ਗੁਰੂ ਅਮਰਦਾਸ ਜੀ ਦਾ ਯੋਗਦਾਨ


ਪ੍ਰਸ਼ਨ. ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦੇ ਯੋਗਦਾਨ ਦਾ ਅਧਿਐਨ ਕਰੋ।

ਉੱਤਰ : ਗੁਰੂ ਅਮਰਦਾਸ ਜੀ 1552 ਈ. ਤੋਂ 1574 ਈ. ਤਕ ਗੁਰਗੱਦੀ ‘ਤੇ ਰਹੇ। ਇਸ ਸਮੇਂ ਦੇ ਦੌਰਾਨ ਗੁਰੂ ਅਮਰਦਾਸ ਜੀ ਨੇ ਸਿੱਖ ਪੰਥ ਦੇ ਸੰਗਠਨ ਲਈ ਹੇਠ ਲਿਖੇ ਸ਼ਲਾਘਾਯੋਗ ਕੰਮ ਕੀਤੇ :

1. ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦਾ ਨਿਰਮਾਣ : ਗੁਰੂ ਅਮਰਦਾਸ ਜੀ ਦਾ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹਾਨ ਕੰਮ ਗੋਇੰਦਵਾਲ ਸਾਹਿਬ ਵਿਖੇ ਇੱਕ ਬਾਉਲੀ ਦਾ ਨਿਰਮਾਣ ਕਰਨਾ ਸੀ। ਇਸ ਬਾਉਲੀ ਦਾ ਨਿਰਮਾਣ ਕਾਰਜ 1552 ਈ. ਤੋਂ 1559 ਈ. ਤਕ ਚਲਿਆ। ਇਸ ਬਾਉਲੀ ਤਕ ਪਹੁੰਚਣ ਲਈ 84 ਪੌੜੀਆਂ ਬਣਾਈਆਂ ਗਈਆਂ। ਬਾਉਲੀ ਦੇ ਨਿਰਮਾਣ ਨਾਲ ਸਿੱਖਾਂ ਨੂੰ ਇੱਕ ਪਵਿੱਤਰ ਤੀਰਥ ਸਥਾਨ ਮਿਲ ਗਿਆ।

2. ਲੰਗਰ ਸੰਸਥਾ ਦਾ ਵਿਸਥਾਰ : ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਸਥਾਪਿਤ ਲੰਗਰ ਸੰਸਥਾ ਦਾ ਹੋਰ ਵਿਸਥਾਰ ਕੀਤਾ। ਗੁਰੂ ਜੀ ਨੇ ਇਹ ਐਲਾਨ ਕੀਤਾ ਕਿ ਕੋਈ ਵੀ ਯਾਤਰੂ ਲੰਗਰ ਛਕੇ ਬਿਨਾਂ ਉਨ੍ਹਾਂ ਦੇ ਦਰਸ਼ਨ ਨਹੀਂ ਕਰ ਸਕਦਾ। ਇਸ ਲੰਗਰ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਮਿਲ ਕੇ ਖਾਣਾ ਖਾਂਦੇ ਸਨ। ਲੰਗਰ ਸੰਸਥਾ ਸਿੱਖ ਧਰਮ ਦੇ ਪ੍ਰਚਾਰ ਲਈ ਬੜੀ ਸਹਾਇੱਕ ਸਿੱਧ ਹੋਈ। ਇਸ ਨਾਲ ਜਾਤੀ ਪ੍ਰਥਾ ਨੂੰ ਬੜਾ ਧੱਕਾ ਲੱਗਾ।

3. ਮੰਜੀ ਪ੍ਰਥਾ : ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ ਵਿੱਚੋਂ ਇੱਕ ਸੀ। ਸਿੱਖਾਂ ਦੀ ਸੰਖਿਆ ਵਿੱਚ ਵਾਧਾ ਹੋਣ ਕਾਰਨ ਗੁਰੂ ਸਾਹਿਬ ਲਈ ਹਰ ਸਿੱਖ ਤਕ ਨਿੱਜੀ ਰੂਪ ਵਿੱਚ ਪਹੁੰਚਣਾ ਸੰਭਵ ਨਹੀਂ ਸੀ। ਇਸ ਲਈ ਉਨ੍ਹਾਂ ਨੇ ਆਪਣੇ ਉਪਦੇਸ਼ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਸਿੱਖਾਂ ਤਕ ਪਹੁੰਚਾਉਣ ਦੇ ਲਈ 22 ਮੰਜੀਆਂ ਦੀ ਸਥਾਪਨਾ ਕੀਤੀ। ਮੰਜੀ ਪ੍ਰਥਾ ਦੀ ਸਥਾਪਨਾ ਦੇ ਸਿੱਟੇ ਵਜੋਂ ਸਿੱਖ ਧਰਮ ਦੀ ਪ੍ਰਸਿੱਧੀ ਦੂਰ-ਦੂਰ ਤਾਈਂ ਫੈਲ ਗਈ।

4. ਉਦਾਸੀ ਮਤ ਦਾ ਖੰਡਨ : ਗੁਰੂ ਅਮਰਦਾਸ ਜੀ ਦੇ ਸਮੇਂ ਉਦਾਸੀ ਮਤ ਸਿੱਖ ਮਤ ਦੀ ਹੋਂਦ ਲਈ ਖ਼ਤਰਾ ਬਣਿਆ ਹੋਇਆ ਸੀ। ਬਹੁਤ ਸਾਰੇ ਸਿੱਖ ਬਾਬਾ ਸ੍ਰੀ ਚੰਦ ਤੋਂ ਪ੍ਰਭਾਵਿਤ ਹੋ ਕੇ ਉਦਾਸੀ ਮਤ ਵਿੱਚ ਸ਼ਾਮਲ ਹੋਣ ਲੱਗ ਪਏ ਸਨ। ਅਜਿਹੇ ਸਮੇਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਮਝਾਇਆ ਕਿ ਸਿੱਖ ਮਤ ਉਦਾਸੀ ਮਤ ਨਾਲੋਂ ਬਿਲਕੁਲ ਵੱਖਰਾ ਹੈ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਿੱਖ ਪੰਥ ਨੂੰ ਹਿੰਦੂ ਧਰਮ ਵਿੱਚ ਲੋਪ ਹੋਣ ਤੋਂ ਬਚਾ ਲਿਆ।

5. ਸਮਾਜਿਕ ਸੁਧਾਰ : ਗੁਰੂ ਅਮਰਦਾਸ ਜੀ ਇੱਕ ਮਹਾਨ ਸਮਾਜ ਸੁਧਾਰਕ ਸਨ। ਉਨ੍ਹਾਂ ਨੇ ਜਾਤੀ ਪ੍ਰਥਾ, ਸਤੀ ਪ੍ਰਥਾ, ਬਾਲ ਵਿਆਹ ਅਤੇ ਪਰਦਾ ਪ੍ਰਥਾ ਦਾ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਉਨ੍ਹਾਂ ਨੇ ਵਿਧਵਾ ਵਿਆਹ ਦਾ ਸਮਰਥਨ ਕੀਤਾ। ਇਨ੍ਹਾਂ ਤੋਂ ਇਲਾਵਾ ਗੁਰੂ ਅਮਰਦਾਸ ਜੀ ਨੇ ਸਿੱਖਾਂ ਦੇ ਜਨਮ, ਵਿਆਹ ਅਤੇ ਮਰਨ ਦੇ ਮੌਕਿਆਂ ਲਈ ਵਿਸ਼ੇਸ਼ ਰਸਮਾਂ ਬਣਾਈਆਂ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਇੱਕ ਆਦਰਸ਼ ਸਮਾਜ ਦਾ ਨਿਰਮਾਣ ਕੀਤਾ।

6. ਬਾਣੀ ਦਾ ਸੰਗ੍ਰਹਿ : ਗੁਰੂ ਅਮਰਦਾਸ ਜੀ ਦਾ ਇੱਕ ਹੋਰ ਮਹੱਤਵਪੂਰਨ ਕਾਰਜ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਨੂੰ ਇਕੱਠਾ ਕਰਨਾ ਸੀ। ਗੁਰੂ ਸਾਹਿਬ ਨੇ ਆਪ 907 ਸ਼ਬਦਾਂ ਦੀ ਰਚਨਾ ਕੀਤੀ। ਇਸ ਨਾਲ ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਦਾ ਆਧਾਰ ਤਿਆਰ ਹੋਇਆ।