ਗਲੀ ਵਿੱਚ : ਸੰਖੇਪ ਉੱਤਰ ਵਾਲੇ ਪ੍ਰਸ਼ਨ


ਗਲੀ ਵਿੱਚ : ਸ਼ਰਧਾ ਰਾਮ ਫਿਲੌਰੀ


ਪ੍ਰਸ਼ਨ 1. ਸ਼ਰਧਾ ਰਾਮ ਫ਼ਿਲੌਰੀ ਨੇ ਕਿਸੇ ਛਾਬੜੀ ਜਾਂ ਕਿਸੇ ਵਣਜਾਰੇ ਦੇ ਆਉਣ ਤੇ ਗਲੀ ਦਾ ਦ੍ਰਿਸ਼ ਕਿਸ ਖੂਬੀ ਨਾਲ ਚਿਤਰਿਆ?

ਉੱਤਰ : ਸ਼ਰਧਾ ਰਾਮ ਫ਼ਿਲੌਰੀ ਨੇ ਅੱਜ ਤੋਂ ਸਵਾ ਕੁ ਸੌ ਸਾਲ ਪਹਿਲਾਂ ਦੇ ਪੰਜਾਬ ਦੀ ਗਲੀ ਵਿੱਚ ਕਿਸੇ ਛਾਬੜੀ ਵਾਲੇ ਜਾਂ ਵਣਜਾਰੇ ਦੇ ਆਉਣ ਨੂੰ ਬੜੇ ਯਥਾਰਥਕ ਤੇ ਸਜੀਵ ਰੂਪ ਵਿੱਚ ਚਿਤਰਿਆ ਹੈ। ਇਨ੍ਹਾਂ ਦ੍ਰਿਸ਼ਾਂ ਨੂੰ ਸਾਕਾਰ ਰੂਪ ਦੇਣ ਲਈ ਲੇਖਕ ਨੇ ਯਥਾਰਥਕ ਘਟਨਾਵਾਂ, ਸ਼ਬਦ-ਚਿਤਰਾਂ, ਕੁੜੀਆਂ, ਔਰਤਾਂ ਤੇ ਬੁੱਢੀਆਂ ਦੇ ਜਿਊਂਦੇ-ਜਾਗਦੇ ਤੇ ਕੁਦਰਤੀ ਪਾਤਰਾਂ ਅਤੇ ਛੋਟੇ-ਛੋਟੇ ਚੁਸਤ ਵਾਰਤਾਲਾਪ ਤੋਂ ਕੰਮ ਲਿਆ ਹੈ।

ਪ੍ਰਸਨ 2. ਪਾਂਡਾ ਭੋਲੀਆਂ-ਭਾਲੀਆਂ ਔਰਤਾਂ ਨੂੰ ਕਿਵੇਂ ਵਰਗਲਾ ਕੇ ਲੁੱਟਦਾ ਹੈ?

ਉੱਤਰ : ਪਾਂਡਾ ਭੋਲੀਆਂ-ਭਾਲੀਆਂ ਔਰਤਾਂ ਨੂੰ ਲੁੱਟਣ ਲਈ ਹੱਥ ਵਿੱਚ ਪੱਤਰੀ ਫੜ ਕੇ ਆਉਂਦਾ ਹੈ ਤੇ ਖ਼ੁਸ਼ਾਮਦੀ ਲਹਿਜ਼ੇ ਵਿੱਚ ਇਸਤਰੀਆਂ ਦਾ ਧਿਆਨ ਆਪਣੇ ਵਲ ਖਿੱਚਦਾ ਹੈ। ਫਿਰ ਉਹ ਉਨ੍ਹਾਂ ਦੇ ਹੱਥ ਦੇਖਦਾ ਤੇ ਕਿਸਮਤ ਬਾਰੇ ਭਵਿੱਖ-ਬਾਣੀਆਂ ਕਰਦਾ ਹੋਇਆ ਕਿਸੇ ਨੂੰ ਉਸ ਦੇ ਪੁੱਤਰ ਦੇ ਵਿਆਹ ਬਾਰੇ, ਕਿਸੇ ਨੂੰ ਗੁਆਂਢਣ ਦੇ ਦਗ਼ੇ ਬਾਰੇ, ਕਿਸੇ ਨੂੰ ਭਰਾ ਦੀ ਕੁੜਮਾਈ ਬਾਰੇ ਤੇ ਕਿਸੇ ਨੂੰ ਕਿਸਮਤ ਵਿੱਚ ਧਨ ਦੇ ਹੋਣ ਬਾਰੇ ਦੱਸ ਕੇ ਉਨ੍ਹਾਂ ਤੋਂ ਛਾਪਾਂ, ਛੱਲੇ, ਚਾਂਦਰਾਂ, ਕੁੜਤੇ, ਚਾਂਦੀ ਤੇ ਤੇਲ ਆਦਿ ਲੁੱਟਦਾ ਹੈ।

ਪ੍ਰਸ਼ਨ 3. ‘ਮਨ ਚੰਗਾ ਤੇ ਕਟੌਤੀ ਵਿੱਚ ਗੰਗਾ’ ਅਖਾਣ ਦਾ ਕੀ ਭਾਵ ਹੈ?

ਉੱਤਰ : ਇਸ ਦਾ ਭਾਵ ਇਹ ਹੈ ਕਿ ਜਦੋਂ ਬੰਦੇ ਦਾ ਮਨ ਚੰਗਾ ਹੋਵੇ, ਤਾਂ ਸਾਰੇ ਤੀਰਥਾਂ ਦਾ ਮਹਾਤਮ ਘਰ ਵਿੱਚ ਹੀ ਪ੍ਰਾਪਤ ਹੋ ਜਾਂਦਾ ਹੈ, ਫਿਰ ਤੀਰਥਾਂ ਉੱਤੇ ਜਾਣ ਦੀ ਲੋੜ ਨਹੀਂ ਰਹਿੰਦੀ।