ਗੁਰੂ ਅਮਰਦਾਸ ਜੀ
ਪ੍ਰਸ਼ਨ. ਮੁਗ਼ਲ ਬਾਦਸ਼ਾਹ ਅਕਬਰ ਅਤੇ ਗੁਰੂ ਅਮਰਦਾਸ ਜੀ ਵਿਚਕਾਰ ਸੰਬੰਧਾਂ ਦਾ ਉਲੇਖ ਕਰੋ।
ਉੱਤਰ : ਗੁਰੂ ਅਮਰਦਾਸ ਜੀ ਦੇ ਮੁਗ਼ਲਾਂ ਨਾਲ ਸੰਬੰਧ ਬਹੁਤ ਚੰਗੇ ਸਨ। ਉਸ ਸਮੇਂ ਭਾਰਤ ਵਿੱਚ ਮੁਗ਼ਲ ਬਾਦਸ਼ਾਹ ਅਕਬਰ ਦਾ ਸ਼ਾਸਨ ਸੀ। ਗੁਰੂ ਅਮਰਦਾਸ ਜੀ ਦੀ ਅਰਦਾਸ ਸਦਕਾ ਅਕਬਰ ਨੂੰ ਚਿਤੌੜ ਦੀ ਮੁਹਿੰਮ ਵਿੱਚ ਸਫਲਤਾ ਪ੍ਰਾਪਤ ਹੋਈ ਸੀ। ਇਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਅਕਬਰ 1568 ਈ. ਵਿੱਚ ਗੋਇੰਦਵਾਲ ਸਾਹਿਬ ਵਿਖੇ ਆਇਆ ਸੀ।
ਉਸ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਪਹਿਲਾਂ ਮਰਯਾਦਾ ਅਨੁਸਾਰ ਬਾਕੀ ਸੰਗਤ ਨਾਲ ਮਿਲ ਕੇ ਲੰਗਰ ਛਕਿਆ। ਉਹ ਗੁਰੂ ਸਾਹਿਬ ਦੀ ਸ਼ਖ਼ਸੀਅਤ ਅਤੇ ਲੰਗਰ ਪ੍ਰਬੰਧ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਲੰਗਰ ਪ੍ਰਬੰਧ ਨੂੰ ਚਲਾਉਣ ਦੇ ਲਈ ਕੁਝ ਪਿੰਡਾਂ ਦੀ ਜਾਗੀਰ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਨੇ ਇਹ ਜਾਗੀਰ ਲੈਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੇ ਸਿੱਖ ਲੰਗਰ ਲਈ ਬਹੁਤ ਕੁਝ ਦਿੰਦੇ ਹਨ। ਅਕਬਰ ਦੀ ਇਸ ਯਾਤਰਾ ਕਾਰਨ ਗੁਰੂ ਅਮਰਦਾਸ ਜੀ ਦੀ ਪ੍ਰਸਿੱਧੀ ਬਹੁਤ ਦੂਰ-ਦੂਰ ਤਕ ਫੈਲ ਗਈ ਅਤੇ ਬਹੁਤ ਸਾਰੇ ਲੋਕ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ।