ਗਲੀ ਵਿਚ : ਸਾਰ


ਪ੍ਰਸ਼ਨ 1. ‘ਗਲੀ ਵਿੱਚ’ ਲੇਖ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿੱਚ ਲਿਖੋ ।

ਉੱਤਰ : ਗਲੀ ਵਿਚ ਛਾਬੜੀ ਵਾਲੇ ਨੇ ਹੋਕਾ ਦਿੱਤਾ ਤੇ ਗਲੀ ਦੀਆਂ ਤੀਵੀਆਂ ਆ ਕੇ ਉਸ ਕੋਲੋਂ ਸੇਵੀਆਂ-ਪਾਪੜ ਤੇ ਦਾਲ ਖ਼ਰੀਦ ਕੇ ਖਾਣ ਲੱਗੀਆਂ। ਛਾਬੜੀ ਵਾਲੇ ਦੀ ਇੱਛਾ ਅਨੁਸਾਰ ਇਕ ਤੀਵੀਂ ਨੇ ਹੋਰਨਾਂ ਤੀਵੀਆਂ ਨੂੰ ਜਾ ਕੇ ਦੱਸਿਆ ਤੇ ਕਈਆਂ ਨੇ ਥੋੜ੍ਹਾ-ਥੋੜ੍ਹਾ ਸੌਦਾ ਲਿਆ ਤੇ ਨਾਲ ਹੀ ਉਸ ਨੂੰ ਕਿਹਾ ਕਿ ਉਹ ਕੱਲ੍ਹ ਨੂੰ ਘੁੰਙਣੀਆਂ ਲੈ ਕੇ ਆਵੇ।

ਦੂਜੇ ਦਿਨ ਸਵੇਰੇ ਪੰਜ-ਸੱਤ ਕੁੜੀਆਂ ਤੇ ਕੁੱਝ ਤੀਵੀਆਂ ਦਰਬਾਰ ਸਾਹਿਬ ਗਈਆਂ। ਇਸ ਸਮੇਂ ਉਨ੍ਹਾਂ ਨੇ ਰਾਹ ਵਿੱਚ ਕੋਲ ਖੋਤੇ ਨੂੰ ਹੀਂਗਦਾ ਸੁਣ ਕੇ ਥੁੱਕਦਿਆਂ ਉਹਨੂੰ ਨਹਿਸ਼ ਆਖਿਆ। ਦਰਬਾਰ ਸਾਹਿਬ ਦੇ ਪੋਣੇ ਵਿੱਚ ਇਸ਼ਨਾਨ ਕਰਨ ਮਗਰੋਂ ਦਿਨ ਵੱਡਾ ਚੜ੍ਹਨ ਕਰਕੇ ਉਨ੍ਹਾਂ ਨੂੰ ਫ਼ਿਕਰ ਲੱਗਾ ਕਿ ਨਾ ਉਨ੍ਹਾਂ ਐਤਵਾਰ ਦੀ ਕਥਾ ਸੁਣੀ ਹੈ ਤੇ ਨਾ ਰੋਟੀ ਪਕਾਈ ਹੈ। ਵਿਚੋਂ ਹੀ ਇਕ ਮਿਸਰਾਣੀ ਤੋਂ ਕਥਾ ਸੁਣ ਕੇ ਉਨ੍ਹਾਂ ਘਰ ਆ ਕੇ ਰੋਟੀ-ਟੁੱਕ ਕੀਤਾ।

ਹੁਣ ਇੱਕ ਵਣਜਾਰਾ ਆ ਗਿਆ ਤੇ ਸਾਰੀਆਂ ਉਸ ਦੁਆਲੇ ਇਕੱਠੀਆਂ ਹੋ ਕੇ ਦੰਦਾਸੇ, ਮੁਲ੍ਹਮੇ ਦੀਆਂ ਵਾਲੀਆਂ, ਬਿੰਦੀਆਂ ਤੇ ਛਾਪਾਂ-ਛੱਲਿਆਂ ਦੇ ਭਾ ਪੁੱਛਣ ਲੱਗੀਆਂ। ਇੰਨੇ ਨੂੰ ਇੱਕ ਬੁੱਢੀ ਆ ਕੇ ਵਣਜਾਰੇ ਨੂੰ ਪੈ ਗਈ ਤੇ ਨਾਲ ਹੀ ਉਸ ਦੁਆਲੇ ਖਿੜ- ਖਿੜ ਕਰਨ ਵਾਲੀਆਂ ਕੁੜੀਆਂ ਨੂੰ ਵੀ। ਬੁੱਢੀ ਦੀ ਡਾਂਟ ਸੁਣ ਕੇ ਵਣਜਾਰਾ ਡਰਦਾ ਚਲਾ ਗਿਆ। ਫਿਰ ਗਲੀ ਵਿੱਚ ਇੱਕ ਪੱਤਰੀ ਵਾਲੇ ਪਾਂਡੇ ਨੇ ਆ ਕੇ ਇੱਕ ਤੀਵੀਂ ਨੂੰ ਭਰਮਾ ਲਿਆ ਤੇ ਉਹ ਉਸ ਨੂੰ ਆਪਣਾ ਹੱਥ ਦਿਖਾਉਣ ਲੱਗ ਪਈ। ਪਾਂਡੇ ਨੇ ਇਧਰ-ਉਧਰ ਦੀਆਂ ਮਾਰ ਕੇ ਉਸ ਨੂੰ ਕਿਹਾ ਕਿ ਉਸ ਦੇ ਪੁੱਤਰ ਮੂਲੇ ਨੇ ਛੇਤੀ ਵਿਆਹੇ ਜਾਣਾ ਹੈ। ਉਸ ਦੀ ਪੱਤਰੀ ਕਹਿੰਦੀ ਹੈ ਕਿ ਉਹ ਉਸ ਨੂੰ ਥੋੜ੍ਹਾ ਜਿਹਾ ਤੇਲ, ਤਨ ਦਾ ਕੱਪੜਾ ਤੇ ਕੁੱਝ ਚਾਂਦੀ ਆਪਣੇ ਸਿਰ ਨਾਲ ਛੁਹਾ ਕੇ ਦੇਵੇ, ਫਿਰ ਉਸ ਦੇ ਸਾਰੇ ਦਲਿੱਦਰ ਦੂਰ ਹੋ ਜਾਣਗੇ। ਮੂਲੇ ਦੀ ਮਾਂ ਇਹ ਸਭ ਕੁੱਝ ਦੇਣ ਮਗਰੋਂ ਹੋਰਨਾਂ ਗੁਆਢਣਾਂ ਨੂੰ ਸੱਦ ਲਿਆਈ, ਜਿਨ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਪਾਂਡਾ ਇਧਰ-ਉਧਰ ਦੀਆਂ ਮਾਰ ਕੇ ਕਿਸੇ ਦਾ ਛੱਲਾ, ਕਿਸੇ ਦੀ ਛਾਪ, ਕਿਸੇ ਦੇ ਕੰਨ ਦੀ ਠੀਣ ਵਾਲੀ, ਕਿਸੇ ਦੀ ਚਾਦਰ ਤੇ ਕਿਸੇ ਦੀ ਕੁੜਤੀ ਲੈ ਕੇ ਆਪਣੇ ਰਾਹ ਪੈ ਗਿਆ।