ਗੁੰਮ ਨੇ ਰਸੋਈ ਵਿਚੋਂ…..

ਗੁੰਮ ਨੇ ਰਸੋਈ ਵਿਚੋਂ

ਲੇਖਕ – ਕਸ਼ਮੀਰ ਨੀਰ

ਪ੍ਰਸ਼ਨ 1. ਅੰਗਰੇਜ਼ ਦੇ ਪਿਛਲੱਗ ਬਣ ਕੇ ਕੀ ਹੋ ਗਿਆ ਹੈ ?

ਉੱਤਰ . ਅੰਗਰੇਜ਼ ਭਾਵ ਪੱਛਮੀ ਦੇਸ਼ਾਂ ਦੇ ਸਭਿਆਚਾਰ ਤੇ ਵਿਰਸੇ ਦੇ ਪਿੱਛੇ ਲੱਗ ਕੇ ਆਪਣੇ ਦੇਸ਼ ਪੰਜਾਬ ਦਾ ਅਮੀਰ, ਸਲੀਕੇਦਾਰ ਤੇ ਇੱਜਤ ਮਾਣ ਵਾਲਾ ਵਿਰਸਾ ਅਲੋਪ ਹੋ ਗਿਆ ਹੈ। ਅਸੀਂ ਆਪਣੀ ਪਛਾਣ ਗੁਆ ਲਈ ਹੈ।

ਪ੍ਰਸ਼ਨ 2. ‘ਅਲਾਟੀ ਮੰਜੀ’ ਤੋਂ ਕੀ ਭਾਵ ਹੈ ?

ਉੱਤਰ . ਅਲਾਟੀ ਮੰਜੀ ਤੋਂ ਭਾਵ ਹੈ ਵਾਣ ਦੁਆਰਾ ਉਣੀ ਹੋਈ ਮੰਜੀ, ਜਿਸ ‘ਤੇ ਕੋਈ ਵੀ ਕਿਸੇ ਕਿਸਮ ਦਾ ਕੋਈ ਵਿਛਾਉਣਾ ਭਾਵ ਬਿਸਤਰਾ, ਦਰੀ, ਚਾਦਰ ਆਦਿ ਨਾ ਵਿਛਾਇਆ ਹੋਵੇ।

ਪ੍ਰਸ਼ਨ 3 . ‘ਦੌਰੀ ਡੰਡੇ’ ਦੀ ਵਰਤੋਂ ਕਿਸ ਲਈ ਹੁੰਦੀ ਹੈ ?

ਉੱਤਰ . ਦੌਰੀ ਡੰਡੇ ਦੀ ਵਰਤੋਂ ਸਬਜ਼ੀਆਂ ਆਦਿ ਬਣਾਉਣ ਲਈ ਤਿਆਰ ਕੀਤੇ ਜਾਣ ਵਾਲੇ ਮਸਾਲੇ ਜਿਵੇਂ ਪਿਆਜ, ਲਸਣ, ਅਦਰਕ, ਮਿਰਚਾਂ ਆਦਿ ‘ਤੇ ਗਰਮ ਮਸਾਲੇ ਕੁੱਟਣ ਤੇ ਰਗੜਣ ਲਈ ਕੀਤੀ ਜਾਂਦੀ ਹੈ।

ਪ੍ਰਸ਼ਨ 4 . ਸਖ਼ਤ ਗਰਮੀ ਵਿੱਚ ਕੰਮ ਕਰਨ ਵਾਲੇ ਕਿਸ ਦੇ ਮੁਥਾਜ ਹੋ ਗਏ ਹਨ ?

ਉੱਤਰ . ਜਵਾਨ ‘ਤੇ ਕਿਸਾਨ ਵੀ ਸੋਹਲ ਹੋ ਗਏ ਹਨ। ਅੱਜ ਏ. ਸੀ. ਤੇ ਕੂਲਰਾਂ ਦੇ ਮੁਥਾਜ ਹੋ ਗਏ ਹਨ। ਉਹਨਾਂ ਵਿੱਚ ਮੌਸਮ ਨੂੰ ਸਹਿਣ ਕਰਨ ਜੋਗੀ ਸਮਰੱਥਾ ਖ਼ਤਮ ਹੋ ਗਈ ਹੈ।

ਪ੍ਰਸ਼ਨ 5 . ‘ਇੰਗਲਿਸ਼ ‘ਚ ਦੱਸੋ ਸਾਨੂੰ ਸਾਡੀਆਂ ਕਹਾਣੀਆਂ’ ਤੁਕ ਤੋਂ ਕੀ ਭਾਵ ਹੈ?

ਉੱਤਰ. ਇਸ ਤੁੱਕ ਤੋਂ ਭਾਵ ਹੈ ਕਿ ਸਾਡੀ ਨਵੀਂ ਪੀੜ੍ਹੀ ਆਪਣੀ ਮਾਂ – ਬੋਲੀ ਪੰਜਾਬੀ ਤੇ ਆਪਣੇ ਵਿਰਸੇ ਨੂੰ ਵੀ ਭੁੱਲ ਗਈ ਹੈ। ਉਹ ਮਾਂ – ਬੋਲੀ (ਪੰਜਾਬੀ) ਵਿੱਚ ਕੁੱਝ ਸਮਝ ਹੀ ਨਹੀਂ ਸਕਦੇ। ਇਸ ਲਈ ਉਹ ਕਹਿੰਦੇ ਹਨ ਕਿ ਜੇਕਰ ਸਾਨੂੰ ਵਿਰਸੇ ਬਾਰੇ ਕੁਝ ਦੱਸਣਾ ਹੈ ਤਾਂ ਅੰਗਰੇਜ਼ੀ ਭਾਸ਼ਾ ਵਿੱਚ ਦੱਸੋ।

ਪ੍ਰਸ਼ਨ 6 . ਸੁਆਣੀਆਂ ਉੱਪਰ ਕਿਸ ਦਾ ਅਸਰ ਪੈ ਰਿਹਾ ਹੈ?

ਉੱਤਰ . ਅੱਜ ਦੀਆਂ ਸੁਆਣੀਆਂ ਤੇ ਪੱਛਮੀ ਸੱਭਿਅਤਾ ਦਾ ਅਸਰ ਪੈ ਰਿਹਾ ਹੈ। ਉਹ ਦੁੱਧ, ਦਹੀਂ, ਲੱਸੀ ਨੂੰ ਛੱਡ ਕੇ ਬਰਗਰਾਂ ਤੇ ਪੀਜਿਆਂ ਵੱਲ ਵਧੇਰੇ ਆਕਰਸ਼ਿਤ ਹੋ ਗਈਆਂ ਹਨ। ਆਪਣਾ ਪਹਿਰਾਵਾ ਤੇ ਖਾਣ ਪੀਣ ਵੀ ਭੁੱਲ ਗਈਆਂ ਹਨ।

ਪ੍ਰਸ਼ਨ 7. ‘ਆਪਣੀ ਗੁਆਈ ਦੇ ਪਛਾਣ ਪੰਜ ਪਾਣੀਆਂ’ ਤੁੱਕ ਤੋਂ ਕੀ ਭਾਵ ਹੈ ਤੇ ਇਹ ਵੀ ਦੱਸੋ ਕਿਹੜੀ ਪਛਾਣ, ਕਿਵੇਂ ਗੁਆਈ ਹੈ ?

ਉੱਤਰ . ਇਸ ਤੁੱਕ ਤੋਂ ਭਾਵ ਹੈ ਕਿ ਪੰਜ ਪਾਣੀਆਂ, ਭਾਵ ਪੰਜਾਬ ਦੇ ਵਾਸੀਆਂ ਨੇ ਆਪਣੀ ਮਾਂ – ਬੋਲੀ, ਖਾਣ- ਪੀਣ, ਪਹਿਨਾਵਾਂ, ਸਭਿਆਚਾਰ, ਗੀਤ ਤੇ ਵਿਰਸੇ ਦੀ ਪਛਾਣ ਗੁਆ ਲਈ ਹੈ ਜੋ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਹੋਇਆ ਹੈ।

ਪ੍ਰਸ਼ਨ 8. ‘ਖੁਰਲੀ ਤੋਂ ਵਹਿੜਕੇ ਬਲਦ ਕਿੱਥੇ ਤੁਰ ਗਏ, ਕਿੱਥੇ ਗਏ ਕਿੱਲੀਆਂ ਤੋਂ ਘੁੰਗਰੂ ਪਰਾਣੀਆਂ?’ ਤੁੱਕ ਤੋਂ ਕੀ ਭਾਵ ਹੈ?

ਉੱਤਰ . ਇਸ ਤੁੱਕ ਤੋਂ ਭਾਵ ਹੈ ਕਿ ਅਜੋਕੇ ਸਮੇਂ ਵਿੱਚ ਕਿਸਾਨੀ ਨਾਲ ਸੰਬੰਧਤ ਵਸਤਾਂ ਵੀ ਅਲੋਪ ਹੋ ਗਈਆਂ ਹਨ। ਖੇਤਾਂ ਲਈ ਬਲਦ, ਵਹਿੜਕੇ ਤੇ ਉਹਨਾਂ ਦੇ ਗ਼ਲਾਂ ਵਿੱਚ ਪਾਏ ਜਾਣ ਵਾਲੇ ਘੁੰਗਰੂ ਵੀ ਅਲੋਪ ਹੋ ਗਏ ਹਨ ਤੇ ਪਰਾਣੀਆਂ ਵੀ ਹੁਣ ਨਹੀਂ ਲੱਭਦੀਆਂ।

ਪ੍ਰਸ਼ਨ 9. ਕਵਿਤਾ ਵਿੱਚ ਪੰਜਾਬ ਦੇ ਜਵਾਨਾਂ ਬਾਰੇ ਕੀ ਦੱਸਿਆ ਗਿਆ ਹੈ ?

ਉੱਤਰ. ਕਵਿਤਾ ਵਿੱਚ ਪੰਜਾਬ ਦੇ ਜਵਾਨਾਂ ਬਾਰੇ ਦੱਸਿਆ ਗਿਆ ਹੈ ਕਿ ਉਹ ਦੇਸ਼ ਦੀ ਰਾਖੀ ਕਰਨ ਲਈ ਤਪਦੀਆਂ ਧੁੱਪਾਂ ਵਿੱਚ ਸੀਨਾ ਤਾਣ ਕੇ ਬਾਰਡਰਾਂ ‘ਤੇ ਖੜੇ ਰਹਿੰਦੇ ਸਨ ਪਰ ਅੱਜ ਉਹ ਵੀ ਸੋਹਲ ਹੋ ਗਏ ਹਨ। ਉਹ ਵੀ ਮੌਸਮ ਦੀ ਗਰਮੀ ਨਹੀਂ ਸਹਾਰ ਸਕਦੇ।

ਪ੍ਰਸ਼ਨ 10. ਕਵੀ ਨੇ ਇਹ ਕਿਉਂ ਕਿਹਾ ਹੈ ਕਿ ‘ਵੱਗੀਆਂ ਨੇ ਪੱਛਮੀ ਹਵਾਵਾਂ ਮਰ ਜਾਣੀਆਂ ?’

ਉੱਤਰ . ਕਵੀ ਨੇ ਇਹ ਇਸਲਈ ਕਿਹਾ ਹੈ ਕਿਉਂਕਿ ਪੰਜਾਬੀਆਂ ਨੇ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਕੇ ਆਪਣਾ ਵਿਰਸਾ, ਆਪਣੀ ਪਛਾਣ ਹੀ ਗੁਆ ਲਈ ਹੈ। ਆਪਣਾ ਖਾਣ- ਪੀਣ ਤੇ ਪਹਿਰਾਵਾ ਵੀ ਬਦਲ ਲਿਆ ਹੈ।