ਗੁਰੂ ਅੰਗਦ ਦੇਵ ਜੀ


ਪ੍ਰਸ਼ਨ. ਗੁਰੂ ਅੰਗਦ ਦੇਵ ਜੀ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ : ਗੁਰੂ ਅੰਗਦ ਦੇਵ ਜੀ 1539 ਈ. ਵਿੱਚ ਸਿੱਖਾਂ ਦੇ ਦੂਜੇ ਗੁਰੂ ਬਣੇ। ਉਹ 1552 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ। ਇਸ ਸਮੇਂ ਦੇ ਦੌਰਾਨ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਹੇਠ ਲਿਖੇ ਮੁੱਖ ਕੰਮ ਕੀਤੇ :

1. ਗੁਰਮੁੱਖੀ ਨੂੰ ਹਰਮਨ-ਪਿਆਰਾ ਬਣਾਉਣਾ : ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾ ਕੇ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹੱਤਵਪੂਰਨ ਕਦਮ ਚੁੱਕਿਆ। ਉਨ੍ਹਾਂ ਨੇ ਇਸ ਦੇ ਰੂਪ ਵਿੱਚ ਇੱਕ ਨਵਾਂ ਨਿਖਾਰ ਲਿਆਂਦਾ। ਸਿੱਟੇ ਵਜੋਂ ਇਸ ਲਿਪੀ ਨੂੰ ਸਮਝਣਾ ਆਮ ਲੋਕਾਂ ਲਈ ਆਸਾਨ ਹੋ ਗਿਆ ਸੀ। ਇਸ ਲਿਪੀ ਦੇ ਪ੍ਰਸਾਰ ਕਾਰਨ ਸਿੱਖਾਂ ਵਿੱਚ ਤੇਜ਼ੀ ਨਾਲ ਵਿੱਦਿਆ ਦਾ ਪ੍ਰਸਾਰ ਵੀ ਹੋਣ ਲੱਗਾ।

2. ਲੰਗਰ ਪ੍ਰਥਾ ਦਾ ਵਿਸਥਾਰ : ਲੰਗਰ ਪ੍ਰਥਾ ਦੇ ਵਿਕਾਸ ਦਾ ਸਿਹਰਾ ਗੁਰੂ ਅੰਗਦ ਦੇਵ ਜੀ ਨੂੰ ਪ੍ਰਾਪਤ ਹੈ। ਲੰਗਰ ਦਾ ਸਾਰਾ ਪ੍ਰਬੰਧ ਉਨ੍ਹਾਂ ਦੀ ਧਰਮ ਪਤਨੀ ਮਾਤਾ ਖੀਵੀ ਜੀ ਕਰਦੇ ਸਨ। ਲੰਗਰ ਵਿੱਚ ਸਾਰੇ ਵਿਅਕਤੀ ਬਿਨਾਂ ਕਿਸੇ ਊਰ ਨੀਚ, ਜਾਤ-ਪਾਤ ਦੇ ਵਿਤਕਰੇ ਦੇ ਇਕੱਠੇ ਮਿਲ ਕੇ ਛਕਦੇ ਸਨ। ਇਸ ਪ੍ਰਥਾ ਦੇ ਕਾਰਨ ਸਿੱਖਾਂ ਵਿੱਚ ਆਪਸੀ ਸਹਿਯੋਗ ਦੀ ਭਾਵਨਾ ਵਧੀ।

3. ਸੰਗਤ ਦਾ ਸੰਗਠਨ : ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਸੰਗਤ ਸੰਸਥਾ ਨੂੰ ਵੀ ਸੰਗਠਿਤ ਕੀਤਾ। ਸੰਗਤ ਤੋਂ ਭਾਵ ਸੀ ਇਕੱਠੇ ਮਿਲ ਬੈਠਣਾ। ਸੰਗਤ ਵਿੱਚ ਸਾਰੇ ਧਰਮਾਂ ਦੇ ਲੋਕ ਭਾਵ ਇਸਤਰੀ ਅਤੇ ਪੁਰਸ਼ ਹਿੱਸਾ ਲੈ ਸਕਦੇ ਸਨ। ਇਹ ਸੰਗਤ ਸਵੇਰੇ ਸ਼ਾਮ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਨ ਲਈ ਇਕੱਠੀ ਹੁੰਦੀ ਸੀ। ਇਸ ਸੰਸਥਾ ਨੇ ਸਮਾਜਿਕ ਨਾ-ਬਰਾਬਰੀ ਨੂੰ ਦੂਰ ਕਰਨ ਅਤੇ ਸਿੱਖਾਂ ਨੂੰ ਸੰਗਠਿਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।

4. ਉਦਾਸੀ ਮਤ ਦਾ ਖੰਡਨ : ਉਦਾਸੀ ਮਤ ਦੀ ਸਥਾਪਨਾ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਕੀਤੀ ਸੀ। ਇਹ ਮਤ ਸੰਨਿਆਸ ਜਾਂ ਤਿਆਗ ਦੇ ਜੀਵਨ ‘ਤੇ ਜ਼ੋਰ ਦਿੰਦਾ ਸੀ। ਬਹੁਤ ਸਾਰੇ ਸਿੱਖ ਉਦਾਸੀ ਮਤ ਨੂੰ ਮਾਨਤਾ ਦੇਣ ਲੱਗ ਪਏ ਸਨ। ਇੱਥੋਂ ਤੱਕ ਕਿ ਇਹ ਖ਼ਤਰਾ ਪੈਦਾ ਹੋ ਗਿਆ ਕਿ ਕਿਤੇ ਸਿੱਖ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਭੁੱਲ ਕੇ ਉਦਾਸੀ ਮਤ ਨਾ ਅਪਣਾ ਲੈਣ। ਇਸ ਲਈ ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮਤ ਦਾ ਕਰੜਾ ਵਿਰੋਧ ਕਰ ਕੇ ਸਿੱਖ ਮਤ ਦੀ ਵੱਖਰੀ ਹੋਂਦ ਨੂੰ ਕਾਇਮ ਰੱਖਿਆ।

5. ਗੋਇੰਦਵਾਲ ਸਾਹਿਬ ਦੀ ਸਥਾਪਨਾ : 1546 ਈ. ਵਿੱਚ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਦੇ ਨੇੜੇ ਗੋਇੰਦਵਾਲ ਸਾਹਿਬ ਨਾਂ ਦੇ ਇੱਕ ਨਵੇਂ ਨਗਰ ਦੀ ਸਥਾਪਨਾ ਕੀਤੀ। ਇਹ ਨਗਰ ਛੇਤੀ ਹੀ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਸਥਾਨ ਬਣ ਗਿਆ।

6. ਉੱਤਰਾਧਿਕਾਰੀ ਦੀ ਨਾਮਜ਼ਦਗੀ : ਗੁਰੂ ਅੰਗਦ ਦੇਵ ਜੀ ਦਾ ਸਿੱਖ ਪੰਥ ਦੇ ਵਿਕਾਸ ਲਈ ਸਭ ਤੋਂ ਮਹਾਨ ਕੰਮ ਆਪਣਾ ਉੱਤਰਾਧਿਕਾਰੀ ਨਾਮਜ਼ਦ ਕਰਨਾ ਸੀ। ਇਸ ਲਈ ਉਨ੍ਹਾਂ ਨੇ ਆਪਣੇ ਇੱਕ ਸ਼ਰਧਾਲੂ ਅਮਰਦਾਸ ਜੀ ਦੀ ਚੋਣ ਕੀਤੀ।