ਗੋਇੰਦਵਾਲ ਸਾਹਿਬ ਦੀ ਬਾਉਲੀ


ਪ੍ਰਸ਼ਨ. ਸਿੱਖ ਇਤਿਹਾਸ ਵਿੱਚ ਗੋਇੰਦਵਾਲ ਸਾਹਿਬ ਦੀ ਬਾਉਲੀ ਦੇ ਨਿਰਮਾਣ ਦਾ ਕੀ ਮਹੱਤਵ ਹੈ?

ਉੱਤਰ : ਗੁਰੂ ਅਮਰਦਾਸ ਜੀ ਦਾ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹਾਨ ਕੰਮ ਗੋਇੰਦਵਾਲ ਸਾਹਿਬ ਵਿਖੇ ਇੱਕ ਬਾਉਲੀ ਦਾ ਨਿਰਮਾਣ ਕਰਨਾ ਸੀ। ਇਸ ਬਾਉਲੀ ਦਾ ਨਿਰਮਾਣ ਕਾਰਜ 1552 ਈ. ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ 1559 ਈ. ਵਿੱਚ ਮੁਕੰਮਲ ਹੋਇਆ ਸੀ। ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ ਕਰਨ ਪਿੱਛੇ ਗੁਰੂ ਅਮਰਦਾਸ ਜੀ ਦੇ ਦੋ ਉਦੇਸ਼ ਸਨ।

ਪਹਿਲਾ, ਉਹ ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਦੇਣਾ ਚਾਹੁੰਦੇ ਸਨ ਤਾਂ ਕਿ ਉਨ੍ਹਾਂ ਨੂੰ ਹਿੰਦੂ ਮਤ ਤੋਂ ਵੱਖਰਾ ਕੀਤਾ ਜਾ ਸਕੇ।

ਦੂਜਾ, ਉਹ ਇੱਥੋਂ ਦੇ ਲੋਕਾਂ ਦੀ ਪਾਣੀ ਸੰਬੰਧੀ ਔਕੜ ਨੂੰ ਦੂਰ ਕਰਨਾ ਚਾਹੁੰਦੇ ਸਨ।

ਇਸ ਬਾਉਲੀ ਤਕ ਪਹੁੰਚਣ ਲਈ 84 ਪੌੜੀਆਂ ਬਣਾਈਆਂ ਗਈਆਂ ਸਨ। ਬਾਉਲੀ ਦਾ ਨਿਰਮਾਣ ਕਾਰਜ ਪੂਰਾ ਹੋਣ ‘ਤੇ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਜੋ ਕੋਈ ਯਾਤਰੂ ਹਰ ਪੌੜੀ ‘ਤੇ ਸੱਚੇ ਮਨ ਤੇ ਸ਼ਰਧਾ ਨਾਲ ਜਪੁਜੀ ਸਾਹਿਬ ਦਾ ਪਾਠ ਕਰੇਗਾ ਅਤੇ ਪਾਠ ਦੇ ਬਾਅਦ ਬਾਉਲੀ ਵਿੱਚ ਇਸ਼ਨਾਨ ਕਰੇਗਾ ਉਹ 84 ਲੱਖ ਜੂਨਾਂ ਵਿੱਚੋਂ ਮੁਕਤ ਹੋ ਜਾਵੇਗਾ।

ਬਾਉਲੀ ਦਾ ਨਿਰਮਾਣ ਸਿੱਖ ਪੰਥ ਦੇ ਵਿਕਾਸ ਵੱਲ ਇੱਕ ਬੜਾ ਮਹੱਤਵਪੂਰਨ ਕਾਰਜ ਸਿੱਧ ਹੋਇਆ। ਇਸ ਨਾਲ ਸਿੱਖਾਂ ਨੂੰ ਇੱਕ ਪਵਿੱਤਰ ਤੀਰਥ ਸਥਾਨ ਮਿਲ ਗਿਆ। ਸਿੱਖਾਂ ਨੂੰ ਹਿੰਦੂਆਂ ਦੇ ਤੀਰਥ ਸਥਾਨਾਂ ‘ਤੇ ਜਾਣ ਦੀ ਜ਼ਰੂਰਤ ਨਹੀਂ ਰਹੀ ਸੀ।

ਦੂਸਰਾ, ਬਾਉਲੀ ਕਾਰਨ ਇੱਥੋਂ ਦੇ ਲੋਕਾਂ ਦੀ ਸਾਫ਼ ਪੀਣ ਵਾਲੇ ਪਾਣੀ ਦੀ ਸਮੱਸਿਆ ਦੂਰ ਹੋ ਗਈ। ਇਸ ਤੋਂ ਪਹਿਲਾਂ ਇੱਥੋਂ ਦੇ ਲੋਕ ਦਰਿਆ ਬਿਆਸ ਤੋਂ ਪਾਣੀ ਲੈਂਦੇ ਸਨ। ਇਹ ਪਾਣੀ ਬਰਸਾਤ ਦੇ ਦਿਨਾਂ ਵਿੱਚ ਬਹੁਤ ਗੰਦਾ ਹੋਣ ਕਾਰਨ ਪੀਣ ਦੇ ਯੋਗ ਨਹੀਂ ਰਹਿੰਦਾ ਸੀ। ਵੱਡੀ ਗਿਣਤੀ ਵਿੱਚ ਸਿੱਖਾਂ ਦੇ ਗੋਇੰਦਵਾਲ ਸਾਹਿਬ ਪਹੁੰਚਣ ‘ਤੇ ਗੁਰੂ ਅਮਰਦਾਸ ਜੀ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਜਾਤਾਂ ਦੇ ਲੋਕਾਂ ਦੁਆਰਾ ਬਾਉਲੀ ਵਿੱਚ ਇਸ਼ਨਾਨ ਕਰਨ ਕਰਕੇ ਜਾਤੀ ਪ੍ਰਥਾ ਨੂੰ ਇੱਕ ਤਕੜਾ ਧੱਕਾ ਲੱਗਿਆ।