ਗੁਰੂ ਹਰਿਗੋਬਿੰਦ ਸਾਹਿਬ ਜੀ
ਪ੍ਰਸ਼ਨ. ਗੁਰੂ ਹਰਿਗੋਬਿੰਦ ਜੀ ਅਤੇ ਮੁਗ਼ਲ ਸਮਰਾਟ ਜਹਾਂਗੀਰ ਦੇ ਸੰਬੰਧਾਂ ‘ਤੇ ਸੰਖੇਪ ਨੋਟ ਲਿਖੋ।
ਉੱਤਰ : 1606 ਈ. ਵਿੱਚ ਮੁਗ਼ਲ ਸਮਰਾਟ ਜਹਾਂਗੀਰ ਦੇ ਸਿੰਘਾਸਨ ‘ਤੇ ਬੈਠਣ ਦੇ ਨਾਲ ਹੀ ਮੁਗ਼ਲ-ਸਿੱਖ ਸੰਬੰਧਾਂ ਵਿੱਚ ਇੱਕ ਨਵਾਂ ਮੋੜ ਆਇਆ। ਜਹਾਂਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ। ਸਿੰਘਾਸਣ ‘ਤੇ ਬੈਠਣ ਦੇ ਛੇਤੀ ਪਿੱਛੋਂ ਉਸ ਨੇ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾ ਦਿੱਤਾ ਸੀ। ਇਸ ਕਾਰਨ ਮੁਗ਼ਲ-ਸਿੱਖ ਸੰਬੰਧਾਂ ਵਿੱਚ ਤਣਾਉ ਪੈਦਾ ਹੋ ਗਿਆ।
ਮੁਗ਼ਲ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਨਵੀਂ ਨੀਤੀ ਧਾਰਨ ਕੀਤੀ। ਉਨ੍ਹਾਂ ਨੇ ਆਪਣੀ ਯੋਗਤਾ ਅਨੁਸਾਰ ਕੁਝ ਸੈਨਾ ਵੀ ਰੱਖ ਲਈ। ਜਹਾਂਗੀਰ ਇਹ ਸਹਿਣ ਕਰਨ ਲਈ ਤਿਆਰ ਨਹੀਂ ਸੀ।
ਚੰਦੂ ਸ਼ਾਹ ਨੇ ਵੀ ਗੁਰੂ ਹਰਿਗੋਬਿੰਦ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਜਹਾਂਗੀਰ ਨੂੰ ਭੜਕਾਇਆ। ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਕੈਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ। ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਕਿੰਨਾ ਸਮਾਂ ਕੈਦ ਰਹੇ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ।
ਭਾਈ ਜੇਠਾ ਜੀ ਅਤੇ ਸੂਫ਼ੀ ਸੰਤ ਮੀਆਂ ਮੀਰ ਦੇ ਕਹਿਣ ‘ਤੇ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ। ਗੁਰੂ ਜੀ ਦੇ ਕਹਿਣ ‘ਤੇ ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦੀ ਬਣਾਏ 52 ਹੋਰ ਰਾਜਿਆਂ ਨੂੰ ਵੀ ਰਿਹਾਅ ਕਰਨ ਦਾ ਹੁਕਮ ਦਿੱਤਾ। ਇਸ ਕਾਰਨ ਗੁਰੂ ਹਰਿਗੋਬਿੰਦ ਸਾਹਿਬ ਨੂੰ ‘ਬੰਦੀ ਛੋੜ ਬਾਬਾ’ ਕਿਹਾ ਜਾਣ ਲੱਗਾ। ਇਸ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਅਤੇ ਜਹਾਂਗੀਰ ਵਿਚਾਲੇ ਮਿੱਤਰਤਾਪੂਰਨ ਸੰਬੰਧ ਸਥਾਪਿਤ ਹੋ ਗਏ।