ਘਰ ਤੇ ਰੁੱਖ – ਪੈਰਾ ਰਚਨਾ
‘ਘਰ ਤੇ ਰੁੱਖ’ ਕੁੱਝ ਅਰਥਾਂ ਵਿੱਚ ਤਾਂ ਇਕ – ਦੂਜੇ ਦੇ ਸਮਾਨਰਥੀ ਪ੍ਰਤੀਤ ਹੁੰਦੇ ਹਨ, ਪਰ ਕੁੱਝ ਵਿੱਚ ਵੱਖਰੇ। ਆਦਿ ਕਾਲ ਤੋਂ ਹੀ ਮਨੁੱਖ ਦਾ ਘਰ ਅਤੇ ਰੁੱਖਾਂ ਨਾਲ ਸੰਬੰਧ ਰਿਹਾ ਹੈ। ਉਸ ਸਮੇਂ ਕੰਦਰਾਂ ਤੇ ਗੁਫ਼ਾਵਾਂ ਤੋਂ ਬਿਨਾਂ ਮਨੁੱਖ ਦਾ ਘਰ ਰੁੱਖਾਂ ਦੀ ਝੰਗੀ ਵਿਚ ਜਾਂ ਰੁੱਖਾਂ ਦੇ ਵੱਡੇ ਟਾਹਣਾਂ ਉੱਤੇ ਹੁੰਦਾ ਸੀ। ਫਿਰ ਭਾਵੇਂ ਹੌਲੇ – ਹੌਲੇ ਉਸ ਨੇ ਪੱਕੇ ਘਰ ਬਣਾ ਲਏ, ਫਿਰ ਵੀ ਰੁੱਖ ਉਸ ਦੇ ਘਰ ਤੇ ਆਲੇ – ਦੁਆਲੇ ਵਿਚ ਮਹੱਤਵਪੂਰਨ ਸਥਾਨ ਰੱਖਦੇ ਹਨ। ਕੁਦਰਤ ਵਿਚ ਬਹੁਤ ਸਾਰੇ ਪੰਛੀਆਂ ਦੇ ਆਲ੍ਹਣਿਆਂ ਤੇ ਖੋੜਾਂ ਦੇ ਰੂਪ ਵਿਚ ਘਰ ਰੁੱਖਾਂ ਦੇ ਉੱਤੇ ਹੀ ਹੁੰਦੇ ਸਨ।
ਘਰ ਤੇ ਰੁੱਖ ਦੋਵੇਂ ਚੀਜ਼ਾਂ ਮਨੁੱਖ ਨੂੰ ਖੁਸ਼ੀ ਤੇ ਆਨੰਦ ਦਿੰਦੀਆਂ ਹਨ। ਘਰ ਤੇ ਰੁੱਖ ਦੋਵੇਂ ਚੀਜ਼ਾਂ ਹੀ ਮਨੁੱਖ ਨੂੰ ਸੁਖਦਾਈ ਆਸਰਾ ਦਿੰਦੀਆਂ ਹਨ। ਇਸ ਤਰ੍ਹਾਂ ਹਰੇ – ਭਰੇ ਤੇ ਫੁੱਲਾਂ – ਫਲਾਂ ਨਾਲ ਭਰੇ ਰੁੱਖ ਨੂੰ ਦੇਖ ਕੇ ਮਨੁੱਖ ਦੀ ਰੂਹ ਨਸ਼ਿਆ ਜਾਂਦੀ ਹੈ, ਇਸੇ ਤਰ੍ਹਾਂ ਆਪਣੇ ਘਰ ਦਾ ਨਜ਼ਾਰਾ ਉਸ ਨੂੰ ਅਕਹਿ ਨਸ਼ਾ ਦਿੰਦਾ ਹੈ।
ਜਿਸ ਤਰ੍ਹਾਂ ਰੁੱਖ ਵੱਧਦਾ ਰਹਿੰਦਾ ਹੈ, ਉਸੇ ਤਰ੍ਹਾਂ ਮਨੁੱਖ ਦਾ ਘਰ ਵੀ ਆਕਾਰ ਤੇ ਪਰਿਵਾਰ ਦੇ ਰੂਪ ਵਿੱਚ ਵੱਧਦਾ ਰਹਿੰਦਾ ਹੈ। ਜਿਵੇਂ ਬਹੁਤ ਸਾਰੇ ਇਕੱਠੇ ਰੁੱਖਾਂ ਦਾ ਨਜ਼ਾਰਾ ਮਨ ਉੱਪਰ ਸੁਖਦਾਈ ਪ੍ਰਭਾਵ ਪਾਉਂਦਾ ਹੈ, ਇਸ ਤਰ੍ਹਾਂ ਬਹੁਤੇ ਘਰ ਰਲ ਕੇ ਬਣਿਆ ਪਿੰਡ, ਨਗਰ ਜਾਂ ਸ਼ਹਿਰ ਵੀ ਮਨੁੱਖੀ ਮਨ ਨੂੰ ਅਕਹਿ ਸੁਖ ਪ੍ਰਦਾਨ ਕਰਦਾ ਹੈ। ਇੰਨੀਆਂ ਸਮਾਨਤਾਵਾਂ ਦੇ ਬਾਵਜੂਦ ਵੀ ਇਹ ਦੋਵੇਂ ਵੱਖ – ਵੱਖ ਚੀਜ਼ਾਂ ਹਨ।