ਇਕ ਸ਼ਹਿਰੀ ਘਰ ਦੇ ਵਿਹੜੇ ਵਿਚ ਦਾਦੀ ਮੰਜੇ ਉੱਤੇ ਬੈਠੀ ਹੋਈ ਹੈ। ਦੀਪੀ, ਬੱਬੀ, ਰਾਜੂ, ਵਿੱਕੀ ਤੇ ਰਿੱਕੀ ਪੰਜਾਂ ਬੱਚਿਆਂ ਵਿਚੋਂ ਦੋ ਉਸ ਦੀਆਂ ਲੱਤਾਂ, ਦੋ ਬਾਹਾਂ ਤੇ ਇਕ ਸਿਰ ਘੁੱਟ ਰਿਹਾ ਹੈ। ਸਾਰੇ ਬੱਚੇ ਕਹਿੰਦੇ ਹਨ ਕਿ ਦਾਦੀ ਜੀ ਉਨ੍ਹਾਂ ਦੇ ਬੜੇ ਪਿਆਰੇ ਤੇ ਸਤਿਕਾਰੇ ਹਨ, ਜੋ ਉਨ੍ਹਾਂ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਦੇ ਅਤੇ ਨਿੱਕਾ-ਨਿੱਕਾ ਹਾਸਾ ਹੱਸਦੇ ਹਨ। ਉਹ ਚਾਵਾਂ ਨਾਲ ਉਨ੍ਹਾਂ ਦੇ ਕੋਲ ਬੈਠਦੇ ਹਨ, ਪਰ ਜੇਕਰ ਉਹ ਝਿੜਕਣ, ਤਾਂ ਉੱਠ ਕੇ ਨੱਸ ਪੈਂਦੇ ਹਨ। ਫਿਰ ਵੀ ਉਹ ਉਨ੍ਹਾਂ ਨੂੰ ਗਲਵਕੜੀਆਂ ਪਾਉਂਦੇ ਤੇ ਉਨ੍ਹਾਂ ਨੂੰ ਚੁੰਮ-ਚੁੰਮ ਕੇ ਆਪਣੇ ਮੂੰਹ ਨੂੰ ਸੁੱਚਾ ਕਰ ਲੈਂਦੇ ਹਨ। ਜੇਕਰ ਉਹ ਉਨ੍ਹਾਂ ਨੂੰ ਨਾ ਦਿਸਣ, ਤਾਂ ਉਹ ਅੱਖਾਂ ਭਰ ਲੈਂਦੇ ਹਨ। ਜੇਕਰ ਉਹ ਰੌਲਾ ਪਾਉਂਦੇ ਹਨ, ਤਾਂ ਦਾਦੀ ਨੂੰ ਗੁੱਸਾ ਚੜ੍ਹ ਜਾਂਦਾ ਹੈ, ਜੋ ਕਿ ਉਹ ਵੀ ਘੇਸ ਮਾਰ ਕੇ ਜ਼ਰ ਲੈਂਦੇ ਹਨ। ਉਹ ਸਾਰੇ ਆਪਣੀ ਦਾਦੀ ਤੋਂ ਕੁਰਬਾਨ ਜਾਂਦੇ ਹਨ। ਦਾਦੀ ਦੇ ਦਰਦਾਂ ਹੁੰਦੀਆਂ ਹਨ, ਤਾਂ ਉਹ ਸਾਰੇ ਹੀ ਉਸ ਨੂੰ ਘੁੱਟਦੇ ਹਨ। ਜਿਹੜਾ ਘੁੱਟਦਾ-ਘੁੱਟਦਾ ਵਿਚੋਂ ਚੋਰੀ ਉੱਠਣ ਦੀ ਕੋਸ਼ਿਸ ਕਰਦਾ ਹੈ, ਦਾਦੀ ਉਸਨੂੰ ਕੰਨੋਂ ਫੜ ਕੇ ਬਿਠਾ ਦਿੰਦੀ ਹੈ। ਜਦੋਂ ਉਹ ਕਹਿੰਦੇ ਹਨ ਕਿ ਉਹ ਥੱਕ ਗਏ ਹਨ, ਤਾਂ ਦਾਦੀ ਸਮਝਦੀ ਹੈ ਕਿ ਉਹ ਖੇਡਣ ਲਈ ਬਹਾਨਾ ਬਣਾ ਰਹੇ ਹਨ। ਉਹ ਉਨ੍ਹਾਂ ਨੂੰ ਖੇਡਣ ਦੀ ਆਗਿਆ ਦਿੰਦੀ ਹੈ ਅਤੇ ਖੇਡਦੇ ਸਮੇਂ ਰੌਲਾ ਪਾਉਣ ਤੋਂ ਮਨ੍ਹਾ ਕਰਦੀ ਹੈ। ਨਾਲ ਹੀ ਕਹਿੰਦੀ ਹੈ ਕਿ ਉਨ੍ਹਾਂ ਦੇ ਮੰਮੀ-ਪਾਪਾ ਆਉਣ ਵਾਲੇ ਹਨ, ਇਸ ਕਰਕੇ ਉਹ ਕਿਤੇ ਨਾ ਜਾਣ।
ਸਾਰੇ ਬੱਚੇ ਖ਼ੁਸ਼ ਹੋ ਜਾਂਦੇ ਹਨ। ਦੀਪੀ ਵਿੱਕੀ ਤੇ ਨਿੱਕੀ ਰੱਸਾ ਟੱਪਣ ਲੱਗ ਪੈਂਦੀਆਂ ਹਨ। ਰਾਜੂ ਤੇ ਬੰਟੀ ਬੰਟੇ ਖੇਡਣ ਲੱਗ ਪੈਂਦੇ ਹਨ। ਦਾਦੀ ਉਨ੍ਹਾਂ ਦੇ ਰੌਲੇ ਤੋਂ ਤੰਗ ਆ ਕੇ ਉਨ੍ਹਾਂ ਨੂੰ ਰੱਸੀ ਟੱਪਣ ਤੇ ਬੰਟੇ ਖੇਡਣ ਤੋਂ ਰੋਕਦੀ ਹੈ। ਜੇਕਰ ਉਹ ਪੁੱਛਦੇ ਹਨ ਕਿ ਰਾਤੀਂ ਰੱਸੀ ਕਿਉਂ ਨਹੀਂ ਟੱਪੀਦੀ ਤੇ ਬੰਟੇ ਕਿਉਂ ਨਹੀਂ ਖੇਡੀਦੇ, ਤਾਂ ਉਹ ਕਹਿੰਦੀ ਹੈ ਕਿ ‘ਮਾੜਾ ਹੁੰਦਾ’ ਹੈ। ਬੱਚਿਆ ਦੀ ਤਸੱਲੀ ਨਹੀਂ ਹੁੰਦੀ, ਪਰੰਤੂ ਪੰਜੇ ਜਣੇ ਕੋਟਲਾ ਛਪਾਕੀ ਖੇਡਣ ਲੱਗ ਪੈਂਦੇ ਹਨ। ਉਨ੍ਹਾਂ ਵਿਚ ਝਗੜਾ ਹੁੰਦਾ ਹੈ। ਉਹ ਫ਼ੈਸਲਾ ਕਰਦੇ ਹਨ ਕਿ ਕੋਟਲਾ ਉਹੋ ਫੜੇਗਾ, ਜਿਹੜਾ ਵਧੀਆ ਗਾਏਗਾ। ਬੱਬੀ ਕੋਟਲਾ-ਛਪਾਕੀ ਗਾਉਂਦਾ ਹੈ। ਰਾਜੂ ਗਲਾਸ ਨਾਲ ਚਾਬੀਆਂ ਤੇ ਵਿੱਕੀ ਕੈਂਚੀ ਖੜਕਾਉਣੀ ਸ਼ੁਰੂ ਕਰ ਦਿੰਦਾ ਹੈ। ਦਾਦੀ ਉਨ੍ਹਾਂ ਨੂੰ ਸੁਖ ਵਾਲੇ ਵਿਹੜੇ ਵਿਚ ਚਾਬੀਆਂ ਤੇ ਕੈਂਚੀ ਖੜਕਾਉਣ ਤੋਂ ਰੋਕਦੀ ਹੈ। ਉਹ ਰਾਜੂ, ਦੀਪੀ ਤੇ ਬੱਬੀ ਨੂੰ ਸਕੂਲ ਦਾ ਕੰਮ ਕਰਨ ਲਈ ਅਤੇ ਵਿੱਕੀ ਤੇ ਰਿੱਕੀ ਨੂੰ ਘਰ ਜਾਣ ਲਈ ਕਹਿੰਦੀ ਹੈ। ਰਾਜੂ, ਬੱਬੀ ਤੇ ਦੀਪੀ ਮੇਜ਼ ਦੁਆਲੇ ਬੈਠ ਜਾਂਦੀਆਂ ਹਨ ਤੇ ਦਾਦੀ ਆਪਣੇ ਆਪ ਨਾਲ ਗੱਲਾਂ ਕਰਦੀ ਹੋਈ ਕਹਿੰਦੀ ਹੈ ਕਿ ਪਤਾ ਨਹੀਂ ਕਿਹੋ ਜਿਹਾ ਯੁਗ ਹੈ ਕਿ ਕੋਈ ਬੱਚਾ ਵੀ ਚੱਜ ਦਾ ਨਹੀਂ।
ਰਾਜੂ ਤੇ ਬੱਬੀ ਦਾਦੀ ਨੂੰ ਪੁੱਛਦੇ ਹਨ ਕਿ ਚਾਬੀਆਂ ਖੜਕਾਉਣ ਤੇ ਕੈਂਚੀ ਵਜਾਉਣ ਨਾਲ ਕੀ ਹੁੰਦਾ ਹੈ। ਦਾਦੀ ਕਹਿੰਦੀ ਹੈ ਕਿ ਇਹ ‘ਮਾੜਾ ਹੁੰਦਾ’ ਹੈ। ਉਹ ਉਸਨੂੰ ਕਹਿੰਦੇ ਹਨ ਕਿ ਉਹ ਜੋ ਕੁੱਝ ਵੀ ਕਰਦੇ ਹਨ, ਉਹ ਕਹਿੰਦੀ ਹੈ ਕਿ ‘ਮਾੜਾ ਹੁੰਦਾ’ ਹੈ। ਉਹ ਇਹ ਤਾਂ ਦੱਸੇ ਕਿ ਇਸ ਮਾੜੇ ਵਿਚ ਕੀ ਮਾੜਾ ਹੁੰਦਾ ਹੈ। ਦਾਦੀ ਉਨ੍ਹਾਂ ਨੂੰ ਕੰਨ ਨਾ ਖਾਣ ਲਈ ਕਹਿੰਦੀ ਹੈ। ਬੱਚੇ ਆਪਸ ਵਿਚ ਘੁਸਰ-ਮੁਸਰ ਕਰਦੇ ਹਨ ਕਿ ਉਹ ਜਿਹੜੀ ਵੀ ਗੱਲ ਕਰਨ, ਦਾਦੀ ਕਹਿੰਦੀ ਹੈ ਕਿ ਇਹ ‘ਮਾੜੀ ਹੁੰਦੀ’ ਹੈ। ਦਾਦੀ ਨੂੰ ਉਹ ਖੇਡਦੇ ਚੰਗੇ ਨਹੀਂ ਲੱਗਦੇ।
ਰਾਜੂ ਆਪਣੀ ਤੋਤਲੀ ਅਵਾਜ਼ ਵਿਚ ਕਹਿੰਦਾ ਹੈ ਕਿ ਉਨ੍ਹਾਂ ਦੇ ਦਾਦੀ ਜੀ ਬੁੱਢੇ ਹਨ; ਬੁੱਢੇ ਸਿਆਣੇ ਹੁੰਦੇ ਹਨ; ਉਨ੍ਹਾਂ ਦੁਨੀਆ ਦੇਖੀ ਹੁੰਦੀ ਹੈ ਤੇ ਸੱਚ-ਝੂਠ ਪਛਾਣੇ ਹੁੰਦੇ ਹਨ। ਉਨ੍ਹਾਂ ਦੀ ਮੈਡਮ ਕਹਿੰਦੀ ਹੈ ਕਿ ਉਨ੍ਹਾਂ ਨੂੰ ਵੱਡਿਆਂ ਦੀ ਗੱਲ ਕਦੇ ਮੋੜਨੀ ਨਹੀਂ ਚਾਹੀਦੀ। ਬੱਬੀ ਉਸਨੂੰ ਕਹਿੰਦਾ ਹੈ ਕਿ ਕੀ ਉਹ ਦਾਦੀ ਦੀ ਪੁੱਠੀ ਗੱਲ ਵੀ ਮੰਨ ਲਵੇਗਾ? ਉਸ ਦਿਨ ਦਾਦੀ ਕਹਿੰਦੀ ਸੀ ਕਿ ਰਾਤ ਨੂੰ ਝਾੜੂ ਨਹੀਂ ਫੇਰਨਾ, ਨਹੁੰ ਨਹੀਂ ਕੱਟਣੇ ਤੇ ਦੌਣ ਨਹੀਂ ਕੱਸਣੀ। ਦਾਦੀ ਤਾਂ ਕਹਿੰਦੀ ਹੈ ਕਿ ਜੋ ਉਹ ਕਰਦੇ ਹਨ, ਨਾ ਕਰਨ ਤੇ ਜੋ ਨਹੀਂ ਕਰਦੇ, ਉਹ ਕਰਨ। ਬੈਠਣ ਲੱਗੋ, ਤਾਂ ਉਹ ਖੇਡਣ ਲਈ ਕਹਿੰਦੀ ਹੈ, ਖੇਡੋ ਤਾਂ ਚੁੱਪ ਕਰਨ ਲਈ। ਜੇ ਉਹ ਚੁੱਪ ਕਰਦੇ ਹਨ, ਤਾਂ ਉਹ ਕਹਿੰਦੀ ਕਿ ਉਹ ਬੋਲਦੇ ਨਹੀਂ, ਜੇ ਬੋਲਦੇ ਹਨ, ਤਾਂ ਉਹ ਕਹਿੰਦੀ ਹੈ ਕਿ ਰੌਲਾ ਬਹੁਤ ਪੈਂਦਾ ਹੈ। ਰਾਜੂ ਕਹਿੰਦਾ ਹੈ ਕਿ ਫਿਰ ਵੀ ਦਾਦੀ ਸੋਹਣੀ ਹੈ। ਉਹ ਸੋਹਣੀਆਂ ਬਾਤਾਂ ਸੁਣਾਉਂਦੀ ਹੈ, ਜਿਨ੍ਹਾਂ ਨੂੰ ਸੁਣ ਕੇ ਉਸਨੂੰ ਨੀਂਦ ਆਉਂਦੀ ਹੈ। ਬੱਬੀ ਕਹਿੰਦਾ ਹੈ ਕਿ ਉਹ ਐਵੇਂ ਕਹਾਣੀਆਂ ਪਾ ਕੇ ਡਰਾਉਂਦੀ ਹੈ। ਰਾਜੂ ਕਹਿੰਦਾ ਹੈ ਕਿ ਵੱਡੇ ਝੂਠ ਨਹੀਂ ਕਹਿੰਦੇ ਹੁੰਦੇ। ਇੰਨੇ ਨੂੰ ਦਾਦੀ ਆਉਂਦੀ ਹੈ ਤੇ ਸਾਰੇ ਚੁੱਪ ਕਰ ਜਾਂਦੇ ਹਨ। ਰਾਜੂ ਦਾਦੀ ਨੂੰ ਕਹਿੰਦਾ ਹੈ ਕਿ ਉਹ ਉਸਦਾ ਸਿਰ ਵਾਹ ਦੇਵੇ, ਕਿਉਂਕਿ ਉਸਦੇ ਖ਼ੁਰਕ ਹੁੰਦੀ ਹੈ, ਪਰ ਦਾਦੀ ਕਹਿੰਦੀ ਹੈ ਕਿ ਰਾਤ ਨੂੰ ਸਿਰ ਵਾਹੁਣਾ ਮਾੜਾ ਹੁੰਦਾ ਹੈ। ਇਹ ਸੁਣ ਕੇ ਤਿੰਨੇ ਹੱਸਦੇ ਹਨ ਤੇ ਦਾਦੀ ਉਨ੍ਹਾਂ ਮਗਰ ਸੋਟੀ ਲੈ ਕੇ ਦੌੜਦੀ ਹੈ ਤੇ ਉਨ੍ਹਾਂ ਨੂੰ ਬੁਰਾ-ਭਲਾ ਕਹਿੰਦੀ ਹੈ। ਅੰਤ ਕਹਿੰਦੀ ਹੈ ਕਿ ਉਹ ਉਨ੍ਹਾਂ ਦੇ ਮਾਂ-ਪਿਓ ਨੂੰ ਦੱਸ ਕੇ ਉਨ੍ਹਾਂ ਦੀਆਂ ਲਗਾਮਾਂ ਕੱਸੇਗੀ।
ਇੰਨੇ ਨੂੰ ਉਨ੍ਹਾਂ ਦੇ ਮੰਮੀ-ਪਾਪਾ ਆ ਜਾਂਦੇ ਹਨ ਤੇ ਤਿੰਨੇ ਬੱਚੇ ਉਨ੍ਹਾਂ ਨੂੰ ਚਿੰਬੜ ਜਾਂਦੇ ਹਨ। ਉਹ ਪੁੱਛਦੇ ਹਨ ਕਿ ਉਨ੍ਹਾਂ ਨੇ ਦਾਦੀ ਨੂੰ ਸਤਾਇਆ ਤਾਂ ਨਹੀਂ। ਸਾਰੇ ਕਹਿੰਦੇ ਹਨ, ਨਹੀਂ। ਰਾਜੂ ਦੱਸਦਾ ਹੈ ਕਿ ਉਹ ਦਾਦੀ ਨੂੰ ਸਤਾਉਂਦੇ ਸਨ। ਪਾਪਾ ਦਾਦੀ ਕੋਲ ਜਾਂਦਾ ਹੈ। ਉਹ ਡੁਸਕ ਰਹੀ ਹੈ। ਉਹ ਤਿੰਨਾਂ ਬੱਚਿਆਂ ਨੂੰ ਗੁੱਸੇ ਹੁੰਦਾ ਹੈ। ਉਹ ਕਹਿੰਦਾ ਹੈ ਕਿ ਦਾਦੀ ਨੂੰ ਜ਼ਿੰਦਗ਼ੀ ਦਾ ਅਨੁਭਵ ਹੈ, ਇਸ ਕਰਕੇ ਜਿੰਨਾ ਚਿਰ ਉਹ ਜਿਊਂਦੀ ਹੈ, ਉਹ ਉਸ ਤੋਂ ਕੁੱਝ ਸਿੱਖਣ ਤੇ ਉਸਦੀ ਸੰਭਾਲ ਕਰਨ। ਮੰਮੀ ਉਨ੍ਹਾਂ ਨੂੰ ਪੜ੍ਹਨ ਲਈ ਕਹਿੰਦੀ ਹੈ। ਬੱਬੀ ਤੇ ਦੀਪੀ ਪੜ੍ਹਨ ਲਈ ਬੈਠ ਜਾਂਦੇ ਹਨ ਤੇ ਰਾਜੂ ਦਾਦੀ ਦੇ ਕੁੱਛੜ ਬੈਠ ਜਾਂਦਾ ਹੈ। ਉਹ ਦਾਦੀ ਨੂੰ ਕੋਈ ਨਵੀਂ ਬਾਤ ਸੁਣਾਉਣ ਲਈ ਕਹਿੰਦਾ ਹੈ।
ਦਾਦੀ ਕਹਿੰਦੀ ਹੈ ਕਿ ਉਹ ਉਸਨੂੰ ਚੰਦਰਮੁਖੀ ਦੀ ਕਹਾਣੀ ਸੁਣਾਉਂਦੀ ਹੈ। ਉਹ ਦੱਸਦੀ ਹੈ ਕਿ ਚੰਦਰਮੁਖੀ ਬਹੁਤ ਸੋਹਣੀ ਸੀ।
ਉਸਦਾ ਘਰ ਤਾਰਿਆਂ ਵਰਗਾ ਸੀ ਤੇ ਉਸਦਾ ਘਰ ਬੱਦਲਾਂ ਵਿਚ ਸੀ । ਉਸਦੇ ਵੱਡੇ ਸਾਰੇ ਮਹੱਲ ਵਿਚ ਚਿੜੀ ਵੀ ਨਹੀਂ ਸੀ ਫਟਕਦੀ। ਉਸਦੇ ਪਿਓ ਦਾ ਨਾਂ ਸ਼ਿੰਗਟੋ ਭੂਤ ਸੀ। ਉਸਦੇ ਵਾਲ ਬੋਹੜ ਦੀ ਦਾੜ੍ਹੀ ਵਰਗੇ, ਨਾਸਾਂ ਚੁੱਲ੍ਹਿਆਂ ਵਰਗੀਆਂ ਅਤੇ ਜਟਾਂ ਲੱਕੜਾਂ ਦੇ ਟਾਲ ਵਰਗੀਆਂ ਸਨ। ਇਹ ਸੁਣ ਕੇ ਰਾਜੂ ਡਰਦਾ ਹੈ। ਦਾਦੀ ਉਸਨੂੰ ਦੱਸਦੀ ਹੈ ਕਿ ਉਸਦੀ ਧੀ ਚੰਦਰਮੁਖੀ ਸੋਹਣੀ ਤਾਂ ਸੀ, ਪਰ ਦੁਖੀ ਸੀ। ਜਦੋਂ ਉਸਦਾ ਪਿਓ ਭੂਤ ਬਾਹਰ ਜਾਂਦਾ ਸੀ, ਉਹ ਉਸਦੇ ਹਜ਼ਾਰ ਟੁਕੜੇ ਕਰ ਦਿੰਦਾ ਸੀ, ਪਰ ਜਦੋਂ ਘਰ ਵਾਪਸ ਆਉਂਦਾ ਸੀ, ਤਾਂ ਉਹ ਟੁਕੜੇ ਇਕੱਠੇ ਕਰ ਲੈਂਦਾ ਸੀ। ਇਸ ਤਰ੍ਹਾਂ ਹਰ ਰੋਜ਼ ਸ਼ਾਮ ਨੂੰ ਜੀ ਪੈਂਦੀ ਸੀ ਤੇ ਸਵੇਰ ਨੂੰ ਮਰ ਜਾਂਦੀ ਸੀ। ਰਾਜੂ ਇਹ ਸੁਣ ਕੇ ਹੋਰ ਵੀ ਡਰ ਜਾਂਦਾ ਹੈ। ਉਹ ਰੋਣ ਲੱਗ ਪੈਂਦਾ ਹੈ। ਉਸਦੀ ਮੰਮੀ ਆ ਕੇ ਉਸਨੂੰ ਆਪਣੇ ਨਾਲ ਪਾ ਲੈਂਦੀ ਹੈ। ਦਾਦੀ ਦੱਸਦੀ ਹੈ ਕਿ ਉਹ ਡਰ ਗਿਆ ਹੈ, ਕਿਉਂਕਿ ਉਹ ਨਿੱਕੇ ਜਿਗਰੇ ਵਾਲਾ ਹੈ।
ਮੰਮੀ ਦਾਦੀ ਨੂੰ ਕਹਿੰਦੀ ਹੈ ਕਿ ਉਹ ਨਿੱਕੇ ਜਿਹੇ ਬੱਚੇ ਨੂੰ ਕਿਉਂ ਡਰਾਉਂਦੀ ਹੈ। ਉਸਦੇ ਸਿਰ ਉੱਤੇ ਕਿਉਂ ਭੂਤ-ਪ੍ਰੇਤ ਦੇ ਜਾਲ ਪਾਉਂਦੀ ਹੈ। ਉਹ ਰਾਜੂ ਨੂੰ ਸਵੇਰੇ ਟੌਫ਼ੀ ਖਵਾਉਣ, ਖਿਡਾਉਣਾ ਲੈ ਕੇ ਦੇਣ ਤੇ ਬਾਗ਼ ਦੀ ਸੈਰ ਕਰਾਉਣ ਦਾ ਲਾਲਚ ਦੇ ਕੇ ਵਰਾਉਂਦੀ ਹੈ। ਜਦੋਂ ਦੀਪੀ ਮੰਮੀ ਨੂੰ ਭੂਤ ਬਾਰੇ ਪੁੱਛਦੀ ਹੈ, ਤਾਂ ਉਹ ਕਹਿੰਦੀ ਹੈ ਕਿ ਭੂਤ-ਭਾਤ ਕੋਈ ਨਹੀਂ ਹੁੰਦਾ, ਉਹ ਚੁੱਪ ਕਰਕੇ ਸੌਂ ਜਾਣ। ਵਹਿਮ ਨਾ ਕਰਨ।
ਬੱਬੀ ਦੱਸਦਾ ਹੈ ਕਿ ਜਦੋਂ ਉਹ ਕੇ. ਜੀ. ਵਿਚ ਪੜ੍ਹਦਾ ਸੀ, ਤਾਂ ਦਾਦੀ ਦੱਸਦੀ ਸੀ ਕਿ ਉਸਨੇ ਇਕ ਵਾਰੀ ਭੂਤਾਂ ਦੇ ਸਰਦਾਰ ਨੂੰ ਆਪਣੀਆਂ ਅੱਖਾਂ ਸਾਹਮਣੇ ਹੱਸਦਿਆਂ ਦੇਖਿਆ ਸੀ। ਮੰਮੀ ਕਹਿੰਦੀ ਹੈ ਕਿ ਦਾਦੀ ਝੂਠੀ ਨਹੀਂ। ਉਹ ਦੱਸਦੀ ਹੈ ਕਿ ਭੂਤ ਕਦੇ-ਕਦਾਈਂ ਆਉਂਦੇ ਹਨ। ਉਹ ਐਵੇਂ ਨਹੀਂ ਤੁਰਦੇ-ਫਿਰਦੇ। ਉਹ ਉਨ੍ਹਾਂ ਕੋਲ ਨਹੀਂ ਆਉਣਗੇ, ਕਿਉਂਕਿ ਉਹ ਚੰਗੇ ਬੱਚੇ ਹਨ। ਉਹ ਸਾਰਿਆਂ ਨੂੰ ਕਹਿੰਦੀ ਹੈ ਕਿ ਉਹ ਉੱਠ ਕੇ ਉਸ ਨਾਲ ਅੰਦਰ ਚੱਲਣ, ਤਾਂ ਜੋ ਉਹ ਰੋਟੀ ਖਾਣ ਤੇ ਫਿਰ ਟੀ. ਵੀ. ਤੇ ਆਉਣ ਵਾਲੀ ਫ਼ਿਲਮ ਦੇਖਣ। ਸਟੇਜ ਉੱਤੇ ਹਨੇਰਾ ਹੋਣ ਮਗਰੋਂ ਫਿਰ ਰੌਸ਼ਨੀ ਹੁੰਦੀ ਹੈ, ਤਾਂ ਰਾਜੂ ਦਾਦੀ ਨਾਲ ਸੁੱਤਾ ਪਿਆ ਹੈ। ਉਹ ਆਪਣੇ ਲੱਤਾਂ-ਪੈਰਾਂ ਨੂੰ ਇਸ ਤਰ੍ਹਾਂ ਹਿਲਾ ਰਿਹਾ ਹੈ, ਜਿਵੇਂ ਕੋਈ ਡਰਾਉਣਾ ਸੁਪਨਾ ਦੇਖ ਰਿਹਾ ਹੋਵੇ। ਹੌਲੀ-ਹੌਲੀ ਉਸਦੀ ਬੇਚੈਨੀ ਵਧਦੀ ਹੈ ਤੇ ਪਿੱਠ-ਭੂਮੀ ਵਿਚੋਂ ‘ਸ਼ਿੰਗਟੋ ! ਸ਼ਿੰਗਟੋ !! ਸ਼ਿੰਗਟੋ !!! ਦੀ ਆਵਾਜ਼ ਆਉਂਦੀ ਹੈ ਤੇ ਨਾਲ ਹੀ ਉਸ ਦੇ ਡਰਾਉਣੇ ਸੁਪਨੇ ਸੰਬੰਧੀ ਉਹੋ ਗੱਲਾਂ ਸੁਣਾਈ ਦਿੰਦੀਆਂ ਹਨ, ਜੋ ਦਾਦੀ ਨੇ ਰਾਜੂ ਨੂੰ ਸੁਣਾਈਆਂ ਸਨ। ਸੁੱਤਾ ਪਿਆ ਰਾਜੂ ਉੱਚੀ-ਉੱਚੀ ਚੀਕਾਂ ਮਾਰਨ ਲੱਗ ਪੈਂਦਾ ਹੈ। ਮੰਮੀ ਪਾਪਾ ਆ ਕੇ ਉਸਨੂੰ ਪਲੋਸਦੇ ਹਨ ਤੇ ਚੁੱਕ ਕੇ ਲੈ ਜਾਂਦੇ ਹਨ। ਦਾਦੀ ਚਾਰ ਪੰਜ ਵਾਰੀ ਕਹਿੰਦੀ ਹੈ ਕਿ ਉਹ ‘ਨਿੱਕੇ ਜਿਗਰੇ ਵਾਲਾ ਹੈ।
ਸਟੇਜ ਉੱਤੇ ਹਨੇਰਾ ਹੋਣ ਮਗਰੋਂ ਰੌਸ਼ਨੀ ਹੁੰਦੀ ਹੈ, ਤਾਂ ਰਾਜੂ, ਬੱਬੀ, ਦੀਪੀ, ਵਿੱਕੀ ਤੇ ਰਿੱਕੀ ਬਸਤੇ ਲੈ ਕੇ ਮੇਜ਼ ਦੁਆਲੇ ਇਕੱਠੇ ਹੁੰਦੇ ਦਿਖਾਈ ਦਿੰਦੇ ਹਨ। ਦਾਦੀ ਮੰਚ ਉੱਤੇ ਨਹੀਂ। ਦੀਪੀ ਕਹਿੰਦਾ ਹੈ ਕਿ ਉਨ੍ਹਾਂ ਦਾ ਪੇਪਰ ਸੌਖਾ ਸੀ, ਪਰ ਵਿੱਕੀ ਕਹਿੰਦਾ ਹੈ ਕਿ ਉਨ੍ਹਾਂ ਦਾ ਪੇਪਰ ਔਖਾ ਸੀ। ਬੱਬੀ ਰੱਬ ਅੱਗੇ ਅਰਦਾਸ ਕਰਦਾ ਹੈ ਕਿ ਉਹ ਭਾਰਤ ਦੀ ਰਾਜਧਾਨੀ ਮਦਰਾਸ ਬਣਾ ਦੇਵੇ ਕਿਉਂਕਿ ਉਸ ਤੋਂ ਪੇਪਰ ਵਿਚ ਇਹੋ ਲਿਖਿਆ ਗਿਆ ਹੈ। ਦੀਪੀ ਕਹਿੰਦੀ ਹੈ ਕਿ ਉਹ ਪ੍ਰੈਸੀ ਛੇ ਸਫ਼ਿਆਂ ਦੀ ਲਿਖ ਕੇ ਆਈ ਹੈ ਤੇ ਇਸ ਤਰ੍ਹਾਂ ਪ੍ਰੈਸੀ ਦਾ ਸੁਆਲ ਗੱਡ ਕੇ ਆਈ ਹੈ। ਉਹ ਕਹਿੰਦੀ ਹੈ ਕਿ ਉਹ ਐਪਲੀਕੇਸ਼ਨ ਦਾ ਸੁਆਲ ਛੱਡ ਆਈ ਹੈ, ਕਿਉਂਕਿ ਇਸ ਲਈ ਟਾਈਮ ਨਹੀਂ ਸੀ ਬਚਿਆ। ਮੰਮੀ ਉਨ੍ਹਾਂ ਨੂੰ ਪੇਪਰ ਬਾਰੇ ਪੁੱਛਦੀ ਹੈ ਕਿ ਉਹ ਕਿੰਨੇ-ਕਿੰਨੇ ਨੰਬਰ ਲੈਣਗੇ। ਬੱਬੀ ਕਹਿੰਦਾ ਹੈ ਕਿ ਸਵੇਰੇ ਉਸਦਾ ਰਸਤਾ ਬਿੱਲੀ ਕੱਟ ਗਈ ਸੀ ਤੇ ਰਾਤੀਂ ਕੁਕੜੀ ਕੁੜ-ਕੁੜ ਕਰਦੀ ਸੀ, ਇਸ ਕਰਕੇ ਉਸਦਾ ਪੇਪਰ ਚੰਗਾ ਨਹੀਂ ਹੋਇਆ। ਵਿੱਕੀ ਪੇਪਰ ਦਾ ਚੰਗਾ ਨਾ ਹੋਣ ਦਾ ਕਾਰਨ ਲੰਬੜ ਦਾ ਮੱਥੇ ਲੱਗਣਾ ਤੇ ਜੁੱਤੀ ਨੂੰ ਮੂਧੀ ਮਾਰਨਾ, ਦੀਪੀ ਇਸਦਾ ਕਾਰਨ ਸਵੇਰੇ ਪਿੱਛਿਓਂ ਅਵਾਜ਼ ਪੈਣਾ ਤੇ ਦਹਿਲੀਜ਼ੇ ਬਹਿਣਾ, ਵਿੱਕੀ ਮੰਜੇ ਉੱਤੇ ਬਹਿ ਕੇ ਵਾਲ ਵਾਹੁਣਾ, ਤੇ ਰਿੱਕੀ ਗੋਡੇ ਮੂਧੇ ਮਾਰਨਾ ਦੱਸਦੀ ਹੈ। ਉਹ ਸਮਝਦੇ ਸਨ ਕਿ ਉਨ੍ਹਾਂ ਮਾੜੇ ਕਰਮ ਕੀਤੇ ਸਨ ਤੇ ਕਿਸੇ ਦੀ ਗੱਲ ਨੂੰ ਮੰਨਿਆ ਨਹੀਂ ਸੀ, ਇਸੇ ਕਰਕੇ ਅਜਿਹਾ ਹੋਇਆ ਹੈ।
ਹੁਣ ਮੈਡਮ ਪ੍ਰਵੇਸ਼ ਕਰਦੀ ਹੈ। ਦੀਪੀ ਉਸਨੂੰ ਦੱਸਦੀ ਹੈ ਕਿ ਰਾਤੀਂ ਸ਼ਾਇਦ ਭੂਤ ਦੇ ਜਾਦੂ ਕਰਨ ਕਰਕੇ ਰਾਜੂ ਡਰ ਗਿਆ ਸੀ। ਬੱਬੀ ਕਹਿੰਦਾ ਹੈ ਕਿ ਰੁਮਾਲ ਦੀ ਗੰਢ ਖੁੱਲ੍ਹਣ ਕਰਕੇ ਉਸਦੇ ਪੇਪਰ ਮਾੜੇ ਹੋਏ ਹਨ। ਦੀਪੀ ਕਹਿੰਦੀ ਹੈ ਕਿ ਉਨ੍ਹਾਂ ਦਾਦੀ ਦੀ ਗੱਲ ਨਹੀਂ ਮੰਨੀ, ਇਸ ਕਰਕੇ ਇਹ ਪੁਆੜੇ ਪਏ ਹਨ। ਸਭ ਦੀਆਂ ਗੱਲਾਂ ਸੁਣ ਕੇ ਮੈਡਮ ਕਹਿੰਦੀ ਹੈ ਕਿ ਵਹਿਮ ਪਿਆਰੇ ਤਾਂ ਲੱਗਦੇ ਹਨ, ਪਰ ਇਹ ਨਿਰੇ ਹਵਾ ਦੇ ਗੁਬਾਰੇ ਹੁੰਦੇ ਹਨ । ਇਹ ਗੁਬਾਰੇ ਵਹਿਮ ਦੇ ਕੱਚੇ ਧਾਗੇ ਨਾਲ ਬੱਝ ਕੇ ਉੱਡਦੇ ਹਨ। ਇਨ੍ਹਾਂ ਦੀ ਇਕ ਉਮਰ ਹੁੰਦੀ ਹੈ ਤੇ ਇਹ ਆਪ ਹੀ ਡਿਗ ਪੈਂਦੇ ਹਨ। ਇਹ ਕੋਈ ਭਗਵਾਨ ਨਹੀਂ। ਇਹ ਸਾਡੇ ਸੇਵਕ ਹਨ। ਇਹ ਕੋਈ ਸਾਡੇ ਸਰਦਾਰ ਨਹੀਂ। ਮੈਡਮ ਦੱਸਦੀ ਹੈ ਕਿ ਇਕ ਵੇਲਾ ਸੀ, ਜਦੋਂ ਲੋਕ ਪੈਦਲ ਤੁਰ-ਤੁਰ ਕੇ ਦੂਰ-ਦੂਰ ਤਕ ਜਾਂਦੇ ਸਨ ਤੇ ਮਹੀਨਿਆਂ ਬਾਅਦ ਪਰਤਦੇ ਸਨ। ਜੇਕਰ ਬਿੱਲੀ ਰਸਤਾ ਕੱਟ ਜਾਂਦੀ ਜਾਂ ਪਿੱਛੋਂ ਅਵਾਜ਼ ਪੈ ਜਾਂਦੀ, ਲੰਬੜ ਮੱਥੇ ਲੱਗ ਜਾਂਦਾ, ਮਗਰੋਂ ਨਿੱਛ ਵੱਜ ਜਾਂਦੀ, ਤਾਂ ਇਹ ਮਹਿਮਾਨਾਂ ਨੂੰ ਅਟਕਾਉਣ ਦੇ ਨਿਰੇ ਬਹਾਨੇ ਸਨ ਕਿਉਂਕਿ ਪਤਾ ਨਹੀਂ ਸੀ ਹੁੰਦਾ ਕਿ ਉਹ ਕਦੋਂ ਮੁੜ ਕੇ ਆਉਣ। ਅੱਜ-ਕਲ੍ਹ ਮੋਟਰਕਾਰਾਂ ਹਨ, ਗੱਡੀਆਂ ਅਤੇ ਜਹਾਜ਼ ਹਨ। ਰੁਝੇਵਾਂ ਬਹੁਤ ਹੈ। ਹੁਣ ਅਜਿਹੇ ਵਹਿਮਾਂ ਦਾ ਕੋਈ ਮਤਲਬ ਹੀ ਨਹੀਂ। ਇਹ ਆਪੇ ਹੀ ਖ਼ਤਮ ਹੋ ਗਏ ਹਨ।
ਮੈਡਮ ਹੋਰ ਦੱਸਦੀ ਹੈ ਕਿ ਝਾੜੂ ਇਸ ਕਰਕੇ ਪੁੱਠਾ ਨਹੀਂ ਰੱਖਣਾ ਚਾਹੀਦਾ, ਤਾਂ ਜੋ ਕੰਧ ਖ਼ਰਾਬ ਨਾ ਹੋਵੇ, ਚਾਬੀਆਂ ਇਸ ਕਰਕੇ ਵੀ ਨਹੀਂ ਖੜਕਾਉਣੀਆਂ ਚਾਹੀਦੀਆਂ, ਤਾਂ ਜੋ ਕੋਈ ਚਾਬੀ ਡਿਗ ਨਾ ਪਵੇ। ਸਿਰ ਭਾਰ ਮੰਜਾ ਇਸ ਕਰਕੇ ਨਹੀਂ ਰੱਖਿਆ ਜਾਂਦਾ, ਤਾਂ ਜੋ ਸੱਪ ਜਾਂ ਕੀੜਾ ਨਾ ਚੜ੍ਹ ਜਾਵੇ। ਰਾਤੀਂ ਦੌਣ ਇਸ ਕਰਕੇ ਨਹੀਂ ਕੱਸਣੀ ਚਾਹੀਦੀ, ਤਾਂ ਜੋ ਹੋਰ ਕੰਮ ਨਾ ਰੁਕਣ। ਬੂਟ ਪਾ ਕੇ ਸੌਣ ਨਾਲ ਚੰਗੀ ਨੀਂਦ ਨਹੀਂ ਆਉਂਦੀ ਤੇ ਕੋਈ ਡਰਾਉਣਾ ਸੁਪਨਾ ਆ ਜਾਂਦਾ ਹੈ। ਇਸਤਰੀਆਂ ਨੇ ਆਪਣੇ ਕੰਮ ਦਾ ਭਾਰ ਵੰਡਣ ਲਈ ਅਜਿਹੇ ਵਿਸ਼ਵਾਸ ਰਚੇ ਹਨ ਕਿ ਵੀਰਵਾਰ ਨੂੰ ਸਿਰ ਨਹੀਂ ਧੋਣਾ ਚਾਹੀਦਾ ਤੇ ਮੰਗਲ-ਸ਼ਨੀ ਨੂੰ ਕੱਪੜੇ ਨਹੀਂ ਧੋਣੇ ਚਾਹੀਦੇ।
ਬੱਚੇ ਮੈਡਮ ਨੂੰ ਕਹਿੰਦੇ ਹਨ ਕਿ ਉਹ ਉਨ੍ਹਾਂ ਨੂੰ ਭੂਤ ਬਾਰੇ ਦੱਸਣ। ਮੈਡਮ ਕਹਿੰਦੀ ਹੈ ਕਿ ਬੀਤ ਚੁੱਕੇ ਸਮੇਂ ਨੂੰ ਭੂਤ ਕਹਿੰਦੇ ਹਨ, ਜਦੋਂ ਅਸੀਂ ਉਸਨੂੰ ਯਾਦ ਕਰਦੇ ਹਾਂ, ਤਾਂ ਕਦੇ ਅਸੀਂ ਖ਼ੁਸ਼ ਹੁੰਦੇ ਹਾਂ ਤੇ ਕਦੇ ਡਰਦੇ ਹਾਂ। ਜੇਕਰ ਅਸੀਂ ਨਿਡਰ ਹੋਈਏ, ਤਾਂ ਭੂਤ ਮਰ ਜਾਂਦਾ ਹੈ। ਬੱਚੇ ਪੁੱਛਦੇ ਹਨ ਕਿ ਭੂਤ ਕਿਸ ਤਰ੍ਹਾਂ ਮਰਦਾ ਹੈ। ਮੈਡਮ ਦੱਸਦੀ ਹੈ ਕਿ ਇਕ ਵਾਰੀ ਇਕ ਮਦਾਰੀ ਆਇਆ। ਉਸ ਕੋਲ ਰੰਗ-ਬਰੰਗਾ ਝੋਲਾ ਸੀ। ਇਸ ਮਦਾਰੀ ਕੋਲ ਬੱਚੇ ਆਉਂਦੇ ਹਨ। ਇਕ ਬੱਚਾ ਉਸਨੂੰ ਪੁੱਛਦਾ ਹੈ ਕਿ ਥੈਲੇ ਉੱਪਰ ਗੰਢ ਕਿਉਂ ਹੈ। ਦੂਜਾ ਰੰਗਾਂ ਦੀ ਵੰਡ ਬਾਰੇ ਪੁੱਛਦਾ ਹੈ। ਮਦਾਰੀ ਕਹਿੰਦਾ ਹੈ ਕਿ ਇਹ ਰੰਗ ਬੜੇ ਭੈੜੇ ਹਨ। ਹਰ ਰੰਗ ਵਿਚ ਦਿਓ ਤੇ ਭੂਤ ਹਨ, ਜੋ ਕਿ ਸਾਡੇ ਵੈਰੀ ਹਨ। ਹਰੇ ਰੰਗ ਵਿਚ ਹਰਤਾਨੂੰ ਭੂਤ ਹੈ, ਪੀਲੇ ਵਿਚ ਪਿਲਪਾਕੂ, ਨੀਲੇ ਵਿਚ ਨਿਲਕੋਟਾ ਤੇ ਲਾਲ ਵਿਚ ਲਲਕਾਟੂ ਭੂਤ ਲੁਕਿਆ ਹੋਇਆ ਹੈ। ਚਿੱਟੇ ਰੰਗ ਵਿਚ ਭੂਤਾਂ ਦੇ ਨਾਲ ਚੁੜੇਲਾਂ ਆਈਆਂ ਹਨ। ਇਹ ਸਾਰੇ ਭੂਤ ਸਿੰਗਟੋ ਦੇ ਵੀਰ ਤੇ ਭੈਣਾਂ ਭਰਜਾਈਆਂ ਹਨ। ਮਦਾਰੀ ਦੱਸਦਾ ਹੈ ਕਿ ਇਹ ਸਾਰੇ ਭੂਤ ਬੜੇ ਡਰਾਉਂਣੇ ਹਨ। ਕਈ ਵਾਰ ਸ਼ਕਲੋਂ ਦੇਖਣ ਨੂੰ ਇਹ ਭੋਲੇ-ਭਾਲੇ ਜਾਪਦੇ ਹਨ। ਦਿਓਆਂ ਤੇ ਭੂਤਾਂ ਦੀ ਦੁਨੀਆ ਬਹੁਤ ਅਜੀਬ ਹੈ। ਇਨ੍ਹਾਂ ਤੋਂ ਡਰ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਜੇਕਰ ਇਹ ਫਟ ਜਾਣ, ਤਾਂ ਇਹ ਬੰਬ ਦੇ ਗੋਲੇ ਸਮਾਨ ਹੁੰਦੇ ਹਨ। ਇਸ ਝੋਲੇ ਵਿਚ ਪੈਸਾ, ਪੰਜੀ, ਦਸੀ, ਚਵਾਨੀ ਜਾਂ ਅਠਿਆਨੀ ਪਾ ਕੇ ਭੂਤਾਂ-ਚੁੜੇਲਾਂ ਦੇ ਮੂੰਹ ਉੱਤੇ ਪੱਕਾ ਜਿੰਦਰਾ ਲਾ ਦਿਓ।
ਇਹ ਸੁਣ ਕੇ ਸਾਰੇ ਬੱਚੇ ਸੋਚਾਂ ਵਿਚ ਪੈ ਗਏ। ਉਹ ਭੂਤਾਂ ਦੇ ਝੋਲੇ ਤੋਂ ਡਰ ਗਏ। ਉਨ੍ਹਾਂ ਨੂੰ ਇਹ ਸਮਝ ਨਾ ਆਵੇ ਕਿ ਇਹ ਜਾਦੂ ਕਿਸ ਤਰ੍ਹਾਂ ਹੋਇਆ ਹੈ। ਮਦਾਰੀ ਡਰੇ ਹੋਏ ਬੱਚਿਆਂ ਤੋਂ ਪੈਸੇ ਬਟੋਰੀ ਜਾ ਰਿਹਾ ਸੀ।
ਇੰਨੇ ਚਿਰ ਨੂੰ ਇਕ ਕੁੱਤਾ ਆ ਗਿਆ। ਉਸਨੇ ਝੋਲੇ ਨੂੰ ਸੁੰਘਿਆ। ਮਦਾਰੀ ਪੈਸੇ ਸਾਂਭ ਰਿਹਾ ਸੀ। ਉਸ ਨੂੰ ਕੁੱਤੇ ਦਾ ਪਤਾ ਨਾ ਲੱਗਾ। ਵੇਖਦਿਆਂ-ਵੇਖਦਿਆਂ ਕੁੱਤੇ ਨੇ ਝੋਲੇ ਨੂੰ ਥਾਂ-ਥਾਂ ਤੋਂ ਪਾੜ ਦਿੱਤਾ। ਮਦਾਰੀ ਹੈਰਾਨ ਹੋਇਆ ਕੁੱਤੇ ਨੂੰ ਝਪਟ ਕੇ ਪਿਆ, ਪਰ ਵੀ ਕੁੱਤਾ ਸਰਕਸ ਦਾ ਸੀ। ਉਸਨੇ ਥੈਲਾ ਰੁੱਖ ਉੱਤੇ ਸੁੱਟ ਦਿੱਤਾ ਤੇ ਆਪ ਦੌੜ ਗਿਆ। ਮਦਾਰੀ ਥੱਕ-ਟੁੱਟ ਕੇ ਬਹਿ ਗਿਆ।
ਹੁਣ ਮਦਾਰੀ ਲਹੂ-ਲੁਹਾਨ ਹੋ ਗਿਆ। ਝੋਲਾ ਥੱਲੇ ਨਾ ਆਇਆ। ਇਹ ਦੇਖ ਕੇ ਬੱਚਿਆਂ ਦਾ ਹਾਸਾ ਨਿਕਲ ਗਿਆ। ਬੰਬ ਦਾ ਗੋਲਾ ਨਾ ਚਲਾਇਆ ਜਾ ਸਕਿਆ। ਜਦੋਂ ਮਦਾਰੀ ਨੇ ਥੈਲਾ ਥੱਲੇ ਲਾਹਿਆ, ਤਾਂ ਉਹ ਲੀਰਾਂ ਹੋ ਚੁੱਕਾ ਸੀ ਤੇ ਉਸਦੇ ਭੂਤ ਦਾ ਭੇਤ ਖੁੱਲ੍ਹ ਗਿਆ। ਬੱਚਿਆਂ ਦੇ ਹੱਥ ਸਿਰਫ਼ ਨੀਲੀਆਂ, ਪੀਲੀਆਂ, ਹਰੀਆਂ ਤੇ ਲਾਲ ਲੀਰਾਂ ਹੀ ਆਈਆਂ। ਹੁਣ ਉਨ੍ਹਾਂ ਇਕ ਤਰ੍ਹਾਂ ਹੱਥਾਂ ਵਿਚ ਭੂਤ ਫੜੇ ਹੋਏ ਸਨ। ਉਹ ਮਦਾਰੀ ਨੂੰ ਲੱਭ ਰਹੇ ਸਨ। ਉਹ ਆਪਣਾ ਲੰਗੋਟ ਚੁੱਕ ਕੇ ਦੌੜਿਆ। ਬੱਚਿਆਂ ਨੇ ਆਪਣੀਆਂ ਜੁੱਤੀਆਂ ਲਾਹ ਲਈਆਂ ਤੇ ਲੀਰਾਂ ਨੂੰ ਲਹਿਰਾ ਕੇ ਕਹਿ ਰਹੇ ਸਨ, “ਭੂਤ ! ਭੂਤ !! ਭੂਤ !!!” ਅੰਤ ਮੈਡਮ ਨੇ ਕਿਹਾ ਕਿ ਇਸ ਤਰ੍ਹਾਂ ਜਿਹੜਾ ਨਿਡਰ ਹੋ ਜਾਂਦਾ ਹੈ, ਉਸਦਾ ਭੂਤ ਮਰ ਜਾਂਦਾ ਹੈ। ਜਿਸਦੀ ਅਕਲ ਘੱਟ ਹੋਵੇ, ਉਸਨੂੰ ਹੀ ਭੂਤ ਦਾ ਵਹਿਮ ਤੰਗ ਕਰਦਾ ਹੈ।
ਮੈਡਮ ਚਲੀ ਜਾਂਦੀ ਹੈ। ਬੱਚੇ ਰਲ ਕੇ ਗਾਉਂਦੇ ਹਨ। ਰਾਜੂ ਚਾਬੀਆਂ ਨਾਲ ਗਲਾਸ ਨੂੰ ਖੜਕਾਉਂਦਾ ਹੈ। ਉਹ ਆਪਣੇ ਗੀਤ ਵਿਚ ਮਦਾਰੀ ਦੇ ਥੈਲੇ ਵਿਚ ਲੁਕੇ ਬੰਬ ਦੇ ਗੋਲੇ ਦੇ ਠੁੱਸ ਹੋਣ ਦੀ ਗੱਲ ਕਰਦੇ ਹਨ। ਦੀਪੀ ਨਕਲੀ ਦਾਦੀ ਬਣ ਕੇ ਪੁੱਛਦੀ ਹੈ ਕਿ ਕੌਣ ਚਾਬੀਆਂ ਖੜਕਾਉਂਦਾ ਹੈ, ਕੌਣ ਕੈਂਚੀਆਂ ਵਜਾਉਂਦਾ ਹੈ। ਉਹ ਅਜਿਹਾ ਕਰਕੇ ਇਸ ਸੁਖ ਵਾਲੇ ਵਿਹੜੇ ਵਿਚ ਕਲੇਸ਼ ਨਾ ਪਾਉਣ। ਸਾਰੇ ਬੱਚੇ ਨਕਲੀ ਦਾਦੀ ਵੱਲ ਵੇਖ ਕੇ ਹੱਸਦੇ ਹਨ।
ਇੰਨੇ ਨੂੰ ਅਸਲੀ ਦਾਦੀ ਆਉਂਦੀ ਹੈ। ਕਾਫ਼ੀ ਸਮਾਂ ਰਾਜੂ ਤੋਂ ਇਲਾਵਾ ਉਸਨੂੰ ਕੋਈ ਹੋਰ ਨਹੀਂ ਵੇਖਦਾ। ਉਹ ‘ਨਕਲੀ ਦਾਦੀ,ਨਕਲੀ ਦਾਦੀ’ ਗਾਉਂਦੇ ਹਨ। ਅਸਲੀ ਦਾਦੀ ਉਨ੍ਹਾਂ ਨੂੰ ਕਹਿੰਦੀ ਹੈ ਕਿ ਖ਼ਸਮ-ਖਾਣਿਓ, ਫਿਰ ਘਰ ਸਿਰ ਉੱਤੇ ਚੁੱਕ ਲਿਆ। ਉਹ ਉਨ੍ਹਾਂ ਨੂੰ ਖੇਡਣ ਤੋਂ ਵਰਜਦੀ ਹੋਈ ਪੜ੍ਹਨ ਲਈ ਕਹਿੰਦੀ ਹੈ। ਬੱਚੇ ਦਾਦੀ ਨੂੰ ਕਹਿੰਦੇ ਹਨ ਕਿ ਉਹ ਖੇਡਣ ਨੂੰ ‘ਮਾੜਾ ਹੁੰਦਾ’ ਕਹਿੰਦੀ ਹੈ, ਇਹ ਮਾੜਾ ਹੁੰਦਾ, ਤਾਂ ਉਸਦਾ ਇਕ ਪਹਾੜਾ ਹੈ।
ਸਾਨੂੰ ਕਿਹਾ ਜਾਂਦਾ ਹੈ ਕਿ ਸਾਰੇ ਜਲਦੀ ਸੌਂ ਜਾਓ, ਕਿਉਂਕਿ ਸਵੇਰੇ ਸਕੂਲੇ ਜਾਣਾ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਸਵੇਰੇ ਜਲਦੀ ਉੱਠੋ ਕਿਉਂਕਿ ਸਕੂਲ ਜਾਣ ਤੋਂ ਪਹਿਲਾਂ ਨਹਾਉਣਾ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਘਰ ਤੋਂ ਘੰਟਾ ਪਹਿਲਾਂ ਤੁਰ ਪਓ ਤਾਂ ਜੋ ਸਕੂਲੇ ਵੇਲੇ ਸਿਰ ਪੁੱਜ ਜਾਵੋ। ਸਾਨੂੰ ਕਿਹਾ ਜਾਂਦਾ ਹੈ ਕਿ ਸਾਰੇ ਜਲਦੀ ਰੋਟੀ ਖਾ ਲਓ, ਕਿਉਂਕਿ ਸਾਰਿਆਂ ਨੂੰ ਉਸਨੇ ਸੁਲਾਉਣਾ ਹੁੰਦਾ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਦੁੱਧ ਪੀਓ ਤੇ ਜਲਦੀ ਉੱਠੋ, ਕਿਉਂਕਿ ਮੈਡਮ ਨੇ ਪੜ੍ਹਾਉਣਾ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਬੈਠਕ ਦੀ ਸਫ਼ਾਈ ਕਰੋ ਕਿਉਂਕਿ ਅੱਜ ਮਹਿਮਾਨਾਂ ਨੇ ਆਉਣਾ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਰਾਤੀਂ ਰੋਟੀ ਜਲਦੀ ਖਾ ਲਓ, ਕਿਉਂਕਿ ਸਕੂਲ ਦਾ ਕੰਮ ਕਰਾਉਣਾ ਹੈ। ਸਾਨੂੰ ਕਿਹਾ ਜਾਂਦਾ ਹੈ ਕਿ ਰਾਤੀਂ ਜਲਦੀ ਸੌਂ ਜਾਓ, ਕਿਉਂਕਿ ਸਵੇਰੇ ਸਕੂਲ ਜਾਣਾ ਹੈ। ਦਾਦੀਏ, ਸਾਨੂੰ ਦੱਸ, ਅਸੀਂ ਕਿਹੜੇ ਵੇਲੇ ਖੇਡੀਏ? ਦਾਦੀ ਕਹਿੰਦੀ ਹੈ ਕਿ ਉਹ ਚੁੱਪ ਕਰ ਜਾਣ, ਨਹੀਂ ਤਾਂ ਸ਼ਿੰਗਟੋ ਭੂਤ ਆ ਜਾਵੇਗਾ ਤੇ ਤੁਹਾਨੂੰ ਸਭ ਨੂੰ ਖਾ ਜਾਵੇਗਾ। ਕਮਲੀਚੋ ਡੈਣ ਵੀ ਆਏਗੀ ਤੇ ਉਹ ਸਭ ਨੂੰ ਡਰਾਏਗੀ। ਦਾਦੀ ਦੀ ਗੱਲ ਸੁਣ ਕੇ ਸਾਰੇ ਬੱਚੇ ਹੱਸਦੇ ਹਨ। ਬੱਚੇ ਪੁੱਛਦੇ ਹਨ ਕਿ ਉਹ ਦੱਸੇ ਡੈਣ ਕਿਹੋ ਜਿਹੀ ਹੈ। ਦਾਦੀ ਦੱਸਦੀ ਹੈ ਕਿ ਉਸਦੇ ਵਾਲ ਤੇ ਦੰਦ ਵੱਡੇ-ਵੱਡੇ ਹਨ। ਉਸਦਾ ਮਾਸ ਝੁਰੜੀਆਂ ਵਾਲਾ ਹੈ ਤੇ ਸ਼ਕਲ ਡਰਾਉਣੀ ਹੈ। ਬੱਬੀ ਕਹਿੰਦਾ ਹੈ ਕਿ ਉਸ (ਦਾਦੀ) ਦੀ ਸ਼ਕਲ ਵੀ ਉਹੋ ਜਿਹੀ ਹੈ। ਦਾਦੀ ਗੁੱਸੇ ਵਿਚ ਉਨ੍ਹਾਂ ਨੂੰ ਚੁੱਪ ਕਰਨ ਲਈ ਕਹਿੰਦੀ ਹੈ ਤੇ ਆਖਦੀ ਹੈ ਕਿ ਉਹ ਉਸਦਾ ਸਬਰ ਨਾ ਅਜਮਾਉਣ। ਉਹ ਐਸੀ ਗੰਢ ਮਾਰੇਗੀ ਕਿ ਉਹ ਹਿੱਲ ਵੀ ਨਹੀਂ ਸਕਣਗੇ। ਦੀਪੀ ਤੇ ਬੱਬੀ ਕਹਿੰਦੇ ਹਨ ਕਿ ਉਹ ਗੰਢ ਮਾਰੇ। ਵਿੱਕੀ ਕਹਿੰਦਾ ਹੈ ਕਿ ਉਹ ਉਨ੍ਹਾਂ ਨੂੰ ਡਰਾਵੇ ਨਾ। ਰਾਜੂ ਕਹਿੰਦਾ ਹੈ ਕਿ ਉਹ ਆਪੇ ਗੰਢ ਮਾਰੇ ਤੇ ਆਪੇ ਖੋਲ੍ਹੇ। ਦਾਦੀ ਕਹਿੰਦੀ ਹੈ ਕਿ ਡੈਣਾਂ ਤੇ ਚੁੜੇਲਾਂ ਵਾਲੀ ਗੱਲ ਹੁਣ ਰੁਲ ਖੁੱਲ੍ਹ ਗਈ ਹੈ। ਸਾਰੇ ਬੱਚੇ ਕਹਿੰਦੇ ਹਨ ਕਿ ਫੋਕੇ ਵਹਿਮਾਂ ਵਾਲੀ ਗੱਲ ਸਭ ਨੂੰ ਭੁੱਲ ਗਈ ਹੈ। ਇਹ ਗੰਢ ਹੁਣ ਖੁੱਲ੍ਹ ਗਈ ਹੈ। ਦਾਦੀ ਦੁਖੀ ਹੋ ਕੇ ਮੰਜੇ ਉੱਪਰ ਬੈਠੀ ਹੈ। ਦੀਪੀ ਉਸ ਕੋਲ ਬੈਠ ਕੇ ਉਸਦੇ ਗੋਡਿਆਂ ਉੱਤੇ ਸਿਰ ਰੱਖ ਕੇ ਪਿਆਰ ਤੇ ਸਤਿਕਾਰ ਨਾਲ ਉਸਨੂੰ ਸੰਬੋਧਨ ਕਰਦੀ ਹੋਈ ਕਹਿੰਦੀ ਹੈ ਕਿ ਉਹ ਦੁਖੀ ਨਾ ਹੋਵੇ। ਉਹ ਉਸਦੇ ਬੱਚੇ ਹਨ। ਉਹ ਉਸਦੀ ਸੇਵਾ ਕਰਨਗੇ। ਉਹ ਸਦਾ ਉਸਦੇ ਨਾਲ ਹਨ।