ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ


ਪ੍ਰਸ਼ਨ. ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮਹੱਤਵ ਦਾ ਸੰਖੇਪ ਵਰਣਨ ਕਰੋ।

ਉੱਤਰ : ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਸਿੱਧ ਹੋਈ। ਇਸ ਸ਼ਹੀਦੀ ਦੇ ਹੇਠ ਲਿਖੇ ਮਹੱਤਵਪੂਰਨ ਸਿੱਟੇ ਨਿਕਲੇ :

1. ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ : ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਗੁਰੂ ਹਰਿਗੋਬਿੰਦ ਜੀ ‘ਤੇ ਬੜਾ ਡੂੰਘਾ ਅਸਰ ਪਿਆ। ਉਨ੍ਹਾਂ ਨੇ ਸਿੱਖਾਂ ਨੂੰ ਹਥਿਆਰਬੰਦ ਕਰਨ ਦਾ ਨਿਸ਼ਚਾ ਕੀਤਾ। ਉਨ੍ਹਾਂ ਨੇ ਅਕਾਲ ਤਖ਼ਤ ਦੀ ਉਸਾਰੀ ਕਰਵਾਈ। ਇੱਥੇ ਸਿੱਖਾਂ ਨੂੰ ਹਥਿਆਰਾਂ ਦੀ ਵਰਤੋਂ ਕਰਨੀ ਸਿਖਾਈ ਜਾਂਦੀ ਸੀ। ਇਸ ਤਰ੍ਹਾਂ ਸਿੱਖ ਸੰਤ ਸਿਪਾਹੀ ਬਣ ਕੇ ਉਭਰਨ ਲੱਗੇ।

2. ਸਿੱਖਾਂ ਵਿੱਚ ਏਕਤਾ : ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਇਹ ਮਹਿਸੂਸ ਕਰਨ ਲੱਗੇ ਕਿ ਮੁਗ਼ਲਾਂ ਦੇ ਅੱਤਿਆਚਾਰ ਵਿਰੁੱਧ ਉਨ੍ਹਾਂ ਵਿੱਚ ਏਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਸਿੱਟੇ ਵਜੋਂ ਉਹ ਬੜੀ ਤੇਜ਼ੀ ਨਾਲ ਇੱਕ ਹੋਣ ਲੱਗੇ।

3. ਸਿੱਖਾਂ ਤੇ ਮੁਗ਼ਲਾਂ ਦੇ ਸੰਬੰਧਾਂ ਵਿੱਚ ਪਰਿਵਰਤਨ : ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਹਿਲਾਂ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਸੰਬੰਧ ਸੁਹਿਰਦ ਸਨ। ਪਰ ਹੁਣ ਸਥਿਤੀ ਵਿੱਚ ਪੂਰਨ ਤੌਰ ‘ਤੇ ਪਰਿਵਰਤਨ ਆ ਚੁੱਕਾ ਸੀ। ਸਿੱਖਾਂ ਦੇ ਦਿਲਾਂ ਵਿੱਚ ਮੁਗ਼ਲਾਂ ਤੋਂ ਬਦਲਾ ਲੈਣ ਦੀ ਭਾਵਨਾ ਪੈਦਾ ਹੋ ਗਈ ਸੀ। ਮੁਗ਼ਲਾਂ ਨੂੰ ਵੀ ਸਿੱਖਾਂ ਦਾ ਹਥਿਆਰਬੰਦ ਹੋਣਾ ਪਸੰਦ ਨਹੀਂ ਸੀ। ਇਸ ਤਰ੍ਹਾਂ ਸਿੱਖਾਂ ਅਤੇ ਮੁਗ਼ਲਾਂ ਵਿੱਚਾਲੇ ਆਪਸੀ ਪਾੜਾ ਹੋਰ ਵੱਧ ਗਿਆ।

4. ਸਿੱਖਾਂ ਉੱਤੇ ਅੱਤਿਆਚਾਰ : ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਨਾਲ ਹੀ ਮੁਗ਼ਲਾਂ ਨੇ ਸਿੱਖਾਂ ਉੱਤੇ ਅੱਤਿਆਚਾਰਾਂ ਦਾ ਇੱਕ ਦੌਰ ਸ਼ੁਰੂ ਕਰ ਦਿੱਤਾ। ਸਿੱਖਾਂ ਨੇ ਗੁਰੂ ਗੋਬਿੰਦ ਸਿੰਘ, ਬੰਦਾ ਸਿੰਘ ਬਹਾਦਰ ਅਤੇ ਹੋਰ ਸਿੱਖ ਨੇਤਾਵਾਂ ਦੇ ਅਧੀਨ ਮੁਗ਼ਲ ਅੱਤਿਆਚਾਰਾਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਸ਼ਹੀਦੀਆਂ ਦਿੱਤੀਆਂ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖਾਂ ਲਈ ਇੱਕ ਪ੍ਰੇਰਣਾ ਦਾ ਸੋਮਾ ਬਣ ਗਈ।

5. ਸਿੱਖ ਧਰਮ ਦੀ ਲੋਕਪ੍ਰਿਯਤਾ : ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਸਿੱਖ ਧਰਮ ਪਹਿਲਾਂ ਨਾਲੋਂ ਵਧੇਰੇ ਲੋਕਪ੍ਰਿਯ ਹੋ ਗਿਆ। ਇਸ ਘਟਨਾ ਨਾਲ ਨਾ ਸਿਰਫ ਹਿੰਦੂ, ਸਗੋਂ ਬਹੁਤ ਸਾਰੇ ਮੁਸਲਮਾਨਾਂ ਦੇ ਦਿਲਾਂ ਵਿੱਚ ਗੁਰੂ ਸਾਹਿਬ ਲਈ ਅਥਾਹ ਪ੍ਰੇਮ ਅਤੇ ਭਗਤੀ ਦੀ ਭਾਵਨਾ ਪੈਦਾ ਹੋ ਗਈ। ਉਹ ਵੱਡੀ ਗਿਣਤੀ ਵਿੱਚ ਸਿੱਖ ਧਰਮ ਵਿੱਚ ਸ਼ਾਮਲ ਹੋਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖ ਇਤਿਹਾਸ ਵਿੱਚ ਇੱਕ ਨਵੇਂ ਯੁੱਗ ਦਾ ਆਰੰਭ ਕੀਤਾ।

6. ਸੁਤੰਤਰ ਸਿੱਖ ਰਾਜ ਦੀ ਸਥਾਪਨਾ : ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਸਿੱਖਾਂ ਨੇ ਇਹ ਪ੍ਰਣ ਕੀਤਾ ਕਿ ਜਦੋਂ ਤਕ ਉਹ ਮੁਗ਼ਲਾਂ ਦੇ ਸ਼ਾਸਨ ਦਾ ਅੰਤ ਨਹੀਂ ਕਰ ਲੈਂਦੇ ਉਹ ਸੁੱਖ ਦਾ ਸਾਹ ਨਹੀਂ ਲੈਣਗੇ। ਇਸ ਲਈ ਉਨ੍ਹਾਂ ਨੇ ਸ਼ਸਤਰ ਚੁੱਕ ਲਏ। ਇਸ ਤਰ੍ਹਾਂ ਅਖੀਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਦਾ ਸੁਤੰਤਰ ਰਾਜ ਸਥਾਪਿਤ ਕਰਨ ਦਾ ਸੁਪਨਾ ਸਾਕਾਰ ਹੋਇਆ।