ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਨਵੀਆਂ ਨੀਤੀਆਂ


ਪ੍ਰਸ਼ਨ. ਗੁਰੂ ਹਰਿਗੋਬਿੰਦ ਜੀ ਵਲੋਂ ਅਪਣਾਈ ਗਈ ਨਵੀਂ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੀ ਵਿਆਖਿਆ ਕਰੋ।

ਉੱਤਰ : 1. ਮੀਰੀ ਅਤੇ ਪੀਰੀ ਤਲਵਾਰਾਂ ਧਾਰਨ ਕਰਨੀਆਂ : ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਉੱਤੇ ਬੈਠਣ ਸਮੇਂ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ। ਮੀਰੀ ਤਲਵਾਰ ਦੁਨਿਆਵੀ ਸੱਤਾ ਦੀ ਅਤੇ ਪੀਰੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ। ਗੁਰੂ ਹਰਿਗੋਬਿੰਦ ਸਾਹਿਬ ਨੇ ਇੱਕ ਪਾਸੇ ਸਿੱਖਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਦੂਜੇ ਪਾਸੇ ਆਪਣੀ ਰੱਖਿਆ ਲਈ ਹਥਿਆਰ ਧਾਰਨ ਕਰਨ ਦਾ ਸੰਦੇਸ਼ ਦਿੱਤਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਤ-ਸਿਪਾਹੀ ਬਣਾ ਦਿੱਤਾ।

2. ਸੈਨਾ ਦਾ ਸੰਗਠਨ : ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਸਿੱਖ ਪੰਥ ਦੀ ਰੱਖਿਆ ਲਈ ਇੱਕ ਸੈਨਾ ਦਾ ਸੰਗਠਨ ਕਰਨ ਦਾ ਨਿਰਣਾ ਕੀਤਾ ਗਿਆ। ਉਨ੍ਹਾਂ ਨੇ ਸਿੱਖਾਂ ਨੂੰ ਇਹ ਆਦੇਸ਼ ਦਿੱਤਾ ਕਿ ਉਹ ਗੁਰੂ ਸਾਹਿਬ ਦੀ ਫ਼ੌਜ ਵਿੱਚ ਭਰਤੀ ਹੋਣ। ਸਿੱਟੇ ਵਜੋਂ 500 ਯੋਧੇ ਆਪ ਜੀ ਦੀ ਸੈਨਾ ਵਿੱਚ ਭਰਤੀ ਹੋਏ। ਹੌਲੀ-ਹੌਲੀ ਗੁਰੂ ਸਾਹਿਬ ਦੀ ਫ਼ੌਜ ਦੀ ਗਿਣਤੀ ਵੱਧ ਕੇ 2500 ਹੋ ਗਈ। ਗੁਰੂ ਜੀ ਦੀ ਫ਼ੌਜ ਵਿੱਚ ਪਠਾਣਾਂ ਦੀ ਇੱਕ ਵੱਖਰੀ ਪਲਟਨ ਬਣਾਈ ਗਈ। ਇਸ ਦਾ ਸੈਨਾਪਤੀ ਪੈਂਦਾ ਖ਼ਾਂ ਨੂੰ ਨਿਯੁਕਤ ਕੀਤਾ ਗਿਆ।

3. ਸ਼ਸਤਰ ਅਤੇ ਘੋੜੇ ਇਕੱਠੇ ਕਰਨੇ : ਗੁਰੂ ਹਰਗੋਬਿੰਦ ਜੀ ਨੇ ਮਸੰਦਾਂ ਨੂੰ ਇਹ ਨਿਰਦੇਸ਼ ਦਿੱਤਾ ਕਿ ਉਹ ਸਿੱਖਾਂ ਤੋਂ ਮਾਇਆ ਦੀ ਬਜਾਏ ਸ਼ਸਤਰ ਅਤੇ ਘੋੜੇ ਇਕੱਠੇ ਕਰਨ। ਸਿੱਖਾਂ ਨੂੰ ਵੀ ਕਿਹਾ ਗਿਆ ਕਿ ਉਹ ਮਸੰਦਾਂ ਨੂੰ ਸ਼ਸਤਰ ਅਤੇ ਘੋੜੇ ਭੇਟ ਕਰਨ। ਗੁਰੂ ਜੀ ਦੇ ਇਸ ਹੁਕਮ ਦਾ ਮਸੰਦਾਂ ਅਤੇ ਸਿੱਖਾਂ ਦੁਆਰਾ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਸਿੱਟੇ ਵਜੋਂ ਗੁਰੂ ਜੀ ਦੀ ਸੈਨਿਕ ਸ਼ਕਤੀ ਵਧੇਰੇ ਮਜ਼ਬੂਤ ਹੋ ਗਈ।

4. ਅਕਾਲ ਤਖ਼ਤ ਸਾਹਿਬ ਦੀ ਉਸਾਰੀ : ਗੁਰੂ ਹਰਿਗੋਬਿੰਦ ਜੀ ਦੁਆਰਾ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਉਨ੍ਹਾਂ ਦੀ ਨਵੀਂ ਨੀਤੀ ਦਾ ਹੀ ਮਹੱਤਵਪੂਰਨ ਹਿੱਸਾ ਸੀ। ਅਕਾਲ ਤਖ਼ਤ ਸਾਹਿਬ ਦੀ ਉਸਾਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਕਰਵਾਈ ਸੀ। ਇਸ ਤਖ਼ਤ ‘ਤੇ ਬੈਠ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਸੈਨਿਕ ਸਿੱਖਿਆ ਦਿੰਦੇ, ਉਨ੍ਹਾਂ ਦੇ ਸੈਨਿਕ ਕਰਤਬ ਦੇਖਦੇ, ਮਸੰਦਾਂ ਤੋਂ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ, ਢਾਡੀ ਵੀਰ-ਰਸੀ ਵਾਰਾਂ ਸੁਣਾਉਂਦੇ ਅਤੇ ਸਿੱਖਾਂ ਦੇ ਆਪਸੀ ਝਗੜਿਆਂ ਨੂੰ ਵੀ ਨਜਿੱਠਦੇ ਸਨ।

5. ਰਾਜਸੀ ਚਿੰਨ੍ਹਾਂ ਨੂੰ ਅਪਣਾਉਣਾ : ਗੁਰੂ ਹਰਿਗੋਬਿੰਦ ਜੀ ਨਵੀਂ ਨੀਤੀ ‘ਤੇ ਚਲਦੇ ਹੋਏ ਰਾਜਸੀ ਠਾਠ-ਬਾਠ ਨਾਲ ਰਹਿਣ ਲੱਗੇ। ਉਨ੍ਹਾਂ ਨੇ ਹੁਣ ਸੇਲੀ (ਉੱਨ ਦੀ ਮਾਲਾ) ਦੀ ਥਾਂ ਕਮਰ ਵਿੱਚ ਦੋ ਤਲਵਾਰਾਂ ਲਟਕਾਈਆਂ। ਇੱਕ ਸ਼ਾਨਦਾਰ ਦਰਬਾਰ ਦੀ ਸਥਾਪਨਾ ਕੀਤੀ ਗਈ। ਉਨ੍ਹਾਂ ਨੇ ਹੁਣ ਰਾਜਿਆਂ ਵਾਂਗ ਦਸਤਾਰ ਉੱਪਰ ਕਲਗੀ ਸਜਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ‘ਸੱਚਾ ਪਾਤਸ਼ਾਹ’ ਦੀ ਉਪਾਧੀ ਵੀ ਧਾਰਨ ਕੀਤੀ।

6. ਅੰਮ੍ਰਿਤਸਰ ਦੀ ਕਿਲ੍ਹੇਬੰਦੀ : ਗੁਰੂ ਹਰਿਗੋਬਿੰਦ ਜੀ ਅੰਮ੍ਰਿਤਸਰ ਦੀ ਮਹੱਤਤਾ ਤੋਂ ਚੰਗੀ ਤਰ੍ਹਾਂ ਜਾਣੂ ਸਨ। ਇਸ ਲਈ ਉਨ੍ਹਾਂ ਨੇ ਇਸ ਸਥਾਨ ਦੀ ਸੁਰੱਖਿਆ ਲਈ ਚਾਰੇ ਪਾਸੇ ਇੱਕ ਦੀਵਾਰ ਬਣਵਾ ਦਿੱਤੀ। ਇਸ ਤੋਂ ਇਲਾਵਾ ਇੱਥੇ 1609 ਈ. ਵਿੱਚ ਇੱਕ ਕਿਲ੍ਹੇ ਦੀ ਉਸਾਰੀ ਕਰਵਾਈ ਗਈ, ਜਿਸ ਦਾ ਨਾਂ ਲੋਹਗੜ੍ਹ ਰੱਖਿਆ ਗਿਆ। ਇਸ ਕਿਲ੍ਹੇ ਦੇ ਨਿਰਮਾਣ ਨਾਲ ਸਿੱਖਾਂ ਦੇ ਹੌਂਸਲੇ ਬੁਲੰਦ ਹੋ ਗਏ।