ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
ਪ੍ਰਸ਼ਨ. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਫੌਰੀ ਕਾਰਨ ਕੀ ਸੀ?
ਉੱਤਰ : ਗੁਰੂ ਅਰਜਨ ਦੇਵ ਜੀ ਦੁਆਰਾ ਸ਼ਹਿਜ਼ਾਦਾ ਖੁਸਰੋ ਦੀ ਸਹਾਇਤਾ ਉਨ੍ਹਾਂ ਦੀ ਸ਼ਹਾਦਤ ਦਾ ਫੌਰੀ ਕਾਰਨ ਬਣਿਆ। ਸ਼ਹਿਜ਼ਾਦਾ ਖੁਸਰੋ ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਸੀ। ਉਸ ਨੇ ਆਪਣੇ ਪਿਤਾ ਵਿਰੁੱਧ ਰਾਜਗੱਦੀ ਪ੍ਰਾਪਤ ਕਰਨ ਲਈ ਵਿਦਰੋਹ ਕਰ ਦਿੱਤਾ ਸੀ। ਜਦੋਂ ਸ਼ਾਹੀ ਫ਼ੌਜਾਂ ਨੇ ਖੁਸਰੋ ਨੂੰ ਫੜਨ ਦਾ ਯਤਨ ਕੀਤਾ ਤਾਂ ਉਹ ਭੱਜ ਕੇ ਪੰਜਾਬ ਆ ਗਿਆ। ਪੰਜਾਬ ਪਹੁੰਚ ਕੇ ਖੁਸਰੋ ਗੁਰੂ ਅਰਜਨ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਤਰਨ ਤਾਰਨ ਵਿਖੇ ਪਹੁੰਚਿਆ।
ਅਕਬਰ ਦਾ ਪੋਤਰਾ ਹੋਣ ਦੇ ਨਾਤੇ ਜਿਸ ਦੇ ਸਿੱਖ ਗੁਰੂਆਂ ਨਾਲ ਬੜੇ ਚੰਗੇ ਸੰਬੰਧ ਸਨ ਇਹ ਕੁਦਰਤੀ ਸੀ ਕਿ ਗੁਰੂ ਸਾਹਿਬ ਉਸ ਨਾਲ ਹਮਦਰਦੀ ਕਰਦੇ। ਨਾਲੇ ਗੁਰੂ ਘਰ ਵਿੱਚ ਆ ਕੇ ਕੋਈ ਵੀ ਵਿਅਕਤੀ ਗੁਰੂ ਸਾਹਿਬ ਨੂੰ ਅਸ਼ੀਰਵਾਦ ਦੇਣ ਦੀ ਅਰਦਾਸ ਕਰ ਸਕਦਾ ਸੀ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਖੁਸਰੋ ਦੇ ਮੱਥੇ ‘ਤੇ ਤਿਲਕ ਲਗਾਇਆ ਅਤੇ ਉਸ ਨੂੰ ਕਾਬਲ ਜਾਣ ਲਈ ਕੁਝ ਲੋੜੀਂਦੀ ਆਰਥਿਕ ਸਹਾਇਤਾ ਵੀ ਕੀਤੀ। ਜਦੋਂ ਜਹਾਂਗੀਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਸ ਨੂੰ ਗੁਰੂ ਜੀ ਵਿਰੁੱਧ ਕਾਰਵਾਈ ਕਰਨ ਦਾ ਸੁਨਹਿਰੀ ਮੌਕਾ ਮਿਲ ਗਿਆ। ਉਸ ਨੇ ਲਾਹੌਰ ਦੇ ਗਵਰਨਰ ਮੁਰਤਜਾ ਖ਼ਾਂ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਵੇ। ਉਨ੍ਹਾਂ ਨੂੰ ਘੋਰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ ਜਾਵੇ।