ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਸੁਧਾਰ
ਪ੍ਰਸ਼ਨ. ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੇ ਗਏ ਸਮਾਜਿਕ ਸੁਧਾਰਾਂ ਦਾ ਇਤਿਹਾਸ ਵਿੱਚ ਕੀ ਮਹੱਤਵ ਹੈ?
ਉੱਤਰ : ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜਿਕ ਸੁਧਾਰ ਬੜੀ ਮਹੱਤਤਾ ਰੱਖਦੇ ਹਨ। ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਸਮਾਜ ਵਿੱਚ ਇੱਕ ਇਨਕਲਾਬ ਲਿਆਂਦਾ। ਇਸ ਵਿੱਚ ਸ਼ਾਮਲ ਹੋਣ ਵਾਲੀਆਂ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਚ ਜਾਤੀ ਦੇ ਬਰਾਬਰ ਦਰਜਾ ਦਿੱਤਾ ਗਿਆ।
ਅਜਿਹਾ ਕਰਕੇ ਗੁਰੂ ਸਾਹਿਬ ਨੇ ਸਦੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ ਜਾਤ-ਪਾਤ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਰੱਖ ਦਿੱਤਾ। ਇਸਤਰੀਆਂ ਨੂੰ ਵੀ ਅੰਮ੍ਰਿਤ ਛਕਾ ਕੇ ਉਨ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਦਾ ਅਧਿਕਾਰੀ ਬਣਾਇਆ ਗਿਆ।
ਗੁਰੂ ਸਾਹਿਬ ਨੇ ਆਪਣੇ ਪੈਰੋਕਾਰਾਂ ਨੂੰ ਸ਼ਰਾਬ, ਭੰਗ ਅਤੇ ਹੋਰ ਨਸ਼ਿਆਂ ਆਦਿ ਤੋਂ ਦੂਰ ਰਹਿਣ ਲਈ ਕਿਹਾ। ਗੁਰੂ ਸਾਹਿਬ ਨੇ ਜੰਮਦੀਆਂ ਕੁੜੀਆਂ ਨੂੰ ਮਾਰਨ ਵਾਲਿਆਂ ਨਾਲ ਕੋਈ ਸੰਬੰਧ ਨਾ ਰੱਖਣ ਦਾ ਹੁਕਮ ਦਿੱਤਾ। ਗੁਰੂ ਸਾਹਿਬ ਨੇ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ ਅਤੇ ਇਹ ਐਲਾਨ ਕੀਤਾ ਕਿ ਇਨ੍ਹਾਂ ਕੁਰੀਤੀਆਂ ਲਈ ਖ਼ਾਲਸਾ ਪੰਥ ਵਿੱਚ ਕੋਈ ਸਥਾਨ ਨਹੀਂ ਹੈ।
ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸਤਰੀਆਂ ਦਾ ਪੂਰਾ ਆਦਰ-ਸਤਿਕਾਰ ਕਰਨ ਲਈ ਕਿਹਾ। ਮਸੰਦ ਪ੍ਰਥਾ ਦਾ ਅੰਤ ਕਰਕੇ ਗੁਰੂ ਜੀ ਨੇ ਸਿੱਖਾਂ ਨੂੰ ਉਨ੍ਹਾਂ ਦੇ ਸ਼ੋਸ਼ਣ ਤੋਂ ਬਚਾਇਆ। ਅਸਲ ਵਿੱਚ ਗੁਰੂ ਸਾਹਿਬ ਨੇ ਇੱਕ ਆਦਰਸ਼ ਸਮਾਜ ਨੂੰ ਜਨਮ ਦਿੱਤਾ।