹਮਲੇ ਜਾਂ ਅੱਤਿਆਚਾਰ ਹੁੰਦੇ ਸਹਿਨ ਨਹੀਂ ਕਰ ਸਕਦੇ ਜਿਨ੍ਹਾਂ ਦੇ ਘਰਾਂ, ਟੱਬਰਾਂ, ਵਹੁਟੀ ਤੇ ਬੱਚਿਆਂ ਨੂੰ ਨੁਕਸਾਨ ਹੋਣ ਦਾ ਖ਼ਤਰਾ ਹੁੰਦਾ ਹੈ।

ਪ੍ਰਸ਼ਨ 9 . “ਘਰ ਘੱਟ ਰਹੇ ਹਨ ਅਤੇ ਹੋਟਲ ਵੱਧ ਰਹੇ ਹਨ”, ਲੇਖਕ ਅਨੁਸਾਰ ਸਦਾਚਾਰੀ ਜੀਵਨ ‘ਤੇ ਕੀ ਪ੍ਰਭਾਵ ਪੈ ਰਿਹਾ ਹੈ?

ਉੱਤਰ : ਲੇਖਕ (ਪ੍ਰਿੰ. ਤੇਜਾ ਸਿੰਘ) ਅਨੁਸਾਰ ਅੱਜ-ਕੱਲ੍ਹ ਬਹੁਤ ਸਾਰੀ ਦੁਰਾਚਾਰੀ ਦਾ ਕਾਰਨ ਘਰੋਗੀ ਵੱਸੋਂ ਦਾ ਘਾਟਾ ਅਤੇ ਬਜ਼ਾਰੀ ਰਹਿਣੀ-ਬਹਿਣੀ ਦਾ ਵਾਧਾ ਹੈ। ਇਸੇ ਪ੍ਰਸੰਗ ਵਿੱਚ ਹੀ ਉਹ ਆਖਦਾ ਹੈ ਕਿ ‘ਘਰ ਘਟ ਰਹੇ ਹਨ ਅਤੇ ਹੋਟਲ ਵਧ ਰਹੇ ਹਨ’। ਲੋਕ ਘਰਾਂ ਦੇ ਸਦਾਚਾਰਿਕ ਪ੍ਰਭਾਵ ਨੂੰ ਨਾ ਜਾਣਦੇ ਹੋਏ ਬਾਲ-ਬੱਚੇ ਅਤੇ ਪਤਨੀ ਨਾਲ ਜੀਵਨ ਬਿਤਾਉਣ ਦੀ ਥਾਂ ਕਲੱਬਾਂ ਅਤੇ ਹੋਟਲਾਂ ਦੀ ਰਹਿਣੀ ਨੂੰ ਜ਼ਿਆਦਾ ਪਸੰਦ ਕਰਦੇ ਹਨ। ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਲੋਕਾਂ ਵਿੱਚ ਘਰੋਗੀ ਜ਼ੁੰਮੇਵਾਰੀ, ਭਾਈਚਾਰੇ ਵਾਲੀ ਸ਼ਰਾਫ਼ਤ ਅਤੇ ਮਿੱਠਤ ਤੇ ਨਿਮਰਤਾ ਵਾਲੇ ਗੁਣ ਘਟ ਰਹੇ ਹਨ ਜੋ ਕੇਵਲ ਘਰੋਗੀ ਆਚਰਨ ਤੋਂ ਹੀ ਪੈਦਾ ਹੁੰਦੇ ਹਨ। ਇਸਤਰੀ ਅਤੇ ਬੱਚਿਆਂ ਵਿੱਚ ਕੇਵਲ ਏਨੀ ਹੀ ਦਿਲਚਸਪੀ ਦੱਸੀ ਜਾਂਦੀ ਹੈ ਜਿੰਨੀ ਕਿ ਉਹਨਾਂ ਨੂੰ ਘਰੋਂ ਬਾਹਰਲੇ ਲੋਕਾਂ ਸਾਮ੍ਹਣੇ ਸ਼ੂਕੇ-ਬਾਂਕੇ ਬਣ ਕੇ ਵਿਖਾਉਣ ਜੋਗਾ ਬਣਾ ਸਕੇ।

ਪ੍ਰਸ਼ਨ 10 . ਮਨੁੱਖ ਦੀਆਂ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ ?

ਉੱਤਰ : ਮਨੁੱਖ ਦੀਆਂ ਧਾਰਮਿਕ ਰੁਚੀਆਂ ਨੂੰ ਬਲਵਾਨ ਬਣਾਉਣ ਵਿੱਚ ਘਰ ਦੇ ਪਿਆਰ ਦਾ ਬਹੁਤ ਮਹੱਤਵ ਹੈ ਕਿਉਂਕਿ ਅਸਲ ਧਾਰਮਿਕ ਜੀਵਨ ਦੀ ਨੀਂਹ ਘਰ ਦੀ ਰਹਿਣੀ-ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ। ਪਰ ਲੋਕਾਂ ਦੀ ਰੁਚੀ ਘਰਾਂ ਵੱਲ ਘੱਟ ਹੋਣ ਕਰਕੇ ਧਾਰਮਿਕ ਰਹਿਣੀ ਵੀ ਇੱਕ ਦਿਖਾਵਾ ਬਣ ਕੇ ਰਹਿ ਗਈ ਹੈ। ਇੱਥੋਂ ਤੱਕ ਕਿ ਧਰਮ ਵੀ ਘਰਾਂ ਵਿੱਚੋਂ ਨਿਕਲ ਕੇ ਬਜ਼ਾਰਾਂ ਵਿੱਚ ਆ ਗਿਆ ਹੈ। ਲੋਕ ਧਰਮ ਦੀ ਕਮਾਈ ਬੱਸ ਇਸੇ ਨੂੰ ਹੀ ਸਮਝੀ ਬੈਠੇ ਹਨ ਕਿ ਦਿਨ-ਦਿਹਾਰ ‘ਤੇ ਕਿਸੇ ਦਿਵਾਨ ਵਿੱਚ ਹਾਜ਼ਰ ਹੋ ਕੇ ਪਾਠ, ਲੈਕਚਰ ਜਾਂ ਅਰਦਾਸ ਸੁਣ ਛੱਡਣਾ। ਘਰ ਵਿੱਚ ਇਸਤਰੀ ਸਮੇਤ ਬੱਚਿਆਂ ਨਾਲ ਰਲ ਕੇ ਪਾਠ ਕਰਨਾ ਜਾਂ ਅਰਦਾਸ ਕਰਨੀ ਬਹੁਤ ਘੱਟ ਦੇਖਣ ਵਿੱਚ ਆਉਂਦੀ ਹੈ। ਪਰ ਅਸਲੀਅਤ ਇਹ ਹੈ ਕਿ ਸਮਾਜਿਕ ਰੁਚੀ ਕੇਵਲ ਉਸ ਵਿਅਕਤੀ ਵਿੱਚ ਹੀ ਪੈਦਾ ਹੋ ਸਕਦੀ ਹੈ ਜੋ ਘਰ ਵਾਲਿਆਂ ਨਾਲ ਰਲ ਕੇ ਕੋਈ ਧਾਰਮਿਕ ਸੰਸਕਾਰ ਕਰਦਾ ਜਾਂ ਆਪਣੇ ਰੱਬ ਨੂੰ ਯਾਦ ਕਰਦਾ ਹੈ।

ਪ੍ਰਸ਼ਨ 11 . ਲੇਖਕ ਨੇ ਆਪਣੇ ਪਿੰਡ ਦੀ ਝਾਕੀ ਦਾ ਦ੍ਰਿਸ਼ ਕਿਹੋ ਜਿਹਾ ਚਿਤਰਿਆ ਹੈ ? ਬਿਆਨ ਕਰੋ।

ਉੱਤਰ : ਲੇਖਕ (ਪ੍ਰਿੰਸੀਪਲ ਤੇਜਾ ਸਿੰਘ) ਨੇ ਆਪਣੇ ਪਿੰਡ ਦੀ ਝਾਕੀ ਦਾ ਬਹੁਤ ਪ੍ਰਭਾਵਸ਼ਾਲੀ ਦ੍ਰਿਸ਼ ਚਿਤਰਿਆ ਹੈ। ਉਸ ਨੂੰ ਯਾਦ ਹੈ ਜਦ ਉਹ ਰਾਵਲਪਿੰਡੀ ਪੜ੍ਹਦਾ ਸੀ ਤਾਂ ਹਰ ਹਫ਼ਤੇ ਐਤਵਾਰ ਕੱਟਣ/ਬਿਤਾਉਣ ਲਈ ਆਪਣੇ ਪਿੰਡ ਜਾਂਦਾ ਹੁੰਦਾ ਸੀ। ਜਦ ਉਹ ‘ਚੀਰ ਪੜਾਂ’ ਤੋਂ ਲੰਘ ਕੇ ਤ੍ਰਿਪਿਆਂ ਕੋਲ ਪਹੁੰਚਦਾ ਸੀ (ਜਿੱਥੇ ਇੱਕ ਟਿੱਬੇ ਦੇ ਓਹਲੇ ਉਹਦਾ ਪਿੰਡ ਵੱਸਦਾ ਦਿਸਦਾ ਸੀ) ਤਾਂ ਪਿੰਡ ਦੀ ਪਿਆਰੀ ਝਾਕੀ ਅੱਖਾਂ ਸਾਮ੍ਹਣੇ ਆਉਣ ਤੋਂ ਪਹਿਲਾਂ ਉਹ ਉਸ ਟਿੱਬੇ ਕੋਲ ਠਹਿਰ ਜਾਂਦਾ ਸੀ ਅਤੇ ਆਪਣੇ ਦਿਲ ਨੂੰ ਚੰਗੀ ਤਰ੍ਹਾਂ ਤਿਆਰ ਕਰ ਕੇ ਪਿੰਡ ਨੂੰ ਦੇਖਣ ਦਾ ਹੌਸਲਾ ਕਰਦਾ ਸੀ। ਮੁੜਦੀ ਵਾਰ ਵੀ ਪਿੰਡ ਨੂੰ ਅੱਖਾਂ ਤੋਂ ਓਹਲੇ ਹੋਣ ਤੋਂ ਮਗਰੋਂ ਕੁਝ ਕਦਮ ਪਿੱਛੇ ਮੁੜ ਕੇ ਫਿਰ ਪਿੰਡ ਨੂੰ ਦੇਖਣ ਜਾਂਦਾ ਸੀ। ਲੇਖਕ ਅਨੁਸਾਰ ਉਸ ਦਾ ਪਿੰਡ ਬਹੁਤ ਪਿਆਰਾ ਸੀ ਅਤੇ ਉਸ ਵਿੱਚ ਵੱਸਦੇ ਉਸ ਦੇ ਸੰਬੰਧੀ ਹੋਰ ਵੀ ਪਿਆਰੇ ਸਨ।

ਪ੍ਰਸ਼ਨ 12. ‘ਘਰ ਦਾ ਪਿਆਰ’ (ਪ੍ਰਿੰਸੀਪਲ ਤੇਜਾ ਸਿੰਘ) ਲੇਖ ਦੇ ਵਿਸ਼ੇ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ

ਜਾਂ

ਪ੍ਰਸ਼ਨ. ‘ਘਰ ਦਾ ਪਿਆਰ’ ਲੇਖ ਵਿੱਚ ਲੇਖਕ ਨੇ ਕਿਹੜੇ ਵਿਚਾਰ ਪ੍ਰਗਟਾਏ ਹਨ? 50-60 ਸ਼ਬਦਾਂ ਵਿੱਚ ਉੱਤਰ ਦਿਓ।

ਉੱਤਰ : ‘ਘਰ ਦਾ ਪਿਆਰ’ ਲੇਖ ਦਾ ਵਿਸ਼ਾ ਘਰ ਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਉਂਦਾ ਹੈ। ਲੇਖਕ ਨੇ ਮੌਲਿਕ ਦ੍ਰਿਸ਼ਟੀਕੋਣ ਤੋਂ ਘਰ ਨੂੰ ਪਰਿਭਾਸ਼ਿਤ ਕੀਤਾ ਹੈ। ਉਸ ਅਨੁਸਾਰ ਘਰ ਇੱਟਾਂ ਜਾਂ ਵੱਟਿਆਂ ਦਾ ਬਣਿਆ ਕੋਠਾ ਨਹੀਂ ਸਗੋਂ ਇਹ ਉਹ ਥਾਂ ਹੈ ਜਿੱਥੇ ਮਨੁੱਖ ਦੇ ਪਿਆਰ ਤੇ ਉਸ ਦੀਆਂ ਸੱਧਰਾਂ ਪਲਦੀਆਂ ਹਨ। ਮਨੁੱਖ ਦਾ ਆਚਰਨ ਵੀ ਘਰ ਵਿੱਚ ਹੀ ਬਣਦਾ ਹੈ। ਲੇਖਕ ਕਿਸੇ ਦੇ ਖਿਝੂ ਤੇ ਸੜੀਅਲ ਸੁਭਾਅ ਦਾ ਕਾਰਨ ਘਰ ਦੇ ਪਿਆਰ ਦਾ ਅਭਾਵ ਮੰਨਦਾ ਹੈ। ਉਸ ਅਨੁਸਾਰ ਬਚਪਨ ਦਾ ਸੁਭਾਅ ਮਹਾਂਪੁਰਸ਼ਾਂ ਦੀ ਬਣਤਰ ਲਈ ਵੀ ਆਮ ਮਨੁੱਖਾਂ ਵਾਂਗ ਹੀ ਜ਼ਰੂਰੀ ਹੈ। ਪਰ ਅੱਜ-ਕੱਲ੍ਹ ਬਹੁਤ ਸਾਰੀ ਦੁਰਾਚਾਰੀ ਦਾ ਕਾਰਨ ਘਰੋਗੀ ਵੱਸੋਂ ਦਾ ਘਾਟਾ ਅਤੇ ਬਜ਼ਾਰੀ ਰਹਿਣੀ-ਬਹਿਣੀ ਦਾ ਵਾਧਾ ਹੈ। ਇਸੇ ਲਈ ਲੋਕਾਂ ਵਿੱਚ ਘਰੋਗੀ ਜੀਵਨ ਤੋਂ ਪੈਦਾ ਹੋਣ ਵਾਲ਼ੇ ਗੁਣ ਘਟ ਰਹੇ ਹਨ। ਘਰੋਗੀ ਜੀਵਨ ਦਾ ਤਿਆਗ ਕਰ ਕੇ ਧਰਮ ਕਮਾਉਣਾ ਉਸੇ ਤਰ੍ਹਾਂ ਹੈ ਜਿਵੇਂ ਹਵਾ ਵਿੱਚ ਬੀਜ ਬੀਜਣ ਦਾ ਖ਼ਿਆਲ ਕਰਨਾ। ਸਮਾਜ ਅਤੇ ਦੇਸ ਦਾ ਪਿਆਰ ਵੀ ਘਰ ਦੇ ਪਿਆਰ ਤੋਂ ਹੀ ਪੈਦਾ ਹੁੰਦਾ ਹੈ। ਇਸ ਤਰ੍ਹਾਂ ਲੇਖਕ ਨੇ ਘਰ ਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਇਆ ਹੈ।

ਪ੍ਰਸ਼ਨ 13. ‘ਘਰ ਦਾ ਪਿਆਰ’ ਨਾਂ ਦੇ ਲੇਖ/ਨਿਬੰਧ ਦੇ ਉਦੇਸ਼ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।

ਉੱਤਰ : ‘ਘਰ ਦਾ ਪਿਆਰ’ (ਪ੍ਰਿੰ. ਤੇਜਾ ਸਿੰਘ) ਨਾਂ ਦੇ ਲੇਖ/ਨਿਬੰਧ ਦਾ ਉਦੇਸ਼ ਘਰ ਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਉਣਾ ਅਤੇ ਘਰ ਨੂੰ ਸਹੀ ਅਰਥਾਂ ਵਿੱਚ ਪਰਿਭਾਸ਼ਿਤ ਕਰਨਾ ਹੈ। ਲੇਖਕ ਦੱਸਦਾ ਹੈ ਕਿ ਘਰ ਇੱਟਾਂ ਜਾਂ ਵੱਟਿਆਂ ਦਾ ਬਣਿਆ ਕੋਠਾ ਨਹੀਂ ਸਗੋਂ ਘਰ ਉਹ ਥਾਂ ਹੈ ਜਿੱਥੇ ਬਚਪਨ ਵਿੱਚ ਮਾਂ, ਭੈਣ ਤੇ ਭਰਾ ਦਾ ਪਿਆਰ ਮਿਲ਼ਦਾ ਹੈ, ਜਿੱਥੇ ਜਵਾਨੀ ਵਿੱਚ ਖੱਟੀ-ਕਮਾਈ ਕਰ ਕੇ ਮੁੜਨ ਨੂੰ ਦਿਲ ਕਰਦਾ ਹੈ ਅਤੇ ਜਿੱਥੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲ਼ੀ ਵਿਹਲ ਨੂੰ ਅਰਾਮ ਨਾਲ ਕੱਟਣ ਵਿੱਚ ਉਹੀ ਸੁਆਦ ਆਉਂਦਾ ਹੈ ਜਿਹੜਾ ਬਚਪਨ ਵਿੱਚ ਮਾਂ ਦੀ ਝੋਲੀ ਵਿੱਚ ਆਉਂਦਾ ਸੀ। ਲੇਖਕ ਦਾ ਉਦੇਸ਼ ਇਸ ਗੱਲ ਨੂੰ ਪ੍ਰਗਟਾਉਣਾ ਵੀ ਹੈ ਕਿ ਮਨੁੱਖ ਦੇ ਆਚਰਨ ਨੂੰ ਬਣਾਉਣ ਵਿੱਚ ਘਰ ਦੀ ਚਾਰਦਿਵਾਰੀ ਅਤੇ ਇਸ ਦੇ ਅੰਦਰਲੇ ਹਾਲਾਤ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਲੇਖਕ ਇਹ ਦੱਸਣਾ ਚਾਹੁੰਦਾ ਹੈ ਕਿ ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ ਦਾ ਪਿਆਰ ਪੈਦਾ ਹੁੰਦਾ ਹੈ। ਅਸਲੀ ਧਾਰਮਿਕ ਜੀਵਨ ਦੀ ਨੀਂਹ ਵੀ ਘਰ ਦੀ ਰਹਿਣੀ-ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ। ਇਸ ਤਰ੍ਹਾਂ ‘ਘਰ ਦਾ ਪਿਆਰ’ ਲੇਖ/ਨਿਬੰਧ ਦਾ ਉਦੇਸ਼ ਘਰ ਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਉਣਾ ਹੈ।

ਪ੍ਰਸ਼ਨ 14. ਮਨੁੱਖ ਦੇ ਆਚਰਨ ਨੂੰ ਬਣਾਉਣ ਵਿੱਚ ਘਰ ਦਾ ਕੀ ਯੋਗਦਾਨ ਹੈ? 50-60 ਸ਼ਬਦਾਂ ਵਿੱਚ ਉੱਤਰ ਦਿਓ।

ਉੱਤਰ : ਘਰ ਮਨੁੱਖ ਦੇ ਨਿੱਜੀ ਜਜ਼ਬਿਆਂ ਅਤੇ ਵਿਅਕਤੀਗਤ ਰਹਿਣੀ ਦਾ ਕੇਂਦਰ ਹੁੰਦਾ ਹੈ। ਉਸ ਦੇ ਆਚਰਨ ਨੂੰ ਬਣਾਉਣ ਵਿੱਚ ਜਿੱਥੇ ਸਮਾਜਿਕ ਤੇ ਮੁਲਕੀ ਆਲ਼ੇ-ਦੁਆਲ਼ੇ ਦਾ ਪ੍ਰਭਾਵ ਕੰਮ ਕਰਦਾ ਹੈ ਉੱਥੇ ਇਸ ਦੇ ਨਾਲ ਹੀ ਘਰ ਦੀ ਚਾਰਦੀਵਾਰੀ ਅਤੇ ਇਸ ਦੇ ਅੰਦਰਲੇ ਹਾਲਾਤ ਦਾ ਅਸਰ ਵੀ ਘੱਟ ਕੰਮ ਨਹੀਂ ਕਰਦਾ। ਅਸਲੀਅਤ ਤਾਂ ਇਹ ਹੈ ਕਿ ਮਨੁੱਖ ਦਾ ਆਚਰਨ ਬਣਦਾ ਹੀ ਘਰ ਵਿੱਚ ਹੈ। ਲੇਖਕ ਜਦ ਕਿਸੇ ਸੱਜਣ ਦੇ ਭੈੜੇ, ਸੜੀਅਲ ਜਾਂ ਖਿਝੂ ਸੁਭਾਅ ਨੂੰ ਦੇਖਦਾ ਹੈ ਤਾਂ ਦਿਲ ਵਿੱਚ ਕਹਿੰਦਾ ਹੈ ਕਿ ਉਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ। ਇਸ ਤਰ੍ਹਾਂ ਮਨੁੱਖ ਦੇ ਆਚਰਨ ਨੂੰ ਬਣਾਉਣ ਵਿੱਚ ਘਰ ਦਾ ਵਿਸ਼ੇਸ਼ ਯੋਗਦਾਨ ਹੈ।

ਪ੍ਰਸ਼ਨ 15. ਪ੍ਰਿੰਸੀਪਲ ਤੇਜਾ ਸਿੰਘ ਨੇ ਕਥੱਕੜਾਂ ਦੇ ਸੁਭਾਅ ਵਿੱਚ ਕਰੜਾਈ ਦਾ ਜੋ ਕਾਰਨ ਦੱਸਿਆ ਹੈ ਉਸ ਬਾਰੇ 50-60 ਸ਼ਬਦਾਂ ਵਿੱਚ ਉੱਤਰ ਜਾਣਕਾਰੀ ਦਿਓ।

ਉੱਤਰ : ਕਥੱਕੜਾਂ (ਕਥਾ-ਵਾਚਕਾਂ) ਬਾਰੇ ਜਾਣਕਾਰੀ ਦਿੰਦਾ ਲੇਖਕ (ਪ੍ਰਿੰ. ਤੇਜਾ ਸਿੰਘ) ਦੱਸਦਾ ਹੈ ਕਿ ਉਸ ਨੇ ਕਈ ਵੱਡੇ-ਵੱਡੇ ਕਥਾ-ਵਾਚਕ (ਕਥੱਕੜ) ਦੇਖੇ ਹਨ ਜਿਹੜੇ ਬਾਹਰ ਪੰਡਾਲਾਂ ਵਿੱਚ ਕਥਾ ਕਰਦਿਆਂ ਜਾਂ ਭਾਸ਼ਣ ਦਿੰਦਿਆਂ ਆਪਣੀ ਸਿਆਣਪ ਜਾਂ ਵਿੱਦਿਆ ਦੇ ਚਮਤਕਾਰ ਦੱਸ ਕੇ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ ਪਰ ਜੇਕਰ ਕੋਈ ਦੁਖੀ ਜਾਂ ਲੋੜਵੰਦ ਉਹਨਾਂ ਦੇ ਦਰਵਾਜ਼ੇ ‘ਤੇ ਚਲਾ ਜਾਵੇ ਤਾਂ ਸ਼ਾਇਦ ਮੁਲਾਕਾਤ ਲਈ ਚਾਰ-ਚਾਰ ਘੰਟੇ ਉਡੀਕਣਾ ਪਵੇ। ਜੇਕਰ ਉਹ ਮਿਲ ਵੀ ਪੈਣ ਤਾਂ ਉਹਨਾਂ ਦਾ ਦਿਲ ਹਮਦਰਦੀ ਨਾਲ ਨਹੀਂ ਪੱਘਰਦਾ। ਉਹਨਾਂ ਦੀਆਂ ਅੱਖਾਂ ਤਰਸ ਜਾਂ ਪਿਆਰ ਨਾਲ ਗਿੱਲੀਆਂ ਨਹੀਂ ਹੁੰਦੀਆਂ। ਏਡੀ ਕਰੜਾਈ ਦੇ ਕਾਰਨ ਬਾਰੇ ਇਹੋ ਜਿਹੇ ਇੱਕ ਸੱਜਣ ਦੀ ਵਹੁਟੀ ਕਿਹਾ ਕਰਦੀ ਹੈ ਕਿ ਭਾਈ ਹੋਰੀਂ ਸਾਰੀ ਜ਼ਿੰਦਗੀ ਹੈਂਡ ਬੈਗ ਨਾਲ ਮੋਟਰਾਂ – ਗੱਡੀਆਂ ਦੇ ਸਫ਼ਰ ਵਿੱਚ ਲੰਘਾ ਛੱਡਦੇ ਹਨ। ਉਹਨਾਂ ਵਿੱਚ ਘਰ ਦਾ ਪਿਆਰ ਨਹੀਂ ਹੁੰਦਾ। ਇਸੇ ਲਈ ਉਹਨਾਂ ਦੀ ਜ਼ਿੰਦਗੀ ਰਸ ਤੋਂ ਖ਼ਾਲੀ ਕੋਰੀ ਜਿਹੀ ਹੁੰਦੀ ਹੈ।

ਪ੍ਰਸ਼ਨ 16. ਮੁੰਡਿਆਂ ਅਤੇ ਵਿਦਿਆਰਥੀਆਂ ਬਾਰੇ ਕੀਤੀ ਜਾਂਦੀ ਸ਼ਿਕਾਇਤ ਬਾਰੇ ਪ੍ਰਿੰ. ਤੇਜਾ ਸਿੰਘ ਨੇ ਜੋ ਵਿਚਾਰ ਪੇਸ਼ ਕੀਤੇ ਹਨ ਉਹਨਾਂ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।

ਉੱਤਰ : ਮੁੰਡਿਆਂ ਅਤੇ ਵਿਦਿਆਰਥੀਆਂ ਬਾਰੇ ਕੀਤੀ ਜਾਂਦੀ ਸ਼ਿਕਾਇਤ ਬਾਰੇ ਲੇਖਕ (ਪ੍ਰਿੰ. ਤੇਜਾ ਸਿੰਘ) ਦੱਸਦਾ ਹੈ ਕਿ ਉਹ ਸਮਾਜਿਕ ਵਰਤੋਂ ਵਿੱਚ ਕੋਰੇ ਜਿਹੇ, ਗ਼ੈਰਜ਼ੁੰਮੇਵਾਰ ਅਤੇ ਸਦਾਚਾਰ ਦੀਆਂ ਸੀਮਾਵਾਂ ਲੰਘ ਜਾਣ ਵਾਲੇ ਬਣ ਜਾਂਦੇ ਹਨ। ਲੇਖਕ ਨੇ ਇਸ ਦਾ ਕਾਰਨ ਘਰਾਂ ਨੂੰ ਛੱਡ ਕੇ ਬੋਰਡਿੰਗ ਦੀ ਰਹਿਣੀ-ਬਹਿਣੀ ਨੂੰ ਦੱਸਿਆ ਹੈ। ਲੇਖਕ ਦੱਸਦਾ ਹੈ ਕਿ ਜਿਹੜਾ ਮੁੰਡਾ ਬਚਪਨ ਤੇ ਲੈ ਕੇ ਉਮਰ ਦਾ ਕਾਫ਼ੀ ਹਿੱਸਾ ਮਾਂ, ਭੈਣ, ਭਰਾ ਅਤੇ ਗੁਆਂਢੀਆਂ ਤੋਂ ਅਲੱਗ ਰਹਿ ਕੇ ਬੋਰਡਿੰਗ ਵਿੱਚ ਬਿਤਾਉਂਦਾ ਹੈ ਉਸ ਵਿੱਚ ਲੱਜਾ, ਹਮਦਰਦੀ, ਬਰਾਦਰੀ ਦਾ ਸਨਮਾਨ ਆਦਿ ਘਰੋਗੀ ਗੁਣ ਪੈਦਾ ਨਹੀਂ ਹੁੰਦੇ। ਚਾਚੀ ਦੇ ਮਰ ਜਾਣ ‘ਤੇ ਮੁੰਡੇ ਨੂੰ ਚਾਚੇ ਕੋਲ ਜਾ ਕੇ ਅਫ਼ਸੋਸ ਕਰਨ ਦੀ ਜਾਚ ਨਹੀਂ ਆਉਂਦੀ। ਉਸ ਦੀ ਮਾਂ ਨੂੰ ਨਾਲ ਜਾ ਕਹਿਣਾ ਪੈਂਦਾ ਹੈ ਕਿ ਕਾਕਾ ਚਾਚੀ ਦੇ ਅਫ਼ਸੋਸ ਲਈ ਆਇਆ ਹੈ।

ਪ੍ਰਸ਼ਨ 17. ਘਰੋਗੀ ਜੀਵਨ ਛੱਡ ਕੇ ਸਾਧ-ਸੰਤ ਬਣਨ ਵਾਲੇ ਵਿਅਕਤੀਆਂ ਬਾਰੇ ਲੇਖਕ ਨੇ ਜੋ ਜਾਣਕਾਰੀ ਦਿੱਤੀ ਹੈ ਉਸ ਦਾ ਵੇਰਵਾ 50-60 ਸ਼ਬਦਾਂ ਵਿੱਚ ਦਿਓ।

ਉੱਤਰ : ਲੇਖਕ (ਪ੍ਰਿੰ. ਤੇਜਾ ਸਿੰਘ) ਦੱਸਦਾ ਹੈ ਕਿ ਜਿਹੜੇ ਲੋਕ ਘਰੋਗੀ ਜੀਵਨ ਦਾ ਤਿਆਗ ਕਰ ਕੇ ਸਾਧ-ਸੰਤ ਬਣ ਕੇ ਧਰਮ ਕਮਾਉਣਾ ਚਾਹੁੰਦੇ ਹਨ, ਉਹਨਾਂ ਲਈ ਅਜਿਹਾ ਕਰਨਾ ਓਨਾ ਹੀ ਮੁਸ਼ਕਲ ਹੈ, ਜਿੰਨਾ ਜ਼ਮੀਨ ਨੂੰ ਛੱਡ ਕੇ ਹਵਾ ਵਿੱਚ ਬੀਜ ਬੀਜਣ ਦੀ ਇੱਛਾ ਰੱਖਣ ਵਾਲੇ ਕਿਸਾਨ ਲਈ। ਵੱਡੇ-ਵੱਡੇ ਮਹਾਂਪੁਰਸ਼ ਅਖਵਾਉਣ ਵਾਲ਼ੇ ਉਹ ਲੋਕ ਜਿਹੜੇ ਸਤ ਤੋਂ ਕੰਨੀ ਕਤਰਾਉਂਦੇ ਹਨ, ਧਾਰਮਿਕ ਜਾਂ ਅਖ਼ਲਾਕੀ ਮੁਸ਼ਕਲ ਪੈਣ ‘ਤੇ ਝੱਟ ਡਿਗ ਜਾਂਦੇ ਹਨ। ਕਈ ਤਾਂ ਮਾਇਆ ਵਿੱਚ ਫਸ ਜਾਣ ਦੇ ਡਰ ਤੋਂ ਜੰਮਦਿਆਂ ਹੀ ਕਰਮੰਡਲ ਚੁੱਕ ਕੇ ਬਣਵਾਸ ਲਈ ਚਲੇ ਜਾਂਦੇ ਹਨ। ਇਹੀ ਕਾਰਨ ਹੈ ਕਿ ਸਿੱਖ ਗੁਰੂਆਂ ਨੇ ਘਰੋਗੀ ਜੀਵਨ ‘ਤੇ ਜ਼ੋਰ ਦਿੱਤਾ ਹੈ।

ਪ੍ਰਸ਼ਨ 18. ‘ਘਰ ਦਾ ਪਿਆਰ’ ਲੇਖ/ਨਿਬੰਧ ਦੇ ਲੇਖਕ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।

ਉੱਤਰ : ‘ਘਰ ਦਾ ਪਿਆਰ’ ਲੇਖ/ਨਿਬੰਧ ਦਾ ਲੇਖਕ ਪ੍ਰਿੰ. ਤੇਜਾ ਸਿੰਘ ਪੰਜਾਬੀ ਦੇ ਪ੍ਰਮੁੱਖ ਵਾਰਤਕਕਾਰਾਂ ਵਿੱਚੋਂ ਇੱਕ ਹੈ। ਉਸ ਦਾ ਜਨਮ 1894 ਈ. ਵਿੱਚ ਪਿੰਡ ਅਡਿਆਲਾ ਜ਼ਿਲ੍ਹਾ ਰਾਵਲਪਿੰਡੀ (ਹੁਣ ਪਾਕਿਸਤਾਨ ਵਿੱਚ) ਵਿਖੇ ਹੋਇਆ। ਆਪ ਨੇ ਐੱਮ. ਏ. ਅੰਗਰੇਜ਼ੀ ਤੱਕ ਦੀ ਪੜ੍ਹਾਈ ਕੀਤੀ। ਖ਼ਾਲਸਾ ਕਾਲਜ, ਅੰਮ੍ਰਿਤਸਰ ਵਿਖੇ ਪ੍ਰੋਫ਼ੈਸਰ ਵਜੋਂ ਅਧਿਆਪਨ ਕਾਰਜ ਕਰਨ ਤੋਂ ਬਿਨਾਂ ਆਪ ਖਾਲਸਾ ਕਾਲਜ ਬੰਬਈ (ਮੁੰਬਈ) ਅਤੇ ਮਹਿੰਦਰਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਵੀ ਰਹੇ। ਪ੍ਰਿੰ. ਤੇਜਾ ਸਿੰਘ ਨੇ ਪੰਜਾਬੀ ਵਾਰਤਕ ਨੂੰ ਇੱਕ ਅਲੱਗ ਸ਼ੈਲੀ ਪ੍ਰਦਾਨ ਕੀਤੀ। ਨਿਬੰਧਾਂ ਦੇ ਰੂਪ ਵਿੱਚ ਪੰਜਾਬੀ ਵਾਰਤਕ ਨੂੰ ਉਸ ਦੀ ਵਿਸ਼ੇਸ਼ ਦੇਣ ਹੈ। ਇਸ ਤੋਂ ਬਿਨਾਂ ਉਸ ਨੇ ‘ਆਰਸੀ’ ਨਾਂ ਦੀ ਸ੍ਵੈਜੀਵਨੀ ਵੀ ਲਿਖੀ। ਸਾਹਿਤ ਦਰਸ਼ਨ, ਨਵੀਆਂ ਸੋਚਾਂ, ਸਹਿਜ ਸੁਭਾ ਅਤੇ ਘਰ ਦਾ ਪਿਆਰ ਆਪ ਦੇ ਨਿਬੰਧ-ਸੰਗ੍ਰਹਿ ਹਨ। 1958 ਈ. ਵਿੱਚ ਪਿੰ. ਤੇਜਾ ਸਿੰਘ ਦਾ ਦਿਹਾਂਤ ਹੋ ਗਿਆ।

ਪ੍ਰਸ਼ਨ 19. ਕੀ ‘ਘਰ ਦਾ ਪਿਆਰ’ ਨਿਬੰਧ-ਕਲਾ ਦੇ ਪੱਖੋਂ ਸਫਲ ਰਚਨਾ ਹੈ? 50-60 ਸ਼ਬਦਾਂ ਵਿੱਚ ਚਿੱਤਰ ਦਿਓ।

ਉੱਤਰ : ‘ਘਰ ਦਾ ਪਿਆਰ’ ਪ੍ਰਿੰ. ਤੇਜਾ ਸਿੰਘ ਦਾ ਇੱਕ ਮਹੱਤਵਪੂਰਨ ਨਿਬੰਧ ਹੈ। ਇਸ ਨਿਬੰਧ ਵਿੱਚ ਘਰ ਦੇ ਪਿਆਰ ਦੇ ਮਹੱਤਵ ਨੂੰ ਪ੍ਰਗਟਾਇਆ ਗਿਆ ਹੈ। ਇਹ ਨਿਬੰਧ ਸਿੱਧਾ ਵਿਸ਼ੇ ਤੋਂ ਅਰੰਭ ਹੁੰਦਾ ਹੈ। ਲੇਖਕ ਨੇ ਘਰ ਦੇ ਪਿਆਰ ਦੀ ਅਣਹੋਂਦ ਦੇ ਸਾਡੇ ਜੀਵਨ ‘ਤੇ ਪੈਂਦੇ ਅਸਰ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਬਿਆਨਿਆ ਹੈ। ਨਿਬੰਧ ਦੇ ਅੰਤ ‘ਤੇ ਲੇਖਕ ਦੀ ਆਪਣੇ ਪਿੰਡ ਨਾਲ ਭਾਵਕ ਸਾਂਝ ਪ੍ਰਗਟ ਹੁੰਦੀ ਹੈ। ਇਸ ਨਿਬੰਧ ਦੀ ਵਾਰਤਕ ਸਰਲ, ਸਪਸ਼ਟ ਅਤੇ ਟਕਸਾਲੀ ਰੂਪ ਵਾਲੀ ਹੈ। ਇਹ ਵਾਰਤਕ ਵਿਆਕਰਨਿਕ ਪੱਖੋਂ ਸ਼ੁੱਧ ਹੈ। ਆਪਣੇ ਵਿਚਾਰਾਂ ਦੀ ਪੁਸ਼ਟੀ ਲਈ ਲੇਖਕ ਢੁਕਵੀਆਂ ਦਲੀਲਾਂ ਦੀ ਵਰਤੋਂ ਕਰਦਾ ਹੈ। ਇਹ ਲੇਖ/ਨਿਬੰਧ ਸੰਗਠਿਤ ਜੇ ‘ਤੇ ਬਣਤਰ ਵਾਲਾ ਹੈ। ਤੇਜਾ ਸਿੰਘ ਇੱਕ ਸਫਲ ਨਿਬੰਧਕਾਰ ਹੈ। ‘ਘਰ ਦਾ ਪਿਆਰ’ ਉਸ ਦੀ ਸਫਲ ਨਿਬੰਧ-ਕਲਾ ਦਾ ਉਦਾਹਰਨ ਹੈ।

ਪ੍ਰਸ਼ਨ 20. ‘ਘਰ ਦਾ ਪਿਆਰ’ ਲੇਖ ਵਿੱਚ ਪ੍ਰਗਟਾਏ ਗਏ ਵਿਚਾਰਾਂ ਨੂੰ ਸੰਖੇਪ ਕਰ ਕੇ 50-60 ਸ਼ਬਦਾਂ ਵਿੱਚ ਲਿਖੋ।

ਉੱਤਰ : ਘਰ ਉਹ ਥਾਂ ਹੈ ਜਿੱਥੇ ਸਾਡੇ ਪਿਆਰ ਤੇ ਸੱਧਰਾਂ ਪਲਦੀਆਂ ਹਨ ਅਤੇ ਜਿਸ ਨਾਲ ਸਾਡੀ ਭਾਵਕ ਸਾਂਝ ਹੁੰਦੀ ਹੈ। ਮਨੁੱਖ ਦਾ ਆਚਰਨ ਤਾਂ ਘਰ ਵਿੱਚ ਹੀ ਬਣਦਾ ਹੈ। ਜਿਨ੍ਹਾਂ ਨੂੰ ਘਰ ਦਾ ਪਿਆਰ ਨਹੀਂ ਮਿਲ਼ਦਾ ਉਹ ਖਿਝੂ, ਸੜੀਅਲ ਅਤੇ ਖਰ੍ਹਵੇ ਸੁਭਾਅ ਦੇ ਹੁੰਦੇ ਹਨ। ਇਹਨਾਂ ਦੀ ਜ਼ਿੰਦਗੀ ਰਸ ਤੋਂ ਖ਼ਾਲੀ ਕੋਰੀ ਜਿਹੀ ਹੁੰਦੀ ਹੈ। ਮਹਾਂਪੁਰਸ਼ਾਂ ਦੇ ਜੀਵਨ ਲਈ ਵੀ ਘਰ ਦੇ ਪਿਆਰ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜੇਕਰ ਕਾਰਲਾਈਲ ਆਪਣੀ ਪਤਨੀ ਨੂੰ ਪਿਆਰ ਕਰਦਾ ਤਾਂ ਉਹ ਖਿਝੂ ਤੇ ਸੜੂ ਸੁਭਾਅ ਦਾ ਨਾ ਹੁੰਦਾ। ਦੂਸਰੇ ਪਾਸੇ ਅੱਜ-ਕੱਲ੍ਹ ਦੀ ਬਹੁਤੀ ਦੁਰਾਚਾਰੀ ਦਾ ਕਾਰਨ ਘਰੋਗੀ ਵੱਸੋਂ ਦਾ ਘਾਟਾ ਹੈ। ਅਸਲੀ ਧਾਰਮਿਕ ਜੀਵਨ ਦੀ ਨੀਂਹ ਵੀ ਘਰ ਦੀ ਰਹਿਣੀ-ਬਹਿਣੀ ਵਿੱਚ ਹੀ ਰੱਖੀ ਜਾ ਸਕਦੀ ਹੈ। ਸਿੱਖ ਗੁਰੂਆਂ ਨੇ ਇਸ ਲਈ ਘਰੋਗੀ ਜੀਵਨ ‘ਤੇ ਜ਼ੋਰ ਦਿੱਤਾ। ਕਿਉਂਕਿ ਸਦਾਚਾਰ ਬਣਦਾ ਹੀ ਘਰੋਗੀ ਜੀਵਨ ਤੋਂ ਹੈ। ਘਰ ਦੇ ਪਿਆਰ ਤੋਂ ਹੀ ਸਮਾਜ ਅਤੇ ਦੇਸ ਦਾ ਪਿਆਰ ਪੈਦਾ ਹੁੰਦਾ ਹੈ।