ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰ
ਪ੍ਰਸ਼ਨ. ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਦਾ ਸੰਖੇਪ ਵਰਣਨ ਕਰੋ।
ਉੱਤਰ : ਗੁਰੂ ਅਮਰਦਾਸ ਜੀ ਦੇ ਸਮਾਜਿਕ ਸੁਧਾਰਾਂ ਦਾ ਸੰਖੇਪ ਵਰਣਨ ਹੇਠ ਲਿਖੇ ਅਨੁਸਾਰ ਹੈ :
1. ਜਾਤੀ ਭੇਦਭਾਵ ਅਤੇ ਛੂਤ-ਛਾਤ ਦਾ ਖੰਡਨ : ਗੁਰੂ ਅਮਰਦਾਸ ਜੀ ਨੇ ਜਾਤ-ਪਾਤ ਅਤੇ ਛੂਤ-ਛਾਤ ਦੀਆਂ
ਕੁਰੀਤਿਆਂ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਉਨ੍ਹਾਂ ਨੇ ਸੰਗਤਾਂ ਨੂੰ ਇਹ ਹੁਕਮ ਦਿੱਤਾ ਕਿ ਜੋ ਕੋਈ ਉਨ੍ਹਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਉਸ ਨੂੰ ਪਹਿਲਾਂ ਪੰਗਤ ਵਿੱਚ ਲੰਗਰ ਛਕਣਾ ਪਵੇਗਾ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਆਪਸੀ ਭਾਈਚਾਰੇ ਦਾ ਪ੍ਰਚਾਰ ਕੀਤਾ।
2. ਜੰਮਦੀਆਂ ਕੁੜੀਆਂ ਨੂੰ ਮਾਰਨ ਦਾ ਖੰਡਨ : ਉਸ ਸਮੇਂ ਕੁੜੀਆਂ ਦੇ ਜਨਮ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ। ਇਸ ਕਰਕੇ ਕੁਝ ਲੋਕ ਕੁੜੀਆਂ ਨੂੰ ਜਨਮ ਲੈਂਦੇ ਸਾਰ ਹੀ ਮਾਰ ਦਿੰਦੇ ਸਨ। ਗੁਰੂ ਅਮਰਦਾਸ ਜੀ ਨੇ ਇਸ ਕੁਰੀਤੀ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਵਿਅਕਤੀ ਅਜਿਹਾ ਕਰਦਾ ਹੈ ਉਹ ਘੋਰ ਪਾਪ ਦਾ ਭਾਗੀ ਬਣੇਗਾ। ਉਨ੍ਹਾਂ ਨੇ ਸਿੱਖਾਂ ਨੂੰ ਇਸ ਅਪਰਾਧ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ।
3. ਬਾਲ-ਵਿਆਹ ਦਾ ਖੰਡਨ : ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਪਰੰਪਰਾਵਾਂ ਦੇ ਅਨੁਸਾਰ ਲੜਕੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦਿੱਤਾ ਜਾਂਦਾ ਸੀ। ਇਸ ਕਾਰਨ ਸਮਾਜ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਸੀ। ਗੁਰੂ ਅਮਰਦਾਸ ਜੀ ਨੇ ਬਾਲ-ਵਿਆਹ ਦੇ ਵਿਰੁੱਧ ਪ੍ਰਚਾਰ ਕੀਤਾ।
4. ਸਤੀ ਪ੍ਰਥਾ ਦਾ ਖੰਡਨ : ਉਸ ਸਮੇਂ ਸਮਾਜ ਵਿੱਚ ਪ੍ਰਚਲਿਤ ਕੁਰੀਤਿਆਂ ਵਿੱਚੋਂ ਸਭ ਤੋਂ ਨਫ਼ਰਤ ਯੋਗ ਕੁਰੀਤੀ ਸਤੀ ਪ੍ਰਥਾ ਦੀ ਸੀ। ਇਸ ਅਣਮਨੁੱਖੀ ਪ੍ਰਥਾ ਦੇ ਅਨੁਸਾਰ ਜੇਕਰ ਕਿਸੇ ਇਸਤਰੀ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਨੂੰ ਜਬਰਨ ਪਤੀ ਦੀ ਚਿਤਾ ਨਾਲ ਜਿਊਂਦੇ ਜਲਾ ਦਿੱਤਾ ਜਾਂਦਾ ਸੀ। ਗੁਰੂ ਅਮਰਦਾਸ ਜੀ ਨੇ ਸਦੀਆਂ ਤੋਂ ਚਲੀ ਆ ਰਹੀ ਇਸ ਕੁਰੀਤੀ ਦੇ ਵਿਰੁੱਧ ਇੱਕ ਜ਼ੋਰਦਾਰ ਮੁਹਿੰਮ ਚਲਾਈ।
5. ਪਰਦਾ ਪ੍ਰਥਾ ਦਾ ਖੰਡਨ : ਉਸ ਸਮੇਂ ਸਮਾਜ ਵਿੱਚ ਪਰਦਾ ਪ੍ਰਥਾ ਦਾ ਪ੍ਰਚਲਨ ਵੀ ਕਾਫ਼ੀ ਵੱਧ ਗਿਆ ਸੀ। ਇਹ ਪ੍ਰਥਾ ਇਸਤਰੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਇੱਕ ਵੱਡੀ ਰੁਕਾਵਟ ਸੀ। ਇਸ ਲਈ ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਆਲੋਚਨਾ ਕੀਤੀ। ਉਨ੍ਹਾਂ ਨੇ ਇਹ ਆਦੇਸ਼ ਦਿੱਤਾ ਕਿ ਸੰਗਤ ਜਾਂ ਲੰਗਰ ਵਿੱਚ ਸੇਵਾ ਕਰਦੇ ਸਮੇਂ ਕੋਈ ਵੀ ਇਸਤਰੀ ਪਰਦਾ ਨਾ ਕਰੇ।
6. ਨਸ਼ੀਲੀਆਂ ਵਸਤਾਂ ਦਾ ਖੰਡਨ : ਉਸ ਸਮੇਂ ਕੁੱਝ ਲੋਕ ਨਸ਼ੀਲੀਆਂ ਵਸਤਾਂ ਦੀ ਵਰਤੋਂ ਕਰਨ ਲੱਗ ਪਏ ਸਨ। ਗੁਰੂ ਅਮਰਦਾਸ ਜੀ ਨੇ ਇਨ੍ਹਾਂ ਵਸਤਾਂ ਦੀ ਵਰਤੋਂ ਕਰਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ।