ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ
ਪ੍ਰਸ਼ਨ. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ?
ਉੱਤਰ : ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨਾਂ ਦਾ ਵਰਣਨ ਇਸ ਤਰ੍ਹਾਂ ਹੈ :
1. ਜਹਾਂਗੀਰ ਦੀ ਧਾਰਮਿਕ ਕੱਟੜਤਾ : ਜਹਾਂਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਉਸ ਦੀ ਇਹ ਕੱਟੜਤਾ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ ਪ੍ਰਮੁੱਖ ਕਾਰਨ ਬਣੀ। ਉਹ ਇਸਲਾਮ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਦੀ ਹੋਂਦ ਨੂੰ ਕਦੇ ਸਹਿਣ ਨਹੀਂ ਕਰ ਸਕਦਾ ਸੀ। ਉਹ ਪੰਜਾਬ ਵਿੱਚ ਸਿੱਖਾਂ ਦੇ ਦਿਨ-ਬ-ਦਿਨ ਵੱਧ ਰਹੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਕਿਸੇ ਸੁਨਹਿਰੀ ਮੌਕੇ ਦੀ ਤਲਾਸ਼ ਵਿੱਚ ਸੀ।
2. ਸਿੱਖ ਪੰਥ ਦਾ ਵਿਕਾਸ : ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਸਿੱਖ ਪੰਥ ਦੀ ਵਧਦੀ ਲੋਕਪ੍ਰਿਯਤਾ ਦਾ ਵੀ
ਯੋਗਦਾਨ ਹੈ। ਹਰਿਮੰਦਰ ਸਾਹਿਬ ਦੇ ਨਿਰਮਾਣ, ਤਰਨ ਤਾਰਨ, ਕਰਤਾਰਪੁਰ ਅਤੇ ਹਰਿਗੋਬਿੰਦਪੁਰ ਆਦਿ ਨਗਰਾਂ ਅਤੇ ਮਸੰਦ ਪ੍ਰਥਾ ਦੀ ਸਥਾਪਨਾ ਕਾਰਨ ਸਿੱਖ ਪੰਥ ਦਿਨੋ-ਦਿਨ ਹਰਮਨ-ਪਿਆਰਾ ਹੁੰਦਾ ਚਲਾ ਗਿਆ। ਆਦਿ ਗ੍ਰੰਥ ਸਾਹਿਬ ਦੀ ਰਚਨਾ ਕਾਰਨ ਸਿੱਖ ਧਰਮ ਦੇ ਪ੍ਰਸਾਰ ਵਿੱਚ ਬਹੁਤ ਸਹਾਇਤਾ ਮਿਲੀ। ਮੁਗ਼ਲਾਂ ਲਈ ਇਹ ਗੱਲ ਅਸਹਿ ਸੀ। ਇਸ ਲਈ ਉਨ੍ਹਾਂ ਨੇ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦਾ ਨਿਰਣਾ ਕੀਤਾ।
3. ਪ੍ਰਿਥੀ ਚੰਦ ਦੀ ਦੁਸ਼ਮਣੀ : ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਦਾ ਵੱਡਾ ਭਰਾ ਸੀ। ਉਹ ਬੜਾ ਲਾਲਚੀ ਅਤੇ ਖ਼ੁਦਗਰਜ਼ ਇਨਸਾਨ ਸੀ। ਕਿਉਂਕਿ ਉਸ ਨੂੰ ਗੁਰਗੱਦੀ ਨਹੀਂ ਮਿਲੀ ਇਸ ਲਈ ਉਹ ਗੁਰੂ ਸਾਹਿਬ ਨਾਲ ਨਾਰਾਜ਼ ਸੀ। ਉਸ ਨੇ ਮੁਗ਼ਲ ਅਧਿਕਾਰੀਆਂ ਨਾਲ ਮਿਲ ਕੇ ਗੁਰੂ ਜੀ ਵਿਰੁੱਧ ਸਾਜ਼ਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਸਾਜ਼ਸ਼ਾ ਨੇ ਮੁਗ਼ਲਾਂ ਵਿੱਚ ਗੁਰੂ ਜੀ ਵਿਰੁੱਧ ਹੋਰ ਨਫ਼ਰਤ ਪੈਦਾ ਕਰ ਦਿੱਤੀ।
4. ਚੰਦੂ ਸ਼ਾਹ ਦੀ ਦੁਸ਼ਮਣੀ : ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ। ਉਹ ਆਪਣੀ ਲੜਕੀ ਲਈ ਕਿਸੇ ਯੋਗ ਵਰ ਦੀ ਤਲਾਸ਼ ਵਿੱਚ ਸੀ। ਚੰਦੂ ਸ਼ਾਹ ਨੂੰ ਗੁਰੂ ਸਾਹਿਬ ਦੇ ਪੁੱਤਰ ਹਰਿਗੋਬਿੰਦ ਦਾ ਨਾਂ ਸੁਝਾਇਆ ਗਿਆ। ਇਸ ‘ਤੇ ਉਸ ਨੇ ਗੁਰੂ ਜੀ ਦੀ ਸ਼ਾਨ ਵਿੱਚ ਅਨੇਕਾਂ ਅਪਮਾਨਜਨਕ ਸ਼ਬਦ ਕਹੇ। ਪਰ ਪਤਨੀ ਦੁਆਰਾ ਮਜਬੂਰ ਕਰਨ ‘ਤੇ ਉਹ ਇਹ ਰਿਸ਼ਤਾ ਕਰਨ ਲਈ ਤਿਆਰ ਹੋ ਗਿਆ। ਗੁਰੂ ਸਾਹਿਬ ਨੇ ਇਸ ਰਿਸ਼ਤੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਚੰਦੂ ਸ਼ਾਹ ਨੇ ਆਪਣੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਜੀ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਮਨ ਬਣਾਇਆ।
5. ਨਕਸ਼ਬੰਦੀਆਂ ਦਾ ਵਿਰੋਧ : ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਿੱਚ ਨਕਸ਼ਬੰਦੀਆਂ ਦੀ ਮਹੱਤਵਪੂਰਨ ਭੂਮਿਕਾ ਸੀ। ਉਸ ਸਮੇਂ ਇਸ ਲਹਿਰ ਦਾ ਨੇਤਾ ਸ਼ੇਖ ਅਹਿਮਦ ਸਰਹਿੰਦੀ ਸੀ। ਉਹ ਸਿੱਖਾਂ ਦੇ ਵੱਧਦੇ ਹੋਏ ਪ੍ਰਭਾਵ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਸੀ। ਸਿੱਟੇ ਵਜੋਂ ਉਸ ਨੇ ਜਹਾਂਗੀਰ ਨੂੰ ਸਿੱਖਾਂ ਵਿਰੁੱਧ ਕਾਰਵਾਈ ਲਈ ਭੜਕਾਇਆ।
6. ਖੁਸਰੋ ਦੀ ਸਹਾਇਤਾ : ਗੁਰੂ ਅਰਜਨ ਸਾਹਿਬ ਦੁਆਰਾ ਸ਼ਹਿਜ਼ਾਦਾ ਖੁਸਰੋ ਦੀ ਸਹਾਇਤਾ ਉਨ੍ਹਾਂ ਦੀ ਸ਼ਹਾਦਤ ਦਾ ਫੌਰੀ ਕਾਰਨ ਬਣਿਆ। ਸ਼ਹਿਜ਼ਾਦਾ ਖੁਸਰੋ ਗੁਰੂ ਅਰਜਨ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਤਰਨ ਤਾਰਨ ਵਿਖੇ ਪਹੁੰਚਿਆ। ਗੁਰੂ ਸਾਹਿਬ ਨੇ ਖੁਸਰੋ ਦੇ ਮੱਥੇ ‘ਤੇ ਤਿਲਕ ਲਗਾਇਆ ਅਤੇ ਕੁਝ ਲੋੜੀਂਦੀ ਆਰਥਿਕ ਸਹਾਇਤਾ ਵੀ ਕੀਤੀ। ਜਦੋਂ ਜਹਾਂਗੀਰ ਨੂੰ ਇਸ ਬਾਰੇ ਪਤਾ ਚਲਿਆ ਤਾਂ ਉਸ ਨੇ ਲਾਹੌਰ ਦੇ ਗਵਰਨਰ, ਮੁਰਤਜਾ ਖ਼ਾਂ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਵੇ।