CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਗੀਤ (‘ਤੈਨੂੰ ਦਿਆਂ ਹੰਝੂਆਂ ਦਾ ਭਾੜਾ’) : ਸ਼ਿਵ ਕੁਮਾਰ ਬਟਾਲਵੀ


20-25 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਤੈਨੂੰ ਦਿਆਂ ਹੰਝੂਆਂ ਦਾ ਭਾੜਾ’ ਨਾਂ ਦੇ ਗੀਤ ਦੇ ਲੇਖਕ ਸ਼ਿਵ ਕੁਮਾਰ ਬਟਾਲਵੀ ਦੀ ਕਾਵਿ-ਕਲਾ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਦੇ ਕਵੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਦੁੱਖ-ਦਰਦ, ਗ਼ਮ ਅਤੇ ਬਿਰਹਾ/ਵਿਛੋੜੇ ਦੀ ਪੀੜ ਨੂੰ ਬੜੀ ਸਫਲਤਾ ਨਾਲ ਪ੍ਰਗਟਾਇਆ ਹੈ। ਪ੍ਰਗੀਤਿਕਤਾ ਉਸ ਦੀ ਕਵਿਤਾ ਦਾ ਵਿਸ਼ੇਸ਼ ਗੁਣ/ਲੱਛਣ ਹੈ। ਉਸ ਦੀ ਕਵਿਤਾ ਦੀ ਭਾਸ਼ਾ ਅਤੇ ਅਲੰਕਾਰ ਲੋਕ-ਜੀਵਨ ਨਾਲ ਸੰਬੰਧਿਤ ਹਨ।

ਪ੍ਰਸ਼ਨ 2. ‘ਤੈਨੂੰ ਦਿਆਂ ਹੰਝੂਆਂ ਦਾ ਭਾੜਾ’ (ਸ਼ਿਵ ਕੁਮਾਰ ਬਟਾਲਵੀ) ਨਾਂ ਦੇ ਗੀਤ ਵਿੱਚ ਕਵੀ ਨੇ ਕਿਹੜੇ ਭਾਵ ਪ੍ਰਗਟਾਏ ਹਨ?

ਉੱਤਰ : ‘ਤੈਨੂੰ ਦਿਆਂ ਹੰਝੂਆਂ ਦਾ ਭਾੜਾ’ ਨਾਂ ਦਾ ਗੀਤ ਇੱਕ ਦੁਖੀ ਜਿੰਦ ਦੀ ਵੇਦਨਾ ਹੈ। ਕਵੀ ਜੀਵਨ ਦੇ ਦੁੱਖਾਂ ਦਾ ਅੰਤ/ਖ਼ਾਤਮਾ ਮੌਤ ਵਿੱਚ ਲੱਭਦਾ ਹੈ ਪਰ ਮੌਤ ਵੀ ਉਸ ਨੂੰ ਰੁੱਸੀ ਅਤੇ ਬਹਾਨੇ ਬਣਾਉਂਦੀ ਪ੍ਰਤੀਤ ਹੁੰਦੀ ਹੈ।

ਪ੍ਰਸ਼ਨ 3. ‘ਤੈਨੂੰ ਦਿਆਂ ਹੰਝੂਆਂ ਦਾ ਭਾੜਾ’ (ਸ਼ਿਵ ਕੁਮਾਰ ਬਟਾਲਵੀ) ਨਾਂ ਦੇ ਗੀਤ ਦਾ ਕੇਂਦਰੀ ਭਾਵ ਲਿਖੋ।

ਉੱਤਰ : ਦੁਨਿਆਵੀ ਦੁੱਖਾਂ ਦਾ ਅੰਤ ਮੌਤ ਵਿੱਚ ਹੈ। ਪਰ ਮਨੁੱਖ ਨੂੰ ਮਨਚਾਹੀ ਮੌਤ ਵੀ ਨਹੀਂ ਮਿਲਦੀ। ‘ਤੈਨੂੰ ਦਿਆਂ ਹੰਝੂਆਂ ਦਾ ਭਾੜਾ’ ਗੀਤ ਵਿੱਚ ਦੁਖੀ ਜਿੰਦ ਜੀਵਨ ਦੇ ਦੁੱਖਾਂ ਦਾ ਅੰਤ ਮੌਤ ਵਿੱਚ ਹੀ ਲੱਭਦੀ ਹੈ ਪਰ ਮੌਤ ਵੀ ਉਸ ਨੂੰ ਰੁੱਸੀ ਹੋਈ ਅਤੇ ਬਹਾਨੇ ਬਣਾਉਂਦੀ ਪ੍ਰਤੀਤ ਹੁੰਦੀ ਹੈ।

ਪ੍ਰਸ਼ਨ 4. ‘ਤੈਨੂੰ ਦਿਆਂ ਹੰਝੂਆਂ ਦਾ ਭਾੜਾ’ ਨਾਂ ਦੇ ਗੀਤ ਵਿੱਚ ਕਵੀ (ਸ਼ਿਵ ਕੁਮਾਰ ਬਟਾਲਵੀ) ਕਿਸ ਨੂੰ ਪੀੜਾਂ/ਦੁੱਖਾਂ ਦਾ ਪਰਾਗਾ ਭੁੰਨਣ ਲਈ ਕਹਿੰਦਾ ਹੈ?

ਉੱਤਰ : ‘ਤੈਨੂੰ ਦਿਆਂ ਹੰਝੂਆਂ ਦਾ ਭਾੜਾ’ ਗੀਤ ਵਿੱਚ ਕਵੀ ਭੱਠੀ ਵਾਲੀ, ਨੂੰ ਦੁੱਖਾਂ ਅਥਵਾ ਪੀੜਾਂ ਦਾ ਪਰਾਗਾ ਭੁੰਨਣ ਲਈ ਕਹਿੰਦਾ ਹੈ। ਇਸ ਲਈ ਉਹ ਉਸ ਨੂੰ ਹੰਝੂਆਂ ਦਾ ਭਾੜਾ ਦੇਣ ਲਈ ਆਖਦਾ ਹੈ।

ਪ੍ਰਸ਼ਨ 5. ‘ਤੈਨੂੰ ਦਿਆਂ ਹੰਝੂਆਂ ਦਾ ਭਾੜਾ’ ਨਾਂ ਦੇ ਗੀਤ ਵਿੱਚ ਕਵੀ ਢਲ ਗਈਆਂ ਛਾਂਵਾਂ ਦਾ ਦ੍ਰਿਸ਼ ਕਿਵੇਂ ਪੇਸ਼ ਕਰਦਾ ਹੈ?

ਉੱਤਰ : ‘ਤੈਨੂੰ ਦਿਆਂ ਹੰਝੂਆਂ ਦਾ ਭਾੜਾ’ ਗੀਤ ਵਿੱਚ ਕਵੀ ਭੱਠੀ ਵਾਲੀ ਨੂੰ ਸੰਬੋਧਨ ਕਰਦਾ ਕਹਿੰਦਾ ਹੈ ਕਿ ਉਸ ਨੂੰ ਕੁਵੇਲਾ ਹੋ ਗਿਆ ਹੈ ਅਤੇ ਛਾਂਵਾਂ ਵੀ ਢਲ ਗਈਆਂ ਹਨ। ਮੱਝਾਂ ਤੇ ਗਾਂਵਾਂ ਬੇਲਿਆਂ ‘ਚੋਂ ਚਰ ਕੇ ਮੁੜ ਆਈਆਂ ਹਨ। ਚਿੜੀਆਂ ਨੇ ਵੀ ਚੀਕ-ਚਿਹਾੜਾ ਪਾਇਆ ਹੋਇਆ ਹੈ।

ਪ੍ਰਸ਼ਨ 6. ਕਵੀ (ਸ਼ਿਵ ਕੁਮਾਰ ਬਟਾਲਵੀ) ਆਪਣੇ ਦੁੱਖਾਂ ਦਾ ਪਰਾਗਾ ਭੁਨਾ ਕੇ ਕਿੱਥੇ ਜਾਣਾ ਚਾਹੁੰਦਾ ਹੈ?

ਉੱਤਰ : ਦੁਖੀ ਜਿੰਦ ਦੇ ਰੂਪ ਵਿੱਚ ਕਵੀ ਭੱਠੀ ਵਾਲੀ ਅਥਵਾ ਮੌਤ ਨੂੰ ਸੰਬੋਧਨ ਕਰਦਾ ਕਹਿੰਦਾ ਹੈ ਕਿ ਉਹ ਜਲਦੀ ਹੀ ਉਸ ਦੇ ਦੁੱਖਾਂ ਦਾ ਪਰਾਗਾ ਭੁੰਨ ਦੇਵੇ ਕਿਉਂਕਿ ਉਸ ਨੇ ਉੱਥੇ ਜਾਣਾ ਹੈ ਜਿੱਥੇ ਉਸ ਦੇ ਹਾਣੀ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਹਨ।

ਪ੍ਰਸ਼ਨ 7. ‘ਤੈਨੂੰ ਦਿਆਂ ਹੰਝੂਆਂ ਦਾ ਭਾੜਾ’ ਨਾਂ ਦੇ ਗੀਤ ਵਿੱਚ ਕਵੀ ਦੁਖੀ ਜਿੰਦ ਦੇ ਰੂਪ ਵਿੱਚ ਭੱਠੀ ਵਾਲੀ ਅੱਗੇ ਕੀ ਗਿਲਾ ਪ੍ਰਗਟਾਉਂਦਾ ਹੈ?

ਉੱਤਰ : ਦੁਖੀ ਜਿੰਦ ਦੇ ਰੂਪ ਵਿੱਚ ਕਵੀ ਭੱਠੀ ਵਾਲ਼ੀ ਅੱਗੇ ਇਹ ਗਿਲਾ ਪ੍ਰਗਟਾਉਂਦਾ ਹੈ ਕਿ ਉਸ ਦੀ ਵਾਰੀ ਆਉਣ ‘ਤੇ ਭੱਠੀ ਵਾਲ਼ੀ ਦੇ ਪੱਤਿਆਂ ਦੀ ਪੰਡ ਸਿੱਲ੍ਹੀ ਅਤੇ ਉਸ ਦੀ ਮਿੱਟੀ ਦੀ ਕੜਾਹੀ ਪਿੱਲੀ ਹੋ ਗਈ ਹੈ। ਪਤਾ ਨਹੀਂ ਉਸ ਦੇ ਸੇਕ ਨੂੰ ਕੀ ਗੋਲ਼ੀ ਵੱਜ ਗਈ ਹੈ?

ਪ੍ਰਸ਼ਨ 8. ‘ਤੈਨੂੰ ਦਿਆਂ ਹੰਝੂਆਂ ਦਾ ਭਾੜਾ’ ਨਾਂ ਦੇ ਗੀਤ ਵਿੱਚ ਕਵੀ ਦੁਖੀ ਜਿੰਦ ਦੇ ਰੂਪ ਵਿੱਚ ਪ੍ਰਕਿਰਤੀ ਨੂੰ ਆਪਣੇ ਦੁੱਖਾਂ ਵਿੱਚ ਭਾਈਵਾਲ ਬਣੀ ਕਿਵੇਂ ਸਮਝਦਾ ਹੈ?

ਉੱਤਰ : ਦੁਖੀ ਜਿੰਦ ਦੇ ਰੂਪ ਵਿੱਚ ਕਵੀ ਕਹਿੰਦਾ ਹੈ ਕਿ ਹੁਣ ਤਾਂ ਹਵਾਵਾਂ ਵੀ ਰੋ-ਰੋ ਕੇ ਅਤੇ ਵਰਲਾਪ ਕਰ-ਕਰ ਕੇ ਸੌਂ ਗਈਆਂ ਹਨ। ਤਾਰਿਆਂ ਨੂੰ ਵੀ ਮੱਠਾ-ਮੱਠਾ ਤਾਪ ਚੜ੍ਹ ਗਿਆ ਹੈ। ਇਸ ਤਰ੍ਹਾਂ ਕਵੀ ਪ੍ਰਕਿਰਤੀ ਨੂੰ ਵੀ ਆਪਣੇ ਦੁੱਖਾਂ ਵਿੱਚ ਭਾਈਵਾਲ ਬਣੀ ਸਮਝਦਾ ਹੈ।

ਪ੍ਰਸ਼ਨ 9. ‘ਓਸ ਪਿੰਡ ਦਾ ਸੁਣੀਂਦੈ ਰਾਹ ਮਾੜਾ।’ ਇਸ ਤੁਕ ਦੀ ਵਿਆਖਿਆ ਕਰੋ।

ਉੱਤਰ : ਦੁਖੀ ਜਿੰਦ ਦੇ ਰੂਪ ਵਿੱਚ ਕਵੀ ਉੱਥੇ ਜਾਣਾ ਚਾਹੁੰਦਾ ਹੈ ਜਿੱਥੇ ਉਸ ਦੇ ਹਾਣੀ ਪਹਿਲਾਂ ਹੀ ਇਸ ਸੰਸਾਰ ਨੂੰ ਛੱਡ ਕੇ ਜਾ ਚੁੱਕੇ ਹਨ। ਮੌਤ ਦੇ ਇਸ ਪਿੰਡ ਵੱਲ ਜਾਂਦੇ ਰਾਹ ਨੂੰ ਮਾੜਾ ਸਮਝਿਆ ਜਾਂਦਾ ਹੈ। ਪਰ ਕਵੀ ਸੰਸਾਰਿਕ ਦੁੱਖਾਂ ਦਾ ਅੰਤ ਮੌਤ ਵਿੱਚ ਹੀ ਲੱਭਦਾ ਹੈ।

ਪ੍ਰਸ਼ਨ 10. ‘ਕਰਾਂ ਮਿੰਨਤਾਂ ਮੁਕਾ ਦੇ ਨੀ ਪੁਆੜਾ’ ਤੁਕ ਦੀ ਵਿਆਖਿਆ ਕਰੋ।

ਉੱਤਰ : ਦੁਖੀ ਜਿੰਦ ਦੇ ਰੂਪ ਵਿੱਚ ਕਵੀ ਆਪਣੇ ਦੁੱਖਾਂ ਦਾ ਅੰਤ ਮੌਤ ਵਿੱਚ ਹੀ ਲੱਭਦਾ ਹੈ। ਇਸ ਲਈ ਉਹ ਮੌਤ ਅੱਗੇ ਮਿੰਨਤਾ ਕਰਦਾ ਹੈ ਕਿ ਉਹ ਉਸ ਦੇ ਦੁੱਖਾਂ ਦਾ ਪੁਆੜਾ ਮੁਕਾ ਦੇਵੇ ਭਾਵ ਇਹਨਾਂ ਦੁੱਖਾਂ ਦਾ ਅੰਤ ਕਰ ਦੇਵੇ।