ਗੁਰਮੁਖੀ ਲਿੱਪੀ
ਪ੍ਰਸ਼ਨ. ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾਉਣ ਵਿੱਚ ਕੀ ਯੋਗਦਾਨ ਦਿੱਤਾ?
ਉੱਤਰ : ਗੁਰੂ ਅੰਗਦ ਦੇਵ ਜੀ ਨੇ ਗੁਰਮੁੱਖੀ ਲਿਪੀ ਨੂੰ ਹਰਮਨ-ਪਿਆਰਾ ਬਣਾ ਕੇ ਸਿੱਖ ਪੰਥ ਦੇ ਵਿਕਾਸ ਵੱਲ ਪਹਿਲਾ ਮਹੱਤਵਪੂਰਨ ਕਦਮ ਚੁੱਕਿਆ।
ਗੁਰਮੁੱਖੀ ਲਿਪੀ ਦੀ ਕਾਢ ਕਿਸ ਨੇ ਕੱਢੀ?
ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹੈ। ਇਹ ਠੀਕ ਹੈ ਕਿ ਗੁਰਮੁੱਖੀ ਲਿਪੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਹੋਂਦ ਵਿੱਚ ਆ ਚੁੱਕੀ ਸੀ। ਇਸ ਨੂੰ ਉਸ ਸਮੇਂ ਲੰਡੇ ਲਿਪੀ ਕਿਹਾ ਜਾਂਦਾ ਸੀ। ਇਸ ਨੂੰ ਪੜ੍ਹ ਕੇ ਕੋਈ ਵੀ ਵਿਅਕਤੀ ਬੜੀ ਆਸਾਨੀ ਨਾਲ ਭੁਲੇਖੇ ਵਿੱਚ ਪੈ ਸਕਦਾ ਸੀ। ਇਸ ਲਈ ਗੁਰੂ ਅੰਗਦ ਦੇਵ ਜੀ ਨੇ ਇਸ ਦੇ ਰੂਪ ਵਿੱਚ ਇੱਕ ਨਵਾਂ ਨਿਖਾਰ ਲਿਆਂਦਾ। ਹੁਣ ਇਸ ਲਿਪੀ ਨੂੰ ਸਮਝਣਾ ਆਮ ਲੋਕਾਂ ਲਈ ਵੀ ਬੜਾ ਆਸਾਨ ਹੋ ਗਿਆ ਸੀ।
ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥਾਂ ਦੀ ਰਚਨਾ ਇਸ ਲਿਪੀ ਵਿੱਚ ਹੋਈ। ਇਸ ਲਿਪੀ ਦਾ ਨਾਂ ਗੁਰਮੁੱਖੀ (ਭਾਵ ਗੁਰੂਆਂ ਦੇ ਮੁੱਖ ਵਿੱਚੋਂ ਨਿਕਲੀ ਹੋਈ) ਹੋਣ ਕਾਰਨ ਇਹ ਸਿੱਖਾਂ ਨੂੰ ਗੁਰੂ ਦੇ ਪ੍ਰਤੀ ਆਪਣੇ ਕਰਤੱਵ ਦੀ ਯਾਦ ਕਰਵਾਉਂਦੀ ਰਹੀ। ਇਸ ਤਰ੍ਹਾਂ ਇਹ ਲਿਪੀ ਸਿੱਖਾਂ ਨੂੰ ਆਪਣੀ ਵੱਖਰੀ ਪਹਿਚਾਣ ਬਣਾਈ ਰੱਖਣ ਵਿੱਚ ਸਹਾਇਕ ਸਿੱਧ ਹੋਈ।
ਇਸ ਲਿਪੀ ਦੇ ਪ੍ਰਸਾਰ ਕਾਰਨ ਸਿੱਖਾਂ ਵਿੱਚ ਤੇਜ਼ੀ ਨਾਲ ਵਿੱਦਿਆ ਦਾ ਪ੍ਰਸਾਰ ਹੋਣ ਲੱਗਾ। ਇਨ੍ਹਾਂ ਤੋਂ ਇਲਾਵਾ ਇਸ ਲਿਪੀ ਦੇ ਪ੍ਰਚਲਿਤ ਹੋਣ ਕਾਰਨ ਬ੍ਰਾਹਮਣ ਵਰਗ ਨੂੰ ਕਰਾਰੀ ਸੱਟ ਵੱਜੀ ਕਿਉਂਕਿ ਉਹ ਸੰਸਕ੍ਰਿਤ ਨੂੰ ਹੀ ਧਰਮ ਦੀ ਭਾਸ਼ਾ ਮੰਨਦੇ ਸਨ। ਨਿਰਸੰਦੇਹ ਗੁਰਮੁੱਖੀ ਲਿਪੀ ਦਾ ਪ੍ਰਚਾਰ ਸਿੱਖ ਪੰਥ ਦੇ ਵਿਕਾਸ ਲਈ ਅਤਿਅੰਤ ਮਹੱਤਵਪੂਰਨ ਸਿੱਧ ਹੋਇਆ।