ਗੁਰੂ ਅਰਜਨ ਦੇਵ ਜੀ


ਪ੍ਰਸ਼ਨ. ਗੁਰੂ ਅਰਜਨ ਦੇਵ ਜੀ ਵੱਲੋਂ ਸਿੱਖ ਧਰਮ ਦੇ ਵਿਕਾਸ ਲਈ ਪਾਏ ਯੋਗਦਾਨ ਬਾਰੇ ਚਰਚਾ ਕਰੋ।

ਉੱਤਰ : ਗੁਰੂ ਅਰਜਨ ਦੇਵ ਜੀ ਦਾ ਗੁਰੂਕਾਲ 1581 ਈ. ਤੋਂ 1606 ਈ. ਤਕ ਸੀ। ਗੁਰੂ ਸਾਹਿਬ ਨੇ ਸਿੱਖ ਪੰਥ ਦੇ ਵਿਕਾਸ ਲਈ ਅਨੇਕਾਂ ਮਹੱਤਵਪੂਰਨ ਕਾਰਜ ਕੀਤੇ, ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :

1. ਹਰਿਮੰਦਰ ਸਾਹਿਬ ਦਾ ਨਿਰਮਾਣ : ਗੁਰੂ ਅਰਜਨ ਸਾਹਿਬ ਦਾ ਸਿੱਖ ਪੰਥ ਦੇ ਵਿਕਾਸ ਲਈ ਸਭ ਤੋਂ ਪਹਿਲਾਂ ਮਹਾਨ ਕਾਰਜ ਹਰਿਮੰਦਰ ਸਾਹਿਬ ਦਾ ਨਿਰਮਾਣ ਸੀ। ਇਸ ਦੀ ਨੀਂਹ 13 ਜਨਵਰੀ, 1588 ਈ. ਵਿੱਚ ਪ੍ਰਸਿੱਧ ਸੂਫ਼ੀ ਸੰਤ ਮੀਆਂ ਮੀਰ ਜੀ ਨੇ ਰੱਖੀ ਸੀ। 1601 ਈ. ਵਿੱਚ ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ਸੰਪੂਰਨ ਹੋਇਆ। ਹਰਿਮੰਦਰ ਸਾਹਿਬ ਦਾ ਨਿਰਮਾਣ ਸਿੱਖ ਪੰਥ ਦੇ ਵਿਕਾਸ ਵਿਚ ਇੱਕ ਮੀਲ ਪੱਥਰ ਸਿੱਧ ਹੋਇਆ।

2. ਤਰਨ ਤਾਰਨ ਦੀ ਸਥਾਪਨਾ : 1590 ਈ. ਵਿੱਚ ਗੁਰੂ ਅਰਜਨ ਸਾਹਿਬ ਨੇ ਮਾਝੇ ਦੇ ਇਲਾਕੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੱਖਣ ਵੱਲ ਤਰਨ ਤਾਰਨ ਨਗਰ ਦੀ ਸਥਾਪਨਾ ਕੀਤੀ। ਇੱਥੇ ਤਰਨ ਤਾਰਨ ਨਾਂ ਦਾ ਇੱਕ ਸਰੋਵਰ ਵੀ ਖੁਦਵਾਇਆ ਗਿਆ। ਤਰਨ ਤਾਰਨ ਤੋਂ ਭਾਵ ਸੀ ਕਿ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਵਾਲਾ ਯਾਤਰੂ ਇਸ ਭਵ ਸਾਗਰ ਤੋਂ ਤਰ ਜਾਵੇਗਾ।

3. ਕਰਤਾਰਪੁਰ ਅਤੇ ਹਰਿਗੋਬਿੰਦਪੁਰ ਦੀ ਸਥਾਪਨਾ : 1593 ਈ. ਵਿੱਚ ਗੁਰੂ ਅਰਜਨ ਦੇਵ ਜੀ ਨੇ ਜਲੰਧਰ ਜ਼ਿਲ੍ਹੇ ਵਿੱਚ ਕਰਤਾਰਪੁਰ ਨਗਰ ਦੀ ਸਥਾਪਨਾ ਕੀਤੀ। ਕਰਤਾਰਪੁਰ ਤੋਂ ਭਾਵ ਸੀ ‘ਈਸ਼ਵਰ ਦਾ ਸ਼ਹਿਰ। 1595 ਈ. ਵਿੱਚ ਗੁਰੂ ਸਾਹਿਬ ਨੇ ਆਪਣੇ ਪੁੱਤਰ ਹਰਿਗੋਬਿੰਦ ਜੀ ਨੇ ਜਨਮ ਦੀ ਖ਼ੁਸ਼ੀ ਵਿੱਚ ਬਿਆਸ ਨਦੀ ਦੇ ਕੰਢੇ ਹਰਿਗੋਬਿੰਦਪੁਰ ਨਗਰ ਦੀ ਸਥਾਪਨਾ ਕੀਤੀ।

4. ਮਸੰਦ ਪ੍ਰਥਾ ਦਾ ਵਿਕਾਸ : ਮਸੰਦ ਪ੍ਰਥਾ ਦਾ ਵਿਕਾਸ ਬਿਨਾਂ ਸ਼ੱਕ ਗੁਰੂ ਅਰਜਨ ਸਾਹਿਬ ਦੇ ਮਹਾਨ ਕੰਮਾਂ ਵਿੱਚੋਂ ਇੱਕ ਸੀ। ਸਿੱਖਾਂ ਦੀ ਗਿਣਤੀ ਵਿੱਚ ਹੋਏ ਵਾਧੇ ਕਾਰਨ ਗੁਰੂ ਸਾਹਿਬ ਨੂੰ ਲੰਗਰ ਅਤੇ ਹੋਰ ਵਿਕਾਸ ਕਾਰਜਾਂ ਵਾਸਤੇ ਮਾਇਆ ਦੀ ਲੋੜ ਸੀ। ਇਸ ਲਈ ਗੁਰੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਹਰੇਕ ਸਿੱਖ ਆਪਣੀ ਆਮਦਨ ਵਿੱਚੋਂ ਦਸਵੰਧ (ਦਸਵਾਂ ਹਿੱਸਾ) ਗੁਰੂ ਸਾਹਿਬ ਨੂੰ ਭੇਟ ਕਰੇ। ਇਸ ਮਾਇਆ ਨੂੰ ਇਕੱਠਾ ਕਰਨ ਲਈ ਗੁਰੂ ਸਾਹਿਬ ਨੇ ਮਸੰਦ ਨਿਯੁਕਤ ਕੀਤੇ। ਮਸੰਦ ਪ੍ਰਥਾ ਦੇ ਕਾਰਨ ਸਿੱਖ ਧਰਮ ਦਾ ਪ੍ਰਸਾਰ ਦੂਰ-ਦੂਰ ਦੇ ਖੇਤਰਾਂ ਵਿੱਚ ਵੀ ਸੰਭਵ ਹੋ ਸਕਿਆ।

5. ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ : ਸਿੱਖ ਪੰਥ ਦੇ ਵਿਕਾਸ ਲਈ ਗੁਰੂ ਅਰਜਨ ਸਾਹਿਬ ਦਾ ਸਭ ਤੋਂ ਮਹਾਨ ਕਾਰਜ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਸੀ। ਭਾਈ ਗੁਰਦਾਸ ਜੀ ਨੇ ਬਾਣੀ ਨੂੰ ਲਿਖਣ ਦਾ ਕੰਮ ਕੀਤਾ। ਇਹ ਮਹਾਨ ਕਾਰਜ 1604 ਈ. ਵਿੱਚ ਸੰਪੂਰਨ ਹੋਇਆ। ਆਦਿ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਦੀ ਅਤੇ ਆਪਣੀ ਬਾਣੀ ਸ਼ਾਮਲ ਕੀਤੀ। ਇਨ੍ਹਾਂ ਤੋਂ ਇਲਾਵਾ ਇਸ ਵਿੱਚ ਕਈ ਭਗਤਾਂ, ਸੂਫ਼ੀ ਸੰਤਾਂ ਤੇ ਭੱਟਾਂ ਆਦਿ ਦੀ ਬਾਣੀ ਵੀ ਦਰਜ ਕੀਤੀ ਗਈ। ਬਾਅਦ ਵਿੱਚ ਇਸ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਵੀ ਸ਼ਾਮਲ ਕਰ ਲਈ ਗਈ। ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਨਾਲ ਸਿੱਖਾਂ ਨੂੰ ਇੱਕ ਪਵਿੱਤਰ ਧਾਰਮਿਕ ਗ੍ਰੰਥ ਪ੍ਰਾਪਤ ਹੋਇਆ।

6. ਘੋੜਿਆਂ ਦਾ ਵਪਾਰ : ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਆਰਥਿਕ ਪੱਖ ਤੋਂ ਖੁਸ਼ਹਾਲ ਬਣਾਉਣਾ ਚਾਹੁੰਦੇ ਸਨ। ਇਸ ਉਦੇਸ਼ ਨਾਲ ਉਨ੍ਹਾਂ ਨੇ ਸਿੱਖਾਂ ਨੂੰ ਅਰਬ ਦੇਸ਼ਾਂ ਨਾਲ ਘੋੜਿਆਂ ਦਾ ਵਪਾਰ ਕਰਨ ਲਈ ਉਤਸ਼ਾਹ ਦਿੱਤਾ। ਇਸ ਦੇ ਦੂਰਗਾਮੀ ਪ੍ਰਭਾਵ ਪਏ।