ਘਰ ਜਾ ਆਪਣੇ : 20-25 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ :


ਪ੍ਰਸ਼ਨ 1. ‘ਘਰ ਜਾ ਆਪਣੇ’ ਕਹਾਣੀ ਦੇ ਲੇਖਕ ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ-ਕਲਾ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਪੰਜਾਬੀ ਕਹਾਣੀ ਦੇ ਖੇਤਰ ਵਿੱਚ ਗੁਲਜ਼ਾਰ ਸਿੰਘ ਸੰਧੂ ਦੀ ਵਿਸ਼ੇਸ਼ ਦੇਣ ਹੈ। ਉਸ ਨੇ ਵਿਭਿੰਨ ਵਿਸ਼ਿਆਂ ’ਤੇ ਕਹਾਣੀਆਂ ਲਿਖੀਆਂ ਹਨ। ਉਸ ਨੇ ਪੰਜਾਬ ਸੰਕਟ ਨਾਲ ਸੰਬੰਧਿਤ ਕਹਾਣੀਆਂ ਦੀ ਰਚਨਾ ਵੀ ਕੀਤੀ ਹੈ। ਇਹਨਾਂ ਕਹਾਣੀਆਂ ਵਿੱਚ ਇਸ ਸੰਕਟ ਦੇ ਦੁਖਾਂਤ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਇਆ ਗਿਆ ਹੈ। ਕਲਾ ਦੇ ਪੱਖੋਂ ਉਸ ਦੀਆਂ ਕਹਾਣੀਆਂ ਸਫਲ ਹਨ। ਉਹ ਯਥਾਰਥਵਾਦੀ ਅਤੇ ਮਾਨਵੀ ਦ੍ਰਿਸ਼ਟੀ ਵਾਲਾ ਕਹਾਣੀਕਾਰ ਹੈ।

ਪ੍ਰਸ਼ਨ 2. ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ ‘ਘਰ ਜਾ ਆਪਣੇ’ ਦੇ ਵਿਸ਼ੇ ਤੋਂ ਜਾਣੂ ਕਰਵਾਓ।

ਜਾਂ

ਪ੍ਰਸ਼ਨ. ‘ਘਰ ਜਾ ਆਪਣੇ’ ਦਾ ਕੇਂਦਰੀ ਉਦੇਸ਼ ਕੀ ਹੈ?

ਉੱਤਰ : ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ ‘ਘਰ ਜਾ ਆਪਣੇ’ ਦਾ ਵਿਸ਼ਾ ਜਾਂ ਕੇਦਰੀ ਉਦੇਸ਼ ਪੇਂਡੂ ਸੱਭਿਆਚਾਰ ਦੇ ਪ੍ਰਸੰਗ ਵਿੱਚ ਵਿਆਹ ਦੇ ਮਾਹੌਲ ਅਤੇ ਇਸ ਦੀਆਂ ਰਸਮਾਂ ਨੂੰ ਪ੍ਰਗਟਾਉਣਾ ਹੈ। ਇਸ ਕਹਾਣੀ ਵਿੱਚ ਮਾਨਵੀ ਰਿਸ਼ਤਿਆਂ ਅਤੇ ਵਿਸ਼ੇਸ਼ ਤੌਰ ‘ਤੇ ਭੈਣ-ਭਰਾ ਦੇ ਰਿਸ਼ਤੇ ਵਿਚਲੀ ਅਪਣੱਤ/ਸਾਂਝ ਤੇ ਇਸ ਰਿਸ਼ਤੇ ਦੇ ਪਿਆਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਉਣਾ ਵੀ ਇਸ ਕਹਾਣੀ ਦਾ ਕੇਦਰੀ ਉਦੇਸ਼ ਹੈ। ਕਹਾਣੀਕਾਰ ਇਹ ਦੱਸਣਾ ਚਾਹੁੰਦਾ ਹੈ ਕਿ ਵਿਆਹ ਦੀ ਰਸਮ ਸਾਨੂੰ ਆਪਣਿਆਂ ਨਾਲ ਮਿਲ-ਬੈਠਣ ਦਾ ਮੌਕਾ ਦਿੰਦੀ ਹੈ।

ਪ੍ਰਸ਼ਨ 3. ‘ਘਰ ਜਾ ਆਪਣੇ’ ਕਹਾਣੀ ਦਾ ਇਹ ਸਿਰਲੇਖ ਕਿੱਥੋਂ ਤੱਕ ਢੁਕਵਾਂ ਹੈ?

ਉੱਤਰ : ‘ਘਰ ਜਾ ਆਪਣੇ’ ਕਹਾਣੀ ਵਿੱਚ ਜੀਤੋ ਦੇ ਸਹੁਰੇ ਘਰ ਜਾਣ ਦਾ ਜ਼ਿਕਰ ਹੈ। ਇਸ ਕਹਾਣੀ ਵਿੱਚ ਵਿਆਹ ਦਾ ਮਾਹੌਲ ਉਸਾਰ ਕੇ ਜੀਤੋ ਨੂੰ ਸਹੁਰੇ ਘਰ ਜਾਂਦੀ ਦਿਖਾਇਆ ਗਿਆ ਹੈ। ਮਾਪੇ ਧੀ ਦੇ ਵਿਆਹ ਦਾ ਭਾਰ ਲਾਹ ਕੇ ਸੁਰਖ਼ਰੂ ਹੋਣਾ ਚਾਹੁੰਦੇ ਹਨ। ਪਰ ਜੀਤੋ ਦੁਖੀ ਸੀ ਕਿ ਸਾਰੇ ਅੰਗ-ਸਾਕ ਤੇ ਸਹੇਲੀਆਂ ਉਸ ਨੂੰ ਉਸ ਦੀ ਜਨਮ-ਭੂਮੀ ਵਿੱਚੋਂ ਕੱਢਣ ਦੀਆਂ ਤਿਆਰੀਆਂ ਵਿੱਚ ਹਨ। ਇਹ ਵੀ ਸਚਾਈ ਹੈ ਕਿ ਕੁੜੀਆਂ ਨੂੰ ਤਾਂ ਸਹੁਰੇ ਜਾਣਾ ਹੀ ਪੈਂਦਾ ਹੈ। ਇਸ ਪ੍ਰਸੰਗ ਵਿੱਚ ‘ਘਰ ਜਾ ਆਪਣੇ’ ਸਿਰਲੇਖ ਪੂਰੀ ਤਰ੍ਹਾਂ ਢੁਕਵਾਂ ਹੈ।

ਪ੍ਰਸ਼ਨ 4. ਜੀਤੋ ਦੇ ਵੀਰ ਨੂੰ ਕੌਣ ਅਤੇ ਕਿਉਂ ਉਲਾਮ੍ਹੇ ਦਿੰਦੇ ਸਨ?

ਉੱਤਰ : ਜੀਤੋ ਦਾ ਵੱਡਾ ਵੀਰ ਵਿਆਹ ਦੀ ਉਮਰ ਹੋਣ ‘ਤੇ ਵੀ ਵਿਆਹ ਕਰਵਾਉਣ ਲਈ ਨਹੀਂ ਸੀ ਮੰਨਦਾ। ਜੀਤੋ ਦੇ ਚਾਚੇ-ਚਾਚੀਆਂ, ਮਾਮੇ-ਮਾਮੀਆਂ, ਦੂਰੋਂ-ਨੇੜਿਓਂ ਲੱਗਦੀਆਂ ਭਾਬੀਆਂ ਅਤੇ ਜੀਤੋ ਦੀਆਂ ਸਹੇਲੀਆਂ ਜੀਤੋ ਦੇ ਵੀਰ ਨੂੰ ਉਲਾਮ੍ਹੇ ਦਿੰਦੀਆਂ ਸਨ ਕਿ ਉਹ ਉਹਨਾਂ ਨੂੰ ਇਕੱਠੇ ਮਿਲ ਕੇ ਬੈਠਣ ਦਾ ਮੌਕਾ ਨਹੀਂ ਸੀ ਦਿੰਦਾ।

ਪ੍ਰਸ਼ਨ 5. ਜੀਤੋ ਦੇ ਵੱਡੇ ਵੀਰ ਦੀ ਥਾਂ ਜੀਤੋ ਦਾ ਵਿਆਹ ਕਿਉਂ ਰਚਾਇਆ ਗਿਆ?

ਉੱਤਰ : ਜੀਤੋ ਦਾ ਵੱਡਾ ਵੀਰ ਵਿਆਹ ਲਈ ਨਹੀਂ ਸੀ ਮੰਨਦਾ। ਘਰਦਿਆਂ ਨੇ ਉਸ ਦੀ ਥਾਂ ਜੀਤੋ ਦਾ ਵਿਆਹ ਰਚਾ ਦਿੱਤਾ ਕਿਉਂਕਿ ਅਜਿਹਾ ਕਰਨ ਨਾਲ ਸਭ ਦੇ ਸਿਰ ਦਾ ਭਾਰ/ਬੋਝ ਹੌਲ਼ਾ ਅਤੇ ਸਭ ਦਾ ਪੁੰਨ ਹੁੰਦਾ ਸੀ । ਜੀਤੋ ਨੂੰ ਸਤਾਰਵਾਂ ਸਾਲ ਲੱਗ ਗਿਆ ਸੀ। ਉਸ ਲਈ ਮੁੰਡਾ ਲੱਭ ਲਿਆ ਗਿਆ ਅਤੇ ਘਰ ਵਿੱਚ ਉਸ ਦਾ ਵਿਆਹ ਕਰਨ ਦੀਆਂ ਸਲਾਹਾਂ ਹੋਣ ਲੱਗੀਆਂ।

ਪ੍ਰਸ਼ਨ 6. ਜੀਤੋ ਦੇ ਵਿਆਹ ਦੇ ਕੰਮਾਂ ਦੀਆਂ ਤਿਆਰੀਆਂ ਕਰਨ ਬਾਰੇ ਜਾਣਕਾਰੀ ਦਿਓ।

ਉੱਤਰ : ਜੀਤੋ ਦੇ ਵਿਆਹ ਦੇ ਕੰਮਾਂ ਦੀਆਂ ਤਿਆਰੀਆਂ ਹੋ ਰਹੀਆਂ ਸਨ। ਬਾਹਰ ਦੇ ਸਾਰੇ ਕੰਮ ਜੀਤੋ ਦੇ ਵੱਡੇ ਵੀਰ ਨੇ ਕਰਨੇ ਸਨ। ਇਹਨਾਂ ਕੰਮਾਂ ਵਿੱਚ ਉਸ ਦੀ ਮੱਤ ਮਾਰੀ ਗਈ ਸੀ। ਜੀਤੋ ਦੇ ਮਾਪਿਆਂ ਦੀ ਘਰ ਦੇ ਕੰਮਾਂ ਵਿੱਚ ਹੀ ਮੱਤ ਮਾਰੀ ਗਈ ਸੀ। ਵਿਆਹ ਦੇ ਕੰਮਾਂ ਵਿੱਚ
ਅਨੰਦ-ਕਾਰਜ ਲਈ ਰਾਗੀਆਂ ਦਾ ਪ੍ਰਬੰਧ ਕਰਨਾ, ਬਰਾਤੀਆਂ ਲਈ ਫਲ ਖ਼ਰੀਦਣੇ, ਖਾਣੇ ਲਈ ਮੇਜ਼-ਕੁਰਸੀਆਂ ਤੇ ਪਿਰਚ-ਪਿਆਲੀਆਂ ਦਾ ਪ੍ਰਬੰਧ ਕਰਨਾ ਆਦਿ ਵਰਨਣ ਯੋਗ ਸਨ।

ਪ੍ਰਸ਼ਨ 7. ਮੁੰਡੇ ਵਾਲਿਆਂ ਦੀ ਚਿੱਠੀ ਵਿੱਚ ਕੀ ਲਿਖਿਆ ਹੋਇਆ ਸੀ?

ਉੱਤਰ : ਡਾਕੀਆ ਮੁੰਡੇ ਵਾਲਿਆਂ ਦੀ ਚਿੱਠੀ ਦੇ ਗਿਆ ਸੀ। ਉਹਨਾਂ ਚਿੱਠੀ ਵਿੱਚ ਲਿਖਿਆ ਸੀ ਕਿ ਉਹ ਆਪਣੇ ਨਾਲ ਬਿਸਤਰੇ ਨਹੀਂ ਲਿਆ ਰਹੇ। ਇਸ ਲਈ ਬਿਸਤਰਿਆਂ ਦਾ ਪ੍ਰਬੰਧ ਵੀ ਕੁੜੀ ਵਾਲਿਆਂ ਨੂੰ ਹੀ ਕਰਨਾ ਪੈਣਾ ਸੀ। ਪਰ ਪਿੰਡ ਵਿੱਚੋਂ ਬਿਸਤਰੇ ਇਕੱਠੇ ਕਰਨਾ ਹੋਰ ਵੀ ਔਖਾ ਕੰਮ ਸੀ ਕਿਉਂਕਿ ਵਿਆਹ ਵਾਲੇ ਘਰ ਆਈ ਚੀਜ਼ ਦਾ ਮੇਲ਼ੀ ਤੇ ਬਰਾਤੀ ਛੱਡਦੇ ਹੀ ਕੁਝ ਨਹੀਂ।

ਪ੍ਰਸ਼ਨ 8. ਜੀਤੋ ਦੇ ਵਿਆਹ ‘ਤੇ ਆਏ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਦਿਓ।

ਉੱਤਰ : ਜੀਤੋ ਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਸਨ । ਸ਼ਾਮ ਨੂੰ ਨਾਨਕੇ ਨਾਨਕੀ ਛੱਕ ਲੈ ਕੇ ਪਹੁੰਚ ਗਏ ਸਨ। ਜੀਤੋ ਦੀਆਂ ਭੂਆ ਵੀ ਆਪਣੇ-ਆਪਣੇ ਤਿਆਰ ਕੀਤੇ ਕੱਪੜੇ-ਲੱਤੇ ਲੈ ਕੇ ਆ ਗਈਆਂ ਸਨ। ਬਣਦਾ-ਸਰਦਾ ਕੰਨਿਆਦਾਨ ਲੈ ਕੇ ਸਾਰੇ ਰਿਸ਼ਤੇਦਾਰ ਜੀਤੋ ਦੇ ਪਿੰਡ ਪਹੁੰਚ ਗਏ ਸਨ।

ਪ੍ਰਸ਼ਨ 9. ਅਨੰਦ-ਕਾਰਜ ਕਰਵਾਉਣ ਵਾਲਾ ਭਾਈ ਜੀਤੋ ਨੂੰ ਕੀ ਸਿੱਖਿਆ ਦੇ ਰਿਹਾ ਸੀ?

ਜਾਂ

ਪ੍ਰਸ਼ਨ. ਅਨੰਦ-ਕਾਰਜ ਵੇਲੇ ਜੀਤੋ ਨੂੰ ਕੀ ਸਿੱਖਿਆ ਦਿੱਤੀ ਗਈ?

ਉੱਤਰ : ਅਨੰਦ-ਕਾਰਜ ਕਰਵਾਉਣ ਵਾਲਾ ਭਾਈ ਜੀਤੋ ਨੂੰ ਸਿੱਖਿਆ ਦਿੰਦਾ ਕਹਿੰਦਾ ਹੈ ਕਿ ਸਹੁਰੇ ਘਰ ਉਸ ਦਾ ਪਤੀ ਹੀ ਪਰਮੇਸ਼ਰ ਹੋਵੇਗਾ। ਉਸ ਨੂੰ ਪਤੀ ਤੋਂ ਪੁੱਛੇ ਬਿਨਾਂ ਕੋਈ ਕੰਮ ਨਹੀਂ ਕਰਨਾ ਚਾਹੀਦਾ। ਪਤੀ ਦੀ ਖ਼ੁਸ਼ੀ ਲਈ ਉਸ ਨੂੰ ਨਿਮਰਤਾ, ਸਹਿਣਸ਼ੀਲਤਾ ਅਤੇ ਮਿੱਠਾ ਬੋਲਣ ਵਰਗੇ ਗੁਣ ਧਾਰਨ ਕਰਨੇ ਚਾਹੀਦੇ ਹਨ।

ਪ੍ਰਸ਼ਨ 10. ਹਰਮੋਨੀਅਮ ਵਾਲ਼ੇ ਗਵੱਈਏ ਨੇ ਸਹੁਰੇ ਜਾਣ ਵਾਲੀ ਕੁੜੀ (ਜੀਤੋ) ਦੇ ਆਉਣ ਵਾਲ਼ੇ ਸਮੇਂ ਦਾ ਦਰਦਮਈ ਚਿੱਤਰ ਕਿਵੇਂ ਖਿੱਚਿਆ?

ਉੱਤਰ : ਹਰਮੋਨੀਅਮ ਵਾਲੇ ਗਵੱਈਏ ਨੇ ਹਰਮੋਨੀਅਮ ਦੀ ਉਦਾਸ ਅਤੇ ਵੈਰਾਗੀ ਸੁਰ ਨਾਲ ਵੈਣ ਜਿਹੇ ਪਾ ਕੇ ਗਾਇਆ ਕਿ ਕਿਵੇਂ ਨਵੀਂ ਜਗ੍ਹਾ ਜਾ ਕੇ ਵਿਆਹੁਲੀ ਜੀਤੋ ਨੇ ਆਪਣੇ ਮਾਪਿਆਂ ਤੇ ਮਾਂ-ਪਿਓ ਜਾਇਆਂ ਨੂੰ ਤਾਂਘਣਾ ਸੀ ਤੇ ਜਦ ਉਹਨਾਂ ਨਹੀਂ ਬਹੁੜਨਾ ਸੀ ਤਾਂ ਉਸ ਵਿਚਾਰੀ ਨੇ ਵਿਅਰਥ ਹੀ ਬਨੇਰੇ ਤੋਂ ਕਾਂ ਉਡਾਉਂਦੀ ਰਹਿਣਾ ਸੀ।

ਪ੍ਰਸ਼ਨ 11. ਜੀਤੋ ਦੇ ਵੱਡੇ ਵੀਰ ਨੇ ਗਾਉਣ ਵਾਲੇ ਦਾ ਗਾਣਾ ਕਿਉਂ ਬੰਦ ਕਰਵਾ ਦਿੱਤਾ?

ਉੱਤਰ : ਜਦ ਗਾਉਣ ਵਾਲੇ ਨੇ ਸਹੁਰੇ ਜਾਣ ਵਾਲੀ ਕੁੜੀ ਜੀਤੋ ਦੇ ਆਉਣ ਵਾਲ਼ੇ ਸਮੇਂ ਦਾ ਚਿੱਤਰ ਦਰਦਮਈ ਸ਼ਬਦਾਂ ਵਿੱਚ ਖਿੱਚਣਾ ਸ਼ੁਰੂ ਕੀਤਾ ਤਾਂ ਜੀਤੋ ਦੇ ਵੀਰ ਦਾ ਦਿਲ ਵੀ ਭਾਰਾ ਹੋ ਗਿਆ। ਉਸ ਨੇ ਗਾਉਣ ਵਾਲੇ ਨੂੰ ਝਿੜਕਵੇਂ ਲਹਿਜੇ ਵਿੱਚ ਬੋਲ ਕੇ ਉਸ ਦਾ ਗਾਣਾ ਬੰਦ ਕਰਵਾ ਦਿੱਤਾ। ਜੀਤੋ ਦਾ ਵੀਰ ਇਹ ਨਹੀਂ ਸੀ ਪ੍ਰਗਟ ਹੋਣ ਦੇਣਾ ਚਾਹੁੰਦਾ ਕਿ ਉਸ ਦਾ ਦਿਲ ਵੀ ਕਮਜ਼ੋਰ ਤੇ ਜਜ਼ਬਾਤੀ ਹੈ। ਉਹ ਆਪਣੇ ਹੰਝੂਆਂ ਨੂੰ ਰੋਕ ਕੇ ਆਪਣੀ ਦ੍ਰਿੜ੍ਹਤਾ ਨੂੰ ਕਾਇਮ ਰੱਖਣਾ ਚਾਹੁੰਦਾ ਸੀ।

ਪ੍ਰਸ਼ਨ 12. ਜੀਤੋ ਨੂੰ ਵਿਦਾ ਕਰਨ ਦੀ ਤਿਆਰੀ ਵਜੋਂ ਕੀ ਕੀਤਾ ਗਿਆ?

ਉੱਤਰ : ਜੀਤੋ ਨੂੰ ਵਿਦਾ ਕਰਨ ਦੀ ਤਿਆਰੀ ਵਜੋਂ ਵਿਆਂਹਦੜ ਲਾੜੇ ਨੂੰ ਬੁਲਾ ਕੇ ਰਿਸ਼ਤੇਦਾਰਾਂ ਅਤੇ ਭਾਈਚਾਰੇ ਨੇ ਸਲਾਮੀਆਂ ਪਾਈਆਂ। ਜੀਤੋ ਦੀ ਮਾਂ ਨੇ ਜੀਤੋ ਦੇ ਪਰਾਹੁਣੇ ਨੂੰ ਪਿਆਰ ਦੇ ਕੇ ਸਲਾਮੀ ਦੇ ਗਿਆਰਾਂ ਰੁਪਏ ਉਸ ਦੀ ਝੋਲੀ ਵਿੱਚ ਪਾ ਦਿੱਤੇ। ਸ਼ਰੀਕੇ ਵਿੱਚੋਂ ਲੱਗਦੀਆਂ ਜੀਤੋ ਦੀਆਂ ਭੈਣਾਂ ਜੀਜੇ ਨੂੰ ਮਖੌਲ ਕਰਨ ਲੱਗ ਪਈਆਂ। ਜੀਤੋ ਦਾ ਵੀਰ ਵੀ ਉਹਨਾਂ ਵਿੱਚ ਸ਼ਾਮਲ ਹੋ ਗਿਆ।

ਪ੍ਰਸ਼ਨ 13. ਜੀਤੋ ਦੀ ਬਹੁਤ ਗੂੜੀ ਸਹੇਲੀ ਅਤੇ ਜੀਤੋ ਦੇ ਵੀਰ ਵਿਚਕਾਰ ਕੀ ਗੱਲ-ਬਾਤ ਹੋਈ?

ਉੱਤਰ : ਪੰਜਵੀਂ ਜਮਾਤ ਵਿੱਚ ਜੀਤੋ ਨਾਲ ਪੜ੍ਹਦੀ ਉਸ ਦੀ ਬਹੁਤ ਗੂੜ੍ਹੀ ਸਹੇਲੀ ਗੁਆਂਢੀ ਪਿੰਡ ਤੋਂ ਚੱਲ ਕੇ ਆਈ ਸੀ। ਜੀਤੋ ਦੇ ਵੀਰ ਕੋਲ ਆ ਕੇ ਉਹ ਰੋਣ ਲੱਗ ਪਈ। ਜੀਤੋ ਦੇ ਵੀਰ ਵੱਲੋਂ ਉਸ ਦੇ ਰੋਣ ਦਾ ਕਾਰਨ ਪੁੱਛਣ ‘ਤੇ ਉਸ ਨੇ ਕਿਹਾ ਕਿ ਜੀਤੋ ਦੇ ਵੀਰ ਨੂੰ ਜੀਤੋ ਨਾਲ਼ ਉਸ ਇਹਨਾਂ ਦੇ ਸਹੁਰੇ ਜਾਣਾ ਚਾਹੀਦਾ ਹੈ। ਪਰ ਜੀਤੋ ਦੇ ਵੀਰ ਨੇ ਉਸ ਨੂੰ ਉਸੇ ਤਰ੍ਹਾਂ ਝਿੜਕ ਕੇ ਭੇਜ ਦਿੱਤਾ ਜਿਵੇਂ ਉਹ ਜੀਤੋ ਨੂੰ ਭੇਜ ਦਿੰਦਾ ਸੀ।

ਪ੍ਰਸ਼ਨ 14. ਜੀਤੋ ਦੇ ਵੀਰ ਨੂੰ ਜੀਤੋ ਨਾਲ ਉਸ ਦੇ ਸਹੁਰੇ ਜਾਣ ਲਈ ਕਿਸ-ਕਿਸ ਨੇ ਕਿਹਾ?

ਉੱਤਰ : ਜੀਤੋ ਦੀ ਸਹੇਲੀ ਤੋਂ ਬਿਨਾਂ ਜੀਤੋ ਦੀ ਆਪਣੀ ਮਾਂ ਅਤੇ ਜੀਤੋ ਦੇ ਤਾਏ ਦੀ ਵੱਡੀ ਧੀ ਨੇ ਵੀ ਜੀਤੋ ਦੇ ਵੀਰ ਨੂੰ ਜੀਤੋ ਨਾਲ ਉਸ ਦੇ ਸਹੁਰੇ ਜਾਣ ਲਈ ਕਿਹਾ ਪਰ ਉਸ ਨੇ ਉਹਨਾਂ ਨੂੰ ਨਾਂਹ ਕਰ ਦਿੱਤੀ। ਜੀਤੋ ਦੇ ਵਿਦਾ ਹੋਣ ਤੋਂ ਪਹਿਲਾਂ ਉਸ ਦੇ ਤਾਇਆਂ, ਚਾਚਿਆਂ ਅਤੇ ਪਿਓ ਨੇ ਵੀ ਜੀਤੋ ਦੇ ਵੀਰ ਨੂੰ ਜੀਤੋ ਨਾਲ ਜਾਣ ਲਈ ਕਿਹਾ। ਇਸ ਵਾਰ ਉਸ ਨੇ ਨਾ ਹਾਂ ਕੀਤੀ ਅਤੇ ਨਾ ਹੀ ਨਾਂਹ। ਪਰ ਅੰਤ ਉਹ ਜੀਤੋ ਦੇ ਵਿਦਾ ਹੋਣ ਵੇਲ਼ੇ ਉਸ ਨਾਲ ਚਲਾ ਹੀ ਗਿਆ।

ਪ੍ਰਸ਼ਨ 15. ਜੀਤੋ ਦੇ ਵਿਦਾ ਹੋਣ ਸਮੇਂ ਉਸ ਦੇ ਵੀਰ ਨੂੰ ਆਪਣੇ ਬਾਰੇ ਕੀ ਯਾਦ ਆਇਆ?

ਉੱਤਰ : ਜੀਤੋ ਦੇ ਵਿਦਾ ਹੋਣ ਸਮੇਂ ਉਸ ਦੇ ਵੀਰ ਨੂੰ ਆਪਣੇ ਬਾਰੇ ਇਹ ਚੇਤਾ/ਯਾਦ ਆਇਆ ਕਿ ਕਿਵੇਂ ਉਹ ਵਿਆਹ ਲਈ ਤਿਆਰ ਹੁੰਦਾ-ਹੁੰਦਾ ਇਸ ਤੋਂ ਡਰ ਜਾਂਦਾ ਸੀ। ਉਸ ਦਾ ਵਿਚਾਰ ਸੀ ਕਿ ਉਹ ਉਸ ਕੁੜੀ ਨੂੰ ਨਹੀਂ ਸੀ ਅਪਣਾ ਸਕਦਾ ਜਿਸ ਨੂੰ ਉਹ ਨੇੜਿਓਂ ਜਾਣਦਾ ਨਹੀਂ ਸੀ। ਕਿਸੇ ਅਣਜਾਣ ਵਿਅਕਤੀ ਨੂੰ ਅਪਣਾ ਸਕਣਾ ਬਹੁਤ ਔਖਾ ਸੀ ਭਾਵੇਂ ਕਿ ਉਸ ਦੀ ਵਹੁਟੀ ਨੇ ਤਾਂ ਉਸ ਦੇ ਘਰ ਉਸ ਦੀ ਦਾਸੀ ਬਣ ਕੇ ਰਹਿਣਾ ਸੀ।

ਪ੍ਰਸ਼ਨ 16. ਜੀਤੋ ਦੇ ਨੀਲੋਖੇੜੀ ਵਿਖੇ ਰਹਿਣ ਬਾਰੇ ਜਾਣਕਾਰੀ ਦਿਓ।

ਉੱਤਰ : ਜੀਤੋ ਆਪਣੇ ਵੀਰ ਕੋਲ ਨੀਲੋਖੇੜੀ ਵਿਖੇ ਚਾਰ ਮਹੀਨੇ ਰਹੀ ਸੀ। ਉਸ ਨੇ ਆਪਣੇ ਹੱਥੀਂ ਚਾਈਂ-ਚਾਈਂ ਆਪਣੇ ਵੀਰ ਨੂੰ ਰੋਟੀਆਂ ਖੁਆਈਆਂ ਸਨ। ਜੀਤੋ ਦਾ ਵੀਰ ਜੀਤੋ ਕਾਰਨ ਹੀ ਮਾਪਿਆਂ ਤੋਂ ਦੂਰ ਹੋਣ ‘ਤੇ ਵੀ ਮਾਪਿਆਂ ਦਾ ਉਦਰੇਵਾਂ ਨਹੀਂ ਸੀ ਕਰਦਾ।

ਪ੍ਰਸ਼ਨ 17. ਜੀਤੋ ਦੇ ਵੀਰ ਨੂੰ ਗੱਚ ਕਿਸ ਗੱਲ ਕਰ ਕੇ ਆ ਗਿਆ?

ਉੱਤਰ : ਜੀਤੋ ਦੇ ਵਿਦਾ ਹੋਣ ਸਮੇਂ ਉਸ ਦਾ ਵੱਡਾ ਵੀਰ ਉਦਾਸ ਸੀ। ਉਸ ਨੇ ਆਪਣੇ ਬਟੂਏ ਵਿੱਚੋਂ ਸਾਰੇ ਪੈਸੇ ਬਿਨਾਂ ਗਿਣਨ ਦੇ ਕੱਢੇ ਅਤੇ ਜੀਤੋ ਦੇ ਹੱਥ ‘ਤੇ ਧਰ ਦਿੱਤੇ, ਪਰ ਉਹ ਆਪਣੇ ਵੀਰ ਨੂੰ ਜੱਫੀ ਪਾ ਕੇ ਰੋਣ ਲੱਗ ਪਈ। ਇਸੇ ਲਈ ਜੀਤੋ ਦੇ ਵੀਰ ਨੂੰ ਗੱਚ ਆ ਗਿਆ।

ਪ੍ਰਸ਼ਨ 18. ਜੀਤੋ ਦੇ ਭਰਾ ਦੀ ਉਦਾਸੀ ਦਾ ਕਾਰਨ ਬਿਆਨ ਕਰੋ।

ਉੱਤਰ : ਜੀਤੋ ਦੇ ਅਨੰਦ-ਕਾਰਜ ਦੇ ਸਮੇਂ ਦੇ ਵੈਰਾਗਮਈ ਅਤੇ ਉਦਾਸ ਮਾਹੌਲ ਕਾਰਨ ਸਭ ਉਦਾਸ ਸਨ। ਸੰਗਤ ਅਤੇ ਘਰ ਵਾਲਿਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਜੀਤੋ ਦਾ ਭਰਾ ਇਹ ਸਭ ਕੁਝ ਦੇਖ-ਸੁਣ ਰਿਹਾ ਸੀ। ਇਸੇ ਲਈ ਉਹ ਉਦਾਸ ਸੀ।


ਘਰ ਜਾ ਆਪਣੇ