ਖ਼ੁਸ਼ੀਆਂ ਆਪੇ ਨਹੀਂ ਆਉਂਦੀਆਂ : ਪ੍ਰਸ਼ਨ-ਉੱਤਰ
ਪ੍ਰਸ਼ਨ. ਕੀ ਖ਼ੁਸ਼ੀ ਮਨੁੱਖ ਨੂੰ ਜਨਮ ਤੋਂ ਹੀ ਮਿਲਦੀ ਹੈ?
ਉੱਤਰ : ਖ਼ੁਸ਼ੀ ਕਦੇ ਵੀ ਮਨੁੱਖ ਨੂੰ ਜਨਮ ਤੋਂ ਨਹੀਂ ਮਿਲਦੀ। ਜਦੋਂ ਵੀ ਕੋਈ ਇਨਸਾਨ ਪੈਦਾ ਹੁੰਦਾ ਹੈ ਤਾਂ ਉਹ ਮੁਸਕਰਾਉਂਦਾ ਜਾਂ ਹੱਸਦਾ ਪੈਦਾ ਨਹੀਂ ਹੁੰਦਾ। ਹਰ ਮਨੁੱਖ ਨੂੰ ਹੱਸਣ ਅਤੇ ਮੁਸਕਰਾਉਣ ਦੀ ਆਦਤ ਪਾਉਣੀ ਪੈਂਦੀ ਹੈ। ਇਹ ਆਦਤ ਪਾਈ ਵੀ ਜਾ ਸਕਦੀ ਹੈ। ਸਾਡੇ ਆਲ਼ੇ-ਦੁਆਲ਼ੇ ਸਾਨੂੰ ਅਜਿਹੇ ਲੋਕ ਜ਼ਰੂਰ ਮਿਲ ਜਾਂਦੇ ਹਨ ਜੋ ਗੰਭੀਰ ਤੋਂ ਗੰਭੀਰ ਪਰੇਸ਼ਾਨੀ ਤੇ ਸਮੱਸਿਆਵਾਂ ਵਿੱਚ ਆਪਣੇ ਚਿਹਰੇ ਉੱਤੇ ਚਿੰਤਾ ਜਾਂ ਗ਼ਮ ਦੀਆਂ ਲਕੀਰਾਂ ਨਹੀਂ ਆਉਣ ਦਿੰਦੇ। ਉਹ ਆਪਣੀਆਂ ਔਕੜਾਂ ਨੂੰ ਹੱਸਦੇ-ਖੇਡਦੇ ਹੀ ਹੱਲ ਕਰ ਲੈਂਦੇ ਹਨ। ਉਹਨਾਂ ਨੇ ਆਪਣੇ ਆਪ ਨੂੰ ਮੁਸੀਬਤਾਂ ਅਤੇ ਔਕੜਾਂ ਨਾਲ ਖਿੜੇ ਮੱਥੇ ਘੁਲਣ ਦੀ ਆਦਤ ਪਾਈ ਹੁੰਦੀ ਹੈ। ਉਹਨਾਂ ਕੋਲ ਹਮੇਸ਼ਾਂ ਢੇਰ ਸਾਰੇ ਲਤੀਫ਼ੇ, ਬਹੁਤ ਸਾਰੇ ਸ਼ੇਅਰ ਤੇ ਹਾਸੇ ਦੀਆਂ ਨਿੱਕੀਆਂ-ਨਿੱਕੀਆਂ ਫੁੱਲਝੜੀਆਂ ਪਈਆਂ ਹੁੰਦੀਆਂ ਹਨ ਜਿਨ੍ਹਾਂ ਦੀ ਉਹ ਅਕਸਰ ਵਰਤੋਂ ਕਰਦੇ ਰਹਿੰਦੇ ਹਨ। ਅਜਿਹਾ ਹਰ ਕੋਈ ਮਨੁੱਖ ਕਰ ਸਕਦਾ ਹੈ, ਬਸ ਥੋੜ੍ਹੀ ਜਿਹੀ ਯੋਜਨਾਬੰਦੀ ਤੇ ਸੋਚ ਤੋਂ ਕੰਮ ਲੈਣ ਦੀ ਲੋੜ ਹੁੰਦੀ ਹੈ। ਫਿਰ ਹਰ ਮਨੁੱਖ ਜੀਵਨ ਵਿੱਚ ਖ਼ੁਸ਼ੀ ਪ੍ਰਾਪਤ ਕਰ ਸਕਦਾ ਹੈ। ਖ਼ੁਸ਼ੀ ਕਿਸੇ ਚੀਜ਼ ਦਾ ਨਾਂ ਨਹੀਂ ਹੈ। ਅਜਿਹੀ ਅਵਸਥਾ ਪੈਦਾ ਕਰਕੇ, ਵਿਕਸਿਤ ਕਰਕੇ, ਹਰ ਮਨੁੱਖ ਖ਼ੁਸ਼ੀ ਪ੍ਰਾਪਤ ਕਰ ਸਕਦਾ ਹੈ।