ਗੁਰੂ ਹਰਿਗੋਬਿੰਦ ਸਾਹਿਬ ਜੀ


ਪ੍ਰਸ਼ਨ. ਗੁਰੂ ਹਰਿਗੋਬਿੰਦ ਜੀ ਦੇ ਗੁਰੂ ਕਾਲ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ।

ਉੱਤਰ : ਗੁਰੂ ਹਰਿਗੋਬਿੰਦ ਜੀ 1606 ਈ. ਤੋਂ 1645 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ। ਸਿੱਖ ਪੰਥ ਦੇ
ਰੂਪਾਂਤਰਣ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਯੋਗਦਾਨ ਬੜਾ ਸ਼ਲਾਘਾਯੋਗ ਸੀ। ਉਹ ਬੜੇ ਰਾਜਸੀ ਠਾਠ-ਬਾਠ ਨਾਲ ਗੁਰਗੱਦੀ ‘ਤੇ ਬੈਠੇ।

ਉਨ੍ਹਾਂ ਨੇ ਸੱਚਾ ਪਾਤਸ਼ਾਹ ਦੀ ਉਪਾਧੀ ਅਤੇ ਮੀਰੀ ਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ।

ਮੀਰੀ ਤਲਵਾਰ ਦੁਨਿਆਵੀ ਸੱਤਾ ਦੀ ਅਤੇ ਪੀਰੀ ਤਲਵਾਰ ਧਾਰਮਿਕ ਸੱਤਾ ਦੀ ਪ੍ਰਤੀਕ ਸੀ।

ਗੁਰੂ ਜੀ ਨੇ ਮੁਗ਼ਲਾਂ ਕੋਲੋਂ ਸਿੱਖ ਪੰਥ ਦੀ ਸੁਰੱਖਿਆ ਲਈ ਸੈਨਾ ਦਾ ਗਠਨ ਕਰਨ ਦਾ ਨਿਰਣਾ ਕੀਤਾ। ਉਨ੍ਹਾਂ ਨੇ ਸਿੱਖਾਂ ਨੂੰ ਸਿੱਖ ਸੈਨਾ ਵਿੱਚ ਭਰਤੀ ਹੋਣ, ਅਤੇ ਅਤੇ ਸ਼ਸਤਰ ਭੇਟ ਕਰਨ ਲਈ ਹੁਕਮਨਾਮੇ ਜਾਰੀ ਕੀਤੇ।

ਅੰਮ੍ਰਿਤਸਰ ਦੀ ਸੁਰੱਖਿਆ ਲਈ ਗੁਰੂ ਸਾਹਿਬ ਨੇ ਲੋਹਗੜ੍ਹ ਨਾਂ ਦੇ ਇੱਕ ਕਿਲ੍ਹੇ ਦੀ ਉਸਾਰੀ ਕਰਵਾਈ। ਸਿੱਖਾਂ ਦੀ ਸੰਸਾਰਿਕ ਮਾਮਲਿਆਂ ਵਿੱਚ ਅਗਵਾਈ ਕਰਨ ਲਈ ਗੁਰੂ ਹਰਿਗੋਬਿੰਦ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ।

ਗੁਰੂ ਸਾਹਿਬ ਦੇ ਵਧਦੇ ਹੋਏ ਪ੍ਰਭਾਵ ਨੂੰ ਵੇਖ ਕੇ ਜਹਾਂਗੀਰ ਨੇ ਉਨ੍ਹਾਂ ਨੂੰ ਕੁਝ ਸਮੇਂ ਲਈ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਸੀ। ਬਾਅਦ ਵਿੱਚ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਗੁਰੂ ਜੀ ਨੇ ਉਦੋਂ ਤਕ ਰਿਹਾਅ ਹੋਣ ਤੋਂ ਇਨਕਾਰ ਕਰ ਦਿੱਤਾ ਜਦੋਂ ਤਕ ਉੱਥੇ ਕੈਦ 52 ਹੋਰ ਰਾਜਿਆਂ ਨੂੰ ਵੀ ਰਿਹਾਅ ਨਹੀਂ ਕਰ ਦਿੱਤਾ ਜਾਂਦਾ।

ਸਿੱਟੇ ਵਜੋਂ ਜਹਾਂਗੀਰ ਨੇ ਇਨ੍ਹਾਂ 52 ਰਾਜਿਆਂ ਨੂੰ ਵੀ ਰਿਹਾਅ ਕਰ ਦਿੱਤਾ। ਇਸ ਕਾਰਨ ਗੁਰੂ ਹਰਿਗੋਬਿੰਦ ਜੀ ਨੂੰ ਬੰਦੀ ਛੋੜ ਬਾਬਾ ਕਿਹਾ ਜਾਣ ਲੱਗਾ।

1628 ਈ. ਵਿੱਚ ਸ਼ਾਹਜਹਾਂ ਮੁਗ਼ਲਾਂ ਦਾ ਨਵਾਂ ਬਾਦਸ਼ਾਹ ਬਣਿਆ। ਉਹ ਬੜੇ ਕੱਟੜ ਵਿਚਾਰਾਂ ਦਾ ਸੀ। ਸ਼ਾਹਜਹਾਂ ਦੇ ਸਮੇਂ ਗੁਰੂ ਹਰਿਗੋਬਿੰਦ ਜੀ ਦੀਆਂ ਮੁਗ਼ਲਾਂ ਨਾਲ ਚਾਰ ਲੜਾਈਆਂ ਅੰਮ੍ਰਿਤਸਰ, ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਵਿਖੇ ਹੋਈਆਂ। ਇਨ੍ਹਾਂ ਲੜਾਈਆਂ ਵਿੱਚ ਗੁਰੂ ਸਾਹਿਬ ਨੂੰ ਜਿੱਤ ਪ੍ਰਾਪਤ ਹੋਈ। ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਨਾਂ ਦੇ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ। ਇੱਥੇ ਰਹਿੰਦੇ ਹੋਏ ਗੁਰੂ ਹਰਿਗੋਬਿੰਦ ਜੀ ਨੇ ਸਿੱਖ ਧਰਮ ਦੇ ਪ੍ਰਸਾਰ ਲਈ ਉਲੇਖਯੋਗ ਕਦਮ ਚੁੱਕੇ।