ਜ ਤੇ ਝ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
ਜ਼ਖ਼ਮਾਂ ‘ਤੇ ਲੂਣ ਛਿੜਕਣਾ (ਦੁਖੀ ਨੂੰ ਹੋਰ ਦੁੱਖ ਦੇਣਾ)—ਉਸ ਨੇ ਵਿਧਵਾ ਇਸਤਰੀ ਦੀ ਜਾਇਦਾਦ ਖੋਹਣ ਦੇ ਯਤਨ ਕਰ ਕੇ ਉਸ ਵਿਚਾਰੀ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ।
ਜ਼ਬਾਨੀ ਜਮ੍ਹਾਂ ਖ਼ਰਚ ਕਰਨਾ (ਨਿਰੀਆਂ ਗੱਲਾਂ ਕਰਨਾ, ਅਮਲੀ ਰੂਪ ਵਿੱਚ ਕੰਮ ਨਾ ਕਰਨਾ)— ਰਾਮ ਦੇ ਭਰਾ ਨੇ ਉਸ ਨੂੰ ਕਿਹਾ ਕਿ ਜ਼ਬਾਨੀ ਜਮ੍ਹਾਂ ਖ਼ਰਚ ਕਰਨ ਨਾਲ ਤੂੰ ਪਾਸ ਨਹੀਂ ਹੋਣਾ, ਮਿਹਨਤ ਕਰੇਂਗਾ, ਤਾਂ ਹੀ ਕੁੱਝ ਬਣੇਗਾ।
ਜੜ੍ਹੀ ਤੇਲ ਦੇਣਾ (ਤਬਾਹ ਕਰਨਾ) — ਰਾਮ ਨੇ ਨਿਹਾਲੇ ਹੁਰਾਂ ਦੀ ਜੜੀਂ ਅਜਿਹਾ ਤੇਲ ਦਿੱਤਾ ਕਿ ਵਿਚਾਰਿਆਂ ਦਾ ਘਰ ਘਾਟ ਤਬਾਹ ਹੋ ਗਿਆ।
ਜਾਨ ਤਲੀ ‘ਤੇ ਧਰਨੀ (ਜਾਨ ਨੂੰ ਖ਼ਤਰੇ ਵਿੱਚ ਪਾਉਣਾ) – ਮਿਰਜ਼ਾ ਸਾਹਿਬਾਂ ਨੂੰ ਕੱਢਣ ਲਈ ਜਾਨ ਤਲੀ ‘ਤੇ ਧਰ ਕੇ
ਗਿਆ।
ਜ਼ਹਿਰ ਫੈਲਾਉਣਾ (ਨਫ਼ਰਤ ਫੈਲਾਉਣੀ) — ਖ਼ੁਦਗਰਜ਼ ਰਾਜਸੀ ਲੀਡਰਾਂ ਨੇ ਦੇਸ਼ ਵਿੱਚ ਫ਼ਿਰਕੂ ਜ਼ਹਿਰ ਫੈਲਾਉਣ ਦੀ ਕੋਈ ਕਸਰ ਨਾ ਛੱਡੀ ।
ਜ਼ਖ਼ਮਾਂ ‘ਤੇ ਫੈਹਾ ਧਰਨਾ (ਹਮਦਰਦੀ ਪ੍ਰਗਟ ਕਰਨੀ)—ਦੁਖੀ ਬੰਦਾ ਚਾਹੁੰਦਾ ਹੈ ਕਿ ਕੋਈ ਉਸਦੇ ਜ਼ਖ਼ਮਾਂ ‘ਤੇ ਫੈਹਾ ਧਰੇ।
ਜਫ਼ਰ ਜਾਲਣਾ (ਘਾਲਣਾ ਘਾਲਣੀ) – ਦੇਸ਼ ਨੂੰ ਅਜ਼ਾਦ ਕਰਾਉਣ ਲਈ ਦੇਸ਼-ਭਗਤਾਂ ਨੇ ਬਹੁਤ ਜਫ਼ਰ ਜਾਲੇ।
ਜ਼ਬਾਨ ਨੂੰ ਲਗਾਮ ਦੇਣੀ (ਚੁੱਪ ਰਹਿਣਾ, ਚੁੱਪ ਕਰਾਉਣਾ) -ਤੂੰ ਸਾਰਾ ਦਿਨ ਫ਼ਜ਼ੂਲ ਬੋਲਦਾ ਰਹਿੰਦਾ ਹੈ, ਜ਼ਰਾ ਜ਼ਬਾਨ ਨੂੰ ਲਗਾਮ ਦੇ ਕੇ ਰੱਖਿਆ ਕਰ ।
ਜਾਗ ਲੱਗਣਾ (ਅਸਰ ਹੋਣਾ) – ਗੁਰਮੁਖ ਸਿੰਘ ਮੁਸਾਫਰ ਨੂੰ ਦੇਸ਼-ਭਗਤ ਹੀਰਾ ਸਿੰਘ ਦਰਦ ਤੇ ਲਾਲ ਸਿੰਘ ਕਮਲਾ ਅਕਾਲੀ ਦੇ ਸੰਪਰਕ ਵਿੱਚ ਆਉਣ ਨਾਲ ਦੇਸ਼-ਭਗਤੀ ਦੀ ਜਾਗ ਲੱਗੀ ।
ਜਾਨ ਸੁੱਕਣਾ (ਸਹਿਮ ਜਾਣਾ) – ਗੁਆਂਢੀਆਂ ਦੇ ਘਰ ਅੱਗ ਲੱਗੀ ਦੇਖ ਕੇ ਮੇਰੀ ਤਾਂ ਜਾਨ ਹੀ ਸੁੱਕ ਗਈ ।
ਜਾਨ ਮਾਰਨਾ (ਸਖ਼ਤ ਮਿਹਨਤ ਕਰਨੀ) — ਜਾਨ ਮਾਰ ਕੇ ਕੰਮ ਕਰਨ ਵਾਲੇ ਨੂੰ ਕਦੇ ਭੁੱਖਾ ਨਹੀਂ ਮਰਨਾ ਪੈਂਦਾ।
ਜਿੰਦ ਨੱਕ ਵਿੱਚ ਆਉਣਾ (ਬਹੁਤ ਦੁਖੀ ਹੋਣਾ) – ਸੱਸ ਦੇ ਭੈੜੇ ਸਲੂਕ ਕਰ ਕੇ ਕਮਲਜੀਤ ਦੀ ਜਿੰਦ ਨੱਕ ਵਿੱਚ ਆਈ ਹੋਈ ਹੈ।
ਜਿਊਂਦੇ ਮਰ ਜਾਣਾ (ਬਹੁਤ ਜ਼ਿਆਦਾ ਸ਼ਰਮਿੰਦਾ ਹੋਣਾ) – ਜੇ ਸਾਡੇ ਹੁੰਦਿਆਂ ਕੋਈ ਸਾਡੇ ਖ਼ਾਨਦਾਨ ਦੀ ਬੇਇੱਜ਼ਤੀ ਕਰ ਦੇਵੇ, ਤਾਂ ਫਿਰ ਅਸੀਂ ਤਾਂ ਜਿਊਂਦੇ ਹੀ ਮਰ ਗਏ।
ਜੀ ਭਰ ਜਾਣਾ (ਇੱਛਾ ਨਾ ਰਹਿਣੀ) – ਵਿਆਹ ਵਾਲੇ ਘਰ ਤਲੀਆਂ ਚੀਜ਼ਾਂ ਖਾ ਕੇ ਮੇਰਾ ਤਾਂ ਜੀ ਭਰ ਗਿਆ।
ਜੀਉਣਾ ਦੁੱਭਰ ਕਰਨਾ (ਜਿਊਣਾ ਮੁਸ਼ਕਲ ਕਰ ਦੇਣਾ) – ਪਰਿਵਾਰ ਦੀ ਬੇ-ਇਤਫ਼ਾਕੀ ਬੰਦੇ ਦਾ ਜੀਉਣਾ ਦੁੱਭਰ ਕਰ ਦਿੰਦੀ ਹੈ।
ਜੀਭ ਗੰਦੀ ਕਰਨਾ (ਮੰਦਾ ਬੋਲਣਾ) – ਕਿਸੇ ਨੂੰ ਮੰਦੇ ਬਚਨ ਬੋਲ ਕੇ ਆਪਣੀ ਜੀਭ ਗੰਦੀ ਕਰਨ ਦਾ ਕੋਈ ਫ਼ਾਇਦਾ ਨਹੀਂ।
ਜੀਭ ਦੰਦਾਂ ਹੇਠ ਦੇਣਾ (ਸਹਿ ਲੈਣਾ)— ਡਾਕਟਰ ਨੇ ਜਦੋਂ ਮੇਰੀ ਲੱਤ ਉੱਤੇ ਨਿਕਲੇ ਵੱਡੇ ਸਾਰੇ ਫੋੜੇ ਨੂੰ ਚੀਰਾ ਦਿੱਤਾ ਤਾਂ ਮੈਂ ਜੀਭ ਦੰਦਾਂ ਹੇਠ ਦੇ ਲਈ ਤੇ ਸੀ ਨਾ ਕੀਤੀ।
ਝੱਗ ਛੱਡਣਾ (ਸੁੱਟਣਾ) (ਗੁੱਸੇ ਵਿੱਚ ਆਉਣਾ) – ਗੁਰਬੀਰ ਨੇ ਛਿੰਦੇ ਨੂੰ ਕਿਹਾ, “ਮੈਂ ਤੈਨੂੰ ਕੋਈ ਮਾੜੀ-ਚੰਗੀ ਕਹੀ ਹੈ? ਤੂੰ ਕਿਉਂ ਐਵੇਂ ਝੱਗ ਛੱਡਣੀ (ਸੁੱਟਣੀ) ਸ਼ੁਰੂ ਕਰ ਦਿੱਤੀ ਹੈ?”
ਝੁੱਗਾ ਚੌੜ ਹੋਣਾ (ਤਬਾਹ ਹੋ ਜਾਣਾ) – ਸੋਹਣ ਸਿੰਘ ਦੇ ਸ਼ਰਾਬੀ ਤੇ ਜੂਏਬਾਜ਼ ਪੁੱਤਰ ਨੇ ਉਸ ਦੇ ਕਾਰੋਬਾਰ ਦਾ ਝੁੱਗਾ ਚੌੜ ਕਰ ਦਿੱਤਾ ਹੈ ।
ਝੋਲੀ ਚੁੱਕਣਾ (ਖ਼ੁਸ਼ਾਮਦ ਕਰਨਾ) — ਗੁਰਮੀਤ ਆਪਣੇ ਅਫ਼ਸਰਾਂ ਨੂੰ ਖ਼ੁਸ਼ ਰੱਖਣ ਲਈ ਉਨ੍ਹਾਂ ਦੀ ਬਹੁਤ ਝੋਲੀ ਚੁੱਕਦਾ ਹੈ।
ਝੋਲੀ ਅੱਡਣਾ (ਤਰਲੇ ਨਾਲ ਮੰਗਣਾ) – ਬੇਔਲਾਦ ਔਰਤ ਦੇਵਤੇ ਦੀ ਮੂਰਤੀ ਅੱਗੇ ਝੋਲੀ ਅੱਡ ਕੇ ਪੁੱਤਰ ਦੀ ਦਾਤ ਮੰਗ ਰਹੀ ਸੀ ।