ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ


ਪ੍ਰਸ਼ਨ. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦਾ ਤੱਤਕਾਲੀ ਕਾਰਨ ਕੀ ਸੀ?

ਉੱਤਰ : ਕਸ਼ਮੀਰ ਵਿੱਚ ਰਹਿਣ ਵਾਲੇ ਬ੍ਰਾਹਮਣਾਂ ਦਾ ਸਾਰੇ ਭਾਰਤ ਦੇ ਹਿੰਦੂ ਬਹੁਤ ਆਦਰ ਕਰਦੇ ਸਨ। ਔਰੰਗਜ਼ੇਬ ਨੇ ਸੋਚਿਆ ਕਿ ਜੇ ਇਨ੍ਹਾਂ ਬ੍ਰਾਹਮਣਾਂ ਨੂੰ ਕਿਸੇ ਤਰ੍ਹਾਂ ਮੁਸਲਮਾਨ ਬਣਾ ਲਿਆ ਜਾਏ ਤਾਂ ਭਾਰਤ ਦੇ ਬਾਕੀ ਹਿੰਦੂ ਆਪਣੇ ਆਪ ਹੀ ਇਸਲਾਮ ਧਰਮ ਕਬੂਲ ਕਰ ਲੈਣਗੇ। ਇਸੇ ਉਦੇਸ਼ ਨਾਲ ਉਸ ਨੇ ਸ਼ੇਰ ਅਫ਼ਗਾਨ ਨੂੰ ਕਸ਼ਮੀਰ ਦਾ ਗਵਰਨਰ ਨਿਯੁਕਤ ਕੀਤਾ।

ਸ਼ੇਰ ਅਫ਼ਗਾਨ ਨੇ ਬ੍ਰਾਹਮਣਾਂ ਨੂੰ ਤਲਵਾਰ ਦੀ ਨੋਕ ‘ਤੇ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ। ਜਦੋਂ ਉਨ੍ਹਾਂ ਨੂੰ ਆਪਣੇ ਧਰਮ ਦੇ ਬਚਾਅ ਲਈ ਕੋਈ ਰਸਤਾ ਨਜ਼ਰ ਨਾ ਆਇਆ ਤਾਂ ਪੰਡਤ ਕਿਰਪਾ ਰਾਮ ਦੀ ਅਗਵਾਈ ਹੇਠ ਉਨ੍ਹਾਂ ਦਾ ਇੱਕ ਦਲ ਮਈ 1675 ਈ. ਵਿੱਚ ਸ੍ਰੀ ਆਨੰਦਪੁਰ ਸਾਹਿਬ ਗੁਰੂ ਤੇਗ਼ ਬਹਾਦਰ ਜੀ ਕੋਲ ਆਪਣੀ ਦੁੱਖ ਭਰੀ ਫਰਿਆਦ ਲੈ ਕੇ ਪਹੁੰਚਿਆ।

ਜਦੋਂ ਗੁਰੂ ਸਾਹਿਬ ਨੇ ਉਨ੍ਹਾਂ ਦੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਜ਼ੁਲਮਾਂ ਦੀ ਕਹਾਣੀ ਸੁਣੀ ਤਾਂ ਉਹ ਕੁਝ ਸੋਚੀਂ ਪੈ ਗਏ। ਗੁਰੂ ਸਾਹਿਬ ਦੇ ਮੁਖ ‘ਤੇ ਗੰਭੀਰਤਾ ਵੇਖ ਕੇ ਬਾਲਕ ਗੋਬਿੰਦ ਰਾਏ ਨੇ ਜੋ ਉਸ ਸਮੇਂ 9 ਵਰ੍ਹਿਆਂ ਦੇ ਸਨ, ਪਿਤਾ ਜੀ ਤੋਂ ਇਸ ਦਾ ਕਾਰਨ ਪੁੱਛਿਆ। ਗੁਰੂ ਸਾਹਿਬ ਨੇ ਦੱਸਿਆ ਕਿ ਹਿੰਦੂ ਧਰਮ ਦੀ ਰੱਖਿਆ ਲਈ ਕਿਸੇ ਮਹਾਂਪੁਰਸ਼ ਨੂੰ ਕੁਰਬਾਨੀ ਦੇਣ ਦੀ ਲੋੜ ਹੈ।

ਗੋਬਿੰਦ ਰਾਏ ਨੇ ਝੱਟ ਉੱਤਰ ਦਿੱਤਾ, ”ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਹੋਰ ਕੌਣ ਹੋ ਸਕਦਾ ਹੈ।” ਬਾਲਕ ਦੇ ਮੁੱਖੋਂ ਇਹ ਉੱਤਰ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਨੇ ਆਪਣੀ ਸ਼ਹਾਦਤ ਦੇਣ ਦਾ ਨਿਰਣਾ ਕਰ ਲਿਆ।

ਗੁਰੂ ਸਾਹਿਬ ਨੇ ਪੰਡਤਾਂ ਨੂੰ ਕਿਹਾ ਕਿ ਉਹ ਜਾ ਕੇ ਮੁਗ਼ਲ ਅਧਿਕਾਰੀਆਂ ਨੂੰ ਇਹ ਦੱਸ ਦੇਣ ਕਿ ਜੇ ਉਹ ਗੁਰੂ ਤੇਗ਼ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਣ ਤਾਂ ਉਹ ਸਾਰੇ ਇਸਲਾਮ ਧਰਮ ਸਵੀਕਾਰ ਕਰ ਲੈਣਗੇ। ਜਦੋਂ ਔਰੰਗਜ਼ੇਬ ਨੂੰ ਇਹ ਗੱਲ ਪਤਾ ਲੱਗੀ ਤਾਂ ਉਸ ਨੇ ਗੁਰੂ ਸਾਹਿਬ ਨੂੰ ਦਿੱਲੀ ਬੁਲਾ ਕੇ ਮੁਸਲਮਾਨ ਬਣਾਉਣ ਦਾ ਇਰਾਦਾ ਕਰ ਲਿਆ।